ਵਿਸ਼ਵ ਮੰਚ ’ਤੇ ਛਾਈ ਦਸਤਾਰ

ਵਿਸ਼ਵ ਮੰਚ ’ਤੇ ਛਾਈ ਦਸਤਾਰ

ਸਕਾਟਲੈਂਡ ਦੇ ਇਤਿਹਾਸਕ ਐਡਿਨਬਰਗ ਕੈਸਲ ਦੀ ਧਰਤੀ ’ਤੇ ਅਗਸਤ 2026 ਦੌਰਾਨ ਸਮਾਪਤ ਹੋਏ ਵੱਕਾਰੀ ‘ਰੌਇਲ ਐਡਿਨਬਰਗ ਮਿਲਟਰੀ ਟੈਟੂ’ ਦੌਰਾਨ ਕੈਨੇਡਾ ਦੇ ਵੈਨਕੂਵਰ ਪੁਲਿਸ ਵਿਭਾਗ ਦੇ ਕਾਂਸਟੇਬਲ ਸੁਖਵਿੰਦਰ ‘ਸੂਕੀ’ ਸਿੰਘ ਸੰਗਰ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਵਿਸ਼ਵ ਦੇ ਸਭ ਤੋਂ ਵੱਡੇ ਮਿਲਟਰੀ ਅਤੇ ਸੱਭਿਆਚਾਰਕ ਸੰਗੀਤਕ ਮੰਚਾਂ ਵਿੱਚੋਂ ਇੱਕ ਉੱਤੇ, ਇੱਕ ਸਦੀ ਤੋਂ ਵੀ ਪੁਰਾਣੇ ‘ਵੈਨਕੂਵਰ ਪੁਲਿਸ ਪਾਈਪ ਬੈਂਡ’ ਦੀ ਅਗਵਾਈ ਇੱਕ ਦਸਤਾਰਧਾਰੀ ਸਿੱਖ ਅਫ਼ਸਰ ਵੱਲੋਂ ‘ਡਰੱਮ ਮੇਜਰ’ ਵਜੋਂ ਕੀਤੀ ਗਈ। ਪਰੰਪਰਾਗਤ ਸਕਾਟਿਸ਼ ਹਾਈਲੈਂਡ ਪੁਸ਼ਾਕ (ਰਾਇਲ ਸਟੂਅਰਟ ਟਾਰਟਨ ਕਿਲਟ) ਦੇ ਨਾਲ਼ ਰਵਾਇਤੀ ਖੰਭਾਂ ਵਾਲੀ ਟੋਪੀ ਦੀ ਥਾਂ ਸ਼ਾਨਦਾਰ ਦਸਤਾਰ ਸਜਾ ਕੇ ਜਦੋਂ ਸੁਖਵਿੰਦਰ ਸਿੰਘ ਨੇ ਐਡਿਨਬਰਗ ਐਸਪਲੇਨੇਡ ’ਤੇ ਕਮਾਨ ਸੰਭਾਲੀ, ਤਾਂ ਇਹ ਦ੍ਰਿਸ਼ ਸਿਰਫ਼ ਇੱਕ ਰਸਮੀ ਪਰੇਡ ਨਹੀਂ ਸੀ, ਸਗੋਂ ਕੌਮਾਂਤਰੀ ਪੱਧਰ ’ਤੇ ਸਿੱਖ ਪਛਾਣ, ਵੰਨ-ਸੁਵੰਨਤਾ ਅਤੇ ਅਮੀਰ ਵਿਰਾਸਤਾਂ ਦੇ ਸੁਮੇਲ ਦਾ ਇੱਕ ਸ਼ਾਨਦਾਰ ਪ੍ਰਤੀਕ ਹੋ ਨਿੱਬੜਿਆ।

ਕੌਣ ਹਨ ਸੁਖਵਿੰਦਰ ‘ਸੂਕੀ’ ਸਿੰਘ ਸੰਗਰ ?
ਬ੍ਰਿਟਿਸ਼ ਕੋਲੰਬੀਆ ਦੀ ਵਿਕਟੋਰੀਆ ਸਿਟੀ ਵਿੱਚ ਪਲੇ-ਵਧੇ ਸੁਖਵਿੰਦਰ ਸਿੰਘ ਨੇ ਮੁੱਢਲੀ ਸਿੱਖਿਆ ਤੋਂ ਬਾਅਦ ਕ੍ਰਿਮੀਨਲ ਜਸਟਿਸ ਦੇ ਖੇਤਰ ਵਿੱਚ ਉਚੇਰੀ ਸਿੱਖਿਆ ਹਾਸਲ ਕੀਤੀ। ਉਨ੍ਹਾਂ ਦੇ ਜਨਤਕ ਸੇਵਾ ਦੇ ਸਫ਼ਰ ਦੀ ਸ਼ੁਰੂਆਤ ਵਿਕਟੋਰੀਆ ਪੁਲਿਸ ਵਿਭਾਗ ਵਿੱਚ ਇੱਕ ਰਿਜ਼ਰਵ ਕਾਂਸਟੇਬਲ ਵਜੋਂ ਹੋਈ। ਇਸ ਉਪਰੰਤ, ਸਾਲ 2002 ਵਿੱਚ ਉਹ ਕੈਨੇਡਾ ਦੇ ਸਭ ਤੋਂ ਵਿਅਸਤ ਅਤੇ ਨਾਮਵਰ ਪੁਲਿਸ ਅਦਾਰਿਆਂ ਵਿੱਚੋਂ ਇੱਕ ‘ਵੈਨਕੂਵਰ ਪੁਲਿਸ ਡਿਪਾਰਟਮੈਂਟ’  ਦਾ ਹਿੱਸਾ ਬਣੇ।
ਪੁਲਿਸ ਵਿਭਾਗ ਵਿੱਚ ਦੋ ਦਹਾਕਿਆਂ ਤੋਂ ਵੱਧ ਦੇ ਲੰਮੇ ਕਾਰਜਕਾਲ ਦੌਰਾਨ ਸੁਖਵਿੰਦਰ ਸਿੰਘ ਨੇ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ, ਟ੍ਰੈਫਿਕ ਇਨਫੋਰਸਮੈਂਟ ਅਤੇ ਕਮਿਊਨਿਟੀ ਪੁਲੀਸਿੰਗ ਵਰਗੇ ਅਹਿਮ ਖੇਤਰਾਂ ਵਿੱਚ ਮਿਸਾਲੀ ਸੇਵਾਵਾਂ ਦਿੱਤੀਆਂ। ਉਨ੍ਹਾਂ ਦਾ ਸੇਵਾ ਦਾ ਦਾਇਰਾ ਸਿਰਫ਼ ਕੈਨੇਡਾ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ ਰਿਹਾ; ਉਨ੍ਹਾਂ ਨੇ ਦੱਖਣੀ ਸੂਡਾਨ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਅਧੀਨ ਤਾਇਨਾਤ ਹੋ ਕੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾਈ। ਇਹ ਅਨੁਭਵ ਉਨ੍ਹਾਂ ਦੇ ਪੇਸ਼ੇਵਰ ਕੱਦ, ਅਨੁਸ਼ਾਸਨ ਅਤੇ ਸੰਕਟ ਪ੍ਰਬੰਧਨ ਦੀ ਡੂੰਘੀ ਯੋਗਤਾ ਨੂੰ ਪ੍ਰਮਾਣਿਤ ਕਰਦਾ ਹੈ।

ਸਕਾਟਿਸ਼ ਬੈਂਡ ਵਿੱਚ ਪਹਿਲਾ ਸਿੱਖ ਚਿਹਰਾ ਅਤੇ ਪੰਜਾਬੀ ਢੋਲ ਦੀ ਵਿਲੱਖਣ ਪੈੜ
ਸਾਲ 1914 ਵਿੱਚ ਸਥਾਪਿਤ ਹੋਇਆ ‘ਵੈਨਕੂਵਰ ਪੁਲਿਸ ਪਾਈਪ ਬੈਂਡ’ ਕੈਨੇਡਾ ਦੇ ਇਤਿਹਾਸ ਵਿੱਚ ਲਗਾਤਾਰ ਸੇਵਾ ਨਿਭਾਉਣ ਵਾਲਾ ਸਭ ਤੋਂ ਪੁਰਾਣਾ ਗ਼ੈਰ-ਮਿਲਟਰੀ ਪਾਈਪ ਬੈਂਡ ਹੈ, ਜਿਸ ਨੂੰ ਵੈਨਕੂਵਰ ਸ਼ਹਿਰ ਦੇ ਅਧਿਕਾਰਤ ਬੈਂਡ ਦਾ ਦਰਜਾ ਹਾਸਲ ਹੈ। ਇਸ ਸੌ ਸਾਲ ਤੋਂ ਵੱਧ ਪੁਰਾਣੇ ਇਤਿਹਾਸ ਵਿੱਚ ਸੁਖਵਿੰਦਰ ਸਿੰਘ ਸੰਗਰ ਸਾਲ 2018-19 ਦੌਰਾਨ ਇਸ ਬੈਂਡ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਗ਼ੈਰ-ਗੋਰੇ  ਮੈਂਬਰ ਬਣੇ।
ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਬੈਂਡ ਦੇ ਮੁੱਖ ਸਾਜ਼ ‘ਟੈਨਰ ਡਰੱਮ’ ਵਿੱਚ ਮੁਹਾਰਤ ਹਾਸਲ ਕੀਤੀ, ਪਰ ਉਨ੍ਹਾਂ ਨੇ ਇਸ ਸਕਾਟਿਸ਼ ਕਲਾ ਨੂੰ ਸਿਰਫ਼ ਪੱਛਮੀ ਢਾਂਚੇ ਤੱਕ ਸੀਮਤ ਨਹੀਂ ਰਹਿਣ ਦਿੱਤਾ। ਉਨ੍ਹਾਂ ਨੇ ਬੈਂਡ ਦੀਆਂ ਧੁਨਾਂ ਵਿੱਚ ਪੰਜਾਬੀ ਲੋਕ ਸਾਜ਼ ‘ਢੋਲ’ ਦੀ ਥਾਪ ਨੂੰ ਸ਼ਾਮਲ ਕਰਨ ਦਾ ਇਤਿਹਾਸਕ ਪ੍ਰਯੋਗ ਕੀਤਾ। ਸਾਲ 2019 ਵਿੱਚ, ਜੱਲ੍ਹਿਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਮੌਕੇ ਜਦੋਂ ਬੈਂਡ ਨੇ ਭਾਰਤ ਦਾ ਦੌਰਾ ਕੀਤਾ, ਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮੇਤ ਪੰਜਾਬ ਭਰ ਵਿੱਚ ਹੋਈਆਂ ਪੇਸ਼ਕਾਰੀਆਂ ਦੌਰਾਨ ਸੁਖਵਿੰਦਰ ਸਿੰਘ ਨੇ ਸਕਾਟਿਸ਼ ਡਰੱਮ ਅਤੇ ਪੰਜਾਬੀ ਢੋਲ ਦੇ ਤਾਲਮੇਲ ਨਾਲ ‘ਸਾਰੇ ਜਹਾਂ ਸੇ ਅੱਛਾ’ ਵਰਗੀਆਂ ਰਚਨਾਵਾਂ ਨੂੰ ਪੇਸ਼ ਕਰਕੇ ਦੋਵਾਂ ਸੱਭਿਆਚਾਰਾਂ ਦਰਮਿਆਨ ਇੱਕ ਨਵਾਂ ਪੁਲ ਉਸਾਰਿਆ। ਉਨ੍ਹਾਂ ਦੇ ਇਸੇ ਸਮਰਪਣ ਅਤੇ ਨਿਪੁੰਨਤਾ ਨੂੰ ਵੇਖਦਿਆਂ, ਦਸੰਬਰ 2025 ਵਿੱਚ ਬੈਂਡ ਦੇ ਸਮੂਹ ਮੈਂਬਰਾਂ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਤਿੰਨ ਸਾਲਾਂ ਦੀ ਮਿਆਦ ਲਈ ਆਪਣਾ ਮੁੱਖ ‘ਡਰੱਮ ਮੇਜਰ’ ਚੁਣਿਆ।

ਰੌਇਲ ਐਡਿਨਬਰਗ ਮਿਲਟਰੀ ਟੈਟੂ 2026: ਵਿਸ਼ਵ ਮੰਚ ’ਤੇ ਦਸਤਾਰ ਦੀ ਗੂੰਜ
‘ਰੌਇਲ ਐਡਿਨਬਰਗ ਮਿਲਟਰੀ ਟੈਟੂ’ ਦੁਨੀਆ ਦਾ ਸਭ ਤੋਂ ਉੱਚ ਦਰਜੇ ਦਾ ਮਿਲਟਰੀ ਸੰਗੀਤ ਅਤੇ ਡਰਿੱਲ ਪ੍ਰਦਰਸ਼ਨ ਸਮਾਗਮ ਮੰਨਿਆ ਜਾਂਦਾ ਹੈ, ਜਿੱਥੇ ਵੱਖ-ਵੱਖ ਮੁਲਕਾਂ ਦੀਆਂ ਸਰਵੋਤਮ ਫ਼ੌਜੀ ਤੇ ਪੁਲਿਸ ਟੁਕੜੀਆਂ ਹਿੱਸਾ ਲੈਂਦੀਆਂ ਹਨ। ਸਾਲ 2026 ਦੇ ਇਸ ਸਮਾਗਮ ਦਾ ਮੁੱਖ ਵਿਸ਼ਾ ‘ਏ ਕਾਲ ਟੂ ਗੈਦਰ’ ਰੱਖਿਆ ਗਿਆ ਸੀ, ਜੋ ਵਿਸ਼ਵ ਭਾਈਚਾਰੇ ਦੀ ਏਕਤਾ ਦਾ ਸੁਨੇਹਾ ਦਿੰਦਾ ਸੀ।
ਇਸ ਮੰਚ ਉੱਤੇ ਚੌਥੀ ਵਾਰ ਹਿੱਸਾ ਲੈ ਰਹੇ ਵੈਨਕੂਵਰ ਪੁਲਿਸ ਪਾਈਪ ਬੈਂਡ ਦਾ ਮਾਰਚ ਉਸ ਵੇਲੇ ਵਿਸ਼ਵ ਭਰ ਦੇ ਮੀਡੀਆ ਦੀਆਂ ਸੁਰਖ਼ੀਆਂ ਬਣ ਗਿਆ ਜਦੋਂ ਇਸ ਦੀ ਅਗਵਾਈ ਸੁਖਵਿੰਦਰ ਸਿੰਘ ਨੇ ਆਪਣੇ ਹੱਥ ਵਿੱਚ ‘ਮੇਸ’ (ਡਰੱਮ ਮੇਜਰ ਦੀ ਛੜੀ) ਫੜ ਕੇ ਕੀਤੀ। ਪੂਰੀ ਤਰ੍ਹਾਂ ਸਿੱਖ ਸਰੂਪ ਵਿੱਚ ਸਜੀ ਦਸਤਾਰ, ਦਾੜ੍ਹੀ ਅਤੇ ਸਕਾਟਿਸ਼ ਟਾਰਟਨ ਕਿਲਟ ਦੀ ਸੂਖ਼ਮ ਤਾਲਮੇਲ ਨੇ ਲੱਖਾਂ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ ਐਡਿਨਬਰਗ ਕੈਸਲ ਦੇ ਮੈਦਾਨ ਵਿੱਚ ਕਿਸੇ ਦਸਤਾਰਧਾਰੀ ਸਿੱਖ ਡਰੱਮ ਮੇਜਰ ਨੇ ਮਿਲਟਰੀ ਅਨੁਸ਼ਾਸਨ ਅਤੇ ਲੈਅਬੱਧ ਕਦਮਾਂ ਨਾਲ਼ ਕੌਮਾਂਤਰੀ ਪਰੇਡ ਦੀ ਕਮਾਨ ਸੰਭਾਲੀ।
ਇਸ ਇਤਿਹਾਸਕ ਪ੍ਰਾਪਤੀ ਦੀ ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ
ਵਿਰਾਸਤ ਅਤੇ ਪਛਾਣ ਦਾ ਸ਼ਾਨਦਾਰ ਸੁਮੇਲ: ਇਹ ਘਟਨਾ ਸਿੱਧ ਕਰਦੀ ਹੈ ਕਿ ਵਿਅਕਤੀ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਨਾਲ਼ ਕੋਈ ਸਮਝੌਤਾ ਕੀਤੇ ਬਗ਼ੈਰ ਕਿਸੇ ਹੋਰ ਦੇਸ਼ ਜਾਂ ਸੱਭਿਆਚਾਰ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਸਰਵਉੱਚ ਅਹੁਦਾ ਹਾਸਲ ਕਰ ਸਕਦਾ ਹੈ।
ਜਿਸ ਦੌਰ ਵਿੱਚ ਪੱਛਮੀ ਦੇਸ਼ਾਂ ਵਿੱਚ ਕਈ ਵਾਰ ਪਛਾਣ ਦੇ ਸੰਕਟ ਜਾਂ ਨਸਲੀ ਭੁਲੇਖਿਆਂ ਦੀਆਂ ਖ਼ਬਰਾਂ ਆਉਂਦੀਆਂ ਹਨ, ਅਜਿਹੇ ਸਮੇਂ ਵਿੱਚ ਦੁਨੀਆ ਦੇ ਸਭ ਤੋਂ ਵੱਕਾਰੀ ਮੰਚ ’ਤੇ ਦਸਤਾਰ ਦੀ ਮਾਣਮੱਤੀ ਨੁਮਾਇੰਦਗੀ ਸਿੱਖ ਕੌਮ ਦੇ ਗੌਰਵ ਅਤੇ ਸਤਿਕਾਰ ਵਿੱਚ ਵਾਧਾ ਕਰਦੀ ਹੈ।
ਸੁਖਵਿੰਦਰ ਸਿੰਘ ਦਾ ਸਫ਼ਰ ਪੰਜਾਬੀ  ਯੂਥ ਲਈ ਪ੍ਰੇਰਨਾ ਦਾ  ਸੋਮਾ
ਕੈਨੇਡਾ ਵਰਗੇ ਬਹੁ-ਸੱਭਿਆਚਾਰਕ ਮੁਲਕ ਦੇ ਅਦਾਰਿਆਂ ਵਿੱਚ ਘੱਟ-ਗਿਣਤੀਆਂ ਦੀ ਬਰਾਬਰੀ ਅਤੇ ਯੋਗਤਾ ਅਧਾਰਿਤ ਤਰੱਕੀ ਦੀ ਇਹ ਇੱਕ ਉੱਤਮ ਮਿਸਾਲ ਹੈ। ਇਹ ਸਾਬਤ ਕਰਦਾ ਹੈ ਕਿ ਸੰਸਥਾਵਾਂ ਤਾਂ ਹੀ ਮਜ਼ਬੂਤ ਹੁੰਦੀਆਂ ਹਨ ਜੇਕਰ ਉਹ ਹਰ ਵਰਗ ਦੇ ਹੁਨਰ ਦਾ ਸਤਿਕਾਰ ਕਰਨ।
ਡਾਇਸਪੋਰਾ ਵਿੱਚ ਵੱਡੀ ਹੋ ਰਹੀ ਨੌਜਵਾਨ ਪੀੜ੍ਹੀ ਲਈ ਸੁਖਵਿੰਦਰ ਸਿੰਘ ਦਾ ਇਹ ਸਫ਼ਰ ਪ੍ਰੇਰਨਾ ਦਾ ਵੱਡਾ ਸੋਮਾ ਹੈ ਕਿ ਸਖ਼ਤ ਮਿਹਨਤ, ਲਗਨ ਅਤੇ ਕਲਾ ਪ੍ਰਤੀ ਸਮਰਪਣ ਨਾਲ਼ ਦੁਨੀਆ ਦੇ ਕਿਸੇ ਵੀ ਖੇਤਰ ਵਿੱਚ ਆਪਣੀ ਵਿਲੱਖਣ ਛਾਪ ਛੱਡੀ ਜਾ ਸਕਦੀ ਹੈ।
ਕਾਂਸਟੇਬਲ ਸੁਖਵਿੰਦਰ ‘ਸੂਕੀ’ ਸਿੰਘ ਸੰਗਰ ਦੀ ਇਹ ਕਾਮਯਾਬੀ ਸਿਰਫ਼ ਇੱਕ ਵਿਅਕਤੀਗਤ ਮੀਲ-ਪੱਥਰ ਨਹੀਂ ਹੈ, ਬਲਕਿ ਇਹ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਉਸ ਵਸੀਹ ਦ੍ਰਿਸ਼ਟੀਕੋਣ ਦੀ ਜਿੱਤ ਹੈ ਜੋ ‘ਸਰਬੱਤ ਦੇ ਭਲੇ’ ਅਤੇ ਸੱਭਿਆਚਾਰਕ ਸਾਂਝੀਵਾਲਤਾ ਦੇ ਸੰਕਲਪ ਨੂੰ ਵਿਸ਼ਵ ਪੱਧਰ ’ਤੇ ਅਮਲੀ ਰੂਪ ਵਿੱਚ ਸਾਕਾਰ ਕਰਦਾ ਹੈ।