ਕੀ ਭਵਿੱਖ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ?

ਕੀ ਭਵਿੱਖ  ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ?

ਪੰਜਾਬ ਦੀ ਪੰਥਕ ਸਿਆਸਤ ਵਿੱਚ ਤਬਦੀਲੀ ਅਤੇ ‘ਬਾਦਲ ਦਲ’ ਦੇ ਬਦਲ ਵਜੋਂ ਉੱਭਰੇ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਦਾ ਹਸ਼ਰ ਵੀ ਉਹੀ ਹੋਣ ਜਾ ਰਿਹਾ ਹੈ ਜੋ ਅਕਸਰ ਬਿਨਾਂ ਕਿਸੇ ਠੋਸ ਵਿਚਾਰਧਾਰਾ ਅਤੇ ਨਿੱਜੀ ਹਿਤਾਂ ਸਿਰ ਖੜ੍ਹੀਆਂ ਹੋਣ ਵਾਲੀਆਂ ਪਾਰਟੀਆਂ ਦਾ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵਾਇਰਲ ਹੋਇਆ ਤਾਜ਼ਾ ਬਿਆਨ—‘ਸੱਚੇ ਪਾਤਸ਼ਾਹ ਕੋਈ ਬਹਾਨਾ ਬਣਾ ਦਿਓ ਤਾਂ ਜੋ ਫਾਰਗ ਹੋ ਸਕਾਂ’। ਇੰਟਰਵਿਊ ਵਿੱਚ ਉਹ ਕਹਿ ਰਹੇ ਹਨ ਕਿ ਉਹ ਸ਼ਰਤਾਂ ਤਹਿਤ ਅੱਗੇ ਲੱਗੇ ਸਨ ਅਤੇ ਪ੍ਰਧਾਨ ਬਣਨ ਵੇਲ਼ੇ ਦੋ ਗੱਲਾਂ ਕਹੀਆਂ ਸਨ, ਇੱਕ ਦੇਖਿਓ ਕਿਤੇ ਮੇਰੇ ਡਾਹਾ ਨਾ ਪਾ ਦਿਓ ਤੇ ਦੂਜਾ ਇਹ ਨਾ ਹੋਵੇ ਕਿ ਬਾਅਦ ਵਿਚ ਪਿੱਛੇ ਕੋਈ ਬੰਦਾ ਨਾ ਦਿਖੇ । ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਪਿੱਛੇ ਦੇਖਦਾ ਹਾਂ ਨਾ ਸੁਰਜੀਤ ਸਿੰਘ ਰੱਖੜਾ ਦਿਸਦਾ, ਨਾ ਮਨਪ੍ਰੀਤ ਸਿੰਘ ਇਯਾਲੀ, ਨਾ ਸੁਰਿੰਦਰ ਸਿੰਘ ਭੁੱਲੇਰਾਠਾਂ ਜਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ। ਇਸ ਕਰਕੇ ਉਹ ਮੌਕਾ ਭਾਲਦੇ ਹਨ ਕਿ ਬਹਾਨਾ ਬਣਾ ਕੇ ਨਿਕਲ ਜਾਵਾਂ। ਕੋਈ ਸਾਧਾਰਨ ਬੇਨਤੀ ਨਹੀਂ, ਬਲਕਿ ਇੱਕ ਅਜਿਹੀ ਸਿਆਸੀ ਹਾਰ ਦਾ ਪ੍ਰਗਟਾਵਾ ਹੈ ਜਿਸ ਨੇ ਪੰਥਕ ਸਿਆਸਤ ਦੇ ਭਵਿੱਖ ’ਤੇ ਵੱਡੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ। ਜਦੋਂ ਜਹਾਜ਼ ਦਾ ਕਪਤਾਨ ਹੀ ਬਹਾਨੇ ਲੱਭ ਕੇ ਭੱਜਣ ਦੀ ਫ਼ਿਰਾਕ ਵਿੱਚ ਹੋਵੇ, ਤਾਂ ਉਸ ਜਹਾਜ਼ ਦੇ ਡੁੱਬਣ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ।
ਗਿਆਨੀ ਹਰਪ੍ਰੀਤ ਸਿੰਘ ਇੱਕ ਧਾਰਮਿਕ ਸ਼ਖਸੀਅਤ ਵਜੋਂ ਸਤਿਕਾਰਤ ਹੋ ਸਕਦੇ ਹਨ, ਪਰ ਸਿਆਸੀ ਲੀਡਰਸ਼ਿਪ ਲਈ ਜਿਸ ਦ੍ਰਿੜਤਾ, ਰਣਨੀਤੀ ਅਤੇ ‘ਸੰਕਟ ਪ੍ਰਬੰਧਨ’ ਦੀ ਲੋੜ ਹੁੰਦੀ ਹੈ, ਉਸ ਦੀ ਉਨ੍ਹਾਂ ਵਿੱਚ ਸਪੱਸ਼ਟ ਕਮੀ ਦਿਖੀ। ਜਦੋਂ ਉਹ ਖੁਦ ਕਹਿੰਦੇ ਹਨ ਕਿ ‘ਹੁਣ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਕੋਈ ਬੰਦਾ ਦਿਖਾਈ ਨਹੀਂ ਦਿੰਦਾ,’ ਤਾਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਇੱਕ ਪ੍ਰਧਾਨ ਵਜੋਂ ਉਹ ਆਪਣੇ ਸਾਥੀਆਂ ਵਿੱਚ ਭਰੋਸਾ ਕਿਉਂ ਨਹੀਂ ਜਗਾ ਸਕੇ? ਸੀਨੀਅਰ ਆਗੂਆਂ ਦਾ ਇੱਕ-ਇੱਕ ਕਰਕੇ ਸਾਥ ਛੱਡਣਾ ਲੀਡਰਸ਼ਿਪ ਦੀ ਨਾਕਾਮੀ ਦੀ ਸਭ ਤੋਂ ਵੱਡੀ ਉਦਾਹਰਨ ਹੈ।
ਇਸ ਨਵੇਂ ਦਲ ਦੇ ਫੇਲ੍ਹ ਹੋਣ ਦਾ ਸਭ ਤੋਂ ਵੱਡਾ ਕਾਰਨ ਅੰਦਰੂਨੀ ਮਤਭੇਦ ਅਤੇ ਵਿਚਾਰਧਾਰਕ ਸਪੱਸ਼ਟਤਾ ਦਾ ਨਾ ਹੋਣਾ ਹੈ। ਪਾਰਟੀ ਦੇ ਅੰਦਰ ਭਾਰਤੀ ਜਨਤਾ ਪਾਰਟੀ  ਨਾਲ ਗਠਜੋੜ ਕਰਨ ਦੀ ਜੋ ਖਿੱਚ-ਧੂਹ ਚੱਲ ਰਹੀ ਸੀ, ਉਸ ਨੇ ਪੰਥਕ ਵੋਟਰਾਂ ਅਤੇ ਸੀਨੀਅਰ ਆਗੂਆਂ ਵਿੱਚ ਵੱਡੀ ਨਿਰਾਸ਼ਾ ਪੈਦਾ ਕੀਤੀ। ਮਨਪ੍ਰੀਤ ਸਿੰਘ ਇਯਾਲੀ ਵਰਗੇ ਆਗੂਆਂ ਦਾ ਇਹ ਕਹਿ ਕੇ ਪਾਰਟੀ ਛੱਡਣਾ ਕਿ  ਕਿ ਉਹਨਾਂ ਨੇ ਭਾਜਪਾ ਨਾਲ ਗਠਜੋੜ ਕਰਨ ਤੋਂ ਸਾਫ਼ ਇਨਕਾਰ ਕੀਤਾ ਸੀ। ਇਯਾਲੀ ਦਾ ਕਹਿਣਾ ਹੈ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲੋਕਾਂ ਵਿਚ ਵਿਸ਼ਵਾਸ ਗੁਆ ਚੁੱਕੇ ਲੋਕਾਂ ਨੂੰ ਪਿੱਛੇ ਹਟਣ ਲਈ ਕਿਹਾ ਸੀ, ਪਰ ਲੋਕਾਂ ਵਿਚ ਆਧਾਰ ਗੁਆ ਚੁੱਕੇ ਲੋਕ ਫਿਰ ਅੱਗੇ ਆਉਣ ਨੂੰ ਕਾਹਲੇ ਹਨ।
ਇਆਲੀ ਦਾ ਬਿਆਨ ਇਹ ਸਾਬਤ ਕਰਦਾ ਹੈ ਕਿ ਪਾਰਟੀ ਪੰਜਾਬ ਅਤੇ ਪੰਥ ਦੇ ਮੁੱਦਿਆਂ ’ਤੇ ਖੜ੍ਹਨ ਦੀ ਬਜਾਏ ਸਿਰਫ਼ ਸੱਤਾ ਦੇ ਸ਼ਾਰਟਕੱਟ ਲੱਭ ਰਹੀ ਸੀ।
ਸਿਆਸੀ ਮਾਹਿਰ ਡਾਕਟਰ ਪਰਮਜੀਤ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਇੱਕ ਸਿਆਸੀ ਬਦਲ ਬਣਨ ਲਈ ਸਿਰਫ਼ ਵੱਡੇ ਚਿਹਰੇ ਨਹੀਂ, ਬਲਕਿ ਜ਼ਮੀਨੀ ਪੱਧਰ ’ਤੇ ਜਥੇਬੰਦਕ ਢਾਂਚਾ ਅਤੇ ਆਰਥਿਕ ਸਾਧਨ ਚਾਹੀਦੇ ਹੁੰਦੇ ਹਨ ਨਾਹੀਂ ਵਿਜਨ। ‘ਪੁਨਰ ਸੁਰਜੀਤ’ ਕੋਲ ਨਾ ਤਾਂ ਕੋਈ ਕਾਡਰ ਸੀ ਅਤੇ ਨਾ ਹੀ ਸਿਆਸੀ ਸਰਗਰਮੀਆਂ ਚਲਾਉਣ ਲਈ ਫੰਡ। ਬਿਨਾਂ ਸਾਧਨਾਂ ਅਤੇ ਬਿਨਾਂ ਵਰਕਰਾਂ ਦੇ ਸਿਆਸਤ ਦੇ ਮੈਦਾਨ ਵਿੱਚ ਬਾਦਲ ਦਲ ਜਾਂ ਹੋਰ ਵੱਡੀਆਂ ਪਾਰਟੀਆਂ ਨੂੰ ਟੱਕਰ ਦੇਣਾ ਮਹਿਜ਼ ਇੱਕ ਖ਼ਾਮਖ਼ਿਆਲੀ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਨੇ ਸਾਰੇ ਅਕਾਲੀ ਧੜਿਆਂ ਨੂੰ ਆਪਣੇ ‘ਚੁੱਲ੍ਹੇ ਸਮੇਟ ਕੇ’ ਇੱਕ ਥਾਂ ਇਕੱਠੇ ਹੋਣ ਦਾ ਇਤਿਹਾਸਕ ਹੁਕਮ ਦਿੱਤਾ ਸੀ। ਪਰ ਅਫ਼ਸੋਸ, ਅਕਾਲੀ ਆਗੂਆਂ ਦੇ ਨਿੱਜੀ ਹੰਕਾਰ ਅਤੇ ਚੌਧਰ ਦੀ ਭੁੱਖ ਅੱਗੇ ਗੁਰੂ ਘਰ ਦਾ ਹੁਕਮਨਾਮਾ ਵੀ ਰੋਲ ਦਿੱਤਾ ਗਿਆ। ਰਵੀਇੰਦਰ ਸਿੰਘ  (1920) ਤੋਂ ਇਲਾਵਾ ਕਿਸੇ ਹੋਰ ਨੇ ਆਪਣੀ ਹੋਂਦ ਖ਼ਤਮ ਕਰਕੇ ਇੱਕ ਜੁੱਟ ਹੋਣ ਦੀ ਹਿੰਮਤ ਨਹੀਂ ਦਿਖਾਈ।
ਜਦੋਂ ਸਾਰੇ ਧੜੇ ਸਿਰਫ਼ ਆਪਣੀ ਦੁਕਾਨਦਾਰੀ ਚਮਕਾਉਣ ਵਿੱਚ ਲੱਗੇ ਹੋਣ, ਤਾਂ ਲੋਕ ਕਿਸੇ ‘ਨਵੇਂ ਬਦਲ’ ’ਤੇ ਵਿਸ਼ਵਾਸ ਕਿਉਂ ਕਰਨ? ਨਤੀਜਾ ਸਾਡੇ ਸਾਹਮਣੇ ਹੈ—ਮਨਪ੍ਰੀਤ  ਸਿੰਘ ਇਯਾਲੀ ‘ਵਾਰਸ ਪੰਜਾਬ’ ਵੱਲ ਤੁਰ ਪਏ, ਸੁਰਜੀਤ ਸਿੰਘ ਰੱਖੜਾ ‘ਆਪ’ ਦੀ ਬੇੜੀ ਵਿੱਚ ਸਵਾਰ ਹੋ ਗਏ ਅਤੇ ਬਾਕੀ ਕਈ ਆਗੂ ਮੁੜ ਸੁਖਬੀਰ ਸਿੰਘ ਬਾਦਲ ਦੇ ਦਰ ’ਤੇ ਗੋਡੇ ਟੇਕ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਭਵਿੱਖ ਹੁਣ ਲਗਭਗ ਖ਼ਤਮ ਹੋ ਚੁੱਕਾ ਹੈ। ਸਿਆਸੀ ਹਲਕਿਆਂ ਵਿੱਚ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਕਦੇ ਵੀ ਪ੍ਰਧਾਨ ਦਾ ਅਹੁਦਾ ਛੱਡ ਸਕਦੇ ਹਨ ਅਤੇ ਉਹ ਮੌਕੇ ਦੀ ਤਲਾਸ਼ ਵਿਚ ਹਨ। ਇਸ ਸਾਰੇ ਘਟਨਾਕ੍ਰਮ ਨੇ ਪੰਜਾਬ ਦੇ ਲੋਕਾਂ, ਖ਼ਾਸਕਰ ਸਿੱਖ ਜਗਤ ਨੂੰ, ਇੱਕ ਵਾਰ ਫਿਰ ਵੱਡੀ ਨਿਰਾਸ਼ਾ ਦਿੱਤੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਮਰਦਮਸ਼ੁਮਾਰੀ ਕਾਰਨ ਪੰਜਾਬ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਹੁੰਦੀਆਂ ਹਨ, ਤਾਂ ਇਹ ਖੇਰੂੰ-ਖੇਰੂੰ ਹੋਈ ਰਵਾਇਤੀ ਪੰਥਕ ਸਿਆਸਤ ਕਿਸੇ ਵੀ ਤਰ੍ਹਾਂ ਮੁਕਾਬਲੇ ਵਿੱਚ ਦਿਖਾਈ ਨਹੀਂ ਦੇਵੇਗੀ। ਇਹ ਪੰਜਾਬ ਦੇ ਸਿਆਸੀ ਇਤਿਹਾਸ ਦਾ ਉਹ ਦੌਰ ਹੈ ਜਿੱਥੇ ‘ਬਦਲ’ ਬਣਨ ਨਿਕਲੇ ਲੋਕ ਖੁਦ ਇੱਕ ਮਜ਼ਾਕ ਬਣ ਕੇ ਰਹਿ ਗਏ ਹਨ, ਅਤੇ ਇਸ ਦੀ ਜ਼ਿੰਮੇਵਾਰੀ ਗਿਆਨੀ ਹਰਪ੍ਰੀਤ ਸਿੰਘ ਦੀ ਕਮਜ਼ੋਰ ਲੀਡਰਸ਼ਿਪ ਅਤੇ ਆਗੂਆਂ ਦੇ ਨਿੱਜੀ ਸਿਆਸੀ ਹਿਤਾਂ ਸਿਰ ਹੀ ਮੜ੍ਹੀ ਜਾਵੇਗੀ। ਪਾਰਟੀ ਦੇ ਆਗੂਆਂ ਵਿੱਚ ਭਾਜਪਾ  ਨਾਲ ਗਠਜੋੜ ਕਰਨ ਜਾਂ ਨਾ ਕਰਨ ਨੂੰ ਲੈ ਕੇ ਬਹੁਤ ਵੱਡਾ ਕਲੇਸ਼ ਹੈ। ਦੂਜਾ, ਪਾਰਟੀ ਕੋਲ ਚੋਣਾਂ ਲੜਨ ਜਾਂ ਸਿਆਸੀ ਪ੍ਰੋਗਰਾਮ ਕਰਨ ਲਈ ਆਰਥਿਕ ਸਾਧਨ (ਫੰਡਾਂ) ਦੀ ਭਾਰੀ ਕਮੀ ਹੈ। ਜਦੋਂ ਆਗੂਆਂ ਨੂੰ ਆਪਣਾ ਸਿਆਸੀ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ, ਤਾਂ ਉਹ ਆਪਣੀ ਹੋਂਦ ਬਚਾਉਣ ਲਈ ਦੂਜੀਆਂ ਪਾਰਟੀਆਂ ਵੱਲ ਭੱਜ ਰਹੇ ਹਨ।