5 ਸਾਲਾਂ ’ਚ 16 ਖ਼ਿਤਾਬ ਜਿੱਤਣ ਵਾਲਾ ਪਹਿਲਾ ਦੇਸ਼ ਬਣਿਆ ਸਪੇਨ

5 ਸਾਲਾਂ ’ਚ 16 ਖ਼ਿਤਾਬ ਜਿੱਤਣ ਵਾਲਾ ਪਹਿਲਾ ਦੇਸ਼ ਬਣਿਆ ਸਪੇਨ

ਇੱਕ ਸ਼ਬਦ ਅੱਜ-ਕੱਲ੍ਹ ਤੁਸੀਂ ਬਹੁਤ ਸੁਣਿਆ ਹੋਵੇਗਾ। ਇਹ ਸ਼ਬਦ ਹੈ ‘ਔਰਾ’  ਯਾਨੀ ਪ੍ਰਭਾਵ/ਆਭਾ। ਇਸ ਨੂੰ ਆਮ ਤੌਰ ’ਤੇ ਇਨਸਾਨ ਦੀ ਪਾਜ਼ੇਟਿਵਿਟੀ ਜਾਂ ਉਸ ਦੇ ਦਬਦਬੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹੋ ਔਰਾ ਸਪੇਨ ਦਾ ਵਿਸ਼ਵ ਫ਼ੁੱਟਬਾਲ ’ਚ ਹੈ। ਇਹ ਸਿਰਫ਼ ਗੱਲਾਂ ਨਹੀਂ ਹਨ, ਅੰਕੜਿਆਂ ਦੀ ਕਹਾਣੀ ਹੈ ਜੋ ਜ਼ੋਰ-ਸ਼ੋਰ ਨਾਲ ਬਿਆਨ ਕਰ ਰਹੀ ਹੈ ਕਿ ਮੌਜੂਦਾ ਸਮੇਂ ਫ਼ੁੱਟਬਾਲ ਦਾ ਸਭ ਤੋਂ ਵੱਡਾ ਕਿੰਗ ਕੋਈ ਹੈ ਤਾਂ ਉਹ ਸਪੇਨ ਹੈ। ਅੰਕੜੇ ਇਹ ਹਨ... ਪੰਜ ਸਾਲਾਂ ’ਚ 16 ਖ਼ਿਤਾਬ।
ਇਹ ਆਸਾਨ ਨਹੀਂ ਹੈ। ਕਿਸੇ ਦੇਸ਼ ਦਾ ਇੰਨੇ ਖ਼ਿਤਾਬ ਜਿੱਤਣਾ ਉਹ ਵੀ ਫ਼ੁੱਟਬਾਲ ਵਰਗੇ ਖੇਡ ’ਚ ਜਿਸ ਨੂੰ ਦੁਨੀਆ ਦੇ ਸਭ ਤੋਂ ਵੱਧ ਦੇਸ਼ ਖੇਡਦੇ ਹਨ, ਦੱਸਦਾ ਹੈ ਕਿ ਸਪੇਨ ਨੇ ਕੀ ਕਮਾਲ ਕੀਤਾ। ਤਾਜ਼ਾ ਕਮਾਲ ਤਾਂ ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ ਬਣੇ ਨਿਊਜਰਸੀ ਸਟੇਡੀਅਮ ’ਚ ਬੀਤੀ ਰਾਤ ਹੋਇਆ, ਜਿੱਥੇ ਸਪੇਨ ਨੇ ਫ਼ੀਫ਼ਾ ਵਰਲਡ ਕੱਪ-2026 ਦੇ ਫ਼ਾਈਨਲ ’ਚ ਅਰਜਨਟੀਨਾ ਨੂੰ ਮਾਤ ਦੇ ਕੇ 16 ਸਾਲਾਂ ਬਾਅਦ ਖ਼ਿਤਾਬ ਜਿੱਤਿਆ। ਇਸ ਤੋਂ ਪਹਿਲਾਂ ਸਪੇਨ ਦੀ ਪੁਰਸ਼ ਟੀਮ 2010 ’ਚ ਵਿਸ਼ਵ ਵਿਜੇਤਾ ਬਣੀ ਸੀ।
ਅਜਿਹਾ ਕਰਨ ਵਾਲਾ ਬਣਿਆ ਪਹਿਲਾ ਦੇਸ਼
ਇਸੇ ਨਾਲ ਸਪੇਨ ਨੇ ਉਹ ਕੰਮ ਕਰ ਦਿੱਤਾ ਜੋ ਹੁਣ ਤੱਕ ਕੋਈ ਨਹੀਂ ਕਰ ਸਕਿਆ। ਸਪੇਨ ਦੀ ਪੁਰਸ਼ ਟੀਮ ਨੇ ਇਹ ਖ਼ਿਤਾਬ ਜਿੱਤਿਆ ਹੈ, ਜਦਕਿ ਉਸ ਦੀ ਮਹਿਲਾ ਟੀਮ ਨੇ ਸਾਲ 2023 ’ਚ ਇੰਗਲੈਂਡ ਨੂੰ ਮਾਤ ਦੇ ਕੇ ਵਿਸ਼ਵ ਵਿਜੇਤਾ ਦਾ ਤਗਮਾ ਹਾਸਲ ਕੀਤਾ ਸੀ। ਇਸੇ ਨਾਲ ਸਪੇਨ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਕੋਲ ਇੱਕੋ ਸਮੇਂ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ ’ਚ ਵਿਸ਼ਵ ਕੱਪ ਦੀ ਟਰਾਫ਼ੀ ਹੈ। ਉਸ ਤੋਂ ਪਹਿਲਾਂ ਇਹ ਕੰਮ ਕੋਈ ਨਹੀਂ ਕਰ ਸਕਿਆ। 2027 ’ਚ ਸਪੇਨ ਦੀ ਮਹਿਲਾ ਟੀਮ ਆਪਣਾ ਖ਼ਿਤਾਬ ਬਚਾਉਣ ਉਤਰੇਗੀ।
ਸਪੇਨ ਦੀ ਪੁਰਸ਼ ਟੀਮ ਨੇ 2023 ਨੇਸ਼ਨਜ਼ ਲੀਗ ਅਤੇ 2024 ’ਚ ਉਲੰਪਿਕ ਗੋਲਡ ਮੈਡਲ ਆਪਣੇ ਨਾਂਅ ਕੀਤਾ ਸੀ। ਉੱਥੇ ਹੀ ਮਹਿਲਾ ਟੀਮ ਨੇ 2024 ਅਤੇ 2025 ’ਚ ਨੇਸ਼ਨਜ਼ ਲੀਗ ਦੀ ਟਰਾਫ਼ੀ ਚੁੱਕੀ। ਬੀਤੇ ਪੰਜ ਸਾਲਾਂ ’ਚ ਸਪੇਨ ਨੇ ਅੰਡਰ-17 ਤੋਂ ਲੈ ਕੇ ਸੀਨੀਅਰ ਟੀਮ ਤਕ ਮਹਿਲਾ ਅਤੇ ਰਸ਼ ਵਰਗ ’ਚ ਕੁੱਲ 16 ਖ਼ਿਤਾਬ ਆਪਣੇ ਨਾਂਅ ਕੀਤੇ ਹਨ।

ਮਹਿਲਾ ਫ਼ੁੱਟਬਾਲ ’ਚ ਸਪੇਨ- 11 ਖ਼ਿਤਾਬ
ਸੀਨੀਅਰ: ਇੱਕ ਵਰਲਡ ਕੱਪ (2023), ਦੋ ਨੇਸ਼ਨਜ਼ ਲੀਗ (2024 ਅਤੇ 2025)
ਅੰਡਰ-20: ਇੱਕ ਵਰਲਡ ਕੱਪ (2022)
ਅੰਡਰ-19: ਪੰਜ ਅੰਡਰ-19 ਯੂਰਪੀਅਨ ਚੈਂਪੀਅਨਸ਼ਿਪ (2022, 2023, 2024, 2025, 2026)
ਅੰਡਰ-17: ਇੱਕ ਵਰਲਡ ਕੱਪ (2022), ਇੱਕ ਯੂਰਪੀਅਨ ਚੈਂਪੀਅਨਸ਼ਿਪ (2024)
ਪੁਰਸ਼ ਟੀਮ ਦੇ ਖ਼ਿਤਾਬ- 5
ਸੀਨੀਅਰ ਟੀਮ: ਇੱਕ ਵਰਲਡ ਕੱਪ (2026), ਇੱਕ ਯੂਰਪੀਅਨ ਚੈਂਪੀਅਨਸ਼ਿਪ (2024), ਇੱਕ ਨੇਸ਼ਨਜ਼ ਲੀਗ (2023)
ਅੰਡਰ-23: ਇੱਕ ਉਲੰਪਿਕ ਗੋਲਡ ਮੈਡਲ (2024)
ਅੰਡਰ-19: ਇੱਕ ਯੂਰਪੀਅਨ ਚੈਂਪੀਅਨਸ਼ਿਪ (2026)