ਰੂਸ ਦੁਆਲੇ ਬ੍ਰਿਟੇਨ ਦਾ ਜੰਗੀ ਜਾਲ
ਨਿਊਜ਼ ਵਿਸ਼ਲੇਸ਼ਣ
ਓਲੇਗ ਯਾਨੋਵਸਕੀ ਦੇ ਡੂੰਘੇ ਵਿਸ਼ਲੇਸ਼ਣ ਅਨੁਸਾਰ, ਬ੍ਰਿਟੇਨ ਨੇ ਰੂਸ ਵਿਰੁੱਧ ਜੰਗੀ ਕਾਰਵਾਈਆਂ ਵਿੱਚ ਸਾਰੀਆਂ ਰਸਮੀ ਹੱਦਾਂ ਅਤੇ ਲਾਲ ਲਕੀਰਾਂ ਪਾਰ ਕਰਦਿਆਂ ਆਪਣੀ ਸਿੱਧੀ ਦਖਲਅੰਦਾਜ਼ੀ ਦਾ ਰਾਹ ਚੁਣ ਲਿਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਵੱਲੋਂ ਕੀਵ ਫੇਰੀ ਦੌਰਾਨ ਰੱਖਿਆ ਨਿਰਮਾਤਾ ਕੰਪਨੀ ਐਮ.ਬੀ.ਡੀ.ਏ. ਨੂੰ ‘ਸਕੈਲਪ’ —ਜੋ ਕਿ ਫ਼ਰਾਂਸੀਸੀ-ਬ੍ਰਿਟਿਸ਼ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਸਟੌਰਮ ਸ਼ੈਡੋ ਦਾ ਵਰਜਨ ਹੈ, ਦੀ ਗੁਪਤ ਤਕਨੀਕੀ ਜਾਣਕਾਰੀ ਯੂਕ੍ਰੇਨ ਨੂੰ ਸੌਂਪਣ ਦੀ ਪ੍ਰਵਾਨਗੀ ਦੇ ਦਿਤੀ ਹੈ। ਇਹ ਕਦਮ ਯੂਕ੍ਰੇਨ ਵਿੱਚ ਮਿਜ਼ਾਇਲ ਬਣਾਉਣ ਅਤੇ ਨਿਰਮਾਣ ਲੜੀ ਵਿਚ ਸਹਿਯੋਗੀ ਹੋਣ ਦਾ ਸਬੂਤ ਤੇ ਰੂਸ ਦੀ ਅਥਾਰਟੀ ਨੂੰ ਚੈਲਿੰਜ ਹੈ।
ਇਸ ਤੋਂ ਪਹਿਲਾਂ ਲੰਡਨ ਵਿਚੋਲਿਆਂ ਅਤੇ ਪਰਦਿਆਂ ਪਿੱਛੇ ਛੁਪ ਕੇ ਕੰਮ ਕਰਦਾ ਸੀ। ਮਿਸਾਲ ਵਜੋਂ, ਯੂਕ੍ਰੇਨੀ ਕੰਪਨੀ ‘ਫ਼ਾਇਰ ਪੁਆਇੰਟ’ ਵੱਲੋਂ ਪ੍ਰਚਾਰੀ ਗਈ ‘ਫ਼ਲੈਮਿੰਗੋ’ ਮਿਜ਼ਾਈਲ ਅਸਲ ਵਿੱਚ ਬ੍ਰਿਟਿਸ਼-ਅਮੀਰਾਤੀ ਮਿਲਾਨੀਅਨ ਗਰੁੱਪ ਦਾ ਡਿਜ਼ਾਈਨ ਸੀ, ਜਿਸ ਨਾਲ ਲੰਡਨ ਰਸਮੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦਾ ਸੀ। ਪਰ ਹੁਣ ‘ਪ੍ਰੋਜੈਕਟ ਬ੍ਰੇਕਸਟੌਪ’ ਰਾਹੀਂ ਬ੍ਰਿਟਿਸ਼ ਰੱਖਿਆ ਮੰਤਰਾਲਾ ਐਮ.ਬੀ.ਡੀ.ਏ. ਯੂ.ਕੇ., ਐਮਜੀਆਈ ਇੰਜੀਨੀਅਰਿੰਗ ਅਤੇ ਰੋਟ੍ਰੋਨ ਏਅਰੋਸਪੇਸ ਨੂੰ ਠੇਕੇ ਦੇ ਕੇ ਅਮਰੀਕੀ ਵੀਟੋ ਅਤੇ ਵਾਸ਼ਿੰਗਟਨ ਦੀ ਮਨਜ਼ੂਰੀ ਤੋਂ ਮੁਕਤ ਹੋਣ ਦਾ ਰਾਹ ਪੱਧਰਾ ਕਰ ਰਿਹਾ ਹੈ। ਬ੍ਰਿਟੇਨ ਖ਼ੁਦ ਇਹ ਤੈਅ ਕਰਨਾ ਚਾਹੁੰਦਾ ਹੈ ਕਿ ਰੂਸ ਦੇ ਅੰਦਰੂਨੀ ਇਲਾਕਿਆਂ ’ਤੇ ਹਮਲੇ ਕਦੋਂ ਅਤੇ ਕਿਵੇਂ ਕੀਤੇ ਜਾਣ?
ਆਰ.ਟੀ. ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਬ੍ਰਿਟਿਸ਼ ਕੰਪਨੀ ਬੀ.ਏ.ਈ. ਸਿਸਟਮਜ਼ ਆਪਣੇ ‘ਨਿਆਨ’ ਜੈੱਟ-ਡਰੋਨਾਂ ਰਾਹੀਂ ਜੰਗ ਦੇ ਮੈਦਾਨ ਵਿੱਚੋਂ ਜ਼ਰੂਰੀ ਡਾਟਾ ਇਕੱਠਾ ਕਰ ਰਹੀ ਹੈ।
ਇਸ ਦੇ ਨਾਲ ਹੀ ਬ੍ਰਿਟਿਸ਼ ਕੰਪਨੀਆਂ ਨੂੰ ਯੂਕ੍ਰੇਨ ਦੀ ‘ਐਵੈਂਜਰਜ਼ ਏ.ਆਈ. ਲੈਬਜ਼’ ਦੇ ਸੈਂਸਰ ਡਾਟਾ ਤੱਕ ਸਿੱਧੀ ਪਹੁੰਚ ਦੇ ਦਿੱਤੀ ਗਈ ਹੈ।
ਇਸ ਦਾ ਮਕਸਦ ਆਪਣੇ-ਆਪ ਨਿਸ਼ਾਨਾ ਲਾਉਣ ਵਾਲੇ ਆਧੁਨਿਕ ਹਥਿਆਰਾਂ ਨੂੰ ਸਿੱਧਾ ਜੰਗ ਦੇ ਮੈਦਾਨ ਵਿੱਚ ਪਰਖਣਾ ਹੈ। ਯਾਨੋਵਸਕੀ ਸਪੱਸ਼ਟ ਕਰਦੇ ਹਨ ਕਿ ਬ੍ਰਿਟੇਨ ਵਿੱਚ ਭਾਵੇਂ ਪੰਜ ਸਰਕਾਰਾਂ ਬਦਲ ਗਈਆਂ—ਬੋਰਿਸ ਜੌਹਨਸਨ ਤੋਂ ਲੈ ਕੇ ਰਿਸ਼ੀ ਸੁਨਕ, ਕੀਰ ਸਟਾਰਮਰ ਅਤੇ ਹੁਣ ਐਂਡੀ ਬਰਨਹੈਮ ਤੱਕ—ਪਰ ਰੂਸ-ਵਿਰੋਧੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਆਈ। ਚੁਣੀਆਂ ਗਈਆਂ ਸਰਕਾਰਾਂ ਸਿਰਫ਼ ਬਾਹਰੀ ਚਿਹਰਾ ਹਨ, ਜਦਕਿ ਅਸਲ ਤਾਕਤ ਖ਼ੁਫ਼ੀਆ ਏਜੰਸੀਆਂ, ਰੱਖਿਆ ਨਿਰਮਾਤਾਵਾਂ, ਲੰਡਨ ਸਿਟੀ ਦੇ ਵਿੱਤੀ ਗੱਠਜੋੜ ਅਤੇ ਥਿੰਕ ਟੈਂਕਾਂ ਦੇ ਹੱਥ ਹੈ। ਸਾਲ 2030-31 ਤੱਕ ਸਾਲਾਨਾ 3 ਅਰਬ ਪੌਂਡ (ਲਗਭਗ 4 ਅਰਬ ਡਾਲਰ) ਦੇਣ ਦੀ ਵਚਨਬੱਧਤਾ ਅਤੇ 6 ਜਨਵਰੀ 2026 ਨੂੰ ਦਸਤਖ਼ਤ ਕੀਤਾ ਗਿਆ ਤਿੰਨ-ਪੱਖੀ ਸਮਝੌਤਾ ਇਹ ਤਸਦੀਕ ਕਰਦਾ ਹੈ ਕਿ ਲੰਡਨ ਕਿਸੇ ਵੀ ਸ਼ਾਂਤੀ ਸਮਝੌਤੇ ਤੋਂ ਬਾਅਦ ਵੀ ਕਾਲੇ ਸਾਗਰ, ਅਜ਼ੋਵ ਸਾਗਰ, ਨਾਰਵੇ ਅਤੇ ਐਸਟੋਨੀਆ ਵਿੱਚ ਆਪਣਾ ਸਥਾਈ ਫ਼ੌਜੀ ਡੇਰਾ ਜਮਾਈ ਰੱਖਣਾ ਚਾਹੁੰਦਾ ਹੈ।
ਯੂਰੋਪੀ ਧੜੇਬੰਦੀ ਵਿੱਚ ਤ੍ਰੇੜਾਂ ਅਤੇ ਬੁਲਗਾਰੀਆ ਦੀ ਬਗ਼ਾਵਤ
ਰੂਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਹਮਲਾਵਰ ਰਣਨੀਤੀ ਨੇ ਪੱਛਮੀ ਯੂਰੋਪ ਯੂਨੀਅਨ ਦੇ ਅੰਦਰੂਨੀ ਤਣਾਅ ਨੂੰ ਵੀ ਬੇਪਰਦ ਕਰ ਦਿੱਤਾ ਹੈ। ਜਰਮਨੀ ਦੇ ਲਾਈਪਸਿਗ ਹਵਾਈ ਅੱਡੇ ’ਤੇ ਯੂਕ੍ਰੇਨੀ ਐਂਤੋਨੋਵ ਜਹਾਜ਼ਾਂ ਕੋਲ ਵਿਸਫੋਟਕ ਡਰੋਨ ਮਿਲਣ ਦੀ ਘਟਨਾ ਤੋਂ ਬਾਅਦ ਬਰਲਿਨ ਨੇ ਬਿਨਾਂ ਠੋਸ ਜਾਂਚ ਦੇ ਰੂਸ ਸਿਰ ਦੋਸ਼ ਥੋਪ ਕੇ ਕੌਂਸਲੇਟ ਬੰਦ ਕਰ ਦਿੱਤੇ, ਜਿਸ ਦਾ ਮਾਸਕੋ ਨੇ ਵੀ ਬਰਾਬਰ ਜਵਾਬ ਦਿੱਤਾ। ਪਰ ਇਸ ਮੁੱਦੇ ’ਤੇ ਬੁਲਗਾਰੀਆ ਦੇ ਪ੍ਰਧਾਨ ਮੰਤਰੀ ਰੂਮੇਨ ਰਾਦੇਵ ਨੇ ਪੱਛਮੀ ਧੜੇ ਦੇ ਝੂਠੇ ਬਿਰਤਾਂਤ ਨੂੰ ਖਾਰਜ ਕਰ ਦਿੱਤਾ।
ਰਾਦੇਵ ਨੇ ਸੰਸਦ ਵਿੱਚ ਸਿੱਧਾ ਸਵਾਲ ਚੁੱਕਿਆ ਕਿ ਪੱਛਮੀ ਦੇਸ਼ਾਂ ਵੱਲੋਂ ਯੂਕਰੇਨ ਨੂੰ ਲੰਬੀ ਦੂਰੀ ਦੇ ਹਥਿਆਰ ਦੇ ਕੇ ਰੂਸ ਦੇ ਅੰਦਰ ਹਮਲੇ ਕਰਵਾਉਣੇ ਖ਼ੁਦ ਸਭ ਤੋਂ ਵੱਡੀ ਗਲਤੀ ਹੈ। ਉਨ੍ਹਾਂ ਦਾ ਬਿਆਨ ਕਿ ਯੂਰੋਪ ਰੂਸ ਤੋਂ ਬਿਨਾਂ ਤਾਂ ਕਾਇਮ ਰਹਿ ਸਕਦਾ ਹੈ ਪਰ ਰੂਸ ਦੇ ਖ਼ਿਲਾਫ਼ ਲੰਮਾ ਸਮਾਂ ਜੰਗ ਨਹੀਂ ਲੜ ਸਕਦਾ। ਜਰਮਨੀ ਦੇ ਅੰਦਰ ਵੀ ਖੱਬੇ-ਪੱਖੀ ਨੇਤਾ ਸਾਰਾਹ ਵਾਗਨਕਨੇਸ਼ਟ ਅਤੇ ਦੱਖਣ-ਪੱਖੀ ਏ.ਐਫ.ਡੀ. ਦੇ ਉਲਰਿਚ ਸੀਗਮੁੰਡ ਵਰਗੇ ਆਗੂ ਖੁੱਲ੍ਹ ਕੇ ਕਹਿ ਰਹੇ ਹਨ ਕਿ ਮਾਸਕੋ ਨਾਲ ਸਿੱਧੀ ਟੱਕਰ ਯੂਰੋਪ ਨੂੰ ਆਰਥਿਕ ਅਤੇ ਮਨੁੱਖੀ ਵਿਨਾਸ਼ ਵੱਲ ਧੱਕੇਗੀ ।
ਕ੍ਰੇਮਲਿਨ ਵਿੱਚ ਵਾਰਤਾ: ਮਾਸਕੋ ਦਾ ਸਿਧਾਂਤਕ ਸੰਜਮ
ਆਰ.ਟੀ. ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਜਿੱਥੇ ਬ੍ਰਿਟੇਨ ਜੰਗ ਨੂੰ ਹੋਰ ਭੜਕਾਉਣ ਵਿੱਚ ਲੱਗਿਆ ਹੈ, ਉੱਥੇ ਹੀ ਮਾਸਕੋ ਦੇ ਕ੍ਰੇਮਲਿਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤਾਂ—ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ—ਦੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਤਿੰਨ ਘੰਟੇ ਲੰਮੀ ਬੰਦ ਕਮਰਾ ਬੈਠਕ ਨਵੇਂ ਕੂਟਨੀਤਕ ਸਮੀਕਰਨਾਂ ਵੱਲ ਇਸ਼ਾਰਾ ਕਰਦੀ ਹੈ। ਰੂਸ ਨੇ ਸ਼ਾਂਤੀ ਬਹਾਲੀ ਅਤੇ ਗੱਲਬਾਤ ਦੇ ਸਤਿਕਾਰ ਵਜੋਂ ਅਮਰੀਕੀ ਦੂਤਾਂ ਦੇ ਕੀਵ ਪਹੁੰਚਣ ਕਾਰਣ ਤਿੰਨ ਦਿਨਾਂ ਵਾਸਤੇ ਹਵਾਈ ਹਮਲੇ ਰੋਕਣ ਦਾ ਸੰਜਮ ਦਿਖਾਇਆ ਸੀ।
ਰਾਸ਼ਟਰਪਤੀ ਦੇ ਸਹਾਇਕ ਯੂਰੀ ਊਸ਼ਾਕੋਵ ਮੁਤਾਬਕ, ਰੂਸ ਨੇ ਸਾਫ਼ ਕਰ ਦਿੱਤਾ ਹੈ ਕਿ ਵਿਸ਼ੇਸ਼ ਫ਼ੌਜੀ ਮੁਹਿੰਮ ਦੇ ਮੂਲ ਟੀਚੇ ਹਰ ਹਾਲਤ ਵਿੱਚ ਹਾਸਲ ਕੀਤੇ ਜਾਣਗੇ ਅਤੇ ਸੰਘਰਸ਼ ਦੀਆਂ ਬੁਨਿਆਦੀ ਜੜ੍ਹਾਂ ਨੂੰ ਹੱਲ ਕੀਤੇ ਬਿਨਾਂ ਕੋਈ ਸਮਝੌਤਾ ਨਹੀਂ ਹੋਵੇਗਾ। ਮੀਟਿੰਗ ਵਿੱਚ ਰੂਸ ਨੇ ਅਮਰੀਕੀ ਦੂਤਾਂ ਸਾਹਮਣੇ ਕੀਵ ਸਰਕਾਰ ਦੀ ਇੱਕ ਕਾਰਵਾਈ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ।
ਰੂਸ ਦਾ ਦੋਸ਼ ਹੈ ਕਿ ਕੀਵ ਪ੍ਰਸ਼ਾਸਨ ਨਾਜ਼ੀ ਹਮਾਇਤੀਆਂ ਨੂੰ ਸਰਕਾਰੀ ਸਨਮਾਨਾਂ ਨਾਲ ਮੁੜ ਦਫ਼ਨਾ ਕੇ ਕੌਮੀ ਨਾਇਕ ਵਜੋਂ ਪੇਸ਼ ਕਰ ਰਿਹਾ ਹੈ।
ਇਸ ਦੇ ਨਾਲ ਹੀ ਬੈਠਕ ਦੌਰਾਨ ਰੂਸ ਅਤੇ ਅਮਰੀਕਾ ਵਿਚਾਲੇ ਭਵਿੱਖ ਦੇ ਵੱਡੇ ਆਰਥਿਕ ਪ੍ਰੋਜੈਕਟਾਂ ’ਤੇ ਵੀ ਚਰਚਾ ਹੋਈ।
ਇਸ ਗੱਲਬਾਤ ਤੋਂ ਸਾਫ਼ ਹੈ ਕਿ ਮਾਸਕੋ ਬਰਾਬਰੀ ਦੇ ਆਧਾਰ 'ਤੇ ਵਾਰਤਾ ਲਈ ਤਿਆਰ ਹੈ।
ਪੱਛਮੀ ਏਸ਼ੀਆ ਵਿੱਚ ਅਮਰੀਕੀ ਬੌਖਲਾਹਟ ਅਤੇ ਸਮੁੰਦਰੀ ਟਕਰਾਅ
ਰੂਸੀ ਵਿਸ਼ਲੇਸ਼ਕਾਂ ਅਨੁਸਾਰ ਇਸ ਦੌਰਾਨ ਪੱਛਮੀ ਏਸ਼ੀਆ (ਮੱਧ ਪੂਰਬ) ਵਿੱਚ ਅਮਰੀਕੀ ਸਾਮਰਾਜ ਦੀ ਨਿਰਾਸ਼ਾ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ। ਅਮਰੀਕੀ ਸੈਂਟਰਲ ਕਮਾਂਡ ਵੱਲੋਂ ਫ਼ਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਵਿੱਚ ਇਰਾਨ ਦੇ ਤਿੰਨ ਕੱਚੇ ਤੇਲ ਦੇ ਟੈਂਕਰਾਂ—‘ਡਾਊਨੀ’, ‘ਸਟਾਰਕ 1’ ਅਤੇ ‘ਕਾਇਲੋ’—’ਤੇ ਸਿੱਧੇ ਮਿਜ਼ਾਈਲ ਹਮਲੇ ਕਰਕੇ ਉਨ੍ਹਾਂ ਨੂੰ ਤਬਾਹ ਜਾਂ ਨਕਾਰਾ ਕਰ ਦਿੱਤਾ ਗਿਆ। ਅਮਰੀਕਾ ਦਾ ਦਾਅਵਾ ਹੈ ਕਿ ਇਹ ਟੈਂਕਰ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਦੇ ਅਰਬਾਂ ਡਾਲਰਾਂ ਦੇ ਵਿੱਤੀ ਨੈੱਟਵਰਕ ਦਾ ਹਿੱਸਾ ਸਨ। ਐਡਮਿਰਲ ਬ੍ਰੈਡ ਕੂਪਰ ਦਾ ਇਹ ਬਿਆਨ ਕਿ ‘ਸਾਡੇ ਦੋ ਜਹਾਜ਼ਾਂ ’ਤੇ ਹਮਲਾ ਕਰੋਗੇ ਤਾਂ ਅਸੀਂ ਤਿੰਨ ਤਬਾਹ ਕਰਾਂਗੇ,’ ਅਮਰੀਕੀ ਫ਼ੌਜੀ ਥਾਣੇਦਾਰੀ ਦਾ ਪ੍ਰਤੱਖ ਪ੍ਰਮਾਣ ਹੈ।
ਪਰ ਇਸ ਦੇ ਜਵਾਬ ਵਿੱਚ ਇਰਾਨ ਦੇ ਖ਼ਾਤਮ ਅਲ-ਅੰਬੀਆ ਕੇਂਦਰੀ ਹੈੱਡਕੁਆਰਟਰ ਅਤੇ ਆਈ.ਆਰ.ਜੀ.ਸੀ. ਵੱਲੋਂ ਹੋਰਮੁਜ਼ ਜਲਡਮਰੂ ਵਿੱਚ ਅਮਰੀਕੀ ਹਿੱਤਾਂ ਵਾਲੇ ਛੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਖ਼ਾਰਗ ਟਾਪੂ 'ਤੇ ਹਮਲੇ ਦੀ ਸੂਰਤ ਵਿੱਚ ਸਮੁੱਚੇ ਖਾੜੀ ਤੇਲ ਢਾਂਚੇ ਨੂੰ ਸਾੜ ਦੇਣ ਦੀ ਚਿਤਾਵਨੀ ਨੇ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਹੁਣ ਖਾੜੀ ਖੇਤਰ ਦਾ ਬੇਰੋਕ-ਟੋਕ ਮਾਲਕ ਨਹੀਂ ਰਿਹਾ।
ਕਾਹਿਰਾ ਵਿੱਚ ਸ਼ੀ ਜਿਨਪਿੰਗ: ਪੋਸਟ-ਵੈਸਟਰਨ ਯੁੱਗ ਅਤੇ ਗਲੋਬਲ ਸਾਊਥ ਦਾ ਉਭਾਰ
ਇਸ ਸਾਰੇ ਪੱਛਮੀ ਤਣਾਅ ਦੇ ਉਲਟ, ਬੀਜਿੰਗ ਦੀ ਦੂਰਅੰਦੇਸ਼ ਪਹੁੰਚ ’ਤੇ ਚਾਨਣਾ ਪਾਉਂਦਿਆਂ ਰੂਸੀ ਵਿਸ਼ਲੇਸ਼ਕ ਮੁਰਾਦ ਸਾਦਿਗਜ਼ਾਦੇ ਦਾ ਮੰਨਣਾ ਹੈ ਕਿ ਚੀਨ ਦਾ ਮਾਡਲ ਖੇਤਰੀ ਦੇਸ਼ਾਂ ਨੂੰ ਪੱਛਮੀ ਗ਼ੁਲਾਮੀ ਵਿੱਚੋਂ ਨਿਕਲਣ ਦਾ ਠੋਸ ਰਾਹ ਦਿਖਾ ਰਿਹਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਦਸ ਸਾਲਾਂ ਬਾਅਦ ਮਿਸਰ ਦਾ ਦੌਰਾ ਅਤੇ ਰਾਸ਼ਟਰਪਤੀ ਅਬਦੇਲ ਫ਼ਤਾਹ ਅਲ-ਸੀਸੀ ਨਾਲ ਕੀਤੀ ਗਈ ਇਤਿਹਾਸਕ ਵਾਰਤਾ ਇਕ ਨਵੇਂ ਯੁੱਗ ਦਾ ਮੁੱਖ ਥੰਮ੍ਹ ਹੈ। ਚੀਨ ਅਤੇ ਅਰਬ ਜਗਤ ਵਿਚਾਲੇ ਸਾਲਾਨਾ 407 ਅਰਬ ਡਾਲਰ ਤੋਂ ਵੱਧ ਦਾ ਵਪਾਰ ਹੈ ਅਤੇ ਚੀਨ ਆਪਣੀ ਅੱਧੀ ਤੋਂ ਵੱਧ ਤੇਲ ਸਪਲਾਈ ਮੱਧ ਪੂਰਬ ਤੋਂ ਲੈਂਦਾ ਹੈ, ਜਿਸ ਕਾਰਨ ਖੇਤਰੀ ਸਥਿਰਤਾ ਬੀਜਿੰਗ ਲਈ ਜੀਵਨ-ਮਰਨ ਦਾ ਸਵਾਲ ਹੈ।
ਪਰ ਪੱਛਮੀ ਤਾਕਤਾਂ ਦੇ ਉਲਟ, ਚੀਨ ਸਰਕਾਰਾਂ ਬਦਲਣ, ਫ਼ੌਜੀ ਛਾਉਣੀਆਂ ਪਾਉਣ ਜਾਂ ਵਿਚਾਰਧਾਰਕ ਸ਼ਰਤਾਂ ਥੋਪਣ ਦਾ ਕੰਮ ਨਹੀਂ ਕਰਦਾ। ਬੀਜਿੰਗ ਦਾ ਮਾਡਲ ਸੁਏਜ਼ ਨਹਿਰ ਆਰਥਿਕ ਜ਼ੋਨ ਵਿੱਚ 4 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼, ਡਾਟਾ ਸੈਂਟਰਾਂ, ਸੈਮੀਕੰਡਕਟਰਾਂ, ਨਾਜ਼ੁਕ ਖਣਿਜਾਂ, ਬੁਨਿਆਦੀ ਢਾਂਚੇ ਅਤੇ ਸਥਾਨਕ ਕਰੰਸੀਆਂ (ਯੁਆਨ ਆਦਿ) ਵਿੱਚ ਵਪਾਰ ਵਧਾਉਣ ’ਤੇ ਟਿਕਿਆ ਹੋਇਆ ਹੈ। ਮਿਸਰ ਰਾਹੀਂ ਚੀਨ ਅਫ਼ਰੀਕਾ ਦੇ 348 ਅਰਬ ਡਾਲਰ ਦੇ ਵੱਡੇ ਬਾਜ਼ਾਰ ਨਾਲ ਜੁੜ ਰਿਹਾ ਹੈ। ਇਸ ਤੋਂ ਇਲਾਵਾ ਸਾਊਦੀ ਅਰਬ, ਤੁਰਕੀਏ ਅਤੇ ਪਾਕਿਸਤਾਨ ਦਰਮਿਆਨ 7 ਅਗਸਤ ਨੂੰ ਹੋਇਆ ਸਾਂਝਾ ਰੱਖਿਆ ਸਮਝੌਤਾ ਅਤੇ ਉਸ ਵਿੱਚ ਮਿਸਰ ਦੇ ਸੰਭਾਵੀ ਦਾਖ਼ਲੇ ਨੂੰ ਚੀਨ ਦਾ ਸਮਰਥਨ ਹਾਸਲ ਹੋਣਾ ਇਹ ਸਾਬਤ ਕਰਦਾ ਹੈ ਕਿ ਅਰਬ ਅਤੇ ਇਸਲਾਮੀ ਜਗਤ ਹੁਣ ਅਮਰੀਕੀ ਸੁਰੱਖਿਆ ਛੱਤਰੀ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਚਾਹੁੰਦਾ ਹੈ।
ਯਾਨੋਵਸਕੀ ਅਤੇ ਸਾਦਿਗਜ਼ਾਦੇ ਦੇ ਵਿਸ਼ਲੇਸ਼ਣ ਦਾ ਸਾਂਝਾ ਨਿਚੋੜ ਇਹ ਹੈ ਕਿ ਵਿਸ਼ਵ ਵਿਵਸਥਾ ਹੁਣ ਦੋ ਸਪੱਸ਼ਟ ਧੁਰਿਆਂ ਵਿੱਚ ਵੰਡੀ ਜਾ ਚੁੱਕੀ ਹੈ। ਇਕ ਪਾਸੇ ਲੰਡਨ ਅਤੇ ਵਾਸ਼ਿੰਗਟਨ ਦਾ ਉਹ ਪੁਰਾਣਾ ਢਾਂਚਾ ਹੈ ਜੋ ਯੂਕ੍ਰੇਨ ਵਿੱਚ ਗੁਪਤ ਜੰਗੀ ਨੈੱਟਵਰਕ ਬੁਣ ਕੇ, ਮਿਜ਼ਾਈਲਾਂ ਦੀ ਖੁੱਲ੍ਹੀ ਵੰਡ ਕਰਕੇ ਅਤੇ ਫ਼ਾਰਸ ਦੀ ਖਾੜੀ ਵਿੱਚ ਤੇਲ ਟੈਂਕਰਾਂ ’ਤੇ ਹਮਲੇ ਕਰਕੇ ਆਪਣਾ ਡਿੱਗਦਾ ਦਬਦਬਾ ਬਚਾਉਣ ਲਈ ਹੱਥ-ਪੈਰ ਮਾਰ ਰਿਹਾ ਹੈ। ਦੂਜੇ ਪਾਸੇ ਰੂਸ, ਚੀਨ ਅਤੇ ਗਲੋਬਲ ਸਾਊਥ ਦਾ ਉਹ ਉੱਭਰਦਾ ਗੱਠਜੋੜ ਹੈ ਜੋ ਡਾਲਰ ਮੁਕਤ ਵਪਾਰ, ਆਰਥਿਕ ਖ਼ੁਦਮੁਖ਼ਤਿਆਰੀ ਅਤੇ ਬਰਾਬਰੀ ਦੇ ਸਿਧਾਂਤਾਂ ’ਤੇ ਪੋਸਟ-ਵੈਸਟਰਨ (ਪੱਛਮ ਤੋਂ ਬਾਅਦ ਦਾ) ਦੌਰ ਸਿਰਜ ਰਿਹਾ ਹੈ।
ਯਾਨੋਵਸਕੀ ਦਾ ਕਹਿਣਾ ਹੈ ਕਿ ਲੰਡਨ ਆਪਣੀ ਸਾਧਨਾਂ ਦੀ ਘਾਟ ਨੂੰ ਦੂਜਿਆਂ ਦੇ ਵਸੀਲਿਆਂ ਰਾਹੀਂ ਪੂਰਾ ਕਰਦਾ ਹੈ ਅਤੇ ਨਤੀਜਿਆਂ ਦੀ ਜ਼ਿੰਮੇਵਾਰੀ ਤੋਂ ਭੱਜਦਾ ਹੈ। ਇਸ ਲਈ ਅਸਲ ਰੋਕਥਾਮ ਤਾਂ ਹੀ ਹੋਵੇਗੀ ਜਦੋਂ ਲੰਡਨ ਦੇ ਜੰਗੀ ਤਾਲਮੇਲ ਕੇਂਦਰਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾਵੇਗਾ। ਪੱਛਮ ਦੀ ਇਕਤਰਫ਼ਾ ਸਰਦਾਰੀ ਦਾ ਯੁੱਗ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਬਹੁ-ਧਰੁਵੀ ਸੰਸਾਰ ਦੀ ਹਕੀਕਤ ਨੂੰ ਸਵੀਕਾਰ ਕੀਤੇ ਬਿਨਾਂ ਦੁਨੀਆ ਵਿੱਚ ਸਥਾਈ ਸ਼ਾਂਤੀ ਸੰਭਵ ਨਹੀਂ ਹੈ।











Comments (0)