ਬਲੈਕ ਹੋਲ: ਨਵੀਂ ਖੋਜ ਖੋਲ੍ਹੇਗੀ ਬ੍ਰਹਿਮੰਡ ਦੇ ਰਾਜ਼
ਅਸ਼ਵਨੀ ਚਤਰਥ
ਬਲੈਕ ਹੋਲ (ਕਾਲੇ ਛੇਕ) ਪੁਲਾੜ ਵਿੱਚ ਮਿਲਣ ਵਾਲੀ ਸਭ ਤੋਂ ਅਨੋਖੀ ਅਤੇ ਅਸਚਰਜ ਵਸਤ ਹੈ। ਇਨ੍ਹਾਂ ਬੇਹੱਦ ਸੰਘਣੀਆਂ ਆਕਾਸ਼ੀ ਵਸਤਾਂ ਵਿੱਚ ਬੇਹਿਸਾਬ ਗੁਰੂਤਾ-ਆਕਰਸ਼ਣ ਭਾਵ ਖਿੱਚ ਹੁੰਦੀ ਹੈ ਜਿਸ ਕਾਰਨ ਇਹ ਆਪਣੇ ਨੇੜੇ ਆਉਾਂਦੀਹਰੇਕ ਵਸਤੂ ਨੂੰ ਆਪਣੇ ਅੰਦਰ ਖਿੱਚ ਲੈਂਦੇ ਹਨ। ਇਸ ਖਿੱਚ ਕਾਰਨ ਹੀ ਬਲੈਕ ਹੋਲਜ਼ ’ਚ ਦਾਖ਼ਲ ਹੋਈ ਕੋਈ ਵੀ ਚੀਜ਼ ਮੁੜ ਕੇ ਬਾਹਰ ਨਹੀਂ ਨਿਕਲ ਸਕਦੀ। ਇੱਥੋਂ ਤੱਕ ਕਿ ਪ੍ਰਕਾਸ਼ ਦੀਆਂ ਕਿਰਨਾਂ ਵੀ ਕਾਲੇ ਛੇਕਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦੀਆਂ ਹਨ ਅਤੇ ਸਿੱਟੇ ਵਜੋਂ ਇਨ੍ਹਾਂ ਦੀ ਹੋਂਦ ਵਾਲੀ ਥਾਂ ਪੂਰੀ ਤਰ੍ਹਾਂ ਕਾਲੀ ਹੀ ਨਜ਼ਰ ਆਉਂਦੀ ਹੈ, ਜਿਸ ਕਾਰਨ ਇਨ੍ਹਾਂ ਦਾ ਨਾਂਅ ਕਾਲੇ ਛੇਕ ਰੱਖਿਆ ਗਿਆ ਹੈ। ਇਨ੍ਹਾਂ ਦੀ ਸ਼ੁਰੂਆਤੀ ਖੋਜ ਬਾਰੇ ਸਭ ਤੋਂ ਪਹਿਲਾਂ ਸਾਲ 1915 ਵਿੱਚ ਮਹਾਨ ਵਿਗਿਆਨੀ ਐਲਬਰਟ ਆਈਨਸਟਾਈਨ ਨੇ ਆਪਣੇ ਜਨਰਲ ਥਿਊਰੀ ਆਫ ਰਿਲੇਟੀਵਿਟੀ ਦੇ ਸਿਧਾਂਤ ਵਿੱਚ ਜ਼ਿਕਰ ਕੀਤਾ ਸੀ। ਉਸ ਨੇ ਸੁਝਾਅ ਦਿੱਤਾ ਸੀ ਕਿ ਸਾਡੇ ਬ੍ਰਹਿਮੰਡ ਵਿੱਚ ਕੁਝ ਅਦਭੁਤ ਤੇ ਬੇਹਿਸਾਬ ਭਾਰੀਆਂ ਵਸਤਾਂ ਮੌਜੂਦ ਹਨ। ਇਨ੍ਹਾਂ ਵਸਤਾਂ ਦਾ ਜ਼ਿਕਰ ਕਰਦਿਆਂ ਉਸ ਦਾ ਇਸ਼ਾਰਾ ਕਾਲੇ ਛੇਕਾਂ ਦੀ ਮੌਜੂਦਗੀ ਵੱਲ ਸੀ। ਉਸ ਦਾ ਅਨੁਮਾਨ ਸੀ ਕਿ ਉਕਤ ਵਸਤਾਂ ਵੱਡ ਆਕਾਰੀ ਤਾਰਿਆਂ ਦੇ ਖ਼ਤਮ ਹੋਣ ਕਾਰਨ ਕੁਦਰਤੀ ਤੌਰ ’ਤੇ ਪੈਦਾ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਸਾਲ 1967 ਵਿੱਚ ਅਮਰੀਕੀ ਪੁਲਾੜ ਵਿਗਿਆਨੀ ਜੋਹਨ ਵ੍ਹੀਲਰ ਨੇ ਸਭ ਤੋਂ ਪਹਿਲਾਂ ਉਕਤ ਵਸਤਾਂ ਨੂੰ ਬਲੈਕ ਹੋਲ ਦਾ ਨਾਂਅ ਦਿੱਤਾ ਸੀ। ਦਹਾਕਿਆਂ ਤੱਕ ਤਾਂ ਇਨ੍ਹਾਂ ਦਾ ਜ਼ਿਕਰ ਸਿਧਾਂਤਕ ਤੌਰ ’ਤੇ ਹੀ ਹੁੰਦਾ ਰਿਹਾ ਸੀ ਪਰ ਵਿਹਾਰਕ ਤੌਰ ’ਤੇ ਇਨ੍ਹਾਂ ਦਾ ਪਤਾ ਨਹੀਂ ਸੀ ਲੱਗ ਸਕਿਆ। ਅਨੇਕਾਂ ਸਾਲਾਂ ਦੀਆਂ ਖੋਜਾਂ ਤੋਂ ਬਾਅਦ ਅਖ਼ੀਰ 1965 ਵਿੱਚ ਪਹਿਲੀ ਵਾਰ ‘ਸਿਗਨਸ ਐਕਸ-1’ ਨਾਮੀ ਕਾਲੇ ਛੇਕ ਦਾ ਪਤਾ ਲੱਗਿਆ ਸੀ। ਇਸ ਦੇ ਅੰਦਰ ਇੱਕ ਪਾਸੇ ਵੱਡ ਆਕਾਰੀ ਕਾਲਾ ਛੇਕ ਹੈ ਅਤੇ ਦੂਜੇ ਪਾਸੇ ਬੇਹੱਦ ਗਰਮ ਨੀਲੇ ਰੰਗ ਦਾ ਵੱਡ ਆਕਾਰੀ ਤਾਰਾ ਹੈ। ਇਹ ਤਾਰਾ ਸੂਰਜ ਨਾਲੋਂ ਤਿੰਨ ਲੱਖ ਗੁਣਾ ਚਮਕਦਾਰ ਹੈ।
ਬੀਤੇ ਦਿਨੀਂ ਪ੍ਰਕਾਸ਼ਿਤ ਇੱਕ ਤਾਜ਼ਾ ਰਿਪੋਰਟ ਵਿੱਚ ਯੂਨੀਵਰਸਿਟੀ ਆਫ ਆਕਸਫੋਰਡ ਅਤੇ ਕਰਟਿਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸਿਗਨਸ ਐਕਸ-1 ਵਿੱਚੋਂ ਨਿਕਲ ਰਹੀਆਂ ਊਰਜਾ ਦੀਆਂ ਕਿਰਨਾਂ ਦਾ ਪਤਾ ਲਾਇਆ ਹੈ। ਇਨ੍ਹਾਂ ਕਿਰਨਾਂ ਦੀ ਸ਼ਕਤੀ 10,000 ਸੂਰਜਾਂ ਦੀ ਸ਼ਕਤੀ ਦੇ ਬਰਾਬਰ ਹੋਣ ਦਾ ਅਨੁਮਾਨ ਹੈ। ਵਿਗਿਆਨੀਆਂ ਨੇ ਦੇਖਿਆ ਕਿ ਕਾਲੇ ਛੇਕ ’ਚੋਂ ਨਿਕਲਦੀਆਂ ਊਰਜਾ ਤਰੰਗਾਂ, ਜਿਨ੍ਹਾਂ ਨੂੰ ਜੈੱਟਸ ਆਖਿਆ ਜਾਂਦਾ ਹੈ, ਦੀ ਰਫ਼ਤਾਰ ਪ੍ਰਕਾਸ਼ ਦੀ ਰਫ਼ਤਾਰ ਤੋਂ ਅੱਧੀ ਦੇ ਬਰਾਬਰ ਹੈ। ਭਾਵ ਇਨ੍ਹਾਂ ਦੀ ਰਫ਼ਤਾਰ 1,50,000 ਕਿਲੋਮੀਟਰ ਪ੍ਰਤੀ ਘੰਟਾ ਹੈ ਜਦਕਿ ਪ੍ਰਕਾਸ਼ ਦੀ ਰਫ਼ਤਾਰ 3,00,000 ਕਿਲੋਮੀਟਰ ਪ੍ਰਤੀ ਘੰਟਾ ਹੈ। ਮੌਜੂਦਾ ਸਮੇਂ ਵਿਗਿਆਨੀ ਸਟੀਵ ਪ੍ਰਬੂ ਅਤੇ ਸਾਥੀਆਂ ਨੇ ਆਪਣੀ ਖੋਜ ਵਿੱਚ ਦੇਖਿਆ ਕਿ ਕੁਝ ਕਾਲੇ ਛੇਕ ਅਜਿਹੇ ਹਨ ਜੋ ਆਪਣੇ ਨੇੜੇ ਆਉਾਂਦੇਕਿਸੇ ਪਦਾਰਥ ਦਾ ਦਸ ਫ਼ੀਸਦ ਹਿੱਸਾ ਊਰਜਾ ਦੇ ਰੂਪ ਵਿੱਚ ਆਪਣੇ ਆਲੇ ਦੁਆਲੇ ਛੱਡ ਦਿੰਦੇ ਹਨ। ਸਿਗਨਸ ਐਕਸ-1 ਵਿੱਚੋਂ ਨਿਕਲ ਰਹੀਆਂ ਜੈੱਟਸ ਕਿਰਨਾਂ ਵੀ ਇਸੇ ਦਸ ਫ਼ੀਸਦੀ ਊਰਜਾ ਦਾ ਹਿੱਸਾ ਹਨ। ਕਾਲੇ ਛੇਕਾਂ ਦੇ ਆਲੇ ਦੁਆਲੇ ਫਿਰਦੇ ਧੂੜ ਅਤੇ ਗੈਸਾਂ ਦੇ ਬੱਦਲਾਂ ਦਾ ਸਮੁੱਚਾ ਪਦਾਰਥ ਕਾਲੇ ਛੇਕਾਂ ਵਿੱਚ ਨਹੀਂ ਡਿੱਗਦਾ, ਭਾਵ ਕੁਝ ਹਿੱਸਾ ਇਨ੍ਹਾਂ ਦੇ ਦੁਆਲੇ ਦੇ ਚੁੰਬਕੀ ਖੇਤਰ ਵਿੱਚ ਫਸ ਜਾਂਦਾ ਹੈ। ਚੁੰਬਕੀ ਖੇਤਰ ਇਸ ਪਦਾਰਥ ਨੂੰ ਪਲਾਜ਼ਮਾ ਦੇ ਰੂਪ ਵਿੱਚ ਕਾਲੇ ਛੇਕਾਂ ਦੇ ਉੱਪਰਲੇ ਅਤੇ ਹੇਠਲੇ ਧਰੁਵਾਂ ਰਾਹੀਂ ਬਾਹਰ ਸੁੱਟ ਦਿੰਦਾ ਹੈ। ਧਰੁਵਾਂ ’ਚੋਂ ਨਿਕਲਦਾ ਇਹੀ ਪਲਾਜ਼ਮਾ ਜੈੱਟਸ ਅਖਵਾਉਂਦਾ ਹੈ। ਇਹ ਪਲਾਜ਼ਮਾ ਭਾਵ ਜੈੱਟਸ ਪ੍ਰੋਟਾਨਾਂ, ਪੋਜ਼ੀਟ੍ਰਾਨਾਂ ਅਤੇ ਇਲੈਕਟ੍ਰਾਨਾਂ ਤੋਂ ਬਣੇ ਬਿਜਲਈ ਤੌਰ ’ਤੇ ਚਾਰਜਿਤ ਉੱਚ ਊਰਜਾ ਵਾਲੀਆਂ ਕਿਰਨਾਂ ਦੇ ਰੂਪ ਵਿੱਚ ਹੁੰਦਾ ਹੈ। ਇਹ ਜੈੱਟਸ ਬ੍ਰਹਿਮੰਡ ਦੀਆਂ ਸਭ ਤੋਂ ਵੱਧ ਤਾਕਤਵਰ ਚੀਜ਼ਾਂ ਵਿੱਚੋਂ ਇੱਕ ਨੇ। ਜੈੱਟਸ ਸਾਰੇ ਕਾਲੇ ਛੇਕਾਂ ਵਿੱਚ ਨਹੀਂ ਹੁੰਦੇ, ਸਗੋਂ ਉਨ੍ਹਾਂ ਕਾਲੇ ਛੇਕਾਂ ਵਿੱਚੋਂ ਹੀ ਨਿਕਲਦੇ ਹਨ ਜਿਹੜੇ ਕਾਲੇ ਛੇਕ ਸਭ ਕੁਝ ਜਜ਼ਬ ਨਹੀਂ ਕਰਦੇ ਬਲਕਿ ਥੋੜ੍ਹਾ ਜਿਹਾ ਹਿੱਸਾ ਬਾਹਰ ਵੀ ਸੁੱਟ ਦਿੰਦੇ ਹਨ। ਜਦੋਂ ਇਹ ਜੈੱਟਸ ਨੂੰ ਬਾਹਰ ਸੁੱਟਦੇ ਹਨ ਤਾਂ ਇਹ ਕਿਸੇ ਜਵਾਲਾਮੁਖੀ ਦੇ ਫਟਣ ਵਰਗਾ ਲੱਗਦਾ ਹੈ ਕਿਉਂਕਿ ਇਹ ਜਵਾਲਾਮੁਖੀ ਪੁਲਾੜ ਵਿੱਚ ਫਟਦੇ ਹਨ ਇਸ ਲਈ ਇਨ੍ਹਾਂ ਨੂੰ ‘ਕਾਸਮਿਕ ਜਵਾਲਾਮੁਖੀ’ ਆਖਦੇ ਹਨ। ਜ਼ਿਕਰਯੋਗ ਹੈ ਕਿ ਇਹ ਸਿਗਨਸ ਐਕਸ-1 ਕਾਲਾ ਛੇਕ 10 ਕਰੋੜ ਸਾਲ ਸ਼ਿਥਲ ਰਹਿਣ ਤੋਂ ਬਾਅਦ ਗਤੀਸ਼ੀਲ ਭਾਵ ਕਿਰਿਆਸ਼ੀਲ ਹੋਇਆ ਹੈ। ਬਲੈਕ ਹੋਲਜ਼ ਦੇ ਮੁੜ ਕਿਰਿਆਸ਼ੀਲ ਹੋਣ ਦਾ ਕਾਰਨ ਇਹ ਹੈ ਕਿ ਜਦੋਂ ਇਨ੍ਹਾਂ ਨੂੰ ਗੈਸਾਂ, ਧੂੜ ਅਤੇ ਤਾਰੇ ਬਾਲਣ ਦੇ ਰੂਪ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ ਹਨ ਤਾਂ ਇਹ ਕਿਰਿਆਸ਼ੀਲ ਹੋ ਕੇ ਜੈੱਟਸ ਰੂਪੀ ਊਰਜਾ ਛੱਡਣ ਲੱਗ ਜਾਂਦੇ ਹਨ। ਮੌਜੂਦਾ ਖੋਜ ਨਾਲ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਬ੍ਰਹਿਮੰਡ ਵਿੱਚ ਤਾਰਾ ਮੰਡਲ ਕਿਵੇਂ ਬਣਦੇ ਹਨ। ਜੇਕਰ ਕਾਲੇ ਛੇਕਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਵਿਗਿਆਨੀਆਂ ਅਨੁਸਾਰ ਨਿੱਕੇ ਤੋਂ ਨਿੱਕਾ ਕਾਲਾ ਛੇਕ ਇੱਕ ਪ੍ਰਮਾਣੂ ਦੇ ਆਕਾਰ ਦਾ ਹੋ ਸਕਦਾ ਹੈ, ਜਿਸ ਦਾ ਵਜ਼ਨ ਇੱਕ ਵੱਡੇ ਪਹਾੜ ਦੇ ਭਾਰ ਦੇ ਬਰਾਬਰ ਹੋ ਸਕਦਾ ਹੈ। ਮੱਧ ਆਕਾਰ ਦੇ ਕਾਲੇ ਛੇਕ ਦਾ ਵਜ਼ਨ ਸੂਰਜ ਦੇ ਭਾਰ ਤੋਂ ਤਕਰੀਬਨ ਵੀਹ ਗੁਣਾ ਜ਼ਿਆਦਾ ਹੋ ਸਕਦਾ ਹੈ। ‘ਮਿਲਕੀ ਵੇਅ ਆਕਾਸ਼ ਗੰਗਾ’ (ਜਿਸ ਆਕਾਸ਼ ਗੰਗਾ ਵਿੱਚ ਸਾਡੀ ਧਰਤੀ ਮੌਜੂਦ ਹੈ) ਵਿੱਚ ਅਜਿਹੇ ਅਨੇਕਾਂ ਕਾਲੇ ਛੇਕ ਮੌਜੂਦ ਹਨ। ਤੀਸਰੀ ਕਿਸਮ ਦੇ ਕਾਲੇ ਛੇਕ ਵੱਡ ਆਕਾਰੀ ਹੁੰਦੇ ਹਨ ਜਿਨ੍ਹਾਂ ਦਾ ਵਜ਼ਨ ਸੂਰਜ ਦੇ ਭਾਰ ਤੋਂ ਦੱਸ ਲੱਖ ਗੁਣਾ ਜ਼ਿਆਦਾ ਹੋ ਸਕਦਾ ਹੈ। ਪੁਲਾੜ ਖੇਤਰ ਦੀ ਇੱਕ ਵੱਡੀ ਸਫ਼ਲਤਾ ਉਸ ਵੇਲੇ ਹਾਸਲ ਹੋਈ ਸੀ ਜਦੋਂ ਸਾਲ 2019 ਵਿੱਚ ‘ਈਵੈਂਟ ਹੋਰਾਈਜ਼ਨ ਟੈਲੀਸਕੋਪ’ ਨਾਮੀ ਦੂਰਬੀਨ ਨੇ ਸਭ ਤੋਂ ਪਹਿਲਾਂ ਕਾਲੇ ਛੇਕ ਦੀ ਤਸਵੀਰ ਰਿਕਾਰਡ ਕੀਤੀ ਸੀ। ਉਕਤ ਦੂਰਬੀਨ ਦੀ ਮਦਦ ਨਾਲ ਜਦੋਂ ਵਿਗਿਆਨੀ ਪੁਲਾੜ ਵਿੱਚ ਵਾਪਰ ਰਹੀਆਂ ਦੂਜੀਆਂ ਕੁਦਰਤੀ ਘਟਨਾਵਾਂ ਦਾ ਅਧਿਐਨ ਕਰ ਰਹੇ ਸਨ ਤਾਂ ਉਨ੍ਹਾਂ ਨੇ ‘ਐੱਮ 87’ ਨਾਂਅ ਦੀ ਆਕਾਸ਼ ਗੰਗਾ ਦੇ ਕੇਂਦਰ ਵਿੱਚ ਇੱਕ ਕਾਲਾ ਛੇਕ ਦੇਖਿਆ ਸੀ। ਜ਼ਿਕਰਯੋਗ ਹੈ ਕਿ ਪੁਲਾੜ ਦੀ ਖੋਜ ਲਈ ਵਰਤੀਆਂ ਜਾਂਦੀਆਂ ਸਾਧਾਰਨ ਦੂਰਬੀਨਾਂ ਕਾਲੇ ਛੇਕਾਂ ਦਾ ਪਤਾ ਨਹੀਂ ਲਾ ਸਕਦੀਆਂ। ਹੁਣ ਤੱਕ ਵਿਗਿਆਨੀ ਕਾਲੇ ਛੇਕ ਦਾ ਪਤਾ ਲਾਉਣ ਲਈ ਇੱਕ ਸਾਧਾਰਨ ਵਿਧੀ ਦੀ ਵਰਤੋਂ ਹੀ ਕਰਦੇ ਰਹੇ ਸਨ। ਉਨ੍ਹਾਂ ਵੱਲੋਂ ਵਰਤੀ ਗਈ ਰਵਾਇਤੀ ਵਿਧੀ ਇਹ ਸੀ ਕਿ ਜਦੋਂ ਗੈਸਾਂ ਦਾ ਬੱਦਲ, ਕਾਲੇ ਛੇਕ ਦੇ ਨੇੜਿਓਂ ਲੰਘਦਾ ਸੀ ਤਾਂ ਉਹ ਬੱਦਲ ਉਕਤ ਕਾਲੇ ਛੇਕ ਵਿੱਚ ਜਜ਼ਬ ਹੋ ਜਾਂਦਾ ਸੀ ਅਤੇ ਉਹ ਐਕਸ ਕਿਰਨਾਂ ਪੁਲਾੜ ਵੱਲ ਛੱਡ ਜਾਂਦਾ ਸੀ। ਇਹ ਐਕਸ-ਕਿਰਨਾਂ ਹੀ ਕਾਲੇ ਛੇਕ ਦੇ ਹੋਣ ਦੀ ਪੁਸ਼ਟੀ ਕਰਦੀਆਂ ਸਨ। ਸਾਲ 2019 ਵਿੱਚ ਜਾਰੀ ਕੀਤੀ ਕਾਲੇ ਛੇਕ ਦੀ ਤਸਵੀਰ ਹਾਸਲ ਕਰਨ ਲਈ ਵਿਗਿਆਨੀਆਂ ਵੱਲੋਂ ਸੰਸਾਰ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਦੂਰਬੀਨਾਂ ਲਾਈਆਂ ਗਈਆਂ ਸਨ। ਇਨ੍ਹਾਂ ਦੂਰਬੀਨਾਂ ਵੱਲੋਂ ਭੇਜੇ ਗਏ ਸਿਗਨਲਾਂ ਨੂੰ ਇਕੱਠਾ ਕਰਕੇ ਉਕਤ ਤਸਵੀਰ ਤਿਆਰ ਕੀਤੀ ਗਈ ਸੀ। ਵਿਗਿਆਨੀ ਹੁਣ ਤੱਕ ਇਹ ਵੀ ਪਤਾ ਲਾ ਚੁੱਕੇ ਹਨ ਕਿ ਬ੍ਰਹਿਮੰਡ ਦੀ ਹਰੇਕ ਵੱਡੀ ਅਕਾਸ਼ ਗੰਗਾ ਦੇ ਕੇਂਦਰ ਵਿੱਚ ਕਾਲੇ ਛੇਕ ਮੌਜੂਦ ਹੁੰਦੇ ਹਨ। ‘ਮਿਲਕੀ ਵੇਅ ਆਕਾਸ਼ ਗੰਗਾ’, ਜਿਸ ਵਿੱਚ ਸਾਡੀ ਧਰਤੀ ਮੌਜੂਦ ਹੈ, ਦੇ ਕੇਂਦਰ ਵਿੱਚ ਵੀ ‘ਸੈਜੀਟੇਰੀਅਸ-ਏ’ ਨਾਂਅ ਦਾ ਇੱਕ ਵੱਡਾ ਕਾਲਾ ਛੇਕ ਮੌਜੂਦ ਹੈ। ਇਸ ਦਾ ਅਨੁਮਾਨਿਤ ਵਜ਼ਨ ਚਾਲੀ ਲੱਖ ਸੂਰਜਾਂ ਦੇ ਭਾਰ ਦੇ ਬਰਾਬਰ ਹੈ।











Comments (0)