ਤੂੜੀ ਦੀ ਕੰਡ
ਕੁਲਵੰਤ ਘੋਲੀਆ
ਆਖ਼ਰੀ ਹੰਭਲਾ ਮਾਰ ਬਿੰਦਰ ਨੇ ਪੰਡ ਸਿਰ ’ਤੇ ਧਰ ਲਈ। ਇੱਕ ਹੱਥ ਪੰਡ ਨੂੰ ਤੇ ਦੂਜਾ ਲੱਕ ’ਤੇ ਧਰ ਸਿੱਧਾ ਖਲੋ ਗਿਆ। ‘‘ਲੱਗਦਾ ਅੱਜ ਤਾਂ ਆਥਣ ਵੀ ਸਾਰਾ ਦਿਨ ਸਿਰ ’ਤੇ ਪੰਡਾਂ ਨਾਲ ਹੀ ਹੋਈ ਲੱਗਦੀ ਐ ਬਿੰਦਰ ਸਿੰਹਾਂ।’’ ਸਿਰ ਤੋਂ ਖਿਸਕ ਅੱਖਾਂ ਤੇ ਮੱਥੇ ਉੱਤੇ ਢਲਕੇ ਪਰਨੇ ਵਿੱਚੋਂ ਬਿੰਦਰ ਨੇ ਭਰਵੱਟਿਆਂ ਨੂੰ ਦੋ-ਤਿੰਨ ਵਾਰ ਉਤਾਂਹ-ਠਾਂਹ ਜਿਹਾ ਕਰ ਉੱਡਦੀ ਧੂੜ ਵਿੱਚੋਂ ਇਹ ਗੱਲ ਪੁੱਛਣ ਵਾਲੇ ਦੀ ਮਸਾਂ ਪਛਾਣ ਕੱਢੀ ਕਿ ਇਹ ਤਾਂ ਉਸ ਦਾ ਜਮਾਤੀ ਸਰਦਾਰਾਂ ਦਾ ਨਰੈਣ ਸਿੰਹੁ ਹੈ। ਉਸ ਨੂੰ ਪਛਾਣ ਕੇ ਬੋਲਿਆ, ‘‘ਆਹੋ ਆਹੋ ਸਰਦਾਰਾ, ਸਾਡੀ ਆਥਣ ਸਵੇਰ ਹੋਰਾਂ ਨਾਲੋਂ ਵੱਖਰੀ ਹੀ ਚੜ੍ਹਦੀ-ਛਿਪਦੀ ਏ।’’
‘‘ਵੇਖ ਲੈ ਬਿੰਦਰਾ, ਸਮਾਂ ਕਿਵੇਂ ਖੰਭ ਲਾ ਕੇ ਉੱਡ ਜਾਂਦੈ। ਹਾਲੇ ਕੱਲ੍ਹ ਹੀ ਤਾਂ ਚੜ੍ਹਦੀ ਜਵਾਨੀ ਦੀਆਂ ਗੱਲਾਂ ਹੁੰਦੀਆਂ ਸਨ। ਕਾਲੇ ਸ਼ਾਹ ਨਾਗ ਦੀ ਪੂਛ ਵਰਗੀਆਂ ਮੁੱਛਾਂ ਕਿਸੇ ਵਿਰਲੇ ਟਾਵੇਂ ਮੁੰਡੇ ਦੇ ਹੀ ਬਣਦੀਆਂ ਸੀ। ਤੇਰੀਆਂ ਲਾਲ ਸੁਰਖ ਅੱਖਾਂ ਵਿੱਚੋਂ ਜਿਵੇਂ ਸੂਰਜ ਚੜ੍ਹਦਾ ਹੋਵੇ। ਟ੍ਹੌਰ ਹੁੰਦੀ ਸੀ ਤੇਰੀ ਬਿੰਦਰ ਸਿੰਹਾਂ।’’
‘ਆਹੋ ਸਰਦਾਰਾ, ਬੱਸ ਸਮੇਂ ਸਮੇਂ ਦੀਆਂ ਗੱਲਾਂ ਨੇ। ਬਾਕੀ ਆਪੋ-ਆਪਣੇ ਕਰਮ। ਬੰਦਾ ਤਾਂ ਜ਼ੋਰ ਬਥੇਰਾ ਲਾਉਂਦੈ, ਪਰ ਆਹ ਜੀਅ ਦਾ ਜੰਜਾਲ ਬਣੀ ਗ਼ਰੀਬੀ ਪੀੜ੍ਹੀਆਂ ਤੱਕ ਰੋਲ ਛੱਡਦੀ ਐ, ਸਰਦਾਰਾ। ਬੰਦਾ ਐਸੀ ਘੁੰਮਣਘੇਰੀ ’ਚ ਫਸਦੈ ਕਿ ਸਾਰੀ ਉਮਰ ਪੈਰ ਨਹੀਂ ਲੱਗਦੇ।’’ ਬਿੰਦਰ ਨੇ ਸਿਰੋਂ ਲਾਹ ਕੇ ਤੂੜੀ ਦੀ ਪੰਡ ਕੋਠੇ ਅੰਦਰ ਖੋਲ੍ਹ ਦਿੱਤੀ। ਤੂੜੀ ਕਰਕੇ ਚਾਰੇ ਪਾਸੇ ਗਰਦਾ ਹੋ ਗਿਆ। ਜਦੋਂ ਬਿੰਦਰ ਨੇ ਅੱਖਾਂ ਮੂਹਰੇ ਦੋ-ਤਿੰਨ ਵਾਰ ਹੱਥ ਮਾਰ ਧੂੜ ਨੂੰ ਹਟਾ ਕੇ ਵੇਖਿਆ ਤਾਂ ਸਰਦਾਰ ਆਪਣੇ ਰਾਹ ਵੱਲ ਹੋ ਤੁਰਿਆ ਸੀ।
ਆਥਣ ਵੀ ਗੂੜ੍ਹੀ ਹੋ ਗਈ ਸੀ। ਘਰ ਵੜਦਿਆਂ ਕੰਧੋਲੀ ਦੇ ਨਾਲ ਕਿੱਲੀ ’ਤੇ ਟੰਗਿਆ ਛੋਟਾ ਜਿਹਾ ਸ਼ੀਸ਼ਾ, ਜਿਵੇਂ ਅੱਜ ਬਿੰਦਰ ਨੂੰ ਆਵਾਜ਼ ਮਾਰ ਰਿਹਾ ਹੋਵੇ। ਸਰਦਾਰ ਦੀ ਕਹੀ ਗੱਲ ਵਾਰ-ਵਾਰ ਉਸ ਦੇ ਦਿਮਾਗ਼ ਵਿੱਚ ਘੁੰਮ ਰਹੀ ਸੀ। ‘ਕਾਲੇ ਸ਼ਾਹ ਨਾਗ ਦੀ ਪੂਛ ਵਰਗੀਆਂ ਮੁੱਛਾਂ’ ਵਾਲੀ ਗੱਲ ਨੇ ਬਿੰਦਰ ਨੂੰ ਕਿਸੇ ਸਰੂਰ ਨਾਲ ਭਰ ਦਿੱਤਾ।
ਹਿੱਕ ਚੌੜੀ ਕਰ ਬਿੰਦਰ ਸ਼ੀਸ਼ੇ ਮੂਹਰੇ ਖਲੋ ਗਿਆ। ਉਸ ਨੇ ਅੱਜ ਬੜੀ ਡੂੰਘੀ ਨਜ਼ਰ ਨਾਲ ਸ਼ੀਸ਼ਾ ਵੇਖਿਆ, ਜਿਵੇਂ ਸਰਦਾਰ ਦੀਆਂ ਆਖੀਆਂ ਗੱਲਾਂ ਨੂੰ ਕਿਸੇ ਕੋਨੇ ਵਿੱਚੋਂ ਭਾਲ ਰਿਹਾ ਹੋਵੇ। ਮਨ ਖ਼ੁਸ਼ੀ ਨਾਲ ਭਰ ਗਿਆ। ਜਵਾਨੀ ਫਿਰ ਪਰਤ ਆਈ ਜਾਪੀ। ਅੱਖਾਂ ਵਿੱਚ ਸੂਰਜ ਚੜ੍ਹ ਆਇਆ ਤੇ ਮੁੱਛਾਂ ’ਤੇ ਹੱਥ ਦੇ ਮਾਰਿਆ। ‘ਗੱਲਾਂ ਤਾਂ ਹੋਣੀਆਂ ਹੀ ਸੀ ਬਿੰਦਰ ਸਿੰਹਾਂ,’ ਅੰਦਰੋਂ ਅੰਦਰੀ ਕਿੰਨੇ ਹੀ ਖ਼ਿਆਲ ਆ ਜਾ ਰਹੇ ਸਨ।
ਮੁੱਛਾਂ ਤੋਂ ਹੱਥ ਹਟਾ ਕੇ ਦਾੜ੍ਹੀ ਵਿੱਚ ਮਾਰਿਆ। ਉਹ ਕਾਲੇ ਨਾਗ ਦੀ ਪੂਛ ਵਰਗੀਆਂ ਮੁੱਛਾਂ, ਅੱਧ ਚਿੱਟੀ ਦਾੜੀ ਨਾਲ ਹੀ ਕਿਧਰੇ ਇੱਕ-ਮਿੱਕ ਹੋ ਗਈਆਂ। ਚੜ੍ਹੀ ਜਵਾਨੀ ਦੀ ਲੋਰ ਇਕਦਮ ਆਥਣ ਵਾਂਗ ਢਲ ਗਈ।
ਦਾੜੀ ਵਿੱਚੋਂ ਉੱਡ ਤੂੜੀ ਦੀ ਕੰਡ ਨੇ ਜਿਵੇਂ ਲਾਲ ਸੁਰਖ ਅੱਖਾਂ ਵਿੱਚ ਵੜ, ਕੁਝ ਪਲ ਲਈ ਚੜ੍ਹੇ ਸੂਰਜ ਨੂੰ ਡੋਬ ਦਿੱਤਾ ਹੋਵੇ।


Comments (0)