ਕੀ ਭਾਜਪਾ ਦਾ ਵਿਰੋਧ ਹੀ ਬਣ ਰਿਹਾ ਰਾਹੁਲ ਗਾਂਧੀ ਦੀ ਤਾਕਤ?
ਭਾਰਤੀ ਰਾਜਨੀਤੀ ਵਿੱਚ ਇਸ ਵੇਲੇ ਰਾਹੁਲ ਗਾਂਧੀ ਦੀ ਸਰਗਰਮੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਰਾਹੁਲ ਦੇ ਵਿਰੋਧ ਨੂੰ ਲੈ ਕੇ ਵੱਡੀ ਚਰਚਾ ਛਿੜੀ ਹੋਈ ਹੈ। ਇੱਕ ਪਾਸੇ ਜਿੱਥੇ ਭਾਜਪਾ ਰਾਹੁਲ ਦੇ ਹਰ ਪ੍ਰੋਗਰਾਮ ਨੂੰ ਰੋਕਣ ਜਾਂ ਵਿਰੋਧ ਕਰਨ ਦੀ ਰਣਨੀਤੀ ਅਪਣਾਉਂਦੀ ਨਜ਼ਰ ਆ ਰਹੀ ਹੈ, ਉੱਥੇ ਹੀ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਿਰੋਧ ਹੀ ਅਸਲ ਵਿੱਚ ਰਾਹੁਲ ਗਾਂਧੀ ਦਾ ਸਿਆਸੀ ਕੱਦ ਵਧਾ ਰਿਹਾ ਹੈ।
ਰਾਹੁਲ ਗਾਂਧੀ ਦੇ ਦੇਸ਼ ਭਰ ਵਿੱਚ ਚੱਲ ਰਹੇ ‘ਛਾਤਰੋਂ ਕੀ ਗੂੰਜ’ ਅਤੇ ਹੋਰ ਜਨਤਕ ਪ੍ਰੋਗਰਾਮਾਂ ਦੌਰਾਨ ਇੱਕੋ ਜਿਹਾ ਪੈਟਰਨ ਦੇਖਣ ਨੂੰ ਮਿਲ ਰਿਹਾ ਹੈ।ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਨਹਿਰੂ ਸਟੇਡੀਅਮ ਦੀ ਮਨਜ਼ੂਰੀ ਰੱਦ ਹੋਣ ਤੋਂ ਪਹਿਲਾਂ ਦੇਹਰਾਦੂਨ, ਪ੍ਰਯਾਗਰਾਜ ਅਤੇ ਪੁਣੇ ਵਿੱਚ ਵੀ ਪ੍ਰਸ਼ਾਸਨ ਨੇ ਪਹਿਲੀ ਵਾਰ ਵਿੱਚ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਇਜਾਜ਼ਤ ਨਹੀਂ ਦਿੱਤੀ।
ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਜੇਕਰ ਰਾਹੁਲ ਦੇ ਪ੍ਰੋਗਰਾਮਾਂ ਨੂੰ ਆਸਾਨੀ ਨਾਲ ਹਰੀ ਝੰਡੀ ਦਿੱਤੀ ਗਈ ਤਾਂ ਉੱਚ ਪੱਧਰ ’ਤੇ ਭਾਜਪਾ ਹਾਈਕਮਾਂਡ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ।
ਜਦੋਂ ਪ੍ਰਸ਼ਾਸਨ ਰਾਹੁਲ ਗਾਂਧੀ ਦੀਆਂ ਸਰਗਮੀਆਂ ਉਪਰ ਰੋਕ ਲਗਾਉਾਂਦਾਹੈ, ਕਾਂਗਰਸ ਵਰਕਰ ਸੜਕਾਂ ’ਤੇ ਉਤਰਦੇ ਹਨ, ਮਾਮਲਾ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦਾ ਹੈ। ਨਤੀਜੇ ਵਜੋਂ, ਇੱਕ ਆਮ ਪ੍ਰੋਗਰਾਮ ਵੱਡੀ ਖ਼ਬਰ ਬਣ ਜਾਂਦਾ ਹੈ ਅਤੇ ਆਖ਼ਰਕਾਰ ਇਜਾਜ਼ਤ ਮਿਲਣ ’ਤੇ ਇਕੱਠ ਦੁੱਗਣਾ ਹੋ ਜਾਂਦਾ ਹੈ। ਸਿੱਧੇ ਸ਼ਬਦਾਂ ਵਿੱਚ, ਭਾਜਪਾ ਦਾ ਵਿਰੋਧ ਰਾਹੁਲ ਲਈ ਮੁਫ਼ਤ ਦੀ ਪਬਲੀਸਿਟੀ ਸਾਬਤ ਹੋ ਰਿਹਾ ਹੈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਰਾਹੁਲ ਗਾਂਧੀ ਦਾ ਅਕਸ ਕਾਫ਼ੀ ਬਦਲਿਆ ਹੈ। ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਦਾ ਪੁਰਾਣਾ ਅਕਸ ਪਿੱਛੇ ਛੁੱਟ ਗਿਆ ਹੈ। ਹੁਣ ਉਹ ਇੱਕ ਸੰਜੀਦਾ ਅਤੇ ਜ਼ਮੀਨੀ ਆਗੂ ਵਜੋਂ ਪੇਸ਼ ਹੋ ਰਹੇ ਹਨ।
ਸੰਵਿਧਾਨ ਦੀ ਰਾਖੀ, ਜਾਤੀ ਜਨਗਣਨਾ, ਨੌਜਵਾਨਾਂ ਦੀ ਬੇਰੁਜ਼ਗਾਰੀ, ਪੇਪਰ ਲੀਕ ਅਤੇ ਮਹਿੰਗਾਈ ਵਰਗੇ ਠੋਸ ਮੁੱਦਿਆਂ ’ਤੇ ਲਗਾਤਾਰ ਡਟੇ ਰਹਿਣਾ ਉਨ੍ਹਾਂ ਦੇ ਹੱਕ ਵਿੱਚ ਜਾ ਰਿਹਾ ਹੈ।
ਸਰਕਾਰ ਦੇ ਵੱਡੇ ਫ਼ੈਸਲਿਆਂ ’ਤੇ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਨ ਤੋਂ ਉਹ ਝਿਜਕ ਨਹੀਂ ਰਹੇ, ਜਿਸ ਕਾਰਨ ਪੂਰੀ ਵਿਰੋਧੀ ਧਿਰ (ਇੰਡੀਆ ਗੱਠਜੋੜ) ਦਾ ਕੁਦਰਤੀ ਚਿਹਰਾ ਰਾਹੁਲ ਹੀ ਬਣ ਰਹੇ ਹਨ।
ਰਾਹੁਲ ਗਾਂਧੀ ਦਾ ਮੌਜੂਦਾ ਮਿਸ਼ਨ ਸਿਰਫ਼ ਚੋਣਾਂ ਲੜਨਾ ਨਹੀਂ, ਸਗੋਂ ਭਾਜਪਾ ਦੇ ਮੁੱਖ ਵੋਟ ਬੈਂਕ ਵਿੱਚ ਸੰਨ੍ਹ ਲਾਉਣਾ ਹੈ। ਜਾਤੀ ਜਨਗਣਨਾ ਦੀ ਮੰਗ ਕਰਕੇ ਰਾਹੁਲ ਨੇ ਓਬੀਸੀ, ਦਲਿਤ ਅਤੇ ਆਦਿਵਾਸੀ ਭਾਈਚਾਰੇ ਵਿੱਚ ਕਾਂਗਰਸ ਦੀ ਗੁਆਚੀ ਪਕੜ ਨੂੰ ਮੁੜ ਮਜ਼ਬੂਤ ਕਰਨ ਦਾ ਟੀਚਾ ਮਿੱਥਿਆ ਹੈ।
‘ਛਾਤਰੋਂ ਕੀ ਗੂੰਜ’ ਰਾਹੀਂ ਉਹ ਵਿਦਿਆਰਥੀਆਂ ਅਤੇ ਨੌਕਰੀਆਂ ਲੱਭ ਰਹੇ ਨੌਜਵਾਨਾਂ ਦੀ ਬੇਚੈਨੀ ਨੂੰ ਸਿਆਸੀ ਲਹਿਰ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।
ਸੰਵਿਧਾਨ ਬਨਾਮ ਆਰ.ਐੱਸ.ਐੱਸ. ਦੀ ਲੜਾਈ ਦਾ ਬਿਰਤਾਂਤ ਖੜ੍ਹਾ ਕਰਨਾ, ਜਿਸ ਨਾਲ ਧਰੁਵੀਕਰਨ ਦੀ ਸਿਆਸਤ ਨੂੰ ਚੁਣੌਤੀ ਮਿਲ ਰਹੀ ਹੈ।
ਸੁਆਲ ਇਹ ਹੈ ਕਿ ਕੀ ਰਾਹੁਲ ਪੰਜਾਬ ਵਿੱਚ ਕਾਂਗਰਸ ਨੂੰ ਉਭਾਰ ਸਕਣਗੇ?
ਪੰਜਾਬ ਵਿੱਚ ਕਾਂਗਰਸ ਦੀ ਹਾਲਤ ਬਾਕੀ ਰਾਜਾਂ ਨਾਲੋਂ ਵੱਖਰੀ ਹੈ। ਇੱਥੇ ਪਾਰਟੀ ਨੂੰ ਖੜ੍ਹਾ ਕਰਨਾ ਰਾਹੁਲ ਲਈ ਦੋਧਾਰੀ ਤਲਵਾਰ ਸਾਬਤ ਹੋ ਸਕਦਾ ਹੈ।ਕਿਸਾਨ ਅੰਦੋਲਨ ਅਤੇ ਪੰਜਾਬ ਦੇ ਮੁੱਦਿਆਂ ’ਤੇ ਰਾਹੁਲ ਦਾ ਸਟੈਂਡ ਸੂਬੇ ਦੇ ਲੋਕਾਂ ਵਿੱਚ ਕਾਫ਼ੀ ਹੱਦ ਤੱਕ ਹਮਦਰਦੀ ਪੈਦਾ ਕਰਦਾ ਰਿਹਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਭਾਜਪਾ ਮੁਕਾਬਲੇ ਕਾਂਗਰਸ ਅਜੇ ਵੀ ਆਮ ਆਦਮੀ ਪਾਰਟੀ ਦੀ ਮੁੱਖ ਰਵਾਇਤੀ ਵਿਰੋਧੀ ਹੈ।











Comments (0)