ਆਸਟ੍ਰੇਲੀਆ ਨੇ ਬਣਾਏ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਨੂੰਨ

ਆਸਟ੍ਰੇਲੀਆ ਨੇ ਬਣਾਏ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਨੂੰਨ

ਸਿਡਨੀ/ਏ.ਟੀ.ਨਿਊਜ਼: ਵੱਖ ਵੱਖ ਦੇਸ਼ਾਂ ਵਿੱਚ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤੀ ਕੀਤਾ ਜਾ ਰਹੀ ਹੈ ਅਤੇ ਅਨੇਕਾਂ ਦੇਸ਼ਾਂ ਵੱਲੋਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਉਹਨਾਂ ਦੇ ਮੂਲ ਮੁਲਕਾਂ ਨੂੰ ਵਾਪਸ ਭੇਜਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਮੂਲ ਦੇਸ਼ ਵਾਪਸ ਭੇਜਣ ਦੀ ਸ਼ੁਰੂਆਤ ਕੁਝ ਸਮਾਂ ਪਹਿਲਾਂ ਅਮਰੀਕਾ ਵੱਲੋਂ ਕੀਤੀ ਗਈ ਸੀ, ਹੁਣ ਅਮਰੀਕਾ ਦੀ ਰਾਹ ’ਤੇ ਚਲਦਿਆਂ ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਮੁਲਕ ਵੀ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕਰਨ ਲੱਗ ਪਏ ਹਨ।
    ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਗ਼ੈਰ-ਕਾਨੂੰਨੀ ਸਮੁੰਦਰੀ ਰਸਤੇ ਦੇਸ਼ ਵਿੱਚ ਦਾਖ਼ਲ ਹੋਣ ਵਾਲਿਆਂ ਲਈ ਕੋਈ ਨਰਮੀ ਨਹੀਂ ਵਰਤੇਗੀ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਸਥਾਈ ਤੌਰ ’ਤੇ ਵੱਸਣ ਦੀ ਇਜਾਜ਼ਤ ਨਹੀਂ ਮਿਲੇਗੀ।
ਉਨ੍ਹਾਂ ਮਨੁੱਖੀ ਤਸਕਰਾਂ ਨੂੰ ਵੀ ਸਖ਼ਤ ਸੰਦੇਸ਼ ਦਿੱਤਾ ਹੈ। ਆਸਟ੍ਰੇਲੀਆ ਸਰਕਾਰ ਵੱਲੋਂ ਇਹ ਚਿਤਾਵਨੀ ਉਸ ਵੇਲੇ ਆਈ ਹੈ ਜਦੋਂ ਸਪੇਨ ਵਿੱਚ ਸਿਉਟਾ ਅਤੇ ਕੈਨੇਰੀ ਟਾਪੂਆਂ ਰਾਹੀਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦਾ ਦਾਖਲਾ ਲਗਾਤਾਰ ਵਧ ਰਿਹਾ ਹੈ।
ਰਿਪੋਰਟਾਂ ਮੁਤਾਬਕ ਸਾਲ 2025 ਦੌਰਾਨ ਯੂਰੋਪ ਵਿੱਚ ਲਗਪਗ 2.4 ਲੱਖ ਗ਼ੈਰ-ਕਾਨੂੰਨੀ ਸਰਹੱਦੀ ਦਾਖ਼ਲੇ ਦਰਜ ਹੋਏ ਹਨ। ਦੂਜੇ ਪਾਸੇ, ਆਸਟ੍ਰੇਲੀਆ ਵਿੱਚ ਕਰੀਬ 77,700 ਅਜਿਹੇ ਗ਼ੈਰ-ਨਾਗਰਿਕ ਰਹਿ ਰਹੇ ਹਨ, ਜਿਨ੍ਹਾਂ ਕੋਲ ਕੋਈ ਵੈਧ ਵੀਜ਼ਾ ਨਹੀਂ ਹੈ ਅਤੇ ਬਹੁਤੇ ਵੀਜ਼ਾ ਮਿਆਦ ਖ਼ਤਮ ਹੋਣ ਦੇ ਬਾਵਜੂਦ ਦੇਸ਼ ਵਿੱਚ ਹੀ ਹਨ।
ਸਰਕਾਰ ਦਾ ਕਹਿਣਾ ਹੈ ਕਿ ਸਰਹੱਦਾਂ ਦੀ ਸੁਰੱਖਿਆ, ਮਨੁੱਖੀ ਤਸਕਰੀ ’ਤੇ ਨਕੇਲ ਅਤੇ ਕਾਨੂੰਨੀ ਪ੍ਰਵਾਸ ਪ੍ਰਣਾਲੀ ਨੂੰ ਹਰ ਹਾਲ ਵਿੱਚ ਮਜ਼ਬੂਤ ਰੱਖਿਆ ਜਾਵੇਗਾ।