ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ: ਉੱਡ ਗਈਆ ਮੋਦੀ ਦੇ ਅਕਸ ਦੀਆਂ ਧੱਜੀਆਂ
ਅਪੂਰਵਾਨੰਦ
ਧਰਮੇਂਦਰ ਪ੍ਰਧਾਨ ਨੇ ਬੀਤੇ ਦਿਨੀਂ ਅਸਤੀਫ਼ਾ ਦੇ ਦਿਤਾ ਸੀ, ਪਰ ਉਸ ਤੋਂ ਵੀ ਵੱਡੀ ਖ਼ਬਰ ਇਹ ਹੈ ਕਿ ਨੌਜਵਾਨੀ ਦੇ ਅੰਦੋਲਨ ਨੇ ਨਰਿੰਦਰ ਮੋਦੀ ਦਾ ਅਕਸ ਚੂਰ-ਚੂਰ ਕਰ ਦਿੱਤਾ ਹੈ। ਅਸਤੀਫ਼ਾ ਭਾਵੇਂ ਧਰਮੇਂਦਰ ਪ੍ਰਧਾਨ ਦਾ ਹੋਇਆ ਹੋਵੇ, ਪਰ ਅੰਦੋਲਨਕਾਰੀਆਂ ਦੇ ਨਾਅਰਿਆਂ, ਪੋਸਟਰਾਂ ਅਤੇ ਮੀਮਜ਼ ਦੇ ਨਿਸ਼ਾਨੇ ’ਤੇ ਸਿਰਫ਼ ਇੱਕ ਹੀ ਵਿਅਕਤੀ ਸੀ: ਨਰਿੰਦਰ ਮੋਦੀ।
ਜਿਸ ਪੀੜ੍ਹੀ ਬਾਰੇ ਇਹ ਗ਼ਲਤਫ਼ਹਿਮੀ ਸੀ ਕਿ ਉਸ ਨੂੰ ਕੋਈ ਰਾਜਨੀਤਿਕ ਸਮਝ ਨਹੀਂ ਹੈ, ਉਸ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਇਸ ਸਰਕਾਰ ਵਿੱਚ ਕੋਈ ਮੰਤਰੀ ਮਹੱਤਵਪੂਰਨ ਨਹੀਂ ਹੈ, ਸਰਕਾਰ ਦਾ ਮਤਲਬ ਸਿਰਫ਼ ਨਰਿੰਦਰ ਮੋਦੀ ਹੈ। ਇਸ ਲਈ ਪ੍ਰਧਾਨ ਦਾ ਅਸਤੀਫ਼ਾ ਲੈਣ ਦਾ ਮਤਲਬ ਸੀ ਮੋਦੀ ਨੂੰ ਝੁਕਣ ਲਈ ਮਜਬੂਰ ਕਰਨਾ। ਜੰਤਰ-ਮੰਤਰ ’ਤੇ ਘੁੰਮਦਿਆਂ, ਨਾਅਰਿਆਂ ਅਤੇ ਪੋਸਟਰਾਂ ਤੋਂ ਇਹ ਸਾਫ਼ ਸੀ ਕਿ ਨਿਸ਼ਾਨਾ ਸਿਰਫ਼ ਤੇ ਸਿਰਫ਼ ਨਰਿੰਦਰ ਮੋਦੀ ’ਤੇ ਸੀ। ਇਸ ਨੌਜਵਾਨੀ ਵਿਦਰੋਹ ਨੇ ਇਸ ਸਰਕਾਰ ਦੇ ਇਕਲੌਤੇ ਚਿਹਰੇ ਨਰਿੰਦਰ ਮੋਦੀ ਦੀ ਬੜੀ ਮਿਹਨਤ ਨਾਲ ਘੜੇ ਗਏ ਅਕਸ ਦੇ ਪਰਖਚੇ ਉਡਾ ਦਿੱਤੇ ਹਨ।
ਇਹ ਪੋਸਟਰ, ਨਾਅਰੇ ਅਤੇ ਗੀਤ ਕਿਸੇ ਸੰਗਠਿਤ ਯੋਜਨਾ ਦੇ ਤਹਿਤ ਨਹੀਂ ਬਣਾਏ ਗਏ ਸਨ। ਗੱਤਿਆਂ ’ਤੇ, ਸਾਧਾਰਨ ਕਾਗਜ਼ ’ਤੇ ਪੈੱਨ ਜਾਂ ਮਾਰਕਰ ਨਾਲ ਹਰ ਕਿਸੇ ਨੇ ਆਪਣੇ ਨਾਅਰੇ ਖ਼ੁਦ ਲਿਖੇ ਸਨ। ਬਾਕੀ ਵਿਰੋਧ ਪ੍ਰਦਰਸ਼ਨਾਂ ਵਾਂਗ ਇੱਥੇ ਨਾਅਰੇ ਛਾਪ ਕੇ ਨਹੀਂ ਵੰਡੇ ਗਏ ਸਨ, ਅਤੇ ਨਾ ਹੀ ਲੋਕ ਉਨ੍ਹਾਂ ਨੂੰ ਬਿਨਾਂ ਮਨ ਤੋਂ ਮਹਿਜ਼ ਵਿਖਾਵੇ ਲਈ ਚੁੱਕੀ ਫਿਰਦੇ ਸਨ।
ਹਰ ਕਿਸੇ ਨੇ ਆਪਣੀ ਕਲਪਨਾਸ਼ਕਤੀ ਦਾ ਇਸਤੇਮਾਲ ਕੀਤਾ ਸੀ। ਨੌਜਵਾਨ ਏ.ਆਈ. ਤੋਂ ਪੋਸਟਰ ਬਣਾ ਕੇ ਉਸ ਦਾ ਪ੍ਰਿੰਟ ਆਊਟ ਬਲਿੰਕਿਟ ਤੋਂ ਮੰਗਵਾ ਰਹੇ ਸਨ। ਛੋਟੇ-ਛੋਟੇ ਸਮੂਹ ਤੁਰੰਤ ਗਾਣੇ ਬਣਾ ਕੇ ਗਾ ਰਹੇ ਸਨ। ਸਭ ਦੀ ਥੀਮ ਇੱਕ ਸੀ: ਨਰਿੰਦਰ ਮੋਦੀ।
ਇਨ੍ਹਾਂ ਸਭ ਵਿੱਚ ਨੌਜਵਾਨ ਮੋਦੀ ਦਾ ਮਜ਼ਾਕ ਉਡਾ ਰਹੇ ਸਨ। ਇਸ ਇੱਕ ਮਹੀਨੇ ਵਿੱਚ ਨੌਜਵਾਨ ਪੀੜ੍ਹੀ ਨੇ ਨਰਿੰਦਰ ਮੋਦੀ ਨੂੰ ਇੱਕ ਦਇਆਯੋਗ ਮੀਮ ਵਿੱਚ ਬਦਲ ਕੇ ਰੱਖ ਦਿੱਤਾ।
ਸੱਚ ਇਹ ਸੀ ਕਿ ਨੌਜਵਾਨ ਜਿਸ ਇੱਕ ਚੀਜ਼ ਤੋਂ ਖ਼ਫ਼ਾ ਸਨ, ਉਹ ਸੀ ਮੋਦੀ ਸਰਕਾਰ ਦਾ ਹੰਕਾਰ। ਉਹ ਮੋਦੀ ਦੇ ਇਸ ਘਮੰਡ ਨੂੰ ਚੂਰ-ਚੂਰ ਕਰ ਦੇਣ ਦੀ ਜ਼ਿੱਦ ’ਤੇ ਅੜ ਗਏ ਸਨ। ਪਿਛਲੇ ਦਿਨੀਂ ਪ੍ਰਦਰਸ਼ਨਕਾਰੀਆਂ ’ਤੇ ਜਦੋਂ ਪੁਲਿਸ ਨੇ ਬੁਰੀ ਤਰ੍ਹਾਂ ਡੰਡੇ ਵਰ੍ਹਾਏ, ਉਨ੍ਹਾਂ ਨੂੰ ਦੁਸ਼ਮਣਾਂ ਵਾਂਗ ਮਾਰਿਆ, ਤਾਂ ਨੌਜਵਾਨਾਂ ਨੇ ਇਹ ਸਮਝਿਆ ਕਿ ਇਹ ਡੰਡੇ ਅਤੇ ਪੈਲੇਟ ਦੇ ਛੱਰੇ ਮੋਦੀ ਦੇ ਹਨ। ਉਹ ਡਰ ਕੇ ਭੱਜਣ ਦੀ ਬਜਾਏ ਆਪਣੇ ਜ਼ਖ਼ਮਾਂ ਅਤੇ ਖ਼ਾਲੀ ਪੈਰਾਂ ਨਾਲ ਵਾਪਸ ਜੰਤਰ-ਮੰਤਰ ਪਰਤ ਆਏ। ਉਨ੍ਹਾਂ ਦੀ ਜ਼ਿੱਦ ਇੱਕੋ ਸੀ ਕਿ ਉਹ ਮੋਦੀ ਨੂੰ ਆਪਣੇ ਮੰਤਰੀ ਦਾ ਅਸਤੀਫ਼ਾ ਲੈਣ ਲਈ ਮਜਬੂਰ ਕਰ ਕੇ ਰਹਿਣਗੇ।
ਨੌਜਵਾਨਾਂ ਦਾ ਇਹ ਉਭਾਰ ਆਪਣੇ ਅਪਮਾਨ ਦਾ ਬਦਲਾ ਲੈਣ ਦੀ ਨੀਅਤ ਨਾਲ ਪੈਦਾ ਹੋਇਆ ਸੀ। ਭਾਰਤ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਆਪਣੀ ਇੱਕ ਗ਼ੈਰ-ਜ਼ਿੰਮੇਵਾਰਾਨਾ ਅਤੇ ਅਸੰਵੇਦਨਸ਼ੀਲ ਟਿੱਪਣੀ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ ‘ਕਾਕਰੋਚ’ ਕਿਹਾ ਸੀ। ਅਦਾਲਤ ਨੇ ਪਿਛਲੇ ਸਾਲਾਂ ਵਿੱਚ ਸਰਕਾਰ ਦੇ ਵਿਭਾਗ ਵਾਂਗ ਹੀ ਕੰਮ ਕੀਤਾ ਹੈ, ਇਸ ਲਈ ਮੰਨਿਆ ਗਿਆ ਕਿ ਉਨ੍ਹਾਂ ਦੀ ਇਹ ਟਿੱਪਣੀ ਨੌਜਵਾਨਾਂ ਦੇ ਖ਼ਿਲਾਫ਼ ਮੋਦੀ ਸਰਕਾਰ ਦੀ ਹੀ ਟਿੱਪਣੀ ਹੈ।
‘ਕਾਕਰੋਚ ਜਨਤਾ ਪਾਰਟੀ’ ਇਸ ਅਪਮਾਨ ਦਾ ਜਵਾਬ ਸੀ। ਜਲਦੀ ਹੀ ਉਸ ਨੂੰ ਨੀਟ ਪ੍ਰੀਖਿਆ ਵਿੱਚ ਹੋਈ ਧਾਂਦਲੀ ਤੋਂ ਮੌਕਾ ਮਿਲਿਆ ਕਿ ਉਹ ਉਸ ਦੇ ਬਹਾਨੇ ਇਸ ਸਰਕਾਰ ਨੂੰ ਜਵਾਬਦੇਹੀ ਲਈ ਮਜਬੂਰ ਕਰੇ। ਮੋਦੀ ਸਰਕਾਰ ਬੇਫ਼ਿਕਰ ਸੀ ਕਿ ਉਸ ਨੇ ਭਾਰਤੀ ਲੋਕਤੰਤਰ ਨੂੰ ਕਾਬੂ ਕਰ ਲਿਆ ਹੈ।
ਚੋਣ ਕਮਿਸ਼ਨ ਦੇ ਜ਼ਰੀਏ ਵੋਟਰ ਸੂਚੀ ਵਿੱਚ ਭਾਰੀ ਗੜਬੜੀ ਕਰ ਕੇ ਚੋਣ ਨਤੀਜਿਆਂ ਨੂੰ ਆਪਣੇ ਅਨੁਕੂਲ ਕਰਨਾ ਅਤੇ ਵਿਰੋਧੀ ਧਿਰਾਂ ਨੂੰ ਤੋੜ ਕੇ ਸੰਸਦ ਵਿੱਚ ਬਹੁਮਤ ਬਣਾਉਣ ਵਿੱਚ ਉਹ ਇਸ ਕਦਰ ਮਸਰੂਫ਼ ਸੀ ਕਿ ਜ਼ਮੀਨ ਦੇ ਹੇਠਾਂ ਨੌਜਵਾਨਾਂ ਦੀ ਸੁਲਗਦੀ ਬੇਚੈਨੀ ਨੂੰ ਦੇਖਣ ਦੀ ਉਸ ਕੋਲ ਵਿਹਲ ਨਹੀਂ ਸੀ। ਇਹ ਨੌਜਵਾਨ ਉਹ ਸਨ ਜੋ ਹਰ ਪਾਸੇ ਦਰਵਾਜ਼ਾ ਬੰਦ ਦੇਖ ਰਹੇ ਸਨ। ਭਾਰਤ ਵਿੱਚ ਕੋਈ ਉਨ੍ਹਾਂ ਵੱਲ ਧਿਆਨ ਦੇਣ ਵਾਲਾ ਨਹੀਂ ਸੀ।
ਇਨ੍ਹਾਂ ਨੌਜਵਾਨਾਂ ਦੀ ਗੱਲ ਕੋਈ ਨਹੀਂ ਕਰ ਰਿਹਾ ਸੀ। ਜਿਨ੍ਹਾਂ ਕੋਲ ਬੋਲਣ ਦੇ ਸਾਧਨ ਅਤੇ ਸਮਰੱਥਾ ਸੀ, ਉਹ ਰਾਸ਼ਟਰ ਦੀ ਮਹਾਨਤਾ ਦੇ ਗੁਣਗਾਣ ਕਰ ਰਹੇ ਸਨ, ਪਰ ਇਨ੍ਹਾਂ ਨੌਜਵਾਨਾਂ ਵੱਲ ਦੇਖਣ ਵਾਲਾ ਕੋਈ ਨਹੀਂ ਸੀ। ਇਸ ਲਈ ਆਪਣੀ ਗੱਲ ਉਹ ਆਪਣੇ ਫ਼ੋਨ ਦੇ ਜ਼ਰੀਏ ਕਰ ਰਹੇ ਸਨ। ਇੰਸਟਾਗ੍ਰਾਮ ਉਨ੍ਹਾਂ ਦੀ ਦੁਨੀਆ ਸੀ ਅਤੇ ਮਜ਼ਾਕ ਉਨ੍ਹਾਂ ਦੀ ਭਾਸ਼ਾ।
ਮੋਦੀ ਅਤੇ ਉਨ੍ਹਾਂ ਦੀ ਪਾਰਟੀ ਦੀ ਇਹ ਸਮਝ ਸੀ ਕਿ ਉਨ੍ਹਾਂ ਨੇ ਭਾਰਤ ਦੇ ਬਹੁਗਿਣਤੀ ਹਿੰਦੂਆਂ ਦਾ ਹਿੰਦੂਤਵੀਕਰਨ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਤੇ ਹਿੰਸਾ ਦਾ ਨਸ਼ਾ ਦੇਣ ਤੋਂ ਇਲਾਵਾ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ।
ਸੋਨਮ ਵਾਂਗਚੁਕ ਦਾ ਅਨਸ਼ਨ
ਜੰਤਰ-ਮੰਤਰ ’ਤੇ ਨੌਜਵਾਨਾਂ ਵੱਲੋਂ ਜਦੋਂ ਸੋਨਮ ਵਾਂਗਚੁਕ ਨੇ ਵਰਤ (ਅਨਸ਼ਨ) ਸ਼ੁਰੂ ਕੀਤਾ, ਤਾਂ ਆਪਣੀ ਆਦਤ ਮੁਤਾਬਕ ਸਰਕਾਰ ਨੇ ਚੁੱਪ ਵੱਟ ਲਈ। ਉਨ੍ਹਾਂ ਦੀ ਸਿਹਤ ਵਿਗੜਨ ’ਤੇ ਵੀ ਸਰਕਾਰ ਦੀ ਖ਼ਾਮੋਸ਼ੀ ਨੇ ਦੇਸ਼ ਭਰ ਦੇ ਨੌਜਵਾਨਾਂ ਵਿੱਚ ਭਾਰੀ ਗੁੱਸਾ ਪੈਦਾ ਕੀਤਾ। ਉਸ ਤੋਂ ਬਾਅਦ ਮੋਦੀ ਸਰਕਾਰ ਨੇ ਵਾਂਗਚੁਕ ਨੂੰ ਜ਼ਬਰਦਸਤੀ ਚੁੱਕ ਲਿਆ। ਉਸ ਨੂੰ ਭੁਲੇਖਾ ਸੀ ਕਿ ਉਸ ਦੀ ਪਕੜ ਭਾਰਤੀ ਸਮਾਜ ’ਤੇ ਇੰਨੀ ਪੱਕੀ ਹੈ ਕਿ ਉਸ ਦੇ ਕਿਸੇ ਕਦਮ ਦਾ ਸਮਾਜ ਵਿੱਚ ਕੋਈ ਵਿਰੋਧ ਨਹੀਂ ਹੋਵੇਗਾ। ਪਰ ਇਹ ਉਸ ਦੀ ਖ਼ੁਸ਼ਫ਼ਹਿਮੀ ਸੀ। ਸੋਨਮ ਵਾਂਗਚੁਕ ਨਾਲ ਕੀਤੇ ਗਏ ਵਿਵਹਾਰ ਨੂੰ ਨੌਜਵਾਨਾਂ ਨੇ ਆਪਣਾ ਅਪਮਾਨ ਮੰਨਿਆ ਅਤੇ ਜੰਤਰ-ਮੰਤਰ ’ਤੇ ਜਿਵੇਂ ਨੌਜਵਾਨਾਂ ਦਾ ਸੈਲਾਬ ਉਮੜ ਆਇਆ।
ੇ ਸੰਸਦ ਮਾਰਚ ਬਾਰੇ ਵੀ ਸਰਕਾਰ ਦੀ ਗ਼ਲਤਫ਼ਹਿਮੀ ਸੀ ਕਿ ਉਹ ਉਸ ਨੂੰ ਕਾਬੂ ਕਰ ਲਵੇਗੀ। ਪਰ ਜਨਤਾ ਦੇ ਹੜ੍ਹ ਅੱਗੇ ਉਹ ਲੜਖੜਾ ਗਈ। ਇਸ ਸਰਕਾਰ ਨੂੰ ਇੱਕੋ ਭਾਸ਼ਾ ਆਉਂਦੀ ਹੈ: ਆਵਾਜ਼ ਨੂੰ ਦਬਾਉਣ ਦੀ ਅਤੇ ਲੋਕਾਂ ਨੂੰ ਕੁਚਲਣ ਦੀ। ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਸ਼ਾਹੀਨ ਬਾਗ ਅੰਦੋਲਨ ਅਤੇ ਕਿਸਾਨ ਅੰਦੋਲਨ ਵਿੱਚ ਵੀ ਉਸ ਨੇ ਦਮਨ ਦਾ ਰਸਤਾ ਹੀ ਚੁਣਿਆ ਸੀ। ਇਸ ਵਾਰ ਵੀ ਉਸ ਨੇ ਉਹੀ ਕੀਤਾ। ਪਰ ਨੌਜਵਾਨ ਪਿੱਛੇ ਨਹੀਂ ਹਟੇ। ਉਹ ਡੰਡਿਆਂ ਅਤੇ ਬੰਦੂਕਾਂ ਦੇ ਅੱਗੇ ਅੜ ਗਏ।
ਨੌਜਵਾਨਾਂ ਨੇ ਹਿੰਸਾ ਨਹੀਂ ਕੀਤੀ। ਉਨ੍ਹਾਂ ਨੇ ਆਪਣੇ ਹਥਿਆਰ, ਯਾਨੀ ਫ਼ੋਨ ਦੇ ਜ਼ਰੀਏ ਨਰਿੰਦਰ ਮੋਦੀ ਦੀ ਛਵੀ ਦੀਆਂ ਧੱਜੀਆਂ ਉਡਾਉਣਾ ਸ਼ੁਰੂ ਕੀਤਾ। ਮੋਦੀ ਨੂੰ ਆਪਣੀ ਛਵੀ ਤੋਂ ਵੱਧ ਕਿਸੇ ਨਾਲ ਪਿਆਰ ਨਹੀਂ। ਇਸ ਛਵੀ ਨੂੰ ਤਿੜਕਦੀ ਦੇਖ ਮੋਦੀ ਘਬਰਾਹਟ ਵਿੱਚ ਉਸ ਮੈਦਾਨ ਵਿੱਚ ਕੁੱਦ ਪਏ ਜਿਸ ਦੇ ਖੇਡ ਦੇ ਨਿਯਮ ਉਹ ਨਹੀਂ ਜਾਣਦੇ ਸਨ। ਨੌਜਵਾਨ ਉਨ੍ਹਾਂ ਨੂੰ ਇੰਸਟਾਗ੍ਰਾਮ ਦੇ ਮੈਦਾਨ ਵਿੱਚ ਘਸੀਟ ਲਿਆਏ। ਇਸ ਭੁਲੇਖੇ ਵਿੱਚ ਕਿ ਉਹ ਲਫ਼ਾਜ਼ੀ (ਫ਼ੋਕੀ ਬਿਆਨਬਾਜ਼ੀ) ਦੇ ਉਸਤਾਦ ਹਨ, ਮੋਦੀ ਨੇ ਇੰਸਟਾਗ੍ਰਾਮ ’ਤੇ ਨੌਜਵਾਨਾਂ ਨੂੰ ‘ਫ਼੍ਰੈਂਡਜ਼’ ਕਹਿ ਕੇ ਵੀਡੀਓ ਬਣਾਇਆ। ਚਾਰੇ ਪਾਸਿਓਂ ਜਵਾਬ ਆਇਆ— ‘ਅਸੀਂ ਤੁਹਾਡੇ ਫਰੈਂਡ ਨਹੀਂ ਹਾਂ।’
ਨਰਿੰਦਰ ਮੋਦੀ ਨੂੰ ਇਸ ਹਮਲੇ ਨੇ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਇਸ ਨੂੰ ਫੈਲਣ ਤੋਂ ਰੋਕਣਾ ਜ਼ਰੂਰੀ ਸੀ, ਇਸ ਤੋਂ ਪਹਿਲਾਂ ਕਿ ਇਹ ਵਾਵਰੋਲੇ ਵਿੱਚ ਬਦਲ ਕੇ ਉਨ੍ਹਾਂ ਨੂੰ ਉਖਾੜ ਸੁੱਟੇ। ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਮੋਦੀ ਦੇ ਖ਼ਿਲਾਫ਼ ਨਫ਼ਰਤ ਦੇ ਇਸ ਹੜ੍ਹ ਨੂੰ ਰੋਕਣ ਦੀ ਇੱਕ ਬੌਂਦਲੀ ਹੋਈ ਕੋਸ਼ਿਸ਼ ਸੀ।
ਅਜੇ ਜੰਤਰ-ਮੰਤਰ ਖ਼ਾਲੀ ਹੋ ਗਿਆ ਹੈ। ਪਰ ਮੋਦੀ ਦੇ ਖ਼ਿਲਾਫ਼ ਨੌਜਵਾਨਾਂ ਦੀ ਇਹ ਮੁਹਿੰਮ ਉਨ੍ਹਾਂ ਦੇ ਇਕੱਲੇ ਕਮਰਿਆਂ ਵਿੱਚ ਵੀ ਜਾਰੀ ਰਹੇਗੀ। ਨੌਜਵਾਨਾਂ ਨੇ ਨਰਿੰਦਰ ਮੋਦੀ ਦਾ ਘਮੰਡ ਤੋੜ ਦਿੱਤਾ ਹੈ। ਇਹ ਭਾਰਤੀ ਲੋਕਤੰਤਰ ਲਈ ਇੱਕ ਚੰਗੀ ਖ਼ਬਰ ਹੈ।











Comments (0)