ਪੰਥਕ ਅਤੇ ਪੰਜਾਬ-ਪੱਖੀ ਸੋਚ ਨੂੰ ਮੁੜ ਮਜ਼ਬੂਤ ਕਰਨ ਦੀ ਲੋੜ: ਗਿਆਨੀ ਹਰਪ੍ਰੀਤ ਸਿੰਘ
ਲੌਂਗੋਵਾਲ/ਏ.ਟੀ.ਨਿਊਜ਼: ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ 41ਵਾਂ ਸ਼ਹੀਦੀ ਦਿਹਾੜਾ ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਮਨਾਇਆ ਗਿਆ। ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਲੋਕਾਂ, ਪਾਰਟੀ ਆਗੂਆਂ ਅਤੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ। ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਲੌਂਗੋਵਾਲ ਨੇ ਆਪਣਾ ਜੀਵਨ ਪੰਜਾਬ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਏਕਤਾ ਅਤੇ ਪੰਥਕ ਹੱਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਦੀ ਸ਼ਹਾਦਤ ਪੰਜਾਬ ਦੇ ਇਤਿਹਾਸ ਦਾ ਅਮਿੱਟ ਅਧਿਆਇ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਸੂਬੇ ਨੂੰ ਇਸ ਵਿੱਚੋਂ ਕੱਢਣ ਲਈ ਸਿਰਫ਼ ਸੱਤਾ ਦੀ ਰਾਜਨੀਤੀ ਨਹੀਂ, ਸਗੋਂ ਸਿਧਾਂਤਕ, ਪੰਥਕ ਅਤੇ ਪੰਜਾਬ-ਪੱਖੀ ਸੋਚ ਨੂੰ ਮੁੜ ਮਜ਼ਬੂਤ ਕਰਨ ਦੀ ਲੋੜ ਹੈ। ਜਿਹੜੇ ਲੋਕਾਂ ਨੇ ਗੁਰੂ ਦੀ ਦੁਹਾਈ ਦੇ ਕੇ ਪੰਜਾਬ ਵਿੱਚ ਸਰਕਾਰਾਂ ਬਣਾਈਆਂ, ਉਨ੍ਹਾਂ ਨੇ ਪੰਥਕ ਸੋਚ ਅਤੇ ਸਿਧਾਂਤਾਂ ਨੂੰ ਕਮਜ਼ੋਰ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਿਆਸਤ ਪਰਿਵਾਰਾਂ ਅਤੇ ਨਿੱਜੀ ਹਿੱਤਾਂ ਦੀ ਬਜਾਇ ਪੰਥ, ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨੂੰ ਸਮਰਪਿਤ ਹੋਣੀ ਚਾਹੀਦੀ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਲੌਂਗੋਵਾਲ ਦੀ ਵਿਰਾਸਤ ਸਾਨੂੰ ਸਿਧਾਂਤਾਂ, ਸਾਦਗੀ ਅਤੇ ਪੰਜਾਬ ਦੇ ਹੱਕਾਂ ਲਈ ਡਟ ਕੇ ਖੜ੍ਹਨ ਦੀ ਪ੍ਰੇਰਨਾ ਦਿੰਦੀ ਹੈ। ਅੱਜ ਲੋੜ ਹੈ ਕਿ ਅਕਾਲੀ ਸੋਚ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉਠ ਕੇ ਮੁੜ ਲੋਕਾਂ ਅਤੇ ਪੰਥ ਦੀ ਆਵਾਜ਼ ਬਣਾਇਆ ਜਾਵੇ।
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੰਤ ਲੌਂਗੋਵਾਲ ਦੀ ਸ਼ਹਾਦਤ ਪੰਜਾਬ ਦੇ ਅਮਨ ਅਤੇ ਭਾਈਚਾਰਕ ਏਕਤਾ ਲਈ ਦਿੱਤੀ ਗਈ ਮਹਾਨ ਕੁਰਬਾਨੀ ਹੈ। ਪੰਥਕ ਏਕਤਾ ਅਤੇ ਪੰਜਾਬ ਦੇ ਹੱਕਾਂ ਲਈ ਸਾਰੀਆਂ ਧਿਰਾਂ ਨੂੰ ਸਾਂਝੀ ਸੋਚ ਨਾਲ ਅੱਗੇ ਆਉਣਾ ਚਾਹੀਦਾ ਹੈ। ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੰਤ ਲੌਂਗੋਵਾਲ ਦੀ ਸੋਚ ਅਤੇ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਜੇ ਅਸੀਂ ਪੰਜਾਬ, ਪੰਥ ਅਤੇ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਲਈ ਇਮਾਨਦਾਰੀ ਨਾਲ ਕੰਮ ਕਰੀਏ। ਇਸ ਮੌਕੇ ਆਗੂਆਂ ਨੇ ਸੰਤ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਏਕਤਾ, ਪੰਥਕ ਚੜ੍ਹਦੀ ਕਲਾ ਅਤੇ ਪੰਜਾਬ ਦੇ ਹੱਕਾਂ ਦੀ ਮਜ਼ਬੂਤ ਆਵਾਜ਼ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ।











Comments (0)