ਗ਼ਲਤੀਆਂ ਤੋਂ ਸਿੱਖਣਾ ਹੀ ਅਸਲ ਕਾਮਯਾਬੀ
ਇਨਸਾਨ ਦੀ ਜ਼ਿੰਦਗੀ ਅਜਿਹੀ ਪਾਠਸ਼ਾਲਾ ਹੈ, ਜਿੱਥੇ ਹਰ ਦਿਨ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਪਾਠਸ਼ਾਲਾ ’ਚ ਕੋਈ ਵੀ ਵਿਅਕਤੀ ਬਿਨਾਂ ਗ਼ਲਤੀਆਂ ਕੀਤਿਆਂ ਅੱਗੇ ਨਹੀਂ ਵੱਧ ਸਕਦਾ। ਖ਼ਾਸ ਕਰਕੇ ਬੱਚਿਆਂ ਲਈ ਇਹ ਗੱਲ ਸਮਝਣਾ ਬਹੁਤ ਜ਼ਰੂਰੀ ਹੈ ਕਿ ਗ਼ਲਤੀਆਂ ਕਰਨਾ ਕਮਜ਼ੋਰੀ ਨਹੀਂ ਸਗੋਂ ਸਿੱਖਣ ਦੀ ਪਹਿਲੀ ਪੌੜੀ ਹੈ। ਜਿਹੜਾ ਬੱਚਾ ਆਪਣੀਆਂ ਭੁੱਲਾਂ ਤੋਂ ਸਬਕ ਲੈਂਦਾ ਹੈ, ਉਹੀ ਅੱਗੇ ਚੱਲ ਕੇ ਕਾਮਯਾਬ, ਆਤਮ-ਵਿਸ਼ਵਾਸੀ ਤੇ ਚੰਗਾ ਇਨਸਾਨ ਬਣਦਾ ਹੈ। ਇਸ ਲਈ ਗ਼ਲਤੀਆਂ ’ਤੇ ਮਲਾਲ ਕਰਨ ਦੀ ਬਜਾਏ ਉਨ੍ਹਾਂ ਨੂੰ ਸੁਧਾਰਨ ਤੇ ਦੂਜਿਆਂ ਲਈ ਚੰਗੀ ਮਿਸਾਲ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਬਚਪਨ ਸਿੱਖਣ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਹੈ। ਇਸ ਉਮਰ ਵਿੱਚ ਬੱਚੇ ਤੁਰਨਾ, ਬੋਲਣਾ, ਲਿਖਣਾ, ਪੜ੍ਹਨਾ, ਖੇਡਣਾ ਤੇ ਜੀਵਨ ਦੇ ਹੋਰ ਅਨੇਕ ਹੁਨਰ ਸਿੱਖਦੇ ਹਨ। ਜਦੋਂ ਕੋਈ ਛੋਟਾ ਬੱਚਾ ਪਹਿਲੀ ਵਾਰ ਤੁਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਕਈ ਵਾਰ ਡਿੱਗਦਾ ਹੈ ਪਰ ਉਹ ਡਿੱਗਣ ਤੋਂ ਡਰ ਕੇ ਤੁਰਨਾ ਨਹੀਂ ਛੱਡਦਾ। ਉਹ ਵਾਰ-ਵਾਰ ਉੱਠਦਾ ਹੈ ਤੇ ਆਖ਼ਰ ਸਹੀ ਤਰੀਕੇ ਨਾਲ ਤੁਰਨਾ ਸਿੱਖ ਜਾਂਦਾ ਹੈ। ਇਹੀ ਗੱਲ ਪੜ੍ਹਾਈ ਤੇ ਜੀਵਨ ਦੇ ਹਰ ਖੇਤਰ ’ਤੇ ਲਾਗੂ ਹੁੰਦੀ ਹੈ। ਜੇ ਅਸੀਂ ਇੱਕ ਵਾਰ ਦੀ ਅਸਫਲਤਾ ਤੋਂ ਨਿਰਾਸ਼ ਹੋ ਜਾਈਏ ਤਾਂ ਕਦੇ ਵੀ ਅੱਗੇ ਨਹੀਂ ਵੱਧ ਸਕਦੇ।
ਅੱਜ-ਕੱਲ੍ਹ ਬਹੁਤ ਸਾਰੇ ਬੱਚੇ ਪੜ੍ਹਾਈ ਦੌਰਾਨ ਛੋਟੀਆਂ-ਛੋਟੀਆਂ ਗ਼ਲਤੀਆਂ ਹੋਣ ’ਤੇ ਘਬਰਾ ਜਾਂਦੇ ਹਨ। ਜੇ ਕਿਸੇ ਪ੍ਰੀਖਿਆ ’ਚੋਂ ਘੱਟ ਅੰਕ ਆ ਜਾਣ ਜਾਂ ਕੋਈ ਸਵਾਲ ਗ਼ਲਤ ਹੋ ਜਾਵੇ ਤਾਂ ਉਹ ਖ਼ੁਦ ਨੂੰ ਦੂਜਿਆਂ ਨਾਲੋਂ ਘੱਟ ਸਮਝਣ ਲੱਗ ਪੈਂਦੇ ਹਨ। ਅਸਲ ’ਚ ਪ੍ਰੀਖਿਆ ਦੇ ਅੰਕ ਕਿਸੇ ਬੱਚੇ ਦੀ ਪੂਰੀ ਯੋਗਤਾ ਦਾ ਮਾਪਦੰਡ ਨਹੀਂ ਹੁੰਦੇ। ਜੇ ਕੋਈ ਬੱਚਾ ਆਪਣੀਆਂ ਕਮੀਆਂ ਨੂੰ ਪਛਾਣ ਕੇ ਹੋਰ ਮਿਹਨਤ ਕਰੇ ਤਾਂ ਉਹ ਅਗਲੀ ਵਾਰ ਪਹਿਲਾਂ ਨਾਲੋਂ ਵਧੀਆ ਨਤੀਜੇ ਹਾਸਲ ਕਰ ਸਕਦਾ ਹੈ। ਹਰ ਗ਼ਲਤੀ ਸਾਨੂੰ ਦੱਸਦੀ ਹੈ ਕਿ ਅਸੀਂ ਹੋਰ ਕਿੱਥੇ ਸੁਧਾਰ ਕਰਨ ਦੀ ਲੋੜ ਹੈ।
ਇਤਿਹਾਸ ਗਵਾਹ ਹੈ ਕਿ ਦੁਨੀਆ ਦੇ ਮਹਾਨ ਵਿਅਕਤੀਆਂ ਨੇ ਵੀ ਕਈ ਵਾਰ ਅਸਫਲਤਾਵਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਕਦੇ ਵੀ ਆਪਣੀਆਂ ਭੁੱਲਾਂ ਜਾਂ ਅਸਫਲਤਾਵਾਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਉਨ੍ਹਾਂ ਨੇ ਹਰ ਤਜਰਬੇ ਤੋਂ ਕੁਝ ਨਵਾਂ ਸਿੱਖਿਆ ਤੇ ਲਗਾਤਾਰ ਮਿਹਨਤ ਕਰਦੇ ਰਹੇ। ਇਸੇ ਲਈ ਉਹ ਦੁਨੀਆ ਲਈ ਪ੍ਰੇਰਣਾ ਬਣੇ। ਸਾਨੂੰ ਵੀ ਉਨ੍ਹਾਂ ਦੀ ਤਰ੍ਹਾਂ ਹਿੰਮਤ ਤੇ ਸਬਰ ਨਾਲ ਅੱਗੇ ਵਧਣਾ ਚਾਹੀਦਾ ਹੈ। ਕਈ ਵਾਰ ਬੱਚੇ ਆਪਣੀ ਗ਼ਲਤੀ ਮੰਨਣ ਤੋਂ ਡਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਡਾਂਟ ਪਵੇਗੀ ਜਾਂ ਲੋਕ ਮਜ਼ਾਕ ਉਡਾਉਣਗੇ ਪਰ ਅਸਲ ਹਿੰਮਤ ਆਪਣੀ ਭੁੱਲ ਮੰਨਣ ’ਚ ਹੁੰਦੀ ਹੈ। ਜੇ ਅਸੀਂ ਆਪਣੀ ਗ਼ਲਤੀ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਉਸ ਨੂੰ ਸੁਧਾਰਨਾ ਸੌਖਾ ਹੋ ਜਾਂਦਾ ਹੈ ਜਦੋਂਕਿ ਆਪਣੀ ਗ਼ਲਤੀ ਛੁਪਾਉਣ ਨਾਲ ਸਮੱਸਿਆ ਹੋਰ ਵੱਧ ਜਾਂਦੀ ਹੈ। ਸੱਚਾਈ ਤੇ ਇਮਾਨਦਾਰੀ ਹਮੇਸ਼ਾ ਮਨੁੱਖ ਨੂੰ ਉੱਚਾ ਬਣਾਉਂਦੀਆਂ ਹਨ।
ਸਕੂਲ ’ਚ ਵੀ ਬੱਚਿਆਂ ਨੂੰ ਅਕਸਰ ਅਜਿਹੇ ਮੌਕੇ ਮਿਲਦੇ ਹਨ, ਜਿੱਥੇ ਉਹ ਆਪਣੀਆਂ ਗ਼ਲਤੀਆਂ ਤੋਂ ਸਿੱਖ ਸਕਦੇ ਹਨ। ਜੇ ਕਿਸੇ ਬੱਚੇ ਤੋਂ ਹੋਮਵਰਕ ਪੂਰਾ ਨਹੀਂ ਹੋਇਆ ਜਾਂ ਜਮਾਤ ’ਚ ਕੋਈ ਜਵਾਬ ਗ਼ਲਤ ਹੋ ਗਿਆ ਤਾਂ ਉਸ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਉਸ ਨੂੰ ਅਧਿਆਪਕ ਦੀ ਸਲਾਹ ਮੰਨ ਕੇ ਹੋਰ ਮਿਹਨਤ ਕਰਨੀ ਚਾਹੀਦੀ ਹੈ। ਚੰਗੇ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਡਰਾਉਣ ਦੀ ਬਜਾਏ ਉਨ੍ਹਾਂ ਨੂੰ ਸਮਝਾ ਕੇ ਸਹੀ ਰਾਹ ਦਿਖਾਉਂਦੇ ਹਨ। ਮਾਪਿਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਦੀ ਹਰ ਛੋਟੀ-ਵੱਡੀ ਗ਼ਲਤੀ ’ਤੇ ਬਹੁਤ ਜ਼ਿਆਦਾ ਗੁੱਸਾ ਨਾ ਕਰਨ। ਜੇ ਬੱਚਿਆਂ ਨੂੰ ਪਿਆਰ ਨਾਲ ਸਮਝਾਇਆ ਜਾਵੇ ਤਾਂ ਉਹ ਆਪਣੀ ਗ਼ਲਤੀ ਜਲਦੀ ਸਮਝ ਲੈਂਦੇ ਹਨ। ਹਰ ਵੇਲੇ ਡਾਂਟਣ ਨਾਲ ਬੱਚਿਆਂ ਦਾ ਆਤਮ-ਵਿਸ਼ਵਾਸ ਘਟ ਸਕਦਾ ਹੈ। ਇਸ ਦੀ ਬਜਾਏ ਉਨ੍ਹਾਂ ਨੂੰ ਹੌਸਲਾ ਦੇਣਾ ਤੇ ਸਹੀ ਰਸਤਾ ਦਿਖਾਉਣਾ ਵਧੇਰੇ ਲਾਭਦਾਇਕ ਹੁੰਦਾ ਹੈ।
ਦੋਸਤੀ ’ਚ ਵੀ ਕਈ ਵਾਰ ਅਣਜਾਣੇ ਵਿੱਚ ਗ਼ਲਤਫਹਿਮੀਆਂ ਪੈਦਾ ਹੋ ਜਾਂਦੀਆਂ ਹਨ। ਕਦੇ ਕਿਸੇ ਦੋਸਤ ਨਾਲ ਉੱਚੀ ਆਵਾਜ਼ ਵਿੱਚ ਗੱਲ ਹੋ ਜਾਂਦੀ ਹੈ ਜਾਂ ਉਸ ਦਾ ਦਿਲ ਦੁੱਖ ਜਾਂਦਾ ਹੈ। ਅਜਿਹੇ ਸਮੇਂ ਆਪਣੀ ਗ਼ਲਤੀ ਮੰਨ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਮਾਫ਼ੀ ਮੰਗਣ ਨਾਲ ਇਨਸਾਨ ਛੋਟਾ ਨਹੀਂ ਹੁੰਦਾ ਸਗੋਂ ਉਸ ਦਾ ਸਤਿਕਾਰ ਵਧਦਾ ਹੈ। ਇਸ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ ਤੇ ਆਪਸੀ ਪਿਆਰ ਬਣਿਆ ਰਹਿੰਦਾ ਹੈ।
ਅੱਜ ਦਾ ਯੁੱਗ ਤਕਨਾਲੋਜੀ ਦਾ ਯੁੱਗ ਹੈ। ਬੱਚੇ ਮੋਬਾਈਲ ਫੋਨ, ਇੰਟਰਨੈੱਟ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਕਈ ਵਾਰ ਉਹ ਬਿਨਾਂ ਸੋਚੇ-ਸਮਝੇ ਕੋਈ ਤਸਵੀਰ, ਵੀਡੀਓ ਜਾਂ ਸੁਨੇਹਾ ਸਾਂਝਾ ਕਰ ਦਿੰਦੇ ਹਨ, ਜੋ ਬਾਅਦ ਵਿਚ ਮੁਸ਼ਕਲ ਦਾ ਕਾਰਨ ਬਣ ਸਕਦਾ ਹੈ। ਅਜਿਹੀਆਂ ਗ਼ਲਤੀਆਂ ਤੋਂ ਵੀ ਸਬਕ ਲੈਣਾ ਚਾਹੀਦਾ ਹੈ ਤੇ ਭਵਿੱਖ ਵਿਚ ਸੋਚ-ਸਮਝ ਕੇ ਹੀ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਕੋਈ ਬੱਚਾ ਖੇਡਾਂ ਵਿਚ ਹਾਰ ਜਾਂਦਾ ਹੈ ਤਾਂ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਹਾਰ ਸਾਨੂੰ ਹੋਰ ਵਧੀਆ ਤਿਆਰੀ ਕਰਨ ਦੀ ਪ੍ਰੇਰਣਾ ਦਿੰਦੀ ਹੈ। ਜਿਹੜਾ ਖਿਡਾਰੀ ਆਪਣੀਆਂ ਕਮੀਆਂ ਨੂੰ ਪਛਾਣਦਾ ਹੈ ਤੇ ਲਗਾਤਾਰ ਅਭਿਆਸ ਕਰਦਾ ਹੈ, ਉਹ ਇਕ ਦਿਨ ਜ਼ਰੂਰ ਜਿੱਤਦਾ ਹੈ। ਜਿੱਤ ਅਤੇ ਹਾਰ ਦੋਵੇਂ ਜੀਵਨ ਦਾ ਹਿੱਸਾ ਹਨ। ਖੇਡਾਂ ਹੋਣ ਜਾਂ ਪੜ੍ਹਾਈ, ਹਰ ਥਾਂ ਜਿੱਤ ਤੇ ਹਾਰ ਦੋਵੇਂ ਮਿਲਦੀਆਂ ਹਨ। ਜੇ ਕੋਈ ਬੱਚਾ ਹਾਰ ਜਾਂਦਾ ਹੈ ਤਾਂ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਆਪਣੀਆਂ ਕਮੀਆਂ ਨੂੰ ਪਛਾਣ ਕੇ ਹੋਰ ਮਿਹਨਤ ਕਰਨੀ ਚਾਹੀਦੀ ਹੈ। ਲਗਾਤਾਰ ਅਭਿਆਸ ਕਰਨ ਵਾਲਾ ਹੀ ਇੱਕ ਦਿਨ ਜਿੱਤ ਦਾ ਸੁਆਦ ਚੱਖਦਾ ਹੈ।
ਚੰਗਾ ਵਿਦਿਆਰਥੀ ਉਹ ਨਹੀਂ ਹੁੰਦਾ, ਜਿਸ ਤੋਂ ਕਦੇ ਵੀ ਗ਼ਲਤੀ ਨਾ ਹੋਵੇ ਸਗੋਂ ਉਹ ਹੁੰਦਾ ਹੈ ਜੋ ਆਪਣੀ ਹਰ ਗ਼ਲਤੀ ਨੂੰ ਸਿੱਖਣ ਦਾ ਮੌਕਾ ਬਣਾਵੇ। ਉਹ ਦੂਜਿਆਂ ਦੀਆਂ ਗ਼ਲਤੀਆਂ ਦਾ ਮਜ਼ਾਕ ਨਹੀਂ ਉਡਾਉਾਂਦਾਸਗੋਂ ਉਨ੍ਹਾਂ ਦੀ ਮਦਦ ਕਰਦਾ ਹੈ। ਜੇ ਕੋਈ ਸਾਥੀ ਪੜ੍ਹਾਈ ਵਿਚ ਕਮਜ਼ੋਰ ਹੈ ਤਾਂ ਉਸ ਨੂੰ ਸਮਝਾਉਣਾ ਤੇ ਹੌਸਲਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਸਿਰਫ਼ ਚੰਗੇ ਵਿਦਿਆਰਥੀ ਹੀ ਨਹੀਂ ਸਗੋਂ ਚੰਗੇ ਇਨਸਾਨ ਵੀ ਬਣਦੇ ਹਾਂ। ਇਹੀ ਗੁਣ ਸਾਨੂੰ ਦੂਜਿਆਂ ਲਈ ਪ੍ਰੇਰਣਾ ਬਣਾਉਂਦੇ ਹਨ।
ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਗ਼ਲਤੀ ਦਾ ਇਕ ਸਬਕ ਹੁੰਦਾ ਹੈ। ਜੇ ਅਸੀਂ ਉਸ ਸਬਕ ਨੂੰ ਸਮਝ ਲੈਂਦੇ ਹਾਂ ਤਾਂ ਉਹੀ ਗ਼ਲਤੀ ਸਾਡੀ ਕਾਮਯਾਬੀ ਦੀ ਨੀਂਹ ਬਣ ਸਕਦੀ ਹੈ। ਆਪਣੀਆਂ ਭੁੱਲਾਂ ’ਤੇ ਰੋਣ ਜਾਂ ਪਛਤਾਉਣ ਨਾਲ ਕੁਝ ਨਹੀਂ ਬਦਲਦਾ ਪਰ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਸਾਡੀ ਜ਼ਿੰਦਗੀ ਬਦਲ ਸਕਦੀ ਹੈ।
ਆਓ ਅਸੀਂ ਅੱਜ ਤੋਂ ਇਹ ਸੰਕਲਪ ਕਰੀਏ ਕਿ ਅਸੀਂ ਆਪਣੀਆਂ ਗ਼ਲਤੀਆਂ ਤੋਂ ਕਦੇ ਨਹੀਂ ਡਰਾਂਗੇ। ਅਸੀਂ ਆਪਣੀ ਹਰ ਭੁੱਲ ਨੂੰ ਸਵੀਕਾਰ ਕਰਾਂਗੇ, ਉਸ ਤੋਂ ਸਿੱਖਾਂਗੇ ਅਤੇ ਦੁਬਾਰਾ ਨਾ ਦੁਹਰਾਉਣ ਦੀ ਕੋਸ਼ਿਸ਼ ਕਰਾਂਗੇ। ਨਾਲ ਹੀ ਅਸੀਂ ਆਪਣੇ ਚੰਗੇ ਵਿਹਾਰ, ਮਿਹਨਤ, ਇਮਾਨਦਾਰੀ ਅਤੇ ਨਿਮਰਤਾ ਨਾਲ ਦੂਜਿਆਂ ਲਈ ਪ੍ਰੇਰਣਾ ਬਣਾਂਗੇ। ਜਦੋਂ ਅਸੀਂ ਆਪਣੇ ਕੰਮਾਂ ਨਾਲ ਚੰਗੀ ਮਿਸਾਲ ਕਾਇਮ ਕਰਾਂਗੇ ਤਾਂ ਸਾਡਾ ਪਰਿਵਾਰ, ਸਕੂਲ ਅਤੇ ਸਮਾਜ ਵੀ ਸਾਡੇ ’ਤੇ ਮਾਣ ਕਰੇਗਾ। ਅਸਲ ਕਾਮਯਾਬੀ ਸਿਰਫ਼ ਜਿੱਤ ਹਾਸਿਲ ਕਰਨ ’ਚ ਨਹੀਂ ਸਗੋਂ ਹਰ ਤਜਰਬੇ ਤੋਂ ਸਿੱਖ ਕੇ ਬਿਹਤਰ ਇਨਸਾਨ ਬਣਨ ਵਿੱਚ ਹੈ। ਇਸ ਲਈ ਹਮੇਸ਼ਾ ਯਾਦ ਰੱਖੋ, ‘ਗ਼ਲਤੀਆਂ ’ਤੇ ਨਾ ਕਰੋ ਮਲਾਲ ਸਗੋਂ ਉਨ੍ਹਾਂ ਤੋਂ ਸਿੱਖ ਕੇ ਦੂਜਿਆਂ ਲਈ ਬਣੋ ਮਿਸਾਲ।’
- ਵਰਸ਼ਾ ਵਰਮਾ











Comments (0)