ਨੇਵਾਡਾ ਵਿੱਚ ਲੱਗੀ ਭਿਆਨਕ ਅੱਗ ’ਚ ਹਜਾਰਾਂ ਏਕੜ ਜੰਗਲ ਸੜਿਆ
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਪਿਛਲੇ ਦਿਨੀਂ ਨੇਵਾਡਾ ਦੀ ਪਹਾੜੀ ਤੋਂ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਵਧਦੀਆਂ ਦੇਖੀਆਂ ਗਈਆਂ ਜੋ ਛੇਤੀ ਹੀ ਇੱਕ ਵਿਨਾਸ਼ਕਾਰੀ ਅੱਗ ਵਿੱਚ ਬਦਲ ਗਈਆਂ ਜਿਸ ਨੇ ਹਜ਼ਾਰਾਂ ਏਕੜ ਜੰਗਲ ਨੂੰ ਸਾੜ ਦਿੱਤਾ ਹੈ ਅਤੇ ਦੱਖਣ-ਪੱਛਮ ਦੇ ਸਾਰੇ ਕਸਬਿਆਂ ਨੂੰ ਖਾਲੀ ਕਰਨ ਲਈ ਮਜਬੂਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ-ਪੱਛਮੀ ਰੇਨੋ ਵਿੱਚ ਬੇਕਾਬੂ ਅੱਗ ਮਨੁੱਖੀ ਗਲਤੀ ਦਾ ਸਿੱਟਾ ਹੈ ਤੇ 90,000 ਨਿਵਾਸੀਆਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ। ਹਜਾਰਾਂ ਨਿਵਾਸੀ ਪਹਿਲਾਂ ਹੀ ਆਪਣੇ ਘਰ ਬਾਹਰ ਛੱਡਣ ਲਈ ਮਜਬੂਰ ਹੋ ਗਏ ਹਨ। ਅੱਗ ਬੁਝਾਊ ਅਧਿਕਾਰੀਆਂ ਅਨੁਸਾਰ, ਐਤਵਾਰ ਤੱਕ ਅੱਗ ਲਗਭਗ 13,000 ਏਕੜ ਤੱਕ ਫ਼ੈਲ ਗਈ। ਟਰੱਕੀ ਮੀਡੋਜ ਫ਼ਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਦੇ 3 ਯੂਨੀਫ਼ਾਈਡ ਘਟਨਾ ਕਮਾਂਡਰਾਂ ਵਿਚੋਂ ਇਕ ਸ਼ੇਨ ਐਕਰਸਨ ਨੇ ਕਿਹਾ ਕਿ ਅੱਗ ਲੱਗਣ ਨਾਲ ਕਿੰਨੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਹਨ, ਇਹ ਨਿਰਧਾਰਤ ਕਰਨ ਲਈ ਮੁਲਾਂਕਣ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਠੱਪ ਹੈ। ਅਜੇ ਤੱਕ ਅੱਗ ’ਤੇ ਮੁਕੰਮਲ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਅੱਗ ਨਵੇਂ ਇਲਾਕਿਆਂ ਵਿੱਚ ਫ਼ੈਲਦੀ ਹੋਈ ਨਜਰ ਆ ਰਹੀ ਹੈ। ਉੱਤਰ-ਪੱਛਮੀ ਰੇਨੋ ਵਿੱਚ ਇੱਕ ਪਹਾੜੀ ਦੇ ਹੇਠਾਂ ਅੱਗ ਫ਼ੈਲ ਰਹੀ ਹੈ। ਰੇਨੋ ਦੀ ਮੇਅਰ ਹਿਲੇਰੀ ਸ਼ੀਵ ਨੇ ਐਕਸ ’ਤੇ ਪੋਸਟ ਕੀਤੇ ਗਏ ਇੱਕ ਸੰਦੇਸ਼ ਵਿੱਚ ਕਿਹਾ ਕਿ ਇਸ ਅੱਗ ਵਿੱਚ ਇਮਾਰਤਾਂ ਪਹਿਲਾਂ ਹੀ ਸੜ ਚੁੱਕੀਆਂ ਹਨ ਪਰੰਤੂ ਤੁਹਾਡੀ ਜ਼ਿੰਦਗੀ ਇੱਕ ਇਮਾਰਤ ਨਾਲੋਂ ਵੱਧ ਮਹੱਤਵਪੂਰਨ ਹੈ। ਨੇਵਾਡਾ ਦੇ ਗਵਰਨਰ ਜੋਅ ਲੋਂਬਾਰਡੋ ਨੇ ਵਾਸ਼ੋ ਕਾਉਂਟੀ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਕੈਲੀਫ਼ੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਹੋ ਖੇਤਰ ਅਤੇ ਨੇਵਾਡਾ ਵਿੱਚ ਸਥਿੱਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ
ਹਾਂ, ਰਾਜ ਅਤੇ ਸਥਾਨਕ ਭਾਈਵਾਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਜ਼ਮੀਨ ਅਤੇ ਹਵਾ ਵਿੱਚ ਤਾਲਮੇਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਲਗਭਗ 800 ਫ਼ਾਇਰਫ਼ਾਈਟਰ ਅੱਗ ’ਤੇ ਕਾਬੂ ਪਾਉਣ ਵਿੱਚ ਲੱਗੇ ਹੋਏ ਹਨ, ਪਰ ਤੇਜ਼ ਹਵਾਵਾਂ ਕਾਰਨ ਅੱਗ ਉਪਰ ਕਾਬੂ ਪਾਉਣ ’ਚ ਮੁਸ਼ਕਿਲਾਂ ਆ ਰਹੀਆਂ ਹਨ।











Comments (0)