ਵੋਟਾਂ ਦੇ ਨਾਲ ਗਿਆਨ ਦੇ ਵੀ ਖ਼ੋਜੀ ਹਨ 50 ਸੰਸਦ ਮੈਂਬਰ
ਨਵੀਂ ਦਿੱਲੀ/ਏ.ਟੀ.ਨਿਊਜ਼ : ਟਾਵੇਂ ਹੀ ਨੇਤਾ ਬਚੇ ਹਨ ਜਿਹੜੇ ਗਿਆਨ ਦੇ ਵੀ ਖ਼ੋਜੀ ਹਨ ਅਤੇ ਨਾਲੇ ਵੋਟਾਂ ਦੀ ਖੋਜ ’ਚ ਵੀ ਨਿਕਲਦੇ ਹਨ। ਅਕਾਦਮਿਕ ਪ੍ਰੀਖਿਆ ਪਾਸ ਕਰਨ ਵਾਲੇ ਸਿਆਸੀ ਪੇਪਰਾਂ ਵਿੱਚ ਕਦੇ ਫੇਲ੍ਹ ਹੁੰਦੇ ਹਨ ਤੇ ਕਦੇ ਪਾਸ। ਭਾਰਤੀ ਸੰਸਦ ’ਚ ਇਸ ਵੇਲੇ ਸਿਰਫ਼ ਵੀਹ ਫ਼ੀਸਦੀ ਸੰਸਦ ਮੈਂਬਰ ਹਨ ਜਿਨ੍ਹਾਂ ਕੋਲ ਡਾਕਟਰੇਟ ਦੀ ਉਪਾਧੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਇਕਲੌਤੇ ਸੰਸਦ ਮੈਂਬਰ ਹਨ ਜਿਨ੍ਹਾਂ ਦੀ ਡਿਗਰੀ ਮੁਕਾਬਲੇ ’ਚ ਝੰਡੀ ਹੈ। ਲੋਕ ਸਭਾ ’ਚ ਇਸ ਵੇਲੇ 18 ਸੰਸਦ ਮੈਂਬਰ ਅਤੇ ਰਾਜ ਸਭਾ ’ਚ 32 ਸੰਸਦ ਮੈਂਬਰਾਂ ਕੋਲ ਅਕਾਦਮਿਕ ਖੇਤਰ ਦੀ ਸਿਖਰਲੀ ਪੀਐੱਚ. ਡੀ. ਦੀ ਡਿਗਰੀ ਹੈ।
1952 ਤੋਂ ਲੈ ਕੇ ਹੁਣ ਤੱਕ ਦੇ ਸੰਸਦ ਮੈਂਬਰਾਂ ’ਤੇ ਝਾਤ ਮਾਰੀਏ ਤਾਂ ਤਾਂ ਪੀਐੱਚ ਡੀ. ਵਾਲੇ 126 ਸੰਸਦ ਮੈਂਬਰ ਲੋਕ ਸਭਾ ’ਚ ਪੁੱਜੇ ਹਨ। ਰਾਜ ਸਭਾ ਨੂੰ ਪਾਏਦਾਰ ਅਤੇ ਵਿਦਵਤਾ ਵਾਲੇ ਲੋਕਾਂ ਦਾ ਸਦਨ ਮੰਨਿਆ ਜਾਂਦਾ ਹੈ। ਇਸ ਕਰ ਕੇ ਇਸ ਹਾਊਸ ’ਚ ਪੀਐੱਚ. ਡੀ. ਹੋਲਡਰ ਸੰਸਦ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੈ। ਵੱਡੇ ਚਿਹਰੇ ਇਸ ਸਦਨ ਦਾ ਮਾਣ ਵੀ ਰਹੇ ਹਨ। ਡਾ. ਮਨਮੋਹਨ ਸਿੰਘ, ਪ੍ਰਣਬ ਮੁਖਰਜੀ, ਨਜ਼ਮਾ ਹੈਪਤੁੱਲਾ, ਲਤਾ ਮੰਗੇਸ਼ਕਰ ਤੇ ਕੁਲਦੀਪ ਨਈਅਰ ਆਦਿ ਕੋਲ ਡਾਕਟਰੇਟ ਦੀ ਉਪਾਧੀ ਰਹੀ ਹੈ।
ਪੰਜਾਬ ਵਿੱਚੋਂ ਇਸ ਵੇਲੇ ਲੋਕ ਸਭਾ ’ਚ ਇਕਲੌਤੇ ਸੰਸਦ ਮੈਂਬਰ ਚਰਨਜੀਤ ਚੰਨੀ ਹਨ ਜਿਨ੍ਹਾਂ ਕੋਲ ਪੀਐੱਚ. ਡੀ. ਦੀ ਡਿਗਰੀ ਹੈ। ਇਸੇ ਤਰ੍ਹਾਂ ਰਾਜ ਸਭਾ ਵਿੱਚ ਭਾਜਪਾ ਦੇ ਸੰਦੀਪ ਪਾਠਕ ਡਾਕਟਰੇਟ ਹਨ। ਉਂਝ ਲੋਕ ਸਭਾ ’ਚ ਡਾ. ਧਰਮਵੀਰ ਗਾਂਧੀ ਅਤੇ ਡਾ. ਰਾਜ ਕੁਮਾਰ ਚੱਬੇਵਾਲ ਵੀ ਹਨ ਪਰ ਉਹ ਮੈਡੀਕਲ ਖੇਤਰ ਵਿੱਚੋਂ ਹਨ। ਲੋਕ ਸਭਾ ਦੇ ਐੱਮ. ਪੀ. ਸ਼ਸ਼ੀ ਥਰੂਰ ਵੀ ਪੀਐੱਚ. ਡੀ. ਹਨ ਅਤੇ ਇਕਲੌਤੀ ਮਹਿਲਾ ਸੰਸਦ ਮੈਂਬਰ ਡਾ. ਟੀ. ਸਮੁਤੀ ਵੀ ਅੰਗਰੇਜ਼ੀ ਸਾਹਿਤ ’ਚ ਪੀਐੱਚ. ਡੀ. ਹੈ। ਆਗਰਾ ਤੋਂ ਭਾਜਪਾ ਐੱਮ. ਪੀ. ਪ੍ਰੋ. ਐੱਸ. ਪੀ. ਸਿੰਘ ਬਘੇਲ ਇਤਿਹਾਸ ’ਚ ਪੀਐੱਚ. ਡੀ. ਅਤੇ ਨਾਲ ਐੱਲ. ਐੱਲ. ਬੀ. ਹਨ।
ਭਾਜਪਾ ਦੇ ਯੂ. ਪੀ. ਤੋਂ ਸੰਸਦ ਮੈਂਬਰ ਡਾ. ਕੁਮਾਰ ਆਨੰਦ ਐੱਮ. ਬੀ. ਏ. ਵੀ ਹਨ ਅਤੇ ਪੀਐੱਚ. ਡੀ. ਵੀ ਹਨ। ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਸੰਸਦ ਮੈਂਬਰ ਡਾ. ਵਰਿੰਦਰ ਕੁਮਾਰ ਨੇ ਬਾਲ ਮਜ਼ਦੂਰੀ ਦੇ ਵਿਸ਼ੇ ’ਤੇ ਪੀਐੱਚ. ਡੀ. ਕੀਤੀ ਹੋਈ ਹੈ। ਸਿਆਸੀ ਹਲਕੇ ਆਖਦੇ ਹਨ ਕਿ ਮੁਲਕ ਦੀਆਂ ਨੀਤੀਆਂ ਨੂੰ ਸਮਝਣ ’ਚ ਅਕਾਦਮਿਕ ਪਕੜ ਸਹਾਈ ਹੁੰਦੀ ਹੈ। ਸੰਸਦ ’ਚ ਬਹਿਸ ਮੌਕੇ ਇਹ ਗਿਆਨ ਕੰਮ ਆਉਂਦਾ ਹੈ। ਸਮਾਜ ’ਚ ਰੁਤਬਾ ਤੇ ਮਾਣ ਸਤਿਕਾਰ ਵੀ ਵਧਦਾ ਹੈ।
ਡਿਗਰੀ ਮੁਕਾਬਲੇ ’ਚ ਚੰਨੀ ਦੀ ਝੰਡੀ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਨਾਮ ਨਾਲ ਹਾਲੇ ‘ਡਾਕਟਰ’ ਨਹੀਂ ਲਾਉਂਦੇ। ਚੰਨੀ ਨੇ ਸਾਲ 2023 ’ਚ ਪੀਐੱਚ. ਡੀ. ਕੀਤੀ ਸੀ ਅਤੇ ਹੁਣ ਉਹ ਇੱਕ ਹੋਰ ਵਿਸ਼ੇ ’ਚ ਪੀਐੱਚ. ਡੀ. ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਐੱਮ. ਬੀ. ਏ. ਅਤੇ ਐੱਲ. ਐੱਲ. ਬੀ. ਵੀ ਕੀਤੀ ਹੋਈ ਹੈ।
ਚੰਨੀ ਨੇ ਪੀ ਯੂ ’ਚ ਐੱਮ. ਏ. ਦੀ ਪ੍ਰੀਖਿਆ ਦਿੱਤੀ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੰਘੇ ਦਿਨੀਂ ਪੰਜਾਬ ਯੂਨੀਵਰਸਿਟੀ (ਪੀ. ਯੂ.) ਚੰਡੀਗੜ੍ਹ ਵਿੱਚ ਲੋਕ ਪ੍ਰਸ਼ਾਸਨ ਦੀ ਪ੍ਰੀਖਿਆ ਦਿੱਤੀ। ਉਹ ਪੀ. ਯੂ. ਤੋਂ ਲੋਕ ਪ੍ਰਸ਼ਾਸਨ ਵਿੱਚ ਐੱਮ. ਏ. ਕਰ ਰਹੇ ਹਨ। ਪ੍ਰੀਖਿਆ ਕੇਂਦਰ ਤੋਂ ਬਾਹਰ ਆਉਣ ’ਤੇ ਗੱਲਬਾਤ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਬਾਰੇ ਸਵਾਲਾਂ ਦੇ ਜਵਾਬ ਵਿੱਚ ਸ੍ਰੀ ਚੰਨੀ ਨੇ ਕਿਹਾ ਕਿ ਕਮੇਟੀ ਦੀ ਮੀਟਿੰਗ ਤਾਂ ਅਗਲੇ ਮਹੀਨੇ ਵੀ ਹੋ ਜਾਵੇਗੀ ਪਰ ਉਨ੍ਹਾਂ ਦਾ ਅੱਜ ਵਾਲਾ ਪੇਪਰ ਅੱਗੇ ਨਹੀਂ ਸੀ ਹੋ ਸਕਦਾ। ਉਨ੍ਹਾਂ ਨੇ ਪਾਰਟੀ ਹਾਈਕਮਾਂਡ ਤੋਂ ਇਸ ਲਈ ਲਿਖਤੀ ਇਜਾਜ਼ਤ ਲਈ ਸੀ।











Comments (0)