ਕਾਰ ਵੇਚਣ ਬਹਾਨੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨਾਲ 92 ਲੱਖ ਦੀ ਠੱਗੀ ਮਾਰੀ

ਕਾਰ ਵੇਚਣ ਬਹਾਨੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨਾਲ 92 ਲੱਖ ਦੀ ਠੱਗੀ ਮਾਰੀ

ਪੰਜਾਬ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਨਾਲ 92 ਲੱਖ ਰੁਪਏ ਦੀ ਲੈਂਡ ਕਰੂਜ਼ਰ ਕਾਰ ਦੇ ਨਾਂ ’ਤੇ ਧੋਖਾਧੜੀ ਦੇ ਮਾਮਲੇ ਵਿੱਚ ਮੋਹਾਲੀ ਅਤੇ ਦਿੱਲੀ ਦੇ 5 ਕਾਰ ਡੀਲਰਾਂ ਖਿਲਾਫ ਲੁਧਿਆਣਾ ਦੇ ਦੁਗਰੀ ਥਾਣੇ ਵਿੱਚ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਗਾਇਕ ਦਾ ਦੋਸ਼ ਹੈ ਕਿ ਅਜੇ ਨਿਵਾਸੀ ਮੋਹਾਲੀ, ਅਨਮੋਲ ਸਹਿਗਲ ਨਿਵਾਸੀ ਨਵੀਂ ਦਿੱਲੀ, ਮਨਦੀਪ ਉਰਫ ਮੋਨੂੰ ਅਤੇ ਪ੍ਰਵੀਨ ਨਿਵਾਸੀ ਨਾਲੂਮਲ ਨੇ ਉਨ੍ਹਾਂ ਨਾਲ ਕਾਰ ਦੀ ਖਰੀਦੋ ਫਰੋਖਤ ਦੇ ਸਬੰਧ ਵਿੱਚ ਧੋਖਾਧੜੀ ਕੀਤੀ ਹੈ।
ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਕਾਰ ਦੀ ਐਡ ਦੇਖਣ ਮਗਰੋਂ ਮੋਹਾਲੀ ਨਿਵਾਸੀ ਦੋਸ਼ੀ ਅਜੇ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਦੋਸ਼ੀ ਦਿੱਲੀ ਤੋਂ ਕਾਰ ਲੈ ਕੇ ਖੁਦ ਉਨ੍ਹਾਂ ਦੇ ਘਰ ਪਹੁੰਚ ਗਿਆ ਅਤੇ ਦਾਅਵਾ ਕੀਤਾ ਕਿ ਕਾਰ ਫਰਸਟ ਆਨਰ (ਪਹਿਲਾ ਮਾਲਕ) ਹੈ ਅਤੇ ਗੱਡੀ ਦੀ ਕੰਡੀਸ਼ਨ ਦੀ ਪੂਰੀ ਗਾਰੰਟੀ ਦਿੱਤੀ।
ਗਾਇਕ ਨੇ ਅੱਗੇ ਦੱਸਿਆ ਕਿ ਕਾਰ ਖਰੀਦਣ ਦੇ ਬਾਅਦ ਦੋਸ਼ੀ ਕਰੀਬ 6 ਮਹੀਨੇ ਤੱਕ ਕਾਰ ਦੀ ਆਰ.ਸੀ. ਦੇਣ ਵਿੱਚ ਟਾਲ-ਮਟੋਲ ਕਰਦੇ ਰਹੇ। ਜਦੋਂ ਜੁਲਾਈ ਵਿੱਚ ਆਰ.ਸੀ. ਆਈ ਤਾਂ ਉਸ ’ਤੇ ਥਰਡ ਆਨਰ (ਤੀਜਾ ਮਾਲਕ) ਲਿਖਿਆ ਹੋਇਆ ਸੀ। ਸ਼ੱਕ ਹੋਣ ’ਤੇ ਜਦੋਂ ਉਨ੍ਹਾਂ ਨੇ ਖੁਦ ਆਰ.ਟੀ.ਓ. ਦਫਤਰ ਜਾ ਕੇ ਜਾਂਚ ਕਰਵਾਈ ਤਾਂ ਸਿਸਟਮ ਵਿੱਚ ਕਾਰ ਫੋਰਥ ਆਨਰ (ਚੌਥੇ ਮਾਲਕ) ਵਜੋਂ ਰਜਿਸਟਰਡ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਇਆ। ਗਾਇਕ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।