ਕੈਨੇਡਾ ’ਚ 3.8 ਫ਼ੀਸਦੀ ਡਿੱਗੀਆਂ ਘਰਾਂ ਦੀਆਂ ਕੀਮਤਾਂ

ਕੈਨੇਡਾ ’ਚ 3.8 ਫ਼ੀਸਦੀ ਡਿੱਗੀਆਂ ਘਰਾਂ ਦੀਆਂ ਕੀਮਤਾਂ

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਵਿੱਚ ਮਕਾਨ ਸਸਤੇ ਹੋਣ ਦਾ ਸਿਲਸਿਲਾ ਜਾਰੀ ਹੈ ਅਤੇ ਚਾਲੂ ਮਹੀਨੇ ਦੌਰਾਨ ਕੀਮਤਾਂ ਵਿੱਚ 2.8 ਫ਼ੀਸਦੀ ਕਮੀ ਦਰਜ ਕੀਤੀ ਗਈ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਘਰਾਂ ਦੀਆਂ ਕੀਮਤਾਂ 3.8 ਫ਼ੀਸਦੀ ਡਿੱਗੀਆਂ ਅਤੇ ਕੌਮੀ ਪੱਧਰ ’ਤੇ ਇੱਕ ਘਰ ਦੀ ਔਸਤ ਕੀਮਤ 6,65,600 ਡਾਲਰ ਦਰਜ ਕੀਤੀ ਗਈ। ਦੂਜੇ ਪਾਸੇ ਮਕਾਨਾਂ ਦੀ ਵਿਕਰੀ ਵਿੱਚ ਵਾਧਾ ਹੋਣ ਦੀ ਰਿਪੋਰਟ ਵੀ ਸਾਹਮਣੇ ਆਈ ਹੈ ਅਤੇ ਅਲਬਰਟਾ, ਮੋਨੀਟੋਬਾ ਅਤੇ ਓਨਟਾਰੀਓ ਵਿੱਚ ਕੁਝ ਬਿਲਡਰਜ਼ ਵੱਲੋਂ ਨਵੇਂ ਉਸਾਰੇ ਜਾ ਰਹੇ ਘਰਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਕੀਤਾ ਜਾ ਰਿਹਾ ਹੈ ਪਰ ਟੋਰਾਂਟੋ ਅਤੇ ਵੈਨਕੂਵਰ ਵਰਗੇ ਵੱਡੇ ਸ਼ਹਿਰਾਂ ਵਿੱਚ ਕੌਂਡੋਜ਼ ਵੇਚਣੇ ਬੇਹੱਦ ਮੁਸ਼ਕਿਲ ਹੋ ਚੁੱਕੇ ਹਨ। ਇੱਥੇ ਦੱਸ ਦਈਏ ਕਿ ਇੱਕ ਕੰਡੋ (ਕੰਡੋਮੀਨੀਅਮ) ਇੱਕ ਵੱਡੀ ਇਮਾਰਤ ਜਾਂ ਭਾਈਚਾਰੇ ਦੇ ਅੰਦਰ ਇੱਕ ਨਿੱਜੀ ਰਿਹਾਇਸ਼ੀ ਇਕਾਈ ਹੁੰਦੀ ਹੈ, ਜਿੱਥੇ ਤੁਸੀਂ ਆਪਣੀ ਖਾਸ ਜਗ੍ਹਾ ਦੇ ਮਾਲਕ ਹੁੰਦੇ ਹੋ ਅਤੇ ਸਾਂਝੇ ਖੇਤਰਾਂ ਦੀ ਮਾਲਕੀ ਸਾਂਝੀ ਕਰਦੇ ਹੋ।
ਕੈਨੇਡੀਅਨ ਸੈਂਟਰ ਫ਼ੌਰ ਪੌਲਿਸੀ ਅਲਟਰਨੇਟਿਵਜ਼ ਦੇ ਸੀਨੀਅਰ ਇਕੌਨੋਮਿਸਟ ਜ਼ਮੀਨੀ ਹਕੀਕਤ ਬਿਆਨ ਕਰਦਿਆਂ ਦੱਸਿਆ ਕਿ ਕੀਮਤਾਂ ਵਿੱਚ ਉਛਾਲ ਤੋਂ ਪ੍ਰਭਾਵਤ ਬਿਲਡਰਜ਼ ਨੇ ਵੱਡੇ ਸ਼ਹਿਰਾਂ ਵਿੱਚ ਉਸਾਰੀ ਤੇਜ਼ ਕਰ ਦਿੱਤੀ ਅਤੇ ਇਸ ਵੇਲੇ ਹਾਲਾਤ ਬਿਲਕੁਲ ਉਲਟ ਨਜ਼ਰ ਆ ਰਹੇ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਭਾਵੇਂ ਮਕਾਨ ਕੀਮਤਾਂ ਵਿੱਚ ਕਮੀ ਵੱਲ ਇਸ਼ਾਰਾ ਕਰ ਰਹੇ ਹਨ ਪਰ ਐਟਲਾਂਟਿਕ ਕੈਨੇਡਾ ਵਿੱਚ ਪਿਛਲੇ 30 ਦਿਨ ਦੌਰਾਨ ਮਕਾਨ 28,833 ਡਾਲਰ (7.5%) ਮਹਿੰਗੇ ਹੋ ਗਏ। ਪ੍ਰਿੰਸ ਐਡਵਰਡ ਆਇਲੈਂਡ ਵਿੱਚ 28,883 ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਨੋਵਾ ਸਕੋਸ਼ੀਆ ਵਿੱਚ ਇੱਕ ਘਰ ਦੀ ਔਸਤ ਕੀਮਤ  23,026 ਡਾਲਰ (5.2%) ਵਧੀ ਅਤੇ ਨਿਊਫਾਊਂਡਲੈਂਡ ਵਿੱਚ 8,100 ਡਾਲਰ (2.3%) ਦਾ ਵਾਧਾ ਦਰਜ ਕੀਤਾ ।
ਦੂਜੇ ਪਾਸੇ ਕੈਨੇਡਾ ਦੇ ਦੋ ਸਭ ਤੋਂ ਵੱਡੇ ਰੀਅਲ ਅਸਟੇਟ ਮਾਰਕੀਟ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ  ਵਿੱਚ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ। ਓਨਟਾਰੀਓ ਵਿੱਚ ਇੱਕ ਮਕਾਨ ਦੀ ਔਸਤ ਕੀਮਤ ਵਿੱਚ 3,600 ਡਾਲਰ ਦੀ ਕਮੀ ਦਰਜ ਕੀਤੀ ਗਈ ਜਦਕਿ ਬ੍ਰਿਟਿਸ਼ ਕੋਲੰਬੀਆ ਵਿੱਚ ਮਕਾਨ 2,100 ਡਾਲਰ ਤੱਕ ਸਸਤੇ ਹੋਏ ਜਦਕਿ ਕੌਮੀ ਪੱਧਰ ’ਤੇ ਮਕਾਨ ਸਸਤੇ ਹੋਣ ਦਾ ਅੰਕੜਾ 24,700 ਡਾਲਰ ਦਰਜ ਕੀਤਾ ਗਿਆ। ਮੌਰਗੇਜ ਦਰਾਂ ਵਿੱਚ ਵਾਧਾ ਅਤੇ ਕੈਨੇਡੀਅਨ ਵਸੋਂ ਘਟਣ ਦੇ ਰੁਝਾਨ ਸਦਕਾ ਰੀਅਲ ਅਸਟੇਟ ਬਾਜ਼ਾਰ ਵਿੱਚ ਪਿਛਲੇ ਕੁਝ ਮਹੀਨੇ ਤੋਂ ਰੌਣਕਾਂ ਗਾਇਬ ਹਨ। ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਡਿਪਟੀ ਚੀਫ਼ ਇਕੌਨੋਮਿਸਟ ਕੈਵਿਨ ਹਿਊਜ਼ ਦਾ ਕਹਿਣਾ ਹਾਊਸਿੰਗ ਮਾਰਕਿਟ ਸਮੇਂ ਦੀ ਮਾਰ ਝੱਲ ਰਹੀ ਹੈ। ਖ਼ਤਰਨਾਕ ਸਮੁੰਦਰੀ ਤੂਫ਼ਾਨ ਜਾਂ ਵਾਵਰੋਲੇ ਵੀ ਐਨਾ ਨੁਕਸਾਨ ਨਹੀਂ ਕਰਦੇ ਜਿੰਨਾ ਪਿਛਲੇ ਸਮੇਂ ਦੌਰਾਨ ਰੀਅਲ ਅਸਟੇਟ ਬਾਜ਼ਾਰ ਨੂੰ ਬਰਦਾਸ਼ਤ ਕਰਨਾ ਪਿਆ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਕਰਜ਼ੇ ਦੀਆਂ ਕਿਸ਼ਤਾਂ ਦਾ ਬੋਝ ਘਟਿਆ ਹੈ ਜਿਸ ਦੇ ਮੱਦੇਨਜ਼ਰ ਮੌਜੂਦਾ ਵਰ੍ਹੇ ਦੇ ਬਾਕੀ ਪੰਜ ਮਹੀਨੇ ਹਾਂਪੱਖੀ ਸਾਬਤ ਹੋ ਸਕਦੇ ਹਨ। ਹਿਊਜ਼ ਨੇ ਮੰਨਿਆ ਕਿ ਕੰਸਟ੍ਰਕਸ਼ਨ ਦਾ ਖ਼ਰਚਾ ਲਗਾਤਾਰ ਵਧ ਰਿਹਾ ਹੈ ਅਤੇ ਕੀਮਤਾਂ ਵਿੱਚ ਆਈ ਗਿਰਾਵਟ ਇਸ ਨਾਲ ਮੇਲ ਨਹੀਂ ਖਾਂਦੀ।
ਕੈਨੇਡਾ ਵਿੱਚ ਇੱਕ ਆਮ ਘਰ ਦੀ ਕੀਮਤ ਜੂਨ ’ਚ 665,600 ਡਾਲਰ ਰਹੀ, ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ 0.3% ਘੱਟ ਹੈ। ਹਾਲਾਂਕਿ ਇਹ ਮੰਦੀ ਪੂਰੇ ਦੇਸ਼ ਵਿੱਚ ਇੱਕਸਾਰ ਨਹੀਂ ਹੈ। ਨਿਊਫਾਊਂਡਲੈਂਡ, ਨੋਵਾ ਸਕੋਸ਼ੀਆ, ਕਿਊਬੈਕ ਅਤੇ ਸਸਕੈਚਵਨ ਵਰਗੇ ਸੂਬੇ ਅਜੇ ਵੀ ਆਪਣੇ ਰਿਕਾਰਡ ਉੱਚ ਪੱਧਰ ’ਤੇ ਹਨ, ਜਦੋਂ ਕਿ ਸਿਰਫ ਦੋ ਸੂਬੇ (ਓਨਟਾਰੀਓ ਅਤੇ ਬੀ.ਸੀ.) ਹੀ ਰਾਸ਼ਟਰੀ ਗਿਰਾਵਟ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਅਟਲਾਂਟਿਕ ਖੇਤਰ ਵਿੱਚ ਨਿਊ ਬਰੰਜ਼ਵਿਕ ਇਕਲੌਤਾ ਅਜਿਹਾ ਸੂਬਾ ਹੈ ਜਿੱਥੇ ਜੂਨ ਵਿੱਚ ਕੀਮਤਾਂ 1.8% (-6,230 ਡਾਲਰ) ਘਟੀਆਂ ਹਨ। ਮਾਹਿਰ ਇਸ ਨੂੰ ਉਸ ਖੇਤਰ ਵਿੱਚ ਮਾਰਕੀਟ ਦੇ ਠੰਡੇ ਹੋਣ ਦਾ ਪਹਿਲਾ ਸੰਕੇਤ ਮੰਨ ਰਹੇ ਹਨ।