ਸਾਰੇ ਤਣਾਅ ਅਤੇ ਵਿਵਾਦਾਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੀਤਾ ਜਾਵੇ : ਮੋਦੀ
ਬਿਸ਼ਕੇਕ/ਏ.ਟੀ.ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਨੂੰ ਅਪੀਲ ਕੀਤੀ ਹੈ ਕਿ ਉਹ ਦਹਿਸ਼ਤਗਰਦੀ ਨੂੰ ਸਰਕਾਰ ਦੀ ਨੀਤੀ ਵਜੋਂ ਵਰਤਣ ਵਾਲੇ ਦੇਸ਼ਾਂ ਦਾ ਸਾਹਮਣਾ ਕਰੇ ਅਤੇ ਅਤਿਵਾਦੀ ਫੰਡਿੰਗ ਤੇ ਭਰਤੀ ਵਿਰੁੱਧ ਸਾਂਝੀ ਲੜਾਈ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕਰੇ। ਉਨ੍ਹਾਂ ਦੇ ਇਨ੍ਹਾਂ ਬਿਆਨਾਂ ਨੂੰ ਵਿਆਪਕ ਤੌਰ ’ਤੇ ਪਾਕਿਸਤਾਨ ’ਤੇ ਸਿੱਧੇ ਨਿਸ਼ਾਨੇ ਵਜੋਂ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਹੋਰ ਕਈ ਆਲਮੀ ਆਗੂਆਂ ਦੀ ਮੌਜੂਦਗੀ ਵਿੱਚ, ਮੋਦੀ ਨੇ ਸਾਲਾਨਾ ਐੱਸ. ਸੀ. ਓ. ਸਿਖਰ ਸੰਮੇਲਨ ਵਿੱਚ ਕਿਹਾ ਕਿ ਇਸ ਸੰਗਠਨ ਨੂੰ ਅਤਿਵਾਦੀ ਫੰਡਿੰਗ, ਭਰਤੀ, ਕੱਟੜਪੰਥੀ ਸੋਚ ਅਤੇ ਸੁਰੱਖਿਅਤ ਟਿਕਾਣਿਆਂ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਪੱਛਮੀ ਏਸ਼ੀਆ ਦੇ ਸੰਕਟ ’ਤੇ ਚਿੰਤਾ ਜ਼ਾਹਿਰ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਇਹ ਮੰਗ ਕੀਤੀ ਹੈ ਕਿ ਸਾਰੇ ਤਣਾਅ ਅਤੇ ਵਿਵਾਦਾਂ ਦਾ ਹੱਲ ਜੰਗ ਦੇ ਮੈਦਾਨ ਵਿੱਚ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੀਤਾ ਜਾਣਾ ਚਾਹੀਦਾ ਹੈ।
ਚੀਨ ਦੇ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀ ਆਰ ਆਈ) ਦੇ ਸਪੱਸ਼ਟ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਨੈਕਟੀਵਿਟੀ ਪ੍ਰਾਜੈਕਟਾਂ ਨੂੰ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਐੱਸ. ਸੀ. ਓ. ਚਾਰਟਰ ਦੀ ਮੂਲ ਭਾਵਨਾ ਹੈ।
ਮੋਦੀ ਨੇ ਕਿਹਾ, ‘‘ਅਤਿਵਾਦ ਪੂਰੀ ਮਨੁੱਖਤਾ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਸਾਨੂੰ ਅਤਿਵਾਦੀ ਫੰਡਿੰਗ, ਭਰਤੀ, ਕੱਟੜਪੰਥੀ ਸੋਚ ਅਤੇ ਸੁਰੱਖਿਅਤ ਟਿਕਾਣਿਆਂ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨਾ ਹੋਵੇਗਾ। ਸਾਨੂੰ ਇੱਕ ਸੁਰ ਵਿੱਚ ਬੋਲਣਾ ਚਾਹੀਦਾ ਹੈ ਅਤੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸ ਗੰਭੀਰ ਮੁੱਦੇ ’ਤੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋ ਸਕਦੀ।’’











Comments (0)