ਭਾਰਤੀ ਮੂਲ ਦੇ ਸੁਨਿਆਰੇ ਦੀ ਦੁਕਾਨ ’ਤੇ ਡਕੈਤੀ

ਭਾਰਤੀ ਮੂਲ ਦੇ ਸੁਨਿਆਰੇ ਦੀ ਦੁਕਾਨ ’ਤੇ ਡਕੈਤੀ

ਸੈਕਰਾਮੈਂਟੋ, ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਨਕਾਬਪੋਸ਼ ਲੁਟੇਰਿਆਂ ਨੇ ਵੁੱਡਬਰਿਜ, ਨਿਊਜਰਸੀ ਵਿਖੇ ਇੱਕ ਭਾਰਤੀ ਮੂਲ ਦੇ ਸੁਨਿਆਰ ਦੀ ਗਹਿਣਿਆਂ ਦੀ ਦੁਕਾਨ ’ਤੇ ਚਿੱਟੇ ਦਿਨ ਲੁੱਟਮਾਰ ਕੀਤੀ। ਪੁਲਿਸ ਅਨੁਸਾਰ ਲੁਟੇਰੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਲਗਭਗ 10 ਲੱਖ ਡਾਲਰ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਕਾਲੇ ਕੱਪੜੇ ਪਹਿਨੇ ਚਾਰ ਲੁਟੇਰੇ ਵੁੱਡਬ੍ਰਿਜ ਵਿੱਚ 9 ਲੱਖਾ ਜਵੈਲਰਜ਼ ਵਿੱਚ ਦਾਖਲ ਹੋਏ, ਡਿਸਪਲੇਅ ਕੇਸਾਂ ਨੂੰ ਹਥੌੜਿਆਂ ਨਾਲ ਤੋੜਿਆ ਤੇ ਗਹਿਣੇ ਲੈ ਕੇ ਫਰਾਰ ਹੋ ਗਏ। 9 ਲੱਖਾ ਜਵੈਲਰਜ਼ ਦੇ ਸਹਿ-ਮਾਲਕ ਸੋਨੂੰ ਚੌਹਾਨ ਨੇ ਦਸਿਆ ਕਿ ਲੁਟੇਰਿਆਂ ਕੋਲ ਵੱਡੇ ਪਲਾਸਟਿਕ ਬੈਗ ਸਨ ਤੇ ਉਹ 30 ਜਾਂ 45 ਸਕਿੰਟਾਂ ਦੇ ਅੰਦਰ ਬੈਗ ਵਿੱਚ ਗਹਿਣੇ ਪਾ ਕੇ ਕਾਰ ਵਿੱਚ ਫਰਾਰ ਹੋ ਗਏ। ਸੀ. ਸੀ. ਟੀ. ਵੀ. ਫੁਟੇਜ ਵਿੱਚ ਲੁਟੇਰੇ ਇੱਕ ਚਾਂਦੀ ਰੰਗ ਦੀ ਕਾਰ ਵਿੱਚ ਆਉਂਦੇ ਵਿਖਾਈ ਦਿੰਦੇ ਹਨ ਤੇ ਸਟੋਰ ਦੇ ਬਾਹਰ ਕਾਰ ਖੜੀ ਕਰਕੇ ਜਬਰਦਸਤੀ ਅੰਦਰ ਦਾਖਲ ਹੋ ਜਾਂਦੇ ਹਨ। ਇਹ ਸਟੋਰ ਇੱਕ ਅਜਿਹੇ ਖੇਤਰ ਵਿੱਚ ਸਥਿਤ ਹੈ ਜਿੱਥੇ ਕਾਫੀ ਭਾਰਤੀ ਅਮਰੀਕੀ ਆਬਾਦੀ ਹੈ ਅਤੇ ਕਈ ਭਾਰਤੀਆਂ ਦੇ ਗਹਿਣਿਆਂ ਦੇ ਕਾਰੋਬਾਰ ਹਨ। 9 ਲੱਖਾ ਜਵੈਲਰਜ਼ ਦੀ ਸਹਿ-ਮਾਲਕ ਸੁਸ਼ਮਿਤਾ ਚੌਹਾਨ ਦੇ ਅਨੁਸਾਰ, ਇਸੇ ਤਰ੍ਹਾਂ ਦੀਆਂ ਘਟਨਾਵਾਂ ਨੇੜਲੇ ਸਟੋਰਾਂ ਵਿੱਚ ਵੀ ਵਾਪਰੀਆਂ ਹਨ ਜਿਸ ਕਾਰਨ ਕਾਰੋਬਾਰੀ ਮਾਲਕਾਂ ਵਿੱਚ ਚਿੰਤਾ ਤੇ ਡਰ ਪਾਇਆ ਜਾ ਰਿਹਾ ਹੈ। ਇਸੇ ਗਲੀ ’ਤੇ ਵਿਰਾਨੀ ਜਵੈਲਰਜ਼ ਨੂੰ ਪਿਛਲੇ ਸਾਲ ਜੂਨ ਵਿੱਚ ਲੁੱਟਿਆ ਗਿਆ ਸੀ। ਪਿਛਲੇ ਸਾਲ ਮਈ ਵਿੱਚ ਪਰਥ ਐਂਬੋਏ ਵਿੱਚ ਰੂਬੀਜ਼ ਜਵੈਲਰਜ਼ ਅਤੇ ਜਰਸੀ ਸਿਟੀ ਵਿੱਚ ਰੀਮਾ ਜਵੈਲਰਜ਼ ਅਤੇ ਪਾਪੂਲਰ ਲੰਡਨ ਜਵੈਲਰਜ਼ ਵਿੱਚ ਡਕੈਤੀਆਂ ਪਈਆਂ ਸਨ।