ਕੈਨੇਡਾ ਦੇ ਵਿਗਿਆਨੀਆਂ ਨੇ ਮੰਗਲ ਗ੍ਰਹਿ ’ਤੇ ਲੱਭਿਆ ਗਾਰਨੈਟ ਖਣਿਜ
ਵਿਨੀਪੈੱਗ/ਏ.ਟੀ.ਨਿਊਜ਼: ਕੈਨੇਡਾ ਦੀ ਬਰੌਕ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮੰਗਲ ਗ੍ਰਹਿ ਨਾਲ ਸਬੰਧਿਤ ਇੱਕ ਉਲਕਾਪਿੰਡ ਵਿੱਚ ਪਹਿਲੀ ਵਾਰ ਗਾਰਨੈਟ ਖਣਿਜ ਦੀ ਮੌਜੂਦਗੀ ਦਾ ਸਬੂਤ ਲੱਭਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਖੋਜ ਮੰਗਲ ਗ੍ਰਹਿ ਦੇ ਲਗਪਗ 4.5 ਅਰਬ ਸਾਲ ਪੁਰਾਣੇ ਭੂ-ਵਿਗਿਆਨਕ ਇਤਿਹਾਸ, ਅੰਦਰੂਨੀ ਬਣਤਰ ਅਤੇ ਉੱਥੇ ਵਾਪਰੀਆਂ ਭੂਗੋਲਿਕ ਪ੍ਰਕਿਰਿਆਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ।
ਇਹ ਅਧਿਐਨ ਬਰੌਕ ਯੂਨੀਵਰਸਿਟੀ ਦੀ ਧਰਤੀ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਡਾ. ਤਾਨਿਆ ਕਿਜੋਵਸਕੀ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਟੀਮ ਨੇ ਕੀਤਾ ਹੈ। ਖੋਜ ਦੇ ਨਤੀਜੇ ਵਿਗਿਆਨਕ ਰਸਾਲੇ ਵਿੱਚ ਪ੍ਰਕਾਸ਼ਿਤ ਹੋਏ ਹਨ।
ਵਿਗਿਆਨੀਆਂ ਨੇ ਮੰਗਲ ਗ੍ਰਹਿ ਤੋਂ ਆਏ ਉਲਕਾਪਿੰਡ ਦੇ ਬਹੁਤ ਛੋਟੇ ਨਮੂਨੇ ਦਾ ਲੇਜ਼ਰ ਰਮਨ ਸਪੈਕਟਰੋਸਕੋਪੀ, ਸਕੈਨਿੰਗ ਇਲੈਕਟ੍ਰਾਨ ਮਾਈਕ੍ਰੋਸਕੋਪੀ ਅਤੇ ਹੋਰ ਅਤਿ-ਆਧੁਨਿਕ ਤਕਨੀਕਾਂ ਨਾਲ ਵਿਸ਼ਲੇਸ਼ਣ ਕੀਤਾ। ਸ਼ੁਰੂਆਤੀ ਜਾਂਚ ਵਿੱਚ ਇਹ ਨਮੂਨਾ ਆਮ ਪਾਇਰੋਕਸੀਨ ਖਣਿਜ ਵਰਗਾ ਲੱਗਿਆ ਪਰ ਵਿਸਥਾਰਪੂਰਵਕ ਜਾਂਚ ਦੌਰਾਨ ਇਸ ਵਿੱਚ ਗਾਰਨੈਟ ਦੇ ਬਹੁਤ ਬਾਰੀਕ ਕਣ ਮਿਲੇ। ਮੰਗਲ ਗ੍ਰਹਿ ਦੇ ਕਿਸੇ ਵੀ ਜਾਣੇ-ਪਛਾਣੇ ਨਮੂਨੇ ਵਿੱਚ ਗਾਰਨੈਟ ਦੀ ਇਹ ਪਹਿਲੀ ਪੁਸ਼ਟੀ ਹੈ।
ਡਾ. ਕਿਜੋਵਸਕੀ ਨੇ ਕਿਹਾ ਕਿ ਗਾਰਨੈਟ ਦੀ ਮੌਜੂਦਗੀ ਇਸ ਗੱਲ ਦਾ ਸੰਕੇਤ ਹੈ ਕਿ ਮੰਗਲ ਗ੍ਰਹਿ ’ਤੇ ਕਿਸੇ ਸਮੇਂ ਚਟਾਨਾਂ ਉੱਚ ਤਾਪਮਾਨ ਅਤੇ ਭਾਰੀ ਦਬਾਅ ਹੇਠ ਬਦਲੀਆਂ ਹੋਣਗੀਆਂ। ਧਰਤੀ ’ਤੇ ਇਹ ਖਣਿਜ ਆਮ ਤੌਰ ’ਤੇ ਰੂਪਾਂਤਰਿਤ (ਮੈਟਾਮਾਰਫਿਕ) ਚਟਾਨਾਂ ਵਿੱਚ ਮਿਲਦਾ ਹੈ ਅਤੇ ਇਸ ਨੂੰ ਗਹਿਰਾਈ ਵਿੱਚ ਵਾਪਰਨ ਵਾਲੀਆਂ ਭੂਗੋਲਿਕ ਪ੍ਰਕਿਰਿਆਵਾਂ ਦਾ ਮਹੱਤਵਪੂਰਨ ਸੰਕੇਤਕ ਮੰਨਿਆ ਜਾਂਦਾ ਹੈ।
ਖੋਜਕਾਰਾਂ ਅਨੁਸਾਰ ਮੰਗਲ ਗ੍ਰਹਿ ’ਤੇ ਗਾਰਨੈਟ ਬਣਨ ਦੇ ਪਿੱਛੇ ਕਿਸੇ ਵੱਡੇ ਉਲਕਾਪਿੰਡ ਦੀ ਟੱਕਰ, ਮੈਗਮਾ ਦੀ ਸਰਗਰਮੀ ਜਾਂ ਗਰਮ ਤਰਲ ਪਦਾਰਥਾਂ ਦੀ ਮੌਜੂਦਗੀ ਵਰਗੇ ਕਾਰਨ ਹੋ ਸਕਦੇ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਕਿ ਇਹ ਖਣਿਜ ਮੰਗਲ ਗ੍ਰਹਿ ’ਤੇ ਹੀ ਬਣਿਆ ਸੀ ਜਾਂ ਕਿਸੇ ਹੋਰ ਪੁਲਾੜੀ ਪਿੰਡ ਤੋਂ ਉੱਥੇ ਪਹੁੰਚਿਆ। ਇਸ ਦੀ ਪੁਸ਼ਟੀ ਲਈ ਆਕਸੀਜਨ ਆਈਸੋਟੋਪ ਵਿਸ਼ਲੇਸ਼ਣ ਦੀ ਲੋੜ ਹੋਵੇਗੀ ਪਰ ਦੁਰਲੱਭ ਨਮੂਨੇ ਨੂੰ ਨੁਕਸਾਨ ਪਹੁੰਚਣ ਦੇ ਖ਼ਤਰੇ ਕਾਰਨ ਵਿਗਿਆਨੀ ਇਸ ਮਾਮਲੇ ਵਿੱਚ ਸਾਵਧਾਨੀ ਵਰਤ ਰਹੇ ਹਨ।
ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਖੋਜ ਭਵਿੱਖ ਵਿੱਚ ਮੰਗਲ ਗ੍ਰਹਿ ਤੋਂ ਲਿਆਂਦੇ ਜਾਣ ਵਾਲੇ ਚਟਾਨੀ ਨਮੂਨਿਆਂ ਦੇ ਅਧਿਐਨ ਲਈ ਵੀ ਮਹੱਤਵਪੂਰਨ ਸਾਬਤ ਹੋਵੇਗੀ। ਇਸ ਨਾਲ ਲਾਲ ਗ੍ਰਹਿ ਦੇ ਭੂਗੋਲਿਕ ਵਿਕਾਸ ਅਤੇ ਉਸ ਦੇ ਸ਼ੁਰੂਆਤੀ ਵਾਤਾਵਰਨ ਬਾਰੇ ਹੋਰ ਭਰੋਸੇਯੋਗ ਜਾਣਕਾਰੀ ਮਿਲਣ ਦੀ ਉਮੀਦ ਹੈ। ਇਸ ਅਧਿਐਨ ਵਿੱਚ ਰਾਇਲ ਓਨਟਾਰੀਓ ਮਿਊਜ਼ੀਅਮ, ਯੂਨੀਵਰਸਿਟੀ ਆਫ਼ ਟੋਰਾਂਟੋ, ਯੂਨੀਵਰਸਿਟੀ ਆਫ਼ ਪੋਰਟਸਮਾਊਥ, ਯੂਨੀਵਰਸਿਤਾ ਡੀ ਤ੍ਰੀਏਸਤੇ ਅਤੇ ਓਪਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੀ ਯੋਗਦਾਨ ਪਾਇਆ ਹੈ।











Comments (0)