ਕੀ ਖ਼ਾਲਿਸਤਾਨੀ ਲਹਿਰ ਕੇ.ਪੀ.ਐੱਸ. ਗਿੱਲ ਕਾਰਨ ਖ਼ਤਮ ਹੋਈ?

ਕੀ ਖ਼ਾਲਿਸਤਾਨੀ ਲਹਿਰ ਕੇ.ਪੀ.ਐੱਸ. ਗਿੱਲ ਕਾਰਨ ਖ਼ਤਮ ਹੋਈ?

ਡਾ. ਪਰਮਿੰਦਰ ਸਿੰਘ ਸ਼ੌਂਕੀ
ਹਾਲਾਂਕਿ ਖ਼ਾਲਿਸਤਾਨੀ ਲਹਿਰ ਦੇ ਖ਼ਤਮ ਹੋਣ ਦਾ ਤਰਕ ਆਪਣੇ-ਆਪ ਵਿੱਚ ਬੇਹੂਦਾ ਹੈ, ਪਰ ਸਾਧਾਰਨ ਤੌਰ ’ਤੇ ਇਹ ਆਖਿਆ ਜਾਂਦਾ ਹੈ, ਖ਼ਾਸ ਕਰਕੇ ਹਿੰਦੂਤਵੀ ਭੀੜ ਵੱਲੋਂ ਕਿ ਪੰਜਾਬ ਅੰਦਰ ਸ਼ਾਂਤੀ ਇਸ ਕਾਰਨ ਆਈ ਕਿ ਕੇ.ਪੀ.ਐੱਸ. ਗਿੱਲ ਤੋਂ ਖਾੜਕੂ/ਖ਼ਾਲਿਸਤਨੀ ਡਰਨ ਲੱਗ ਪਏ ਸੀ. ਉਨ੍ਹਾਂ ਨੇ ਡਰਦਿਆਂ ਹੀ ਆਤਮ-ਸਮਰਪਣ ਕਰ ਦਿੱਤੇ, ਗਿੱਲ ਨੇ ਜੇਕਰ ਖ਼ਾਲਿਸਤਾਨੀ ਨਾ ਮਾਰੇ ਹੁੰਦੇ ਤਾਂ ਪੰਜਾਬ ਵਿੱਚ ਸ਼ਾਂਤੀ ਨਹੀਂ ਸੀ ਆਉਣੀ - ਵਗੈਰਾ-ਵਗੈਰਾ.
ਪਹਿਲੀ ਗੱਲ ਤਾਂ ਇਸ ਪੱਖ ਤੋਂ ਸਾਨੂੰ ਇਹ ਸਮਝਣੀ ਪਏਗੀ ਕਿ 90ਵਿਆਂ ਦੇ ਦੌਰ ਵਿੱਚ ਪੰਜਾਬ ਅੰਦਰ ਜੋ ਕੁਝ ਵਾਪਰ ਰਿਹਾ ਸੀ, ਉਹ ਸਪਸ਼ਟ ਰੂਪ ਵਿੱਚ ਸੱਤਾ ਦੀ ਅਰਾਜਕਤਾ ਸੀ. ਜਿਸ ਕਾਰਨ ਖਾੜਕੂ ਧਿਰਾਂ ਜਿਆਦਾਤਰ ਉਨ੍ਹਾਂ ਪੁਲਿਸ ਵਾਲਿਆਂ ਤੋਂ “ਬਦਲਾ” ਲੈਣ ਤੁਰ ਪਈਆਂ ਸਨ, ਜਿਨ੍ਹਾਂ ਨੇ ਨੌਕਰੀ ਦੀ ਮਰਯਾਦਾ ਭੁੱਲ ਕੇ ਇਸ ਦੌਰ ਨੂੰ ਤਰੱਕੀਆਂ ਅਤੇ ਪੈਸੇ ਕਮਾਉਣ ਦਾ ਸਾਧਨ ਸਮਝ ਲਿਆ ਸੀ. ਪੰਜਾਬ ਪੁਲਿਸ ਅੰਦਰ ਵੀ ਉਹ ਲੋਕ ਖਾੜਕੂਆਂ ਦਾ ਵਧੇਰੇ ਨਿਸ਼ਾਨਾ ਬਣੇ, ਜਿਨ੍ਹਾਂ ਨੇ ਆਮ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ. ਹਾਲਾਂਕਿ ਇਸ ਦੌਰ ਵਿੱਚ ਲੋਕਾਂ ਨੇ ਆਪਣੀਆਂ ਜ਼ਮੀਨਾਂ ਤਕ ਵੇਚ ਕੇ ਪੁਲਿਸ ਵਾਲਿਆਂ ਨੂੰ ਰਿਸ਼ਵਤਾਂ ਦਿੱਤੀਆਂ, ਪਰ ਬਦਲੇ ਵਿੱਚ ਉਨ੍ਹਾਂ ਨੂੰ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਵੀ ਨਾ ਮਿਲੀਆਂ. ਉਸ ਦੌਰ ਵਿੱਚ ਪੁਲਿਸ ਨਾ ਕਿਸੇ ਮੰਤਰੀ ਦੀ ਸੁਣਦੀ ਸੀ, ਨਾ ਨੇਤਾ ਦੀ। ਆਮ ਚਰਚਾ ਇਹ ਹੁੰਦੀ ਸੀ ਕਿ ਸ਼ਾਇਦ ਪੁਲਿਸ ਦੇ ਉੱਚ ਅਧਿਕਾਰੀ ਕੋਈ ਬਚਾਅ ਕਰ ਸਕਦੇ ਹਨ, ਪਰ ਉੱਚ ਅਧਿਕਾਰੀਆਂ ਦੇ ਮੁੰਡੇ ਵੀ ਪੁਲਿਸ ਨੇ ਨਜਾਇਜ਼ ਕੇਸਾਂ ਵਿੱਚ ਫ਼ਸਾ ਕੇ ਮਾਰ ਛੱਡੇ ਸੀ। ਫ਼ੌਜ ਤੋਂ ਲੈ ਕੇ ਪੁਲਿਸ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲਿਆਂ ਨੂੰ ਪੁਲਿਸ ਨੇ ਸ਼ਰੇਆਮ ਨਿਸ਼ਾਨਾ ਬਣਾਇਆ ਤੇ ਕਿਤੇ ਵੀ ਕਿਸੇ ਦੀ ਕੋਈ ਸੁਣਵਾਈ ਨਾ ਹੋਈ. ਇਸ ਅਰਾਜਕਤਾ ਭਰੇ ਦੌਰ ਅੰਦਰ ਖਾੜਕੂਆਂ ਨੇ ਜੋ ਪੁਲਿਸ ਵਾਲੇ ਮਾਰੇ, ਉਨ੍ਹਾਂ ਵਿੱਚੋਂ ਇੱਕ ਵੀ ਬੇਦੋਸ਼ਾ ਜਾਂ ਇਮਾਨਦਾਰ ਨਹੀਂ ਸੀ. ਇਹ ਗੱਲ ਰਿਕਾਰਡ ਵਿੱਚ ਦਰਜ ਹੈ।
ਪੰਜਾਬ ਪੁਲਿਸ ਦੇ ਅਮਾਨਵੀ ਕਾਰਨਾਮਿਆਂ ਦੀ ਰਿਪੋਰਟ ਸ. ਇੰਦਰਜੀਤ ਸਿੰਘ ਜੇਜੀ ਨੇ ਯੂ.ਐੱਨ.ਓ. ਨੂੰ ਭੇਜੀ ਸੀ, ਜਿਸ ਦਾ ਪੰਜਾਬੀ ਅਤੇ ਅੰਗਰੇਜ਼ੀ ਸੰਸਕਰਨ “ਰੀਥਿੰਕ ਬੁਕਸ” ਨੇ ਪ੍ਰਕਾਸ਼ਿਤ ਕੀਤਾ ਹੈ, ਉਹ ਇਸ ਸੰਬੰਧੀ ਇੱਕ ਮਹੱਤਵਪੂਰਨ ਦਸਤਾਵੇਜ ਹੈ। ਇਸ ਬਾਰੇ ਸਿਟੀਜਨ ਫ਼ਾਰ ਡੈਮੋਕਰੇਸੀ ਦੀ ਰਿਪੋਰਟ“ਪੰਜਾਬ ’ਚ ਜ਼ੁਲਮ”ਵੀ ਧਿਆਨ ਮੰਗਦੀ ਹੈ, ਜਿਸ ਦਾ ਪੰਜਾਬੀ ਅਨੁਵਾਦ ਮੈਂ ਕੀਤਾ ਹੈ ਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ “ਰੀਥਿੰਕ ਬੁਕਸ” ਨੇ ਹੀ ਪ੍ਰਕਾਸ਼ਿਤ ਕੀਤੀ ਹੈ. ਇਹ ਰਿਪੋਰਟਾਂ ਸਾਨੂੰ ਸਾਫ਼ ਕਰਦੀਆਂ ਹਨ ਕਿ ਉਸ ਦੌਰ ਅੰਦਰ, ਜਦੋਂ ਕੇ.ਪੀ.ਐੱਸ. ਗਿੱਲ ਪੰਜਾਬ ਦਾ ਡੀ.ਜੀ.ਪੀ. ਬਣਾਇਆ ਜਾਂਦਾ ਹੈ, ਉਸ ਵਕਤ ਪੰਜਾਬ ਪੁਲਿਸ ਅਤੇ ਸੀ.ਆਰ.ਪੀ.ਐੱਫ਼. ਕਿਸੇ ਵੀ ਅੱਗੇ ਜੁਆਬਦੇਹ ਨਹੀਂ ਸਨ. ਇਸ ਲਈ ਗਿੱਲ ਨੇ ਪੰਜਾਬ ਪੁਲਿਸ ਵਿੱਚ ਜੋ ਬਦਲਾਅ ਲਿਆਂਦਾ ਸੀ, ਉਹ ਇਹ ਸੀ ਕਿ ਉਸ ਨੇ ਪੁਲਿਸ ਨੂੰ ਬੇਲਗ਼ਾਮੀ ਦੇ ਨਾਲ-ਨਾਲ ਪਸ਼ੂ-ਬਿਰਤੀ ਧਾਰਨ ਕਰਨ ਦੀ ਖੁੱਲ੍ਹ ਦਿੱਤੀ। ਬੀਕੋ ਤੋਂ ਲੈ ਕੇ ਮਾਲ ਮੱਡੀ ਅਤੇ ਲੱਡਾ ਕੋਠੀ ਦੇ ਤਸੀਹਾ ਕੇਂਦਰ ਇਸ ਗੱਲ ਦੇ ਅੱਜ ਵੀ ਗਵਾਹ ਹਨ ਕਿ ਪੰਜਾਬ ਪੁਲਿਸ ਖਾੜਕੂਵਾਦ ਖ਼ਤਮ ਨਹੀਂ ਕਰ ਰਹੀ ਸੀ, ਬਲਕਿ ਖਾੜਕੂਵਾਦ ਦੇ ਨਾਮ ’ਤੇ ਆਪਣਾ ਭਵਿੱਖ ਸਿਰਜ ਰਹੀ ਸੀ. ਜਿਸ ਕਾਰਨ ਪੁਲਿਸ ਦੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਕਿੰਨੇ ਹੀ ਆਮ ਘਰਾਂ ਦੇ ਮੁੰਡੇ ਹਥਿਆਰਬੰਦ ਲਹਿਰ ਵਿੱਚ ਕੁੱਦ ਪਏ, ਸਨ ਜਿਨ੍ਹਾਂ ਵਿੱਚੋਂ ਕਈ ਬਾਅਦ ਵਿੱਚ ਆਤਮ-ਸਮਰਪਣ ਕਰ ਗਏ।
ਜਿੱਥੋਂ ਤਕ ਇਸ ਦੌਰ ਵਿੱਚ ਕੇ.ਪੀ.ਐੱਸ. ਗਿੱਲ ਨੂੰ ਸਮਝਣ ਦਾ ਸਵਾਲ ਹੈ ਤਾਂ ਉਸ ਪੱਖ ਤੋਂ ਇਹ ਧਿਆਨ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ ਕਿ ਗਿੱਲ ਪੰਜਾਬ ਤੋਂ ਸੰਚਾਲਿਤ ਨਹੀਂ ਸੀ ਹੋ ਰਿਹਾ, ਹਾਲਾਂਕਿ ਬੇਅੰਤ ਸਿੰਘ ਸਰਕਾਰ ਦਾ ਉਸ ਨੂੰ ਥਾਪੜਾ ਸੀ, ਪਰ ਉਸ ਉੱਪਰ ਦਿੱਲੀ ਹਕੂਮਤ ਦਾ ਸਿੱਧਾ ਹੱਥ ਸੀ. ਜੋ ਜੱਟ ਬਨਾਮ ਜੱਟ ਬਣਾ ਕੇ ਇਸ ਲਹਿਰ ਨੂੰ ਮਹਿਜ ਪੰਜਾਬ ਦੀ ਸਮੱਸਿਆ ਬਣਾਉਣਾ ਚਾਹੁੰਦੀ ਸੀ, ਨਾ ਕਿ ਭਾਰਤ ਦੀ। ਇਹ ਭਾਰਤੀ ਹਕੂਮਤ ਦੇ ਇਸ ਨੀਤੀਗਤ ਪੈਂਤੜੇ ਦਾ ਹੀ ਕਮਾਲ ਹੈ ਕਿ ਸਮੁੱਚੀ ਪੰਜਾਬੀ ਬੌਧਿਕਤਾ ਅੰਦਰ ਅੱਜ ਇਸ ਦੌਰ ਨੂੰ ਸਿਰਫ਼ “ਪੰਜਾਬ ਸੰਕਟ” ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ, ਜਦਕਿ ਇਹ ਭਾਰਤੀ ਹਕੂਮਤ ਨਾਲ ਪੰਜਾਬ ਦੇ ਸੰਘਰਸ਼ ਦਾ ਦੌਰ ਸੀ। ਜਿਸ ਵਿੱਚ ਗਿੱਲ ਨੇ ਨਾ ਸਿਰਫ਼ ਖਾੜਕੂਆਂ ਨੂੰ ਮਾਰਿਆ, ਬਲਕਿ ਉਨ੍ਹਾਂ ਦੇ ਬੇਕਸੂਰ ਪਰਿਵਾਰਾਂ ਦਾ ਕਤਲ ਵੀ ਕੀਤਾ। ਅਜਿਹਾ ਕਰਕੇ ਉਹ ਖਾੜਕੂਆਂ ਨੂੰ ਖਤਮ ਕਰਨ ਦਾ ਕਾਰਜ ਸੰਪੂਰਨ ਕਰਨਾ ਚਾਹੁੰਦਾ ਸੀ, ਪਰ ਖਾੜਕੂ ਲਹਿਰ ਉਸ ਦੇ ਕਾਰਨ “ਖ਼ਤਮ” ਨਹੀਂ ਹੋਈ, ਸਗੋਂ ਇਸ ਦੇ ਉਸ ਰੂਪ ਵਿੱਚ ਮੌਜੂਦ ਨਾ ਰਹਿਣ ਦਾ ਵੱਡਾ ਕਾਰਨ ਖਾੜਕੂਆਂ ਵੱਲੋਂ ਬੇਅੰਤ ਸਿੰਘ ਦਾ ਕਤਲ ਸੀ। ਸਾਲ 1995 ਵਿੱਚ ਜੇਕਰ ਬੇਅੰਤ ਸਿੰਘ ਨੂੰ ਨਾ ਮਾਰਿਆ ਜਾਂਦਾ ਤਾਂ ਯਕੀਨਨ ਇਹ ਲਹਿਰ ਇਸੇ ਰੂਪ ਵਿੱਚ ਹੋਰ ਲੰਮਾ ਸਮਾਂ ਚੱਲਣੀ ਸੀ, ਪਰ ਬੇਅੰਤ ਸਿੰਘ ਸਰਕਾਰ ਤੋਂ ਬਾਅਦ ਸ. ਹਰਚਰਨ ਸਿੰਘ ਨੇ ਕੇਂਦਰ ਸਰਕਾਰ ਅੱਗੇ ਨਾ ਝੁਕਣ ਦੀ ਆਪਣੀ ਨੀਤੀ ’ਤੇ ਚੱਲਦਿਆਂ ਪੁਲਿਸ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਪ੍ਰਕਾਰ ਖਾੜਕੂਆਂ ਦੀਆਂ ਕਾਰਵਾਈਆਂ ਵੀ ਹੌਲੀ-ਹੌਲੀ ਘਟਣ ਲੱਗੀਆਂ ਸਨ, ਹਾਲਾਂਕਿ ਉਨ੍ਹਾਂ ਦੇ ਮਨ ’ਚ ਪੁਲਿਸ ਪ੍ਰਤੀ ਗੁੱਸਾ ਉਸੇ ਮਾਤਰਾ ’ਚ ਸਰਗਰਮ ਸੀ।
ਅੱਜ ਹਾਲਾਂਕਿ ਕੇ.ਪੀ.ਐੱਸ. ਗਿੱਲ ਨੂੰ ਹਿੰਦੂਤਵੀ ਭੀੜ ਅਤੇ ਹੋਰਨਾਂ ਦੁਆਰਾ ਸ਼ਾਂਤੀ ਦੇ ਮਸੀਹਾ ਦੇ ਰੂਪ ਵਿੱਚ ਪੂਜਿਆ ਜਾ ਰਿਹਾ ਹੈ, ਪਰ ਉਹ ਕੋਈ ਮਸੀਹਾ ਨਹੀਂ ਸੀ ਤੇ ਨਾ ਹੀ ਉਸ ਦੀ ਬਦੌਲਤ ਪੰਜਾਬ ਅੰਦਰ ਸ਼ਾਂਤੀ ਆਈ ਸੀ। ਗਿੱਲ ਇੱਕ ਬੁਜਦਿਲ ਪੁਲਿਸ ਅਧਿਕਾਰੀ ਸੀ, ਜੋ ਆਪਣੇ ਅਧੀਨ ਪੁਲਿਸ ਵਾਲਿਆਂ ਨੂੰ ਕਾਰਵਾਈਆਂ ਕਰਨ ਦੀ ਖੁੱਲ੍ਹ ਦਿੰਦਾ ਸੀ, ਆਪ ਬਹੁਤ ਘੱਟ ਸਿੱਧੇ ਰੂਪ ਵਿੱਚ ਕਿਸੇ ਕਾਰਵਾਈ ਅੰਦਰ ਸ਼ਾਮਲ ਹੁੰਦਾ ਸੀ, ਕਿਉਂਕਿ ਉਸ ਨੂੰ ਅਜਿਹੀ ਕਿਸੇ ਕਾਰਵਾਈ ਵਿੱਚ ਮਾਰੇ ਜਾਣ ਦਾ ਬਹੁਤ ਡਰ ਰਹਿੰਦਾ ਸੀ। ਇੱਕ ਸਾਬਕਾ ਖਾੜਕੂ ਅਨੁਸਾਰ ਗਿੱਲ ਖੁਦ ਵੀ ਖਾੜਕੂਆਂ ਨੂੰ ਬਹੁਤ ਘੱਟ ਤਸੀਹੇ ਦਿੰਦਾ ਸੀ। ਇਸ ਕੰਮ ਲਈ ਉਹ ਅਜੀਤ ਸਿੰਘ ਸੰਧੂ ਵਰਗੇ ਅਧਿਕਾਰੀਆਂ ਨੂੰ ਰੱਖਦਾ ਸੀ, ਜਿਸ ਦੀ ਮੌਤ ਤੋਂ ਬਾਅਦ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਉਸ ਦੇ ਡਰ ਨੂੰ ਸਾਬਤ ਕਰਦੀ ਹੈ।
ਅਜੀਤ ਸਿੰਘ ਸੰਧੂ ਦੀ ਮੌਤ ਤੋਂ ਬਾਅਦ ਡਰੇ ਹੋਏ ਗਿੱਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਪੂਰੇ ਭਾਰਤ ਤੋਂ ਪੰਜਾਬ ਪੁਲਿਸ ਦੇ ਹੱਕ ਵਿੱਚ ਖੜਨ ਲਈ ਲਗਭਗ ਰੋਣਹਾਕੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਤਵਲੀਨ ਸਿੰਘ ਵਰਗੀਆਂ ਪੱਤਰਕਾਰ ਬੀਬੀਆਂ ਨੇ ਪੰਜਾਬ ਪੁਲਿਸ ਦੇ ਵਹਿਸ਼ੀ ਰੂਪ ਨੂੰ ਭਾਰਤ ਦੀ ਅਖੰਡਤਾ ਲਈ ਜ਼ਰੂਰੀ ਲਿਖਿਆ ਸੀ। ਸੰਧੂ ਦੀ ਮੌਤ ਤੋਂ ਬਾਅਦ ਗਿੱਲ ਲਗਭਗ ਨਿਰਾਸ਼ ਹੋ ਚੁੱਕਾ ਸੀ।  ਉਸ ਨੇ ਭਾਰਤੀ ਪ੍ਰਧਾਨ ਮੰਤਰੀ ਗੁਜਰਾਲ ਨੂੰ ਪੁਲਿਸ ਦੀ ਰੱਖਿਆ ਹਿਤ ਇੱਕ ਖ਼ਤ ਵੀ ਲਿਖਿਆ ਸੀ, ਜੋ ਉਸ ਦੀ ਨਿਰਾਸ਼ਾ ਤੇ ਹਾਰ ਦਾ ਪ੍ਰਤੀਕ ਹੈ। ਉਹ ਜੁਆਬਦੇਹੀ ਤੋਂ ਵੀ ਬਹੁਤ ਡਰਦਾ ਸੀ। ਜਿਸ ਵਕਤ ਪੰਜਾਬ ਪੁਲਿਸ ਉੱਪਰ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਂਗਲ ਉਠਾਉਣੀ ਸ਼ੁਰੂ ਕੀਤੀ, ਉਸ ਵਕਤ ਉਸ ਨੇ ਸਾਰੇ ਦੋਸ਼ਾਂ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਦ ਕਿ ਜੇਕਰ ਉਹ ਦਲੇਰ ਕਿਸਮ ਦਾ ਬੰਦਾ ਹੁੰਦਾ ਤਾਂ ਸਾਫ਼ ਕਹਿ ਸਕਦਾ ਸੀ ਕਿ ਇਹ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਹੈ, ਪਰ ਉਹ ਪੁਲਿਸ ਦੀ ਅਮਾਨਵੀਅਤਾ ਨੂੰ ਸਹਿਮਤੀ ਦੇ ਕੇ ਉਸ ਨੂੰ ਸਵੀਕਾਰਨ ਤੋਂ ਹਮੇਸ਼ਾ ਭੱਜਦਾ ਰਿਹਾ। ਇਸ ਪੱਖ ਤੋਂ ਉਸ ਦੇ ਬਾਰੇ ਬਹੁਤ ਸਾਰੇ ਤੱਥ ਤੇ ਦਲੀਲਾਂ ਮੌਜੂਦ ਹਨ ਕਿ ਉਹ ਇੱਕ ਪਿਆਦੇ ਤੋਂ ਵੱਧ ਕੁਝ ਨਹੀਂ ਸੀ, ਜਿਸ ਨੂੰ ਭਾਰਤੀ ਹਕੂਮਤ ਨੇ ਖਾੜਕੂਵਾਦ ਵਿੱਚ ਇਸ ਲਈ ਵਰਤਿਆ ਤਾਂ ਜੋ ਇਹ ਲੜਾਈ ਪੰਜਾਬ ਬਨਾਮ ਭਾਰਤ ਨਾ ਬਣ ਸਕੇ। ਭਾਰਤੀ ਹਕੂਮਤ ਇਸ ਪੱਖ ਤੋਂ ਕਾਮਯਾਬ ਵੀ ਰਹੀ ਹੈ।
ਹਾਲਾਂਕਿ ਜੋ ਲੋਕ ਗਿੱਲ ਨੂੰ ਪੰਜਾਬ ਦਾ ਹੀਰੋ ਬਣਾ ਰਹੇ ਹਨ, ਮੈਂ ਸਮਝਦਾ ਹਾਂ, ਉਹ ਵਾਕਈ ਉਨ੍ਹਾਂ ਦਾ ਹੀਰੋ ਹੈ, ਕਿਉਂਕਿ ਬੁਜ਼ਦਿਲੀ ਦੇ ਤਹਿਤ ਪੂਰੀ ਹਕੂਮਤ ਦੀ ਸ਼ਹਿ ਤੇ ਬੇਗੁਨਾਹਾਂ ਦਾ ਕਤਲ ਕਰਨਾ ਹਿੰਦੂਤਵ ਦਾ ਪ੍ਰਮੁੱਖ ਪਛਾਣ ਚਿੰਨ੍ਹ ਹੈ. ਗਿੱਲ ਉਸੇ ਪਛਾਣ-ਚਿੰਨ੍ਹ ਦਾ ਧਾਰਨੀ ਸੀ। ਗਿੱਲ ਯਕੀਨਨ ਹਿੰਦੂਤਵੀਆਂ ਦਾ ਹੀਰੋ ਹੋਣਾ ਚਾਹੀਦਾ ਹੈ, ਕਿਉਂਕਿ ਜਿਵੇਂ ਗਿੱਲ ਧੋਖੇ, ਪਸ਼ੂਨੁਮਾ ਪਹੁੰਚ ਅਤੇ ਲਾਲਚ ਅਧੀਨ ਲੋਕਾਂ ਦਾ ਕਤਲ ਕਰਵਾਉਂਦਾ ਸੀ, ਹਿੰਦੂਤਵ ਬਿਲਕੁਲ ਇਹੀ ਲੋਕਾਂ ਨੂੰ ਸਿਖਾਉਂਦਾ ਹੈ ਕਿ ਆਪਣੇ ਵਿਰੋਧੀ ਨੂੰ ਇਸੇ ਤਰ੍ਹਾਂ ਮਾਰਿਆ ਜਾਣਾ ਚਾਹੀਦਾ ਹੈ, ਪਰ ਗਿੱਲ ਕਾਰਨ ਖਾੜਕੂ ਲਹਿਰ ਖ਼ਤਮ ਹੋਈ, ਇਹ ਇੱਕ ਮੂਰਖਾਨਾ ਤਰਕ ਹੈ। ਓਨਾ ਹੀ ਮੂਰਖਾਨਾ, ਜਿੰਨਾ ਇਹ ਕਿ ਉਸ ਕਾਰਨ ਪੰਜਾਬ ਵਿੱਚ ਸ਼ਾਂਤੀ ਆਈ।
ਜੇਕਰ ਪੰਜਾਬ ਵਿੱਚ ਸ਼ਾਂਤੀ ਹੁੰਦੀ ਤਾਂ ਪੰਜਾਬ ਦੇ ਹਾਲਾਤਾਂ ਕਾਰਨ ਅੱਜ ਵੀ ਪੂਰੇ ਭਾਰਤ ਦਾ ਹਿੰਦੂਤਵੀ ਮਨ ਚੀਕਾਂ ਨਾ ਮਾਰ ਰਿਹਾ ਹੁੰਦਾ ਕਿ ਪੰਜਾਬ ਅੰਦਰ ਹਿੰਦੂ ਸੁਰੱਖਿਅਤ ਨਹੀਂ ਹੈ। ਪੰਜਾਬ ਅੰਦਰ ਇਹ ਸ਼ਾਂਤੀ ਦਰਅਸਲ ਖਾੜਕੂ ਲਹਿਰ ਦੁਆਰਾ ਪੈਦਾ ਕੀਤੇ ਖਲਾਅ ਕਾਰਨ ਹੈ, ਜਿਸ ਦਾ ਜ਼ਿਕਰ ਕਦੀ ਫ਼ਿਰ ਸਹੀ।…