ਇੱਕ ਹੋਰ ਭਾਰਤੀ ਨਾਗਰਿਕ ਐਫ਼. ਬੀ. ਆਈ. ਦੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਿਲ

ਇੱਕ ਹੋਰ ਭਾਰਤੀ ਨਾਗਰਿਕ ਐਫ਼. ਬੀ. ਆਈ. ਦੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਿਲ

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ : ਐਫ਼. ਬੀ. ਆਈ. ਨੇ ਇੱਕ ਹੋਰ ਭਾਰਤੀ ਨਾਗਰਿਕ ਨੂੰ ਆਪਣੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਕੀਤਾ ਹੈ ਜਿਸ ਦੀ ਪਛਾਣ ਕਮਲ ਵਜੋਂ ਕੀਤੀ ਗਈ ਹੈ। ਐਫ਼ ਬੀ ਆਈ ਦਾ ਦੋਸ਼ ਹੈ ਕਿ ਕਮਲ ਲਾਰੈਂਸ ਬਿਸ਼ਨੋਈ ਸੰਗਠਿਤ ਅਪਰਾਧ ਸਮੂਹ ਨਾਲ ਜੁੜਿਆ ਹੋਇਆ ਹੈ ਅਤੇ ਜਬਰੀ ਵਸੂਲੀ ਰਾਹੀਂ ਵਪਾਰ ਵਿੱਚ ਦਖ਼ਲ ਦੇਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਲੋੜੀਂਦਾ ਹੈ। ਲਾਸ ਏਂਜਲਸ ਵਿੱਚ ਅਮਰੀਕੀ ਜ਼ਿਲਾ ਅਦਾਲਤ ਦੁਆਰਾ 1 ਜੁਲਾਈ ਨੂੰ ਉਸ ਵਿਰੁੱਧ ਇੱਕ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਏਜੰਸੀ ਲਾਰੈਂਸ ਬਿਸ਼ਨੋਈ ਸਮੂਹ ਨੂੰ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ
ਮੰਨਦੀ ਹੈ ਜੋ ਮੂਲ ਰੂਪ ਵਿੱਚ ਭਾਰਤ ਦੇ ਪੰਜਾਬ ਰਾਜ ਵਿੱਚ ਪੈਦਾ ਹੋਇਆ ਸੀ ਅਤੇ ਕੈਲੀਫ਼ੋਰਨੀਆ ਅਤੇ ਹੋਰ ਥਾਵਾਂ ’ਤੇ ਅਪਰਾਧਕ ਗਤੀਵਿਧੀਆਂ ਵਿੱਚ ਸਰਗਰਮ ਹੈ। ਐਫ਼. ਬੀ. ਆਈ. ਨੇ ਭਾਰਤੀ ਨਾਗਰਿਕਾਂ ਮੇਜਰ ਸਿੰਘ ਅਤੇ ਨਿਤੀਸ਼ ਕੌਸ਼ਲ ਨੂੰ ਵੀ ਜੱਗੂ ਭਗਵਾਨਪੁਰੀਆ ਸੰਗਠਿਤ ਅਪਰਾਧ ਸਮੂਹ ਨਾਲ ਕਥਿਤ ਸ਼ਮੂਲੀਅਤ ਲਈ ਸੂਚੀਬੱਧ ਕੀਤਾ ਹੈ। ਐਫ਼. ਬੀ. ਆਈ. ਅਨੁਸਾਰ ਭਗਵਾਨਪੁਰੀਆ ਸਮੂਹ ਕਤਲ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰੀ ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਦੇ ਮਾਮਲਿਆਂ ਵਿਚ ਸ਼ਾਮਲ ਹੈ। ਭਾਰਤੀ ਨਾਗਰਿਕ ਅੰਮ੍ਰਿਤਪਾਲ ਸਿੰਘ ਨੂੰ 30 ਜੁਲਾਈ ਨੂੰ ਢਾਂਡਾ ਸਮੂਹ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਕਾਰਨ ਐਫ਼ ਬੀ ਆਈ ਦੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਏਜੰਸੀ ਨੇ
ਕਿਹਾ ਕਿ ਇਹ ਸਮੂਹ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਲਈ ਕੋਕੀਨ ਅਤੇ ਮੈਥਾਮਫ਼ੇਟਾਮਾਈਨ ਸਪਲਾਈ ਕਰਦਾ ਸੀ। ਐਫ਼. ਬੀ. ਆਈ. ਨੇ ਕਿਹਾ ਕਿ ਇੱਕ ਹੋਰ ਭਾਰਤੀ ਨਾਗਰਿਕ, ਹਰਮਨਵੀਰ ਸਿੰਘ, ਨੂੰ 23 ਜੁਲਾਈ ਨੂੰ ਕੈਲੀਫ਼ੋਰਨੀਆ ਦੇ ਸਟਾਕਟਨ ਵਿੱਚ ਢਾਂਡਾ ਸਮੂਹ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕੀ ਨਿਆਂ ਵਿਭਾਗ ਨੇ ਓਪਰੇਸ਼ਨ ਹਾਰਡ ਬਾਲ ਤਹਿਤ 37 ਵਿਅਕਤੀਆਂ ’ਤੇ ਦੋਸ਼ ਲਗਾਏ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਅਧਿਕਾਰੀਆਂ ਨੇ ਤਿੰਨ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜੇ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨਾਂ ਵਿੱਚੋਂ 11 ਕੈਲੀਫ਼ੋਰਨੀਆ ਨਾਲ ਸਬੰਧਿਤ ਹਨ।