ਸਿੱਖਸ ਆਫ਼ ਅਮਰੀਕਾ ਵੱਲੋਂ ਅਕਰਮ ਭੱਟੀ ਦਾ ਸਨਮਾਨ

ਸਿੱਖਸ ਆਫ਼ ਅਮਰੀਕਾ ਵੱਲੋਂ ਅਕਰਮ ਭੱਟੀ ਦਾ ਸਨਮਾਨ

ਵਾਸ਼ਿੰਗਟਨ/ਏ.ਟੀ.ਨਿਊਜ਼: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰਲੀ ਇਲਾਹੀ ਜੋਤ ਨੂੰ ਪਛਾਨਣ ਵਾਲੇ ਨਨਕਾਣਾ ਸਾਹਿਬ ਪਾਕਿਸਤਾਨ ’ਚ ਵੱਸਦੀ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਬਿਲਾਲ ਅਕਰਮ ਭੱਟੀ ਇਨੀਂ ਦਿਨੀਂ ਆਪਣੇ ਅਮਰੀਕਾ ਦੌਰੇ ’ਤੇ ਹਨ। ਉਹਨਾਂ ਦੇ ਸਨਮਾਨ ’ਚ ਸਿੱਖਸ ਆਫ਼ ਅਮਰੀਕਾ ਵੱਲੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਮੈਰੀਲੈਂਡ ਚ’ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ’ਚ ਉਹਨਾਂ ਸਿੱਖਸ ਆਫ਼ ਅਮਰੀਕਾ ਦੇ ਕਮਿਊਨਿਟੀ ਅਵਾਰਡ ਦੇ ਨਾਲ ਉਹਨਾਂ ਨੂੰ ਸਾਈਟੇਸ਼ਨ ਐਵਾਰਡ ਵੀ ਦਿੱਤਾ ਗਿਆ।  ਇਸ ਮੌਕੇ ਬੋਲਦਿਆਂ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ  ਸਿੰਘ ‘ਜੱਸੀ’ ਨੇ ਕਿਹਾ ਕਿ ਭੱਟੀ ਪਰਿਵਾਰ ਦਾ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਸਤਿਕਾਰ ਕਰਦੀ ਰਹੇਗੀ। ਜਿੱਥੇ ਰਾਏ ਬੁਲਾਰ ਭੱਟੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅੰਦਰ ਇਲਾਹੀ ਜੋਤ ਨੂੰ ਪਛਾਣਿਆਂ ਉੱਥੇ ਉਹਨਾਂ 18 ਹਜ਼ਾਰ 750  ਏਕੜ ਜ਼ਮੀਨ ਵੀ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤੀ ਸੀ ਜੋ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਬੋਲਦੀ ਹੈ।  ਉਹਨਾਂ ਦੱਸਿਆ ਕਿ ਰਾਏ ਬਿਲਾਲ ਅਕਰਮ ਭੱਟੀ ਦੇ ਉਹ ਧੰਨਵਾਦੀ ਵੀ ਹਨ ਕਿ ਜਦੋਂ ਵੀ ਉਹ ਪਕਿਸਤਾਨ ਜਾਂਦੇ ਹਨ ਤਾਂ ਉਹ ਹਮੇਸ਼ਾ ਸਿੱਖਾਂ  ਦਾ ਸਹਿਯੋਗ ਕਰਦੇ ਹਨ ਅਤੇ ਉਹ ਹੋਰ ਸੰਗਤਾਂ ਦਾ ਵੀ ਪਾਕਿਸਤਾਨ ਪੁੱਜਣ ’ਤੇ ਉਹ ਸਵਾਗਤ ਕਰਦੇ ਹਨ। ਇਸ ਮੌਕੇ ਆਪਣੇ ਸੰਬੋਧਨ ’ਚ ਰਾਏ ਬਿਲਾਲ ਅਕਰਮ ਭੱਟੀ ਨੇ ਆਪਣੇ ਪੁਰਖਾਂ ਕੋਲੋ ਸੁਣੀਆਂ ਅਤੇ  ਬਾਬੇ ਨਾਨਕ ਦੀਆਂ ਕੁਦਰਤੀ ਕਰਾਮਾਤ ਦੀਆਂ ਸਾਖੀਆਂ ਵੀ ਸੁਣਾਈਆਂ ਅਤੇ ਕਿਹਾ ਕਿ ਸਿੱਖਾਂ ਦੇ ਨਾਲ ਸਾਡੇ ਪੁਰਖਾਂ ਦੀ  550 ਸਾਲ ਦੀ ਪੁਰਾਣੀ ਸਾਂਝ ਰੱਖੀ ਸੀ ਜੋ ਸਾਡੀ ਪੀੜੀ ’ਚ ਬਰਕਰਾਰ ਸਿੱਖਾਂ ਪ੍ਰਤੀ ਚੱਲਦੀ ਆ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਸਿੱਖਸ ਆਫ਼ ਅਮਰੀਕਾ ਨੇ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਹੈ ਅਤੇ ਉਹਨਾਂ ਸਾਰੇ ਹੀ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ  ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ।  ਉਹਨਾਂ ਇਸ ਮੌਕੇ ਮੁਸਲਿਮ ਆਫ਼ ਅਮਰੀਕਾ ਦੇ ਚੇਅਰਮੈਨ ਸਾਜਿਦ ਤਰਾਰ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਜੋ ਸਿੱਖ ਅਤੇ ਮੁਸਲਮਾਨ ਭਾਈਚਾਰੇ ’ਚ ਸਾਂਝ ਵਧਾਉਣ ਲਈ ਅਮਰੀਕਾ ’ਚ ਇੱਕ ਕੜੀ ਵਜੋਂ ਕੰਮ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ, ਸਿੱਖਸ ਆਫ਼ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਵਰਿੰਦਰ ਸਿੰਘ, ਪਾਲ ਧਨੋਆ, ਚੱਤਰ ਸਿੰਘ ਸੈਣੀ, ਕੁਲਵਿੰਦਰ ਸਿੰਘ ਫ਼ਲੋਰਾ ਵੀ ਸ਼ਾਮਲ ਸਨ।