ਕੁਦਰਤ ਦੇ ਕਹਿਰ ਵਿਚਾਲੇ ‘ਸਰਬੱਤ ਦੇ ਭਲੇ’ ਦੀ ਮੁਹਿੰਮ

ਕੁਦਰਤ ਦੇ ਕਹਿਰ ਵਿਚਾਲੇ ‘ਸਰਬੱਤ ਦੇ ਭਲੇ’ ਦੀ ਮੁਹਿੰਮ

ਅਸਾਮ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਇੱਕ ਵਾਰ ਫਿਰ ਕੁਦਰਤ ਦੇ ਕਹਿਰ ਅਤੇ ਇਸ ਨਾਲ ਹੋਣ ਵਾਲੀ ਭਿਆਨਕ ਤਬਾਹੀ ਦੀ ਦਰਦਨਾਕ ਤਸਵੀਰ ਦੇਸ਼ ਦੇ ਸਾਹਮਣੇ ਲਿਆ ਖੜ੍ਹੀ ਕੀਤੀ ਹੈ। ਲਗਾਤਾਰ ਪੈ ਰਹੇ ਮੂਸਲਾਧਾਰ ਮੀਂਹ ਅਤੇ ਨਦੀਆਂ ਦੇ ਉਛਾਲ ਕਾਰਨ ਸੂਬੇ ਦੇ ਕਈ ਜ਼ਿਲ੍ਹੇ ਪੂਰੀ ਤਰ੍ਹਾਂ ਜਲ-ਥਲ ਹੋ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 75 ਤੋਂ ਵੱਧ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ 3.32 ਲੱਖ ਤੋਂ ਵੱਧ ਲੋਕ ਬੇਘਰ ਹੋ ਕੇ ਆਪਣੀਆਂ ਛੱਤਾਂ ਅਤੇ ਬੁਨਿਆਦੀ ਲੋੜਾਂ ਤੋਂ ਵਾਂਝੇ ਹੋ ਗਏ ਹਨ। ਲਗਭਗ 622 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਅਜਿਹੇ ਗੰਭੀਰ ਸੰਕਟ ਦੇ ਸਮੇਂ ਜਦੋਂ ਪ੍ਰਸ਼ਾਸਨਿਕ ਮਦਦ ਵਿਸ਼ਾਲ ਖੇਤਰਾਂ ਤੱਕ ਪਹੁੰਚਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਸਿਵਾਸਾਗਰ ਦੇ ‘ਗੁਰਦੁਆਰਾ ਸਾਹਿਬ’ ਅਤੇ ‘ਸਿੱਖ ਰਾਈਡਰਜ਼’ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਆਸ ਅਤੇ ਇਨਸਾਨੀਅਤ ਦੀ ਇੱਕ ਬੇਮਿਸਾਲ ਕਿਰਨ ਬਣ ਕੇ ਸਾਹਮਣੇ ਆਈ ਹੈ।
ਸੇਵਾ ਭਾਵਨਾ ਅਤੇ ਭਾਈਚਾਰਕ ਸਾਂਝ ਦੀ ਮਿਸਾਲ
ਸਿਵਾਸਾਗਰ ਵਿੱਚ ਰਹਿਣ ਵਾਲੇ ਮਾਤਰ 50 ਸਿੱਖ ਪਰਿਵਾਰਾਂ ਦੁਆਰਾ ਪ੍ਰਬੰਧਿਤ ‘ਸਿਵਾਸਾਗਰ ਗੁਰਦੁਆਰਾ ਸਾਹਿਬ’ ਨੇ ਇਸ ਬਿਪਤਾ ਦੀ ਘੜੀ ਵਿੱਚ ਆਪਣੇ ਦਰਵਾਜ਼ੇ ਸਭ ਲਈ ਖੋਲ੍ਹ ਦਿੱਤੇ ਹਨ। ਕਿਸੇ ਵੀ ਧਰਮ, ਜਾਤ ਜਾਂ ਭਾਈਚਾਰੇ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਗੁਰਦੁਆਰਾ ਸਾਹਿਬ ਨੇ ਲਗਭਗ 200 ਪੀੜਤ ਪਰਿਵਾਰਾਂ ਨੂੰ ਸ਼ਰਨ ਦਿੱਤੀ ਹੈ ਅਤੇ ਰੋਜ਼ਾਨਾ 1,500 ਤੋਂ 2,000 ਤੱਕ ਜ਼ਰੂਰਤਮੰਦਾਂ ਨੂੰ ਤਾਜ਼ਾ ਲੰਗਰ ਛਕਾਇਆ ਜਾ ਰਿਹਾ ਹੈ। ਸਿਰਫ਼ ਭੋਜਨ ਹੀ ਨਹੀਂ, ਸਗੋਂ ਬਿਜਲੀ ਦਾ ਪ੍ਰਬੰਧ ਠੱਪ ਹੋਣ ’ਤੇ ਜਨਰੇਟਰ, ਮੋਬਾਈਲ ਚਾਰਜਿੰਗ ਅਤੇ ਪੱਖਿਆਂ ਦੀ ਸੁਵਿਧਾ ਮੁਹੱਈਆ ਕਰਵਾ ਕੇ ਪ੍ਰਬੰਧਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ‘ਸਰਬੱਤ ਦੇ ਭਲੇ’ ਦੀ ਅਰਦਾਸ ਸਿਰਫ਼ ਸ਼ਬਦਾਂ ਤੱਕ ਸੀਮਤ ਨਹੀਂ, ਸਗੋਂ ਇਸ ਨੂੰ ਅਮਲੀ ਜਾਮਾ ਪਹਿਨਾਉਣਾ ਹੀ ਅਸਲ ਧਰਮ ਹੈ।
ਇਸ ਸਰਬੱਤ ਦੇ ਭਲੇ ਦੀ ਰਾਹਤ ਮੁਹਿੰਮ ਦੀ ਸਭ ਤੋਂ ਸੁੰਦਰ ਗੱਲ ਇਹ ਹੈ ਕਿ ਇਸ ਵਿੱਚ ਸਥਾਨਕ ਮਾਰਵਾੜੀ ਭਾਈਚਾਰਾ, ਹੋਰ ਸਮਾਜਿਕ ਸੰਸਥਾਵਾਂ ਅਤੇ ਆਮ ਨਾਗਰਿਕ ਵੀ ਰਾਸ਼ਨ ਤੇ ਜ਼ਰੂਰੀ ਸਾਮਾਨ ਦੇ ਕੇ ਪੂਰਾ ਸਹਿਯੋਗ ਪਾ ਰਹੇ ਹਨ। ਇਹ ਸਾਂਝ ਸਾਡੇ ਸਿਖ ਪੰਥ ਦੀ ‘ਸਾਂਝੀਵਾਲਤਾ’ ਅਤੇ ਮੁਸੀਬਤ ਸਮੇਂ ਇੱਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਪਰੰਪਰਾ ਨੂੰ ਮਜ਼ਬੂਤ ਕਰਦੀ ਹੈ।
ਪ੍ਰਸ਼ਾਸਨਿਕ ਢਾਂਚੇ ’ਤੇ ਉੱਠਦੇ ਗੰਭੀਰ ਸਵਾਲ
ਹਾਲਾਂ ਕਿ, ਇਹ ਸਥਿਤੀ ਜਿੱਥੇ ਸਮਾਜਿਕ ਸੇਵਾ ਦਾ ਉੱਤਮ ਨਮੂਨਾ ਹੈ, ਉੱਥੇ ਹੀ ਇਹ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੇ ਇੰਤਜ਼ਾਮਾਂ ’ਤੇ ਵੀ ਗੰਭੀਰ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਤੋਂ ਸਿਰਫ਼ ਡਾਕਟਰਾਂ ਦੀ ਟੀਮ ਭੇਜਣ ਦੀ ਮੰਗ ਕਰਨਾ ਅਤੇ ਦਵਾਈਆਂ ਦਾ ਖ਼ਰਚਾ ਵੀ ਆਪ ਚੁੱਕਣ ਦੀ ਪੇਸ਼ਕਸ਼ ਕਰਨਾ ਇਹ ਦਰਸਾਉਂਦਾ ਹੈ ਕਿ ਸਰਕਾਰੀ ਸਿਹਤ ਤੰਤਰ ਜ਼ਮੀਨੀ ਪੱਧਰ ’ਤੇ ਕਿੰਨਾ ਸੁਸਤ ਹੈ। ਜਦੋਂ ਇੱਕ ਛੋਟਾ ਜਿਹਾ ਭਾਈਚਾਰਾ ਸੈਂਕੜੇ ਲੋਕਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਜ਼ਿੰਮਾ ਚੁੱਕ ਸਕਦਾ ਹੈ, ਤਾਂ ਸਰਕਾਰੀ ਮਸ਼ੀਨਰੀ ਡਾਕਟਰੀ ਸਹੂਲਤਾਂ ਪਹੁੰਚਾਉਣ ਵਿੱਚ ਦੇਰੀ ਕਿਉਂ ਕਰ ਰਹੀ ਹੈ?
ਜਿਵੇਂ-ਜਿਵੇਂ ਹੜ੍ਹ ਦਾ ਪਾਣੀ ਲਹਿ ਰਿਹਾ ਹੈ, ਤਿਉਂ-ਤਿਉਂ ਇੱਕ ਨਵੀਂ ਵੰਗਾਰ ਸਾਹਮਣੇ ਆ ਰਹੀ ਹੈ—ਬਿਮਾਰੀਆਂ ਦਾ ਖ਼ਤਰਾ। ਖੜ੍ਹੇ ਪਾਣੀ, ਗਾਰੇ ਅਤੇ ਮਰੇ ਹੋਏ ਪਸ਼ੂਆਂ ਕਾਰਨ ਪਾਣੀ ਤੋਂ ਫੈਲਣ ਵਾਲੀਆਂ ਗੰਭੀਰ ਬਿਮਾਰੀਆਂ ਦਾ ਖ਼ਦਸ਼ਾ ਵਧ ਗਿਆ ਹੈ। ਅਜਿਹੇ ਵਿੱਚ ਸਿਰਫ਼ ਮੁਆਵਜ਼ੇ ਦੀਆਂ ਘੋਸ਼ਣਾਵਾਂ (ਜਿਵੇਂ ਕਿ ਮ੍ਰਿਤਕਾਂ ਦੇ ਪਰਿਵਾਰਾਂ ਲਈ 9 ਲੱਖ ਰੁਪਏ) ਕਰਨਾ ਹੀ ਕਾਫ਼ੀ ਨਹੀਂ ਹੈ। ਸਰਕਾਰ ਨੂੰ ਤੁਰੰਤ ਮੈਡੀਕਲ ਕੈਂਪ ਲਗਾਉਣੇ ਚਾਹੀਦੇ ਹਨ, ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਪੁਨਰਵਾਸ ਦੇ ਕੰਮਾਂ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ।

ਅੱਗੇ ਦਾ ਰਾਹ
ਕੁਦਰਤੀ ਆਫ਼ਤਾਂ ਨੂੰ ਰੋਕਣਾ ਇਨਸਾਨ ਦੇ ਵੱਸ ਵਿੱਚ ਨਹੀਂ ਹੈ, ਪਰ ਪੂਰਵ-ਤਿਆਰੀ ਅਤੇ ਸਮੇਂ ਸਿਰ ਕੀਤੇ ਗਏ ਰਾਹਤ ਕਾਰਜਾਂ ਨਾਲ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਜਰੂਰ ਕੀਤਾ ਜਾ ਸਕਦਾ ਹੈ। ਅਸਾਮ ਵਿੱਚ ਹਰ ਸਾਲ ਆਉਾਂਦੇਹੜ੍ਹਾਂ ਲਈ ਇੱਕ ਪੁਖ਼ਤਾ ਅਤੇ ਡਾਇਰੈਕਟ ਨੀਤੀ ਬਣਾਉਣ ਦੀ ਲੋੜ ਹੈ। ਸਿਵਾਸਾਗਰ ਦੇ ਗੁਰਦੁਆਰੇ ਅਤੇ ‘ਸਿੱਖ ਰਾਈਡਰਜ਼’ ਦਾ ਇਹ ਉਪਰਾਲਾ ਪੂਰੇ ਦੇਸ਼ ਲਈ ਪ੍ਰੇਰਨਾ ਦਾ ਸਰੋਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਆਤਮ-ਨਿਰਭਰ ਅਤੇ ਸੇਵਾ-ਭਾਵੀ ਸਮਾਜਿਕ ਸੰਗਠਨਾਂ ਨਾਲ ਮਿਲ ਕੇ ਕੰਮ ਕਰੇ, ਤਾਂ ਜੋ ਰਾਹਤ ਕਾਰਜਾਂ ਦਾ ਲਾਭ ਬਿਨਾਂ ਕਿਸੇ ਦੇਰੀ ਦੇ ਹਰ ਪੀੜਤ ਤੱਕ ਪਹੁੰਚਾਇਆ ਜਾ ਸਕੇ। ਆਫ਼ਤ ਦੇ ਇਸ ਦੌਰ ਵਿੱਚ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਇਸ ਨੂੰ ਬਣਾਏ ਰੱਖਣਾ ਸਾਡੇ ਸਾਰਿਆਂ ਦਾ ਫ਼ਰਜ਼ ਹੈ।