ਭਾਰਤ ਬਣਿਆ ਏ.ਆਈ. ਦਾ ਵੱਡਾ ਬਾਜ਼ਾਰ
ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਬਿਜਲੀ ਦੀ ਰਫ਼ਤਾਰ ਨਾਲ ਵੱਧ ਰਹੀ ਹੈ, ਪਰ ਇਸ ਡਿਜੀਟਲ ਕ੍ਰਾਂਤੀ ਦਾ ਸਿੱਧਾ ਫ਼ਾਇਦਾ ਭਾਰਤੀ ਕੰਪਨੀਆਂ ਦੀ ਬਜਾਏ ਵਿਦੇਸ਼ੀ ਕੰਪਨੀਆਂ ਦੀਆਂ ਜੇਬਾਂ ਭਰ ਰਿਹਾ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ, ਚੈਟ ਜੀ.ਪੀ.ਟੀ. ਬਣਾਉਣ ਵਾਲੀ ਕੰਪਨੀ ਓਪਨ ਏ.ਆਈ. ਅਤੇ ਕਲਾਊਡ ਵਿਕਾਸ ਕੰਪਨੀ ਐਨਥੋਰਪਿਕ ਵਰਗੀਆਂ ਵਿਦੇਸ਼ੀ ਕੰਪਨੀਆਂ ਭਾਰਤੀ ਯੂਜ਼ਰਾਂ ਤੋਂ ਸਾਲਾਨਾ ਘੱਟੋ-ਘੱਟ 1,000 ਕਰੋੜ ਰੁਪਏ ਦੀ ਮੋਟੀ ਕਮਾਈ ਕਰ ਰਹੀਆਂ ਹਨ।
ਦੂਜੇ ਪਾਸੇ, ਸਰਚ ਇੰਜਣ ਗੂਗਲ ਵੀ ਭਾਰਤ ਤੋਂ ਸਿਰਫ਼ ਇਸ਼ਤਿਹਾਰਾਂ ਦੇ ਨਾਂਅ ’ਤੇ ਸਾਲਾਨਾ 5,000 ਕਰੋੜ ਰੁਪਏ ਤੋਂ ਵੱਧ ਕਮਾ ਰਿਹਾ ਹੈ।
10 ਕਰੋੜ ਭਾਰਤੀ ਕਰ ਰਹੇ ਨੇ ਏ ਆਈਦੀ ਵਰਤੋਂ
ਓਪਨ ਏ.ਆਈ. ਦੇ ਅੰਕੜਿਆਂ ਮੁਤਾਬਕ, ਭਾਰਤ ਵਿੱਚ ਲਗਭਗ 10 ਕਰੋੜ ਲੋਕ ਏ.ਆਈ. ਦੀ ਵਰਤੋਂ ਕਰ ਰਹੇ ਹਨ। ਸੰਸਾਰ ਪੱਧਰ ’ਤੇ ਏ.ਆਈ. ਐਪਸ ਡਾਊਨਲੋਡ ਕਰਨ ਵਿੱਚ ਭਾਰਤੀਆਂ ਦਾ ਹਿੱਸਾ 20 ਫ਼ੀਸਦੀ ਹੈ, ਜੋ ਅਮਰੀਕਾ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਹੈ।
ਭਾਵੇਂ ਕਿ ਬਹੁਤੇ ਯੂਜ਼ਰਸ ਮੁਫ਼ਤ ਸੇਵਾਵਾਂ ਵਰਤਦੇ ਹਨ, ਪਰ ਇਨ੍ਹਾਂ ਵਿੱਚੋਂ ਇੱਕ ਫ਼ੀਸਦ (ਲਗਭਗ 10 ਲੱਖ ਯੂਜ਼ਰਸ) ਏਆਈ ਦੀਆਂ ਪ੍ਰੀਮੀਅਮ ਸੇਵਾਵਾਂ ਲਈ ਭੁਗਤਾਨ ਕਰ ਰਹੇ ਹਨ।
ਯੂਜ਼ਰਸ 400 ਰੁਪਏ ਤੋਂ ਲੈ ਕੇ 19,000 ਰੁਪਏ ਪ੍ਰਤੀ ਮਹੀਨਾ ਤੱਕ ਦਾ ਭੁਗਤਾਨ ਕਰ ਰਹੇ ਹਨ।
ਔਸਤਨ ਹਰ ਭੁਗਤਾਨ ਕਰਨ ਵਾਲਾ ਯੂਜ਼ਰ 800 ਮਹੀਨਾ ਖਰਚ ਰਿਹਾ ਹੈ, ਜਿਸ ਨਾਲ ਇਹ ਅੰਕੜਾ ਸਾਲਾਨਾ 960 ਕਰੋੜ ਰੁਪਏ ਬਣਦਾ ਹੈ।
ਟੈਕਨਾਲੋਜੀ ਮਾਹਿਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਕੰਪਨੀਆਂ ਇਸ ਸਮੇਂ ਭਾਰਤੀਆਂ ਨੂੰ ਮੁਫ਼ਤ ਸੇਵਾਵਾਂ ਦੇ ਕੇ ਏਆਈ ਦੀ ਆਦਤ ਪਾ ਰਹੀਆਂ ਹਨ। ਇੱਕ ਵਾਰ ਆਦਤ ਪੈਣ ’ਤੇ 2 ਤੋਂ 5 ਡਾਲਰ ਦੇ ਛੋਟੇ ਪੈਕੇਜਾਂ ਰਾਹੀਂ ਪੈਸੇ ਵਸੂਲੇ ਜਾਣਗੇ। ਏਆਈ ਮਾਡਲ ‘ਪਰਪਲੈਕਸਿਟੀ’ ਨੇ ਤਾਂ ਭਾਰਤੀਆਂ ਲਈ 2.5 ਡਾਲਰ ਦਾ ਪੈਕੇਜ ਲਾਂਚ ਵੀ ਕਰ ਦਿੱਤਾ ਹੈ। ਯੂਜ਼ਰਸ ਮੁਤਾਬਕ, ਖਾਤੇ ਵਿੱਚ ਪੈਸਾ ਘੱਟ ਹੋਣ ’ਤੇ ਏ.ਆਈ. ਦੀ ਸਪੀਡ ਘਟਾ ਦਿੱਤੀ ਜਾਂਦੀ ਹੈ ਤਾਂ ਜੋ ਯੂਜ਼ਰ ਤੁਰੰਤ ਭੁਗਤਾਨ ਕਰੇ।
ਭਾਰਤੀ ਏਆਈ ਮਾਡਲ ਵਿਦੇਸ਼ੀ ਮਾਡਲਾਂ ਅੱਗੇ ‘ਠੁੱਸ’ ਕਿਉਂ?
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਭਾਰਤ ਵਿੱਚ ਇੰਨੀ ਵੱਡੀ ਮਾਰਕੀਟ ਹੈ, ਤਾਂ ਭਾਰਤੀ ਏ.ਆਈ. ਮਾਡਲ ਪਿੱਛੇ ਕਿਉਂ ਰਹਿ ਗਏ? ਟੈਕਸ ਬੋਟ ਜੀ.ਪੀ.ਟੀ. ਦੇ ਸੰਸਥਾਪਕ ਹਿਮਾਂਸ਼ੂ ਕੁਮਾਰ ਨੇ ਦੱਸਿਆ ਕਿ ਉਹ ਖ਼ੁਦ ਵਿਦੇਸ਼ੀ ਕੰਪਨੀਆਂ ਨੂੰ ਹਰ ਮਹੀਨੇ 400 ਡਾਲਰ (ਲਗਭਗ 38,000 ਰੁਪਏ) ਦਾ ਭੁਗਤਾਨ ਕਰਦੇ ਹਨ।
ਉਨ੍ਹਾਂ ਮੁਤਾਬਕ, ਵਿਦੇਸ਼ੀ ਕੰਪਨੀਆਂ ਨੂੰ ਪੈਸਾ ਦੇਣਾ ਭਾਰਤੀ ਪੇਸ਼ੇਵਰਾਂ ਦੀ ਮਜਬੂਰੀ ਹੈ, ਕਿਉਂਕਿ ਓਪਨ ਏ.ਆਈ. ਅਤੇ ਐਂਥਰੋਪਿਕਸ ਵਰਗੇ ਸ਼ਕਤੀਸ਼ਾਲੀ ਲਾਰਜ ਲੈਂਗਵੇਜ ਮਾਡਲ ਹਾਲੇ ਭਾਰਤ ਵਿੱਚ ਵਿਕਸਤ ਨਹੀਂ ਹੋ ਸਕੇ ਹਨ।
ਭਾਰਤ ਦੇ ਘਰੇਲੂ ਮਾਡਲ ਜਿਵੇਂ ਕਿ ਸਰਵਮ , ਭਾਰਤ ਜੇਨ , ਅਤੇ ਭਾਰਤ ਜੀ.ਪੀ.ਟੀ. ਵਿਦੇਸ਼ੀ ਮਾਡਲਾਂ ਦੇ ਮੁਕਾਬਲੇ ਬਹੁਤ ਕਮਜ਼ੋਰ ਸਾਬਤ ਹੋ ਰਹੇ ਹਨ।
ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼ ਨੇ ਚੈਟ ਜੀ.ਪੀ.ਟੀ. ਨੂੰ ਟੱਕਰ ਦੇਣ ਲਈ ‘ਹਨੂੰਮਾਨ ਏ.ਆਈ.’ ਮਾਡਲ ਲਿਆਉਣ ਦਾ ਐਲਾਨ ਕੀਤਾ ਸੀ, ਪਰ ਉਹ ਵੀ ਹਾਲੇ ਤੱਕ ਵਿਦੇਸ਼ੀ ਮਾਡਲਾਂ ਨੂੰ ਪਛਾੜਨ ਵਿੱਚ ਨਾਕਾਮ ਰਿਹਾ ਹੈ।
ਐਂਥਰੋਪਿਕਸ ਦੀ ਇੱਕ ਰਿਪੋਰਟ ਮੁਤਾਬਕ, ਪੇਸ਼ੇਵਰਾਂ ਵਿੱਚ ਏ.ਆਈ. ਦੀ ਵਰਤੋਂ ਇਸ ਲਈ ਵਧੀ ਹੈ ਕਿਉਂਕਿ ਜੋ ਕੰਮ ਪਹਿਲਾਂ ਘੰਟਿਆਂ ਵਿੱਚ ਹੁੰਦਾ ਸੀ, ਉਹ ਹੁਣ ਏਆਈ ਦੀ ਮਦਦ ਨਾਲ ਚੰਦ ਮਿੰਟਾਂ ਵਿੱਚ ਹੋ ਜਾਂਦਾ ਹੈ। ਕੰਮ ਦੀ ਰਫ਼ਤਾਰ ਅਤੇ ਸਹੀ ਨਤੀਜਿਆਂ ਕਰਕੇ ਭਾਰਤੀ ਪੇਸ਼ੇਵਰ ਮਜਬੂਰਨ ਦੇਸੀ ਮਾਡਲਾਂ ਨੂੰ ਛੱਡ ਕੇ ਵਿਦੇਸ਼ੀ ਏਆਈ ਮਾਡਲਾਂ ਨੂੰ ਚੁਣ ਰਹੇ ਹਨ।
ਜੇਕਰ ਭਾਰਤ ਨੇ ਜਲਦੀ ਹੀ ਕੋਈ ਸ਼ਕਤੀਸ਼ਾਲੀ ਅਤੇ ਵਿਸ਼ਵ ਪੱਧਰੀ ਏਆਈ ਮਾਡਲ ਤਿਆਰ ਨਾ ਕੀਤਾ, ਤਾਂ ਭਾਰਤ ਦਾ ਕਰੋੜਾਂ ਰੁਪਏ ਦਾ ਮਾਲੀਆ ਇਸੇ ਤਰ੍ਹਾਂ ਵਿਦੇਸ਼ੀ ਕੰਪਨੀਆਂ ਦੇ ਖਾਤਿਆਂ ਵਿੱਚ ਜਾਂਦਾ ਰਹੇਗਾ।











Comments (0)