ਐਫ਼. ਬੀ. ਆਈ. ਨੇ ਭਾਰਤੀ ਨਾਗਰਿਕ ਦੀ ਗਿ੍ਰਫ਼ਤਾਰੀ ਲਈ ਆਮ ਲੋਕਾਂ ਤੋਂ ਮਦਦ ਮੰਗੀ

ਐਫ਼. ਬੀ. ਆਈ. ਨੇ ਭਾਰਤੀ ਨਾਗਰਿਕ ਦੀ ਗਿ੍ਰਫ਼ਤਾਰੀ ਲਈ ਆਮ ਲੋਕਾਂ ਤੋਂ ਮਦਦ ਮੰਗੀ

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਐਫ਼. ਬੀ. ਆਈ. ਨੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਨਾਲ ਜੁੜੇ ਇੱਕ ਭਾਰਤੀ ਨਾਗਰਿਕ ਨੂੰ ਲੱਭਣ ਲਈ ਆਮ ਜਨਤਾ ਤੋਂ ਮੱਦਦ ਦੀ ਮੰਗ ਕੀਤੀ ਹੈ। ਐਫ਼. ਬੀ. ਆਈ. ਦੇ ਅਨੁਸਾਰ 30 ਸਾਲਾ ਅੰਮ੍ਰਿਤਪਾਲ ਸਿੰਘ ਨਸ਼ੀਲੇ ਪਦਾਰਥਾਂ ਦੀ
ਨਿਰਯਾਤ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੈ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਅੰਮ੍ਰਿਤਪਾਲ ਸਿੰਘ ਰਵਿੰਦਰ ਢਾਂਡਾ ਸੰਗਠਿਤ ਅਪਰਾਧ ਸਮੂਹ ਦਾ ਹਿੱਸਾ ਹੈ ਜੋ ਕਿ ਵੈਨਕੂਵਰ, ਕੈਨੇਡਾ ਵਿੱਚ ਸਰਗਰਮ ਹੈ ਅਤੇ ਜਿਸ ’ਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਨੂੰ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਮੇਥਾਮਫ਼ੇਟਾਮਾਈਨ ਸਪਲਾਈ ਕਰਨ ਦਾ ਦੋਸ਼ ਹੈ। ਐਫ਼. ਬੀ. ਆਈ. ਨੇ ਕਿਹਾ ਹੈ ਕਿ ਉਸ ਵਿਰੁੱਧ ਗਿ੍ਰਫ਼ਤਾਰੀ ਵਾਰੰਟ ਲਾਸ ਏਂਜਲਸ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਦੁਆਰਾ ਜਾਰੀ ਕੀਤਾ ਗਿਆ ਹੈ। ਐਫ਼. ਬੀ. ਆਈ. ਅਨੁਸਾਰ ਅੰਮ੍ਰਿਤਪਾਲ ਦੀ ਉਮਰ 30 ਸਾਲ ਤੋਂ ਉਪਰ ਹੈ । ਮਾਮਲੇ ਦੀ ਐਫ਼. ਬੀ. ਆਈ. ਦਾ ਲਾਸ ਏਂਜਲਸ ਫ਼ੀਲਡ ਦਫ਼ਤਰ ਜਾਂਚ ਕਰ ਰਿਹਾ ਹੈ ਅਤੇ ਉਸ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਅੰਮ੍ਰਿਤਪਾਲ ਦੇ ਟਿਕਾਣੇ ਬਾਰੇ ਜਾਣਕਾਰੀ ਮਿਲੇ ਤਾਂ ਉਹ ਸਥਾਨਕ ਐਫ਼. ਬੀ. ਆਈ. ਦਫ਼ਤਰ, ਨਜ਼ਦੀਕੀ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰ ਸਕਦਾ ਹੈ।