ਨੇਪਾਲ ਦੇ ਹੜ੍ਹ ਪੀੜਤਾਂ ਲਈ ‘ਸਿੱਖਸ ਆਫ਼ ਅਮਰੀਕਾ’ ਵੱਲੋਂ ਰਾਹਤ ਮੁਹਿੰਮ ਜਾਰੀ
ਵਾਸ਼ਿੰਗਟਨ/ਏ.ਟੀ.ਨਿਊਜ਼: ਲੰਘੇ ਦਿਨੀਂ ਨੇਪਾਲ ’ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ‘ਸਿੱਖਸ ਆਫ਼ ਅਮਰੀਕਾ’ ਵੱਲੋਂ ਵੱਡੇ ਪੱਧਰ ’ਤੇ ਰਾਹਤ ਸਮੱਗਰੀ ਵੰਡੀ ਗਈ। ਇਸ ਦੌਰਾਨ ਕੁਦਰਤੀ ਤ੍ਰਾਸਦੀ ਦੇ ਪੀੜਤਾਂ ਨੂੰ ਖਾਣ ਪੀਣ ਦੇ ਸਮਾਨ ਦੇ ਨਾਲ ਕੰਬਲ ਆਦਿ ਸਮਾਨ ਵੰਡਿਆ ਗਿਆ। ਸੰਸਥਾ ਦੇ ਇੰਡੀਆ ਟੀਮ ਦੇ ਵਾਲੰਟੀਅਰਾਂ ਨੇ ਖੁਦ ਨੇਪਾਲ ਪਹੁੰਚ ਕੇ ਹੜ੍ਹ ਪੀੜ੍ਹਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ ਅਤੇ ਉਨਾਂ ਦੀ ਮਦਦ ਕਰ ਰਹੇ ਹਨ। ਇਹ ਮਦਦ ਇਸ ਹੜ੍ਹ ਤ੍ਰਾਸਦੀ ਵਿੱਚ ਬਚੇ ‘ਹਰੇ ਘਰ’ ਦੇ ਇਲਾਕੇ ਵਿੱਚ ਕੀਤੀ ਗਈ ਜੋ ਕਿ ਨੇਪਾਲ ਦੇ ਬਾਗਮਤੀ ਸੂਬੇ ਦੇ ਨੁਵਾਕੋਟ ਜ਼ਿਲੇ ਦੇ ਡੁੰਗੇ ਬਾਜ਼ਾਰ ਵਾਲੇ ਪਾਸੇ ਪੈਂਦਾ ਹੈ। ਸਿੱਖਸ ਆਫ਼ ਅਮਰੀਕਾ ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕੁਦਰਤੀ ਆਫ਼ਤ ਦੇ ਇਸ ਮੁਸ਼ਕਿਲ ਸਮੇਂ ਵਿੱਚ ਪੀੜ੍ਹਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜ਼ੀਹ ਹੈ। ਦੱਸਣਯੋਗ ਹੈ ਕਿ ‘ਸਿੱਖਸ ਆਫ਼ ਅਮਰੀਕਾ’ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਵਿੱਚ ਕੁਦਰਤੀ ਤ੍ਰਾਸਦੀਆਂ ਦੌਰਾਨ ਰਾਹਤ ਕਾਰਜਾਂ ਰਾਹੀਂ ਪੀੜਤਾਂ ਦੀ ਮਦਦ ਕਰਦੀ ਰਹੀ ਹੈ। ਸਿੱਖਸ ਆਫ ਅਮਰੀਕਾ ਸੰਸਥਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ ਅਤੇ ਵਾਈਸ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਸਰਹੱਦਾਂ ਦੀ ਕੋਈ ਪਾਬੰਦੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਲੋੜਵੰਦਾਂ ਤੱਕ ਮਦਦ ਪਹੁੰਚਾਉਣਾ ਸਿੱਖ ਭਾਈਚਾਰੇ ਦੀ ਸੇਵਾ ਅਤੇ ‘ਸਰਬੱਤ ਦੇ ਭਲੇ’ ਦੀ ਭਾਵਨਾ ਦਾ ਹਿੱਸਾ ਹੈ। ਉਨਾਂ ਨੇ ਕਿਹਾ ਕਿ ਅਸੀਂ ਅਰਦਾਸ ਕਦੇ ਹਾਂ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ’ਚ ਕੁਦਰਤੀ ਆਫ਼ਤ ਨਾ ਆਵੇ ਪਰ ਜੇਕਰ ਭਵਿੱਖ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਸੀਂ ਆਪਣੀ ਸਮਰੱਥਾ ਅਨੁਸਾਰ ਰਾਹਤ ਕਾਰਜ ਜਾਰੀ ਰੱਖੇ ਜਾਣਗੇ।











Comments (0)