ਫ਼ੀਫ਼ਾ ਵਿਸ਼ਵ ਫ਼ੁੱਟਬਾਲ ਕੱਪ ਦਾ ਜੇਤੂ ਬਣਿਆ ਸਪੇਨ
ਈਸਟ ਰਦਰਫ਼ੋਰਡ (ਅਮਰੀਕਾ)/ਏ.ਟੀ.ਨਿਊਜ਼: ਫ਼ੀਫ਼ਾ ਆਲਮੀ ਕੱਪ ਵਿੱਚ ਸਪੇਨ ਦੀ ਟੀਮ ਐਨੀ ਸ਼ਾਨਦਾਰ ਸੀ ਕਿ ਲਿਓਨਲ ਮੈਸੀ ਕੋਲ ਵੀ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ। ਜਦੋਂ ਮੈਚ ਖ਼ਤਮ ਹੋਇਆ, ਸਪੇਨ ਦੀ ਟੀਮ ਟਰਾਫ਼ੀ ਲੈ ਕੇ ਬਾਹਰ ਆਈ ਤੇ ਮੈਸੀ ਬੱਸ ਅੱਖਾਂ ਵਿੱਚ ਅੱਥਰੂ ਲੈ ਕੇ ਮੈਦਾਨ ਤੋਂ ਬਾਹਰ ਚਲਾ ਗਿਆ। ਸਪੇਨ ਦੂਜੀ ਵਾਰ ਫ਼ੁੱਟਬਾਲ ਦੀ ਦੁਨੀਆ ਦੇ ਸਿਖਰ ’ਤੇ ਪਹੁੰਚ ਗਿਆ, ਜਦੋਂ ਫ਼ੈਰਾਨ ਟੋਰੇਸ ਦੇ ਇਸ ਸਾਲ ਦੇ ਆਲਮੀ ਕੱਪ ਦੇ ਪਹਿਲੇ ਗੋਲ ਜੋ ਬਿਨਾਂ ਸ਼ੱਕ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਗੋਲ ਸੀ, ਨੇ ਪਿਛਲੇ ਦਿਨੀਂ ਖੇਡੇ ਗਏ ਫ਼ਾਈਨਲ ਵਿੱਚ ਉਸ ਦੇ ਦੇਸ਼ ਨੂੰ ਮੌਜੂਦਾ ਚੈਂਪੀਅਨ ਅਰਜਨਟੀਨਾ ’ਤੇ 1-0 ਨਾਲ ਜਿੱਤ ਦਿਵਾਈ।
ਟੋਰੇਸ ਨੇ ਸਪੇਨ ਦੀ ਆਬਾਦੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਇਹ 4.7 ਕਰੋੜ ਲੋਕਾਂ ਵੱਲੋਂ ਕੀਤਾ ਗਿਆ ਗੋਲ ਸੀ।’’ ਸ਼ਾਇਦ ਉਨ੍ਹਾਂ ਵੱਲੋਂ ਨਹੀਂ, ਪਰ ਨਿਸ਼ਚਿਤ ਤੌਰ ’ਤੇ ਉਨ੍ਹਾਂ ਲਈ ਸੀ। ਇਹ ਗੋਲ ਉਦੋਂ ਹੋਇਆ ਜਦੋਂ ਨਿਰਧਾਰਤ ਸਮੇਂ ਦੇ ਆਖ਼ਰੀ ਮਿੰਟਾਂ ਵਿੱਚ ਐਂਜ਼ੋ ਫ਼ਰਨਾਂਡੇਜ਼ ਨੂੰ ਰੈੱਡ ਕਾਰਡ ਦਿਖਾ ਕੇ ਬਾਹਰ ਭੇਜ ਦਿੱਤਾ ਗਿਆ ਸੀ, ਜਿਸ ਨਾਲ ਅਰਜਨਟੀਨਾ ਦੀ ਟੀਮ 10 ਖਿਡਾਰੀਆਂ ਨਾਲ ਖੇਡ ਰਹੀ ਸੀ। ਉਦੋਂ ਮਾਹੌਲ ਭਖ ਗਿਆ ਸੀ ਅਤੇ ਫ਼ਾਈਨਲ ਸੀਟੀ ਤੋਂ ਬਾਅਦ ਅਰਜਨਟੀਨਾ ਦੇ ਕੋਚ ਲਿਓਨਲ ਸਕਾਲੋਨੀ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਕਾਰ ਧੱਕਾਮੁੱਕੀ ਹੁੰਦੀ ਦੇਖੀ ਗਈ।
ਅਖੀਰ ਵਿੱਚ, ਸਪੇਨ ਨੇ ਮੈਸੀ ਨੂੰ ਉਸ ਦੇ ਸੰਭਾਵੀ ਆਖਰੀ ਆਲਮੀ ਕੱਪ ਮੈਚ ਵਿੱਚ ਲਗਾਤਾਰ ਦੂਜਾ ਖ਼ਿਤਾਬ ਜਿੱਤਣ ਤੋਂ ਰੋਕ ਦਿੱਤਾ। ਦੂਜੇ ਅੱਧ ਵਿੱਚ ਬਦਲਵੇਂ ਖਿਡਾਰੀ ਵਜੋਂ ਆਏ ਟੋਰੇਸ ਨੇ 106ਵੇਂ ਮਿੰਟ ਵਿੱਚ ਪੈਨਲਟੀ ਬਾਕਸ ਵਿੱਚ ਟੱਪਾ ਖਾਂਦੀ ਗੇਂਦ ਨੂੰ ਆਪਣੇ ਖੱਬੇ ਪੈਰ ਨਾਲ ਸ਼ਾਟ ਮਾਰ ਕੇ ਕਰਾਸਬਾਰ ਦੇ ਹੇਠਾਂ ਗੋਲ ਵਿੱਚ ਪਹੁੰਚਾ ਦਿੱਤਾ। ਉਸ ਤੋਂ ਬਾਅਦ, ਸਪੇਨ ਦੇ ਮਜ਼ਬੂਤ ਡਿਫ਼ੈਂਸ ਜਿਸ ਨੇ ਪੂਰੇ ਟੂਰਨਾਮੈਂਟ ਦੌਰਾਨ ਵਿਰੋਧੀ ਟੀਮਾਂ ’ਤੇ ਦਬਾਅ ਬਣਾ ਕੇ ਰੱਖਿਆ ਸੀ, ਆਖ਼ਰੀ ਵਾਰ ਆਪਣਾ ਕਮਾਲ ਦਿਖਾਇਆ। 2010 ਵਿੱਚ ਵੀ ਖ਼ਿਤਾਬ ਜਿੱਤਣ ਵਾਲੇ ਸਪੇਨ ਨੇ ਇਸ ਆਲਮੀ ਕੱਪ ਦੇ ਅੱਠ ਮੈਚਾਂ ਵਿੱਚ ਸਿਰਫ਼ ਇੱਕ ਗੋਲ ਹੋਣ ਦਿੱਤਾ, ਜੋ ਚੈਂਪੀਅਨ ਟੀਮ ਵੱਲੋਂ ਸਭ ਤੋਂ ਘੱਟ ਗੋਲ ਕਰਵਾਉਣ ਦਾ ਰਿਕਾਰਡ ਹੈ। ਉੱਧਰ, 65 ਸਾਲ ਦੀ ਉਮਰ ਵਿੱਚ ਆਲਮੀ ਕੱਪ ਖ਼ਿਤਾਬ ਜਿੱਤਣ ਵਾਲੇ ਸਭ ਤੋਂ ਉਮਰਦਰਾਜ਼ ਕੋਚ ਬਣੇ ਸਪੇਨ ਦੇ ਕੋਚ ਲੁਈਸ ਡੀ ਲਾ ਫ਼ੁਐਂਤੇ ਨੇ ਕਿਹਾ, ‘‘ਮੈਂ ਸੱਚਮੁੱਚ ਮਾਣ ਮਹਿਸੂਸ ਕਰ ਰਿਹਾ ਹਾਂ। ਇਸ ਸਫ਼ਰ ਵਿੱਚ ਉਨ੍ਹਾਂ ਦਾ ਸਾਥ ਦੇਣਾ ਮੇਰੇ ਲਈ ਮਾਣ ਵਾਲੀ ਗੱਲ ਹੈ।’’
ਇਹ ਖ਼ਿਤਾਬ, 2023 ਵਿੱਚ ਸਪੇਨ ਵੱਲੋਂ ਜਿੱਤੇ ਗਏ ਮਹਿਲਾ ਆਲਮੀ ਕੱਪ ਦੇ ਨਾਲ ਮਿਲ ਕੇ, ਇਸ ਯੂਰੋਪੀਅਨ ਦੇਸ਼ ਨੂੰ ਇੱਕੋ ਸਮੇਂ ਪੁਰਸ਼ ਅਤੇ ਮਹਿਲਾ ਦੋਵਾਂ ਖ਼ਿਤਾਬਾਂ ’ਤੇ ਕਬਜ਼ਾ ਕਰਨ ਵਾਲਾ ਪਹਿਲਾ ਦੇਸ਼ ਬਣਾਉਂਦਾ ਹੈ। ਮੈਡ੍ਰਿਡ ਦੀਆਂ ਸੜਕਾਂ ’ਤੇ ਅਤੇ ਸ਼ਾਇਦ ਸਪੇਨ ਦੀਆਂ ਹੋਰ ਕਈ ਥਾਵਾਂ ’ਤੇ ਅਣਗਿਣਤ ਲੋਕ ਸੜਕਾਂ ’ਤੇ ਉਤਰ ਆਏ ਅਤੇ ਇਸ ਜਿੱਤ ਦਾ ਜਸ਼ਨ ਮਨਾਉਂਦੇ ਰਹੇ।
ਮੈਸੀ ਭਰੇ ਮਨ ਨਾਲ ਵਿਦਾ ਹੋਇਆ
ਈਸਟ ਰਦਰਫ਼ੋਰਡ (ਅਮਰੀਕਾ): ਲਿਓਨਲ ਮੈਸੀ ਹੋਰ ਕੋਈ ਜਾਦੂ ਨਹੀਂ ਚਲਾ ਸਕਿਆ। ਆਪਣੇ ਆਲਮੀ ਕੱਪ ਦੀ ਸ਼ੁਰੂਆਤ ਤੋਂ 20 ਸਾਲ ਬਾਅਦ ਅਤੇ ਅਜਿਹੇ ਕੈਰੀਅਰ ਮਗਰੋਂ ਜਿਸ ਨੇ ਉਨ੍ਹਾਂ ਨੂੰ ਫ਼ੁੱਟਬਾਲ ਦੇ ਮਹਾਨ ਖਿਡਾਰੀਆਂ ਪੇਲੇ ਅਤੇ ਡਿਏਗੋ ਮੈਰਾਡੋਨਾ ਤੋਂ ਵੀ ਉੱਪਰ ਪਹੁੰਚਾ ਦਿੱਤਾ, 39 ਸਾਲ ਦੀ ਉਮਰ ਵਿੱਚ ਉਹ ਅਰਜਨਟੀਨਾ ਨੂੰ ਅੱਧੀ ਸਦੀ ਤੋਂ ਵੀ ਵੱਧ ਸਮੇਂ ਵਿੱਚ ਲਗਾਤਾਰ ਦੂਜੀ ਵਾਰ ਚੈਂਪੀਅਨ ਨਹੀਂ ਬਣਾ ਸਕਿਆ। ਮੈਟਲਾਈਫ਼ ਸਟੇਡੀਅਮ ਵਿੱਚ ਪਹਿਲੀ ਸੀਟੀ ਵਜਣ ਤੋਂ ਹੀ ਸਪੇਨ ਨੇ ਅਰਜਨਟੀਨਾ ’ਤੇ ਦਬਾਅ ਬਣਾ ਕੇ ਰੱਖਿਆ, ਜਿੱਥੇ 80663 ਦਰਸ਼ਕਾਂ ਵਿੱਚੋਂ ਜ਼ਿਆਦਾਤਰ ਮੈਸੀ ਨੂੰ ਦੁਬਾਰਾ ਤਾਜ ਪਹਿਨਦੇ ਦੇਖਣਾ ਚਾਹੁੰਦੇ ਸਨ। ਵਾਧੂ ਸਮੇਂ ਦੇ ਦੂਜੇ ਅੱਧ ਵਿੱਚ ਸਿਰਫ਼ 37 ਸਕਿੰਟ ਬਾਅਦ ਫ਼ੈਰਾਨ ਟੋਰੇਸ ਨੇ ਗੋਲ ਕਰ ਕੇ ਸਪੇਨ ਨੂੰ 1-0 ਨਾਲ ਜਿੱਤ ਦਿਵਾਈ ਅਤੇ ਉਸ ਦਾ ਦੂਜਾ ਆਲਮੀ ਕੱਪ ਖ਼ਿਤਾਬ ਦਿਵਾਇਆ। ਮੈਸੀ ਦੇ ਦੂਜੀ ਵਾਰ ਚੈਂਪੀਅਨ ਬਣਨ ਦੀ ਬਜਾਏ, ਆਲਮੀ ਕੱਪ ਦਾ ਤਾਜ ਸਪੇਨ ਦੇ ਹੱਥਾਂ ਵਿੱਚ ਚਲਾ ਗਿਆ ਤੇ ਮੈਸੀ ਆਪਣੇ ਹੰਝੂ ਰੋਕਦੇ ਹੋਏ ਬਹੁਤ ਨਿਰਾਸ਼ ਨਜ਼ਰ ਆ ਰਿਹਾ ਸੀ।
ਪ੍ਰਸ਼ੰਸਕਾਂ ਨੇ ਖੁੱਲ੍ਹ ਕੇ ਖਰਚਿਆ ਪੈਸਾ
ਈਸਟ ਰਦਰਫ਼ੋਰਡ (ਅਮਰੀਕਾ): ਟੌਮ ਕਰੂਜ਼ ਨੇ ਆਲਮੀ ਕੱਪ ਵਿੱਚ ਇਹ ਭਾਸ਼ਣ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਫ਼ੁੱਟਬਾਲ ਕਿਸ ਤਰ੍ਹਾਂ ਦੁਨੀਆ ਨੂੰ ਜੋੜਦਾ ਹੈ ਅਤੇ ਕਿਵੇਂ ਮਹਾਨ ਖਿਡਾਰੀਆਂ ਨੇ ਸਮੁੰਦਰਾਂ ਅਤੇ ਸਰਹੱਦਾਂ ਨੂੰ ਪਾਰ ਕੀਤਾ ਹੈ? ਅਰਜਨਟੀਨਾ ਅਤੇ ਸਪੇਨ ਦੇ ਪ੍ਰਸ਼ੰਸਕਾਂ ਦੀਆਂ ਘੰਟੀਆਂ, ਸੀਟੀਆਂ ਅਤੇ ਢੋਲ-ਧਮੱਕੇ ਦੇ ਸ਼ੋਰ-ਸ਼ਰਾਬੇ ਵਿਚਕਾਰ ਅਦਾਕਾਰ ਦੀ ਆਵਾਜ਼ ਸੁਣਨਾ ਲਗਪਗ ਅਸੰਭਵ ਸੀ। ਇਹ ਪ੍ਰਸ਼ੰਸਕ ਆਲਮੀ ਕੱਪ ਫ਼ਾਈਨਲ ਦੇਖਣ ਲਈ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਕੇ ਆਏ ਸਨ ਅਤੇ ਟਿਕਟਾਂ, ਬੀਅਰਾਂ ਅਤੇ ਨਕਲੀ ਵਾਲਾਂ (ਵਿਗ) ’ਤੇ ਹਜ਼ਾਰਾਂ ਡਾਲਰ ਖਰਚ ਕਰ ਚੁੱਕੇ ਸਨ। ਲਿਓਨਲ ਮੈਸੀ ਜੋ ਸੰਭਾਵੀ ਤੌਰ ’ਤੇ ਆਪਣੇ ਆਖਰੀ ਆਲਮੀ ਕੱਪ ਮੈਚ ਵਿੱਚ ਖੇਡ ਰਿਹਾ ਸੀ, ਨੂੰ ਅਲਵਿਦਾ ਕਹਿਣ ਲਈ ਟਿਕਟ ਦੀ ਕੋਈ ਵੀ ਕੀਮਤ ਜ਼ਿਆਦਾ ਨਹੀਂ ਸੀ। ਅਰਜਨਟੀਨਾ ਦੇ ਪ੍ਰਸ਼ੰਸਕ ਮੈਨੂਅਲ ਲੋਪੇਜ਼ ਮੈਕੋਟਾ ਅਤੇ ਉਨ੍ਹਾਂ ਦਾ ਇੱਕ ਦੋਸਤ ਬਿਊਨਸ ਆਇਰਸ ਤੋਂ ਨਿਊ ਜਰਸੀ ਵਾਧੂ ਸਮੇਂ ਵਿੱਚ ਫ਼ੈਰਾਨ ਟੋਰੇਸ ਦੇ ਗੋਲ ਨਾਲ ਅਰਜਨਟੀਨਾ ’ਤੇ ਸਪੇਨ ਦੀ 1-0 ਦੀ ਜਿੱਤ ਦੇਖਣ ਆਏ ਸਨ। ਮੈਕੋਟਾ ਨੇ ਦੱਸਿਆ, ‘‘ਟਿਕਟ ਦੀ ਕੀਮਤ ਅਮਰੀਕੀ ਕਰੰਸੀ ਵਿੱਚ ਲਗਪਗ 10 ਹਜ਼ਾਰ ਡਾਲਰ ਸੀ।’’











Comments (0)