ਸੱਚ ਦੀ ਆਵਾਜ਼ ’ਤੇ ਸੈਂਸਰਸ਼ਿਪ?

ਸੱਚ ਦੀ ਆਵਾਜ਼ ’ਤੇ ਸੈਂਸਰਸ਼ਿਪ?

ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਪੰਜਾਬ ਸੰਤਾਪ ਦੇ ਦੌਰ ਦੌਰਾਨ ਹੋਏ ਕਥਿਤ ਫ਼ਰਜ਼ੀ ਐਨਕਾਊਂਟਰਾਂ ’ਤੇ ਆਧਾਰਿਤ ਬਾਇਓਪਿਕ ਫ਼ਿਲਮ ‘ਸਤਲੁਜ’ (ਜਿਸ ਵਿੱਚ ਮੁੱਖ ਕਿਰਦਾਰ ਦਿਲਜੀਤ ਸਿੰਘ ਦੋਸਾਂਝ ਨੇ ਨਿਭਾਇਆ ਹੈ) ਨੂੰ ਭਾਰਤ ਸਰਕਾਰ ਵੱਲੋਂ ਬੈਨ ਕੀਤੇ ਜਾਣ ਅਤੇ ਓ.ਟੀ.ਟੀ. ਪਲੇਟਫ਼ਾਰਮਾਂ ਤੋਂ ਹਟਾਏ ਜਾਣ ਤੋਂ ਬਾਅਦ ਇਹ ਮੁੱਦਾ ਇੱਕ ਵਾਰ ਫ਼ਿਰ ਦੇਸ਼-ਵਿਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਭਾਵੇਂ ਫ਼ਿਲਮ ਦੀ ਸਟ੍ਰੀਮਿੰਗ ’ਤੇ ਰੋਕ ਲਗਾ ਦਿੱਤੀ ਗਈ ਹੈ, ਪਰ ਪੂਰੇ ਪੰਜਾਬ ਵਿੱਚ ਇਸ ਦੀ ਕਮਿਊਨਿਟੀ ਸਕ੍ਰੀਨਿੰਗ ਲਗਾਤਾਰ ਜਾਰੀ ਹੈ। ਇਸੇ ਵਿਵਾਦ ਦੇ ਵਿਚਕਾਰ, ਸਰਦਾਰ ਜਸਵੰਤ ਸਿੰਘ ਖਾਲੜਾ ਦੀ ਬੇਟੀ ਨਵਕਿਰਨ ਕੌਰ ਖਾਲੜਾ (ਜੋ ਇਸ ਸਮੇਂ ਅਮਰੀਕਾ ਵਿੱਚ ਇੱਕ ਇੰਜੀਨੀਅਰ ਹਨ) ਨੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਆਪਣੇ ਪਿਤਾ ਦੀ ਯਾਦ, ਪਰਿਵਾਰ ਦੇ ਸੰਘਰਸ਼ ਅਤੇ ਮੌਜੂਦਾ ਸਿਆਸੀ ਮਾਹੌਲ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ।
ਨਵਕਿਰਨ ਕੌਰ ਖਾਲੜਾ ਨੇ ਦੱਸਿਆ ਕਿ ਜਦੋਂ 6 ਸਤੰਬਰ 1995 ਦੀ ਸਵੇਰ ਨੂੰ ਉਨ੍ਹਾਂ ਨੇ ਆਪਣੇ ਪਿਤਾ ਨੂੰ ਆਖਰੀ ਵਾਰ ਦੇਖਿਆ ਸੀ, ਉਦੋਂ ਉਹ ਖੁਦ 10 ਸਾਲ ਦੇ ਸਨ ਅਤੇ ਉਨ੍ਹਾਂ ਦਾ ਛੋਟਾ ਭਰਾ ਜਨਮੀਤ ਸਿਰਫ਼ 8 ਸਾਲ ਦਾ ਸੀ। ਜਦੋਂ ਉਹ ਸਕੂਲ ਤੋਂ ਘਰ ਪਰਤੇ, ਤਾਂ ਪਤਾ ਲੱਗਿਆ ਕਿ ਪੰਜਾਬ ਪੁਲਿਸ ਉਨ੍ਹਾਂ ਦੇ ਪਿਤਾ ਨੂੰ ਅੰਮ੍ਰਿਤਸਰ ਸਥਿਤ ਘਰ ਦੇ ਬਾਹਰੋਂ ਚੁੱਕ ਕੇ ਲੈ ਗਈ ਸੀ।
ਜਸਵੰਤ ਸਿੰਘ ਖਾਲੜਾ ਉਸ ਦੌਰ ਵਿੱਚ ਪੰਜਾਬ ਅੰਦਰ ਹਜ਼ਾਰਾਂ ਲਾਵਾਰਿਸ ਲਾਸ਼ਾਂ ਦੇ ਕਥਿਤ ਗੈਰ-ਕਾਨੂੰਨੀ ਅੰਤਿਮ ਸਸਕਾਰਾਂ ਦਾ ਦਸਤਾਵੇਜ਼ੀਕਰਨ ਕਰ ਰਹੇ ਸਨ। ਉਨ੍ਹਾਂ ਦੇ ਅਨੁਮਾਨ ਮੁਤਾਬਕ ਪੂਰੇ ਪੰਜਾਬ ਵਿੱਚ ਲਗਭਗ 25,000 ਲੋਕਾਂ ਦਾ ਗੁਪਤ ਰੂਪ ਵਿੱਚ ਸਸਕਾਰ ਕਰ ਦਿੱਤਾ ਗਿਆ ਸੀ। ਪੁਲਿਸ ਹਿਰਾਸਤ ਵਿੱਚ ਹਫ਼ਤਿਆਂ ਤੱਕ ਅੰਨ੍ਹੇਵਾਹ ਤਸ਼ੱਦਦ ਸਹਿਣ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਦੀ ਹੱਤਿਆ ਕਰ ਦਿੱਤੀ ਗਈ ਸੀ।
ਨਵਕਿਰਨ ਕੌਰ ਖਾਲੜਾ ਦਾ ਕਹਿਣਾ ਸੀ ਕਿ ਪੁਲਿਸ ਵਾਲਿਆਂ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੰਨੀਆਂ ਸਾਰੀਆਂ ਹੱਤਿਆਵਾਂ ਤੋਂ ਬਾਅਦ, ਇੱਕ ਲਾਸ਼ (ਜਸਵੰਤ ਸਿੰਘ ਖਾਲੜਾ) ਉਨ੍ਹਾਂ ਲਈ ਅਤੇ ਪੂਰੇ ਸਿਸਟਮ ਲਈ ਇੰਨੀ ਭਾਰੀ ਪੈ ਜਾਵੇਗੀ ਕਿ ਤਿੰਨ ਦਹਾਕਿਆਂ ਬਾਅਦ ਵੀ ਰਾਜ ਉਸ ਨੂੰ ਭੁਲਾ ਨਹੀਂ ਸਕਿਆ।
ਨਵਕਿਰਨ ਕੌਰ ਖਾਲੜਾ ਦਾ ਕਹਿਣਾ ਸੀ ਕਿ ਪਿਤਾ ਦੇ ਲਾਪਤਾ ਹੋਣ ਤੋਂ ਬਾਅਦ, ਉਨ੍ਹਾਂ ਦੀ ਮਾਤਾ ਪਰਮਜੀਤ ਕੌਰ ਖਾਲੜਾ ਨੇ ਡਰ ਕੇ ਬੈਠਣ ਦੀ ਬਜਾਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਨੇ ਨਾ ਸਿਰਫ਼ ਆਪਣੇ ਪਤੀ ਦੀ ਗੁੰਮਸ਼ੁਦਗੀ ਦਾ ਮੁੱਦਾ ਚੁੱਕਿਆ, ਬਲਕਿ ਜਸਵੰਤ ਸਿੰਘ ਖਾਲੜਾ ਵੱਲੋਂ ਇਕੱਠੇ ਕੀਤੇ ਗਏ ਫ਼ਰਜ਼ੀ ਐਨਕਾਊਂਟਰਾਂ ਅਤੇ ਗ਼ੈਰ-ਕਾਨੂੰਨੀ ਸਸਕਾਰਾਂ ਦੇ ਸਾਰੇ ਸਬੂਤ ਅਦਾਲਤ ਦੇ ਸਾਹਮਣੇ ਰੱਖ ਦਿੱਤੇ।
ਉਨ੍ਹਾਂ ਕਿਹਾ ਕਿ ਇਹੀ ਜਾਂਚ ਬਾਅਦ ਵਿੱਚ ਸੀ.ਬੀ.ਆਈ. ਦੀ ਜਾਂਚ ਦਾ ਆਧਾਰ ਬਣੀ, ਜਿਸ ਦੇ ਸਿੱਟੇ ਵਜੋਂ ਸਾਲ 2011 ਵਿੱਚ ਸੁਪਰੀਮ ਕੋਰਟ ਨੇ ਪੰਜ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ। 1998 ਵਿੱਚ ਜਦੋਂ ਇੱਕ ਸਾਬਕਾ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਬਚੜਾ ਨੇ ਖੁਲਾਸਾ ਕੀਤਾ ਕਿ ਖਾਲੜਾ ਨੂੰ ਕਿਸ ਤਰ੍ਹਾਂ  ਪੁਲਿਸ ਅਧਿਕਾਰੀ ਅਜੀਤ ਸਿੰਘ ਨੇ ਭਿਅੰਕਰ  ਤਸ਼ੱਦਦ ਕਰਕੇ ਮਾਰਿਆ  ਸੀ, ਉਦੋਂ ਜਾ ਕੇ ਪਰਿਵਾਰ ਨੂੰ ਉਨ੍ਹਾਂ ਦੀ ਸ਼ਹਾਦਤ ਦਾ ਪੱਕਾ ਪਤਾ ਲੱਗਿਆ ਸੀ।
ਕੇਂਦਰ ਸਰਕਾਰ ਵੱਲੋਂ ਸੁਰੱਖਿਆ ਚਿੰਤਾਵਾਂ ਅਤੇ ਕੱਟੜ ਭਾਵਨਾਵਾਂ ਨੂੰ ਭੜਕਾਉਣ ਦਾ ਹਵਾਲਾ ਦੇ ਕੇ ਫ਼ਿਲਮ ‘ਸਤਲੁਜ’ ’ਤੇ ਲਗਾਈ ਪਾਬੰਦੀ ਬਾਰੇ ਬੀਬੀ ਨਵਕਿਰਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿਰੋਧ ’ਤੇ ਕੋਈ ਹੈਰਾਨੀ ਨਹੀਂ ਹੋਈ। ਉਨ੍ਹਾਂ ਨੇ ਡਾਇਰੈਕਟਰ ਹਨੀ ਤ੍ਰੇਹਨ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਫ਼ਿਲਮ ਬਣਾਉਣਾ ਆਸਾਨ ਨਹੀਂ ਹੋਵੇਗਾ, ਕਿਉਂਕਿ ਫ਼ਿਲਮ ਪੂਰੀ ਤਰ੍ਹਾਂ ਕੋਰਟ ਦੇ ਰਿਕਾਰਡਾਂ ਅਤੇ ਦਸਤਾਵੇਜ਼ੀ ਸਬੂਤਾਂ ’ਤੇ ਆਧਾਰਿਤ ਹੈ, ਇਸ ਵਿੱਚ ਕੁਝ ਵੀ ਮਨਘੜਤ ਨਹੀਂ ਹੈ।
ਜਦੋਂ ਆਲੋਚਕਾਂ ਅਤੇ ਕੁਝ ਸਿਆਸਤਦਾਨਾਂ ਵੱਲੋਂ ਜਸਵੰਤ ਸਿੰਘ ਖਾਲੜਾ ਨੂੰ ‘ਖਾਲਿਸਤਾਨ ਅੰਦੋਲਨ ਦਾ ਹਮਦਰਦ’ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ  ਹੈ, ਤਾਂ ਨਵਕਿਰਨ ਕੌਰ ਨੇ ਬੜੀ ਸਾਫ਼ਗੋਈ ਨਾਲ ਜਵਾਬ ਦਿੱਤਾ ਕਿ ਜਸਵੰਤ ਸਿੰਘ ਖਾਲੜਾ ਦੇ ਖਿਲਾਫ਼ ਆਪਣੇ ਜੀਵਨ ਵਿੱਚ ਇੱਕ ਵੀ ਕ੍ਰਿਮੀਨਲ ਕੇਸ ਦਰਜ ਨਹੀਂ ਸੀ। ਪੰਜਾਬ ਪੁਲਿਸ ਨੇ ਵੀ ਟ੍ਰਾਇਲ ਦੌਰਾਨ ਇਹ ਮੰਨਿਆ ਸੀ। ਜੇਕਰ ਉਹ ਅਪਰਾਧੀ ਨਹੀਂ ਸਨ, ਤਾਂ ਉਨ੍ਹਾਂ ਨੂੰ ਅਗਵਾ ਕਰਕੇ ਕਿਉਂ ਮਾਰਿਆ ਗਿਆ?