ਕੁਦਰਤ ਦਾ ‘ਕ੍ਰਾਸ’
ਸੁਮੀਤ ਮਿੱਤਲ
ਮਾਲਵੇ ਦੇ ਪਿੰਡਾਂ ਦੀ ਇੱਕ ਠੰਢੀ-ਸੀਤ ਸਵੇਰ ਸੀ। ਧੁੰਦ ਦੀ ਚਿੱਟੀ ਚਾਦਰ ਹੌਲੀ-ਹੌਲੀ ਖੇਤਾਂ ਤੋਂ ਸਰਕ ਰਹੀ ਸੀ। ਗੁਰਨਾਮ ਹਰ ਰੋਜ਼ ਦੀ ਤਰ੍ਹਾਂ ਆਪਣਾ ਥੈਲਾ ਮੋਢੇ ’ਤੇ ਟੰਗੀ ਗਿੱਦੜਬਾਹਾ ਦੇ ਰੇਲਵੇ ਸਟੇਸ਼ਨ ’ਤੇ ਆ ਖੜਿ੍ਹਆ। ਉਸ ਦਾ ਰੋਜ਼ ਦਾ ਨੇਮ ਸੀ- ਬਠਿੰਡੇ ਆਪਣੇ ਕੰਮ ’ਤੇ ਜਾਣ ਲਈ ਸਵੇਰ ਵਾਲੀ ਗੱਡੀ ਫੜਨ ਦਾ। ਰਾਹ ਵਿੱਚ ਇੱਕ ਛੋਟਾ ਜਿਹਾ ਸਟੇਸ਼ਨ ਆਉਂਦਾ ਸੀ ਬੱਲੂਆਣਾ। ਉੱਥੇ ਅਕਸਰ ਗੱਡੀ ‘ਕ੍ਰਾਸ’ ਲਈ ਰੁਕ ਜਾਂਦੀ ਤਾਂ ਜੋ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਗੱਡੀ ਲੰਘ ਸਕੇ। ਗੁਰਨਾਮ ਨੂੰ ਇਹ ਰੁਕਾਵਟ ਜ਼ਰਾ ਵੀ ਰਾਸ ਨਹੀਂ ਸੀ ਆਉਂਦੀ। ਜਿਉਂ ਹੀ ਗੱਡੀ ਉੱਥੇ ਰੁਕਦੀ, ਉਹ ਖਿਝ ਕੇ ਖਿੜਕੀ ਵਿੱਚੋਂ ਬਾਹਰ ਝਾਕਦਾ ਤੇ ਬੁੜਬੁੜਾਉਂਦਾ:
‘‘ਓ ਯਾਰ, ਇਨ੍ਹਾਂ ਦਾ ਰੋਜ਼ ਦਾ ਹੀ ਕੰਮ ਐ! ਐਵੇਂ ਖਾਲੀ ਪਟਰੀ ’ਤੇ ਗੱਡੀ ਖੜ੍ਹੀ ਕਰ ਲੈਂਦੇ ਨੇ। ਸਿੱਧੀ ਬਠਿੰਡੇ ਲੈ ਜਾਣ ਤਾਂ ਬੰਦਾ ਵੇਲੇ ਸਿਰ ਕੰਮ ’ਤੇ ਪਹੁੰਚੇ।’’
ਆਲੇ-ਦੁਆਲੇ ਬੈਠੇ ਮੁਸਾਫ਼ਰ ਕਦੇ ਉਸ ਵੱਲ ਵੇਖ ਕੇ ਹੱਸ ਪੈਂਦੇ ਤੇ ਕਦੇ ਅਣਗੌਲਿਆ ਕਰ ਦਿੰਦੇ, ਪਰ ਗੁਰਨਾਮ ਦੇ ਮੱਥੇ ਦੀਆਂ ਤਿਊੜੀਆਂ ਬਰਕਰਾਰ ਰਹਿੰਦੀਆਂ।
ਇੱਕ ਦਿਨ ਸਥਿਤੀ ਬਦਲ ਗਈ। ਗੱਡੀ ਗਿੱਦੜਬਾਹਾ ਤੋਂ ਚੱਲੀ ਹੀ ਸੀ ਕਿ ਬੱਲੂਆਣਾ ਪਹੁੰਚਦਿਆਂ-ਪਹੁੰਚਦਿਆਂ ਗੁਰਨਾਮ ਦੀ ਛਾਤੀ ਵਿੱਚ ਅਚਾਨਕ ਇੱਕ ਤੇਜ਼ ਚੀਸ ਪਈ। ਉਸ ਦੇ ਹੱਥ ਕੰਬਣ ਲੱਗੇ, ਮੱਥੇ ’ਤੇ ਮੁੜ੍ਹਕਾ ਆ ਗਿਆ ਤੇ ਸਾਹ ਲੈਣਾ ਵੀ ਔਖਾ ਹੋ ਗਿਆ। ਉਸ ਨੇ ਬੜੀ ਮੁਸ਼ਕਿਲ ਨਾਲ ਗੁਆਂਢੀ ਸਵਾਰੀ ਦੀ ਬਾਂਹ ਫੜੀ ਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ‘‘ਸਾਹ ਘੁੱਟ ਰਿਹੈ... ਕੁਝ ਠੀਕ ਨਹੀਂ ਲੱਗ ਰਿਹਾ...।’’
ਕੁਦਰਤ ਦਾ ਕ੍ਰਿਸ਼ਮਾ ਵੇਖੋ, ਠੀਕ ਉਸੇ ਪਲ ਗੱਡੀ ਬੱਲੂਆਣਾ ਸਟੇਸ਼ਨ ’ਤੇ ਕ੍ਰਾਸ ਲਈ ਰੁਕ ਗਈ। ਸਵਾਰੀਆਂ ਨੇ ਫੁਰਤੀ ਵਿਖਾਈ ਅਤੇ ਗੁਰਨਾਮ ਨੂੰ ਸਹਾਰਾ ਦੇ ਕੇ ਹੇਠਾਂ ਲਾਹ ਲਿਆ। ਕਿਸੇ ਨੇ ਰੌਲਾ ਪਾਇਆ, ‘‘ਸਟੇਸ਼ਨ ਦੇ ਬਿਲਕੁਲ ਸਾਹਮਣੇ ਡਿਸਪੈਂਸਰੀ ਹੈ, ਡਾਕਟਰ ਵੀ ਮੌਜੂਦ ਐ, ਜਲਦੀ ਕਰੋ!’’
ਡਾਕਟਰ ਨੇ ਤੁਰੰਤ ਮੁੱਢਲੀ ਸਹਾਇਤਾ ਦਿੱਤੀ, ਜ਼ਰੂਰੀ ਟੀਕਾ ਲਾਇਆ ਤੇ ਗੁਰਨਾਮ ਦੀ ਹਾਲਤ ਨੂੰ ਸਥਿਰ ਕੀਤਾ। ਕੁਝ ਦੇਰ ਬਾਅਦ ਜਦੋਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਤੇ ਸਾਹ ਸੌਖਾ ਹੋਇਆ ਤਾਂ ਡਾਕਟਰ ਨੇ ਕਿਹਾ, ‘‘ਕਿਸਮਤ ਵਾਲਾ ਸੀ ਤੂੰ ਗੁਰਨਾਮ ਸਿੰਹਾਂ... ਤੈਨੂੰ ਦਿਲ ਦਾ ਦੌਰਾ ਪਿਆ ਸੀ। ਜੇ ਗੱਡੀ ਨਾ ਰੁਕਦੀ ਤੇ ਤੈਨੂੰ ਅਗਲੇ ਅੱਧੇ ਘੰਟੇ ਤੱਕ ਡਾਕਟਰੀ ਸਹਾਇਤਾ ਨਾ ਮਿਲਦੀ ਤਾਂ ਜਾਨ ਬਚਾਉਣੀ ਬਹੁਤ ਔਖੀ ਸੀ।’’
ਇਹ ਸੁਣ ਕੇ ਗੁਰਨਾਮ ਸੁੰਨ ਹੋ ਗਿਆ। ਉਸ ਦੇ ਕੰਨਾਂ ਵਿੱਚ ਬੱਲੂਆਣਾ ਸਟੇਸ਼ਨ ਦਾ ਨਾਂਅ ਗੂੰਜ ਰਿਹਾ ਸੀ। ਜਿਸ ਰੁਕਾਵਟ ਨੂੰ ਉਹ ਸਾਲਾਂ ਤੋਂ ਕੋਸਦਾ ਆ ਰਿਹਾ ਸੀ, ਅੱਜ ਉਸੇ ‘ਕ੍ਰਾਸ’ ਨੇ ਉਸਦੀ ਜ਼ਿੰਦਗੀ ਦਾ ਕ੍ਰਾਸ ਟਾਲ ਦਿੱਤਾ ਸੀ।
ਕੁਝ ਦਿਨਾਂ ਬਾਅਦ ਗੁਰਨਾਮ ਮੁੜ ਉਸੇ ਗੱਡੀ ਵਿੱਚ ਸਵਾਰ ਸੀ। ਬੱਲੂਆਣਾ ਸਟੇਸ਼ਨ ਆਇਆ ਤੇ ਗੱਡੀ ਫਿਰ ਰੁਕ ਗਈ। ਇਸ ਵਾਰ ਗੁਰਨਾਮ ਦੇ ਚਿਹਰੇ ’ਤੇ ਖਿਝ ਨਹੀਂ ਸੀ। ਨਾਲ ਬੈਠਾ ਇੱਕ ਨੌਜਵਾਨ ਗੁੱਸੇ ਵਿੱਚ ਬੋਲਿਆ, ‘‘ਲਓ ਦੱਸੋ! ਫਿਰ ਖੜ੍ਹੀ ਕਰ ਦਿੱਤੀ... ਇਹ ਕ੍ਰਾਸ ਸਾਡਾ ਟਾਈਮ ਬਹੁਤ ਖਰਾਬ ਕਰਦੈ।’’
ਗੁਰਨਾਮ ਨੇ ਸ਼ਾਂਤੀ ਨਾਲ ਉਸ ਵੱਲ ਵੇਖਿਆ, ਮੁਸਕਰਾਇਆ ਤੇ ਕਿਹਾ, ‘‘ਛੋਟੇ ਵੀਰ, ਗੁੱਸਾ ਨਾ ਕਰ... ਕਈ ਵਾਰ ਜ਼ਿੰਦਗੀ ਵਿੱਚ ਆਈ ਹਲਕੀ ਜਿਹੀ ਖੜੋਤ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਜੋ ਮਨੁੱਖ ਦੋ ਪਲ ਸੁਖ ਦਾ ਸਾਹ ਲੈ ਸਕੇ।’’
ਗੱਡੀ ਚੱਲ ਪਈ। ਗੁਰਨਾਮ ਖਿੜਕੀ ਰਾਹੀਂ ਬਾਹਰ ਖੇਤਾਂ ਦੀ ਹਰਿਆਵਲ ਨੂੰ ਨਿਹਾਰ ਰਿਹਾ ਸੀ। ਅੱਜ ਉਸ ਨੂੰ ਸਮਝ ਆ ਗਿਆ ਸੀ ਕਿ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਹਮੇਸ਼ਾ ਬੁਰੀਆਂ ਨਹੀਂ ਹੁੰਦੀਆਂ, ਕਈ ਵਾਰ ਉਹ ਕੁਦਰਤ ਦਾ ਸਾਡੇ ਲਈ ਸਭ ਤੋਂ ਵੱਡਾ ਤੋਹਫ਼ਾ ਹੁੰਦੀਆਂ ਹਨ।


Comments (0)