ਅਮਰੀਕੀ ਹਮਲੇ ਵਿੱਚ ਮਾਰਿਆ ਗਿਆ ਆਈ.ਐਸ.ਆਈ.ਐਸ. ਦਾ ਦੂਜਾ ਸਭ ਤੋਂ ਵੱਡਾ ਅੱਤਵਾਦੀ ਅਬੂ

ਅਮਰੀਕੀ ਹਮਲੇ ਵਿੱਚ ਮਾਰਿਆ ਗਿਆ ਆਈ.ਐਸ.ਆਈ.ਐਸ. ਦਾ ਦੂਜਾ ਸਭ ਤੋਂ ਵੱਡਾ ਅੱਤਵਾਦੀ ਅਬੂ

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਦੱਸਿਆ ਕਿ ਅਮਰੀਕਾ ਨੇ ਨਾਈਜੀਰੀਆ ਵਿੱਚ ਇੱਕ ਸਾਂਝੇ ਅਪਰੇਸ਼ਨ ਦੌਰਾਨ ਆਈ.ਐਸ.ਆਈ.ਐਸ. ਦੇ ਆਲਮੀ ਪੱਧਰ ਦੇ ਦੂਜੇ ਸਭ ਤੋਂ ਵੱਡੇ ਕਮਾਂਡਰ ਅਬੂ-ਬਿਲਾਲ ਅਲ-ਮਿਨੂਕੀ ਨੂੰ ਮਾਰ ਮੁਕਾਇਆ ਹੈ। ਟਰੰਪ ਮੁਤਾਬਕ ਇਹ ਮੁਹਿੰਮ ਅਮਰੀਕੀ ਅਤੇ ਨਾਈਜੀਰੀਆਈ ਫ਼ੌਜ ਨੇ ਮਿਲ ਕੇ ਚਲਾਈ ਸੀ।
ਇਸ ਸਫ਼ਲ ਅਪਰੇਸ਼ਨ ਦੀ ਸ਼ਲਾਘਾ ਕਰਦਿਆਂ ਟਰੰਪ ਨੇ ਕਿਹਾ, ‘ਹੁਣ ਉਹ ਅਫ਼ਰੀਕਾ ਦੇ ਲੋਕਾਂ ਨੂੰ ਨਹੀਂ ਡਰਾ ਸਕੇਗਾ ਅਤੇ ਨਾ ਹੀ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੀ ਸਾਜ਼ਿਸ਼ ਰਚ ਸਕੇਗਾ।’
ਕੌਣ ਸੀ ਅਬੂ-ਬਿਲਾਲ ਅਲ-ਮਿਨੂਕੀ?
ਅਬੂ ਨੂੰ ਅਬੂ ਬਕਰ ਇਬਨ ਮੁਹੰਮਦ ਇਬਨ ਅਲੀ ਅਲ-ਮੈਨੂਕੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਹ ਆਈ.ਐਸ.ਆਈ.ਐਸ. ਦਾ ਇੱਕ ਉੱਚ-ਰੈਂਕਿੰਗ ਅੱਤਵਾਦੀ ਸੀ ਜੋ ਗਲੋਬਲ ਪੱਧਰ ’ਤੇ ਸੰਗਠਨ ਵਿੱਚ ਦੂਜੇ ਸਥਾਨ ’ਤੇ ਸੀ। ਕਾਊਂਟਰ ਐਕਸਟ੍ਰੀਮਿਜ਼ਮ ਪ੍ਰੋਜੈਕਟ ਦੀ ਰਿਪੋਰਟ ਅਨੁਸਾਰ, ਉਹ ਮੁੱਖ ਤੌਰ ’ਤੇ ਅਫ਼ਰੀਕਾ ਦੇ ਸਾਹੇਲ  ਖੇਤਰ ਵਿੱਚ ਸਰਗਰਮ ਸੀ, ਜੋ ਕਿ ਸੇਨੇਗਲ, ਮਾਲੀ, ਨਾਈਜਰ, ਨਾਈਜੀਰੀਆ, ਚਾਡ ਅਤੇ ਸੂਡਾਨ ਸਮੇਤ 12 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਉਹ ‘ਇਸਲਾਮਿਕ ਸਟੇਟ ਵੈਸਟ ਅਫ਼ਰੀਕਾ ਪ੍ਰੋਵਿੰਸ’  ਦਾ ਇੱਕ ਸੀਨੀਅਰ ਕਮਾਂਡਰ ਸੀ ਅਤੇ ਆਈ.ਐਸ.ਆਈ.ਐਸ. ਦੇ ‘ਲੇਕ ਚਾਡ ਡਿਵੀਜ਼ਨ’ ਦੇ ਅਪਰੇਸ਼ਨਾਂ ਨੂੰ ਸਿੱਧੇ ਤੌਰ ’ਤੇ ਸੰਭਾਲਦਾ ਸੀ।
ਗਲੋਬਲ ਅੱਤਵਾਦੀ ਘੋਸ਼ਿਤ: ਜੂਨ 2023 ਵਿੱਚ, ਅਮਰੀਕੀ ਵਿਦੇਸ਼ ਵਿਭਾਗ ਨੇ ਉਸਨੂੰ ਅਧਿਕਾਰਤ ਤੌਰ ’ਤੇ ਵਿਸ਼ੇਸ਼ ਤੌਰ ’ਤੇ ਨਾਮਜ਼ਦ ਗਲੋਬਲ ਅੱਤਵਾਦੀ ਐਲਾਨਿਆ ਸੀ। ਉਸਦਾ ਮੁੱਖ ਮਕਸਦ ਅਫ਼ਰੀਕਾ ਵਿੱਚ ਇਸਲਾਮਿਕ ਸ਼ਾਸਨ ਦਾ ਵਿਸਤਾਰ ਕਰਨਾ ਅਤੇ ਦੁਨੀਆ ਭਰ ਵਿੱਚ ਸ਼ਰੀਅਤ ਅਧਾਰਿਤ ਕਾਨੂੰਨ ਲਾਗੂ ਕਰਨਾ ਸੀ।