ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ’ਤੇ ਸਖ਼ਤੀ
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਅਤੇ ਹਿੰਸਕ ਸਥਿਤੀਆਂ ’ਤੇ ਤੁਰੰਤ ਕਾਬੂ ਪਾਉਣ ਲਈ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਇੱਕ ਨਵਾਂ ਯੰਤਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਆਈ.ਸੀ.ਈ. ਏਜੰਟਾਂ ਨੂੰ ਹੁਣ ਵਿਸ਼ੇਸ਼ ‘ਇਲੈਕਟ੍ਰਿਕ ਦਸਤਾਨੇ’ ਮੁਹੱਈਆ ਕਰਵਾਏ ਜਾਣਗੇ, ਜੋ ਕਿਸੇ ਸ਼ੱਕੀ ਜਾਂ ਹਿੰਸਕ ਵਿਅਕਤੀ ਨੂੰ ਛੂਹਣ ’ਤੇ ਬਿਜਲੀ ਦਾ ਜ਼ੋਰਦਾਰ ਝਟਕਾ ਦੇ ਕੇ ਸਕਿੰਟਾਂ ਵਿੱਚ ਕਾਬੂ ਕਰਨ ਦੇ ਸਮਰੱਥ ਹਨ।
ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਅਨੁਸਾਰ, ਹਜ਼ਾਰਾਂ ਅਜਿਹੇ ਦਸਤਾਨੇ ਖਰੀਦਣ ਲਈ ਲਗਭਗ 20 ਮਿਲੀਅਨ ਡਾਲਰ ਖ਼ਰਚ ਕੀਤੇ ਜਾਣਗੇ। ਇਹ ਯੋਜਨਾ ਅਗਲੇ ਸਾਲ ਮਾਰਚ ਤੱਕ ਲਾਗੂ ਕੀਤੀ ਜਾਵੇਗੀ, ਜਿਸ ਤਹਿਤ ਸਾਰੇ ਸੰਬੰਧਿਤ ਅਧਿਕਾਰੀਆਂ ਅਤੇ ਏਜੰਟਾਂ ਨੂੰ ਇਨ੍ਹਾਂ ਦਸਤਾਨਿਆਂ ਨਾਲ ਲੈਸ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਪ੍ਰਸ਼ਾਸਨ ਵੱਲੋਂ ਏਜੰਟਾਂ ਨੂੰ ਬਾਡੀ ਕੈਮਰੇ ਮੁਹੱਈਆ ਕਰਵਾਉਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਕਿਵੇਂ ਕੰਮ ਕਰਦੀ ਹੈ ਇਹ ਤਕਨੀਕ?
ਇਹ ਉਪਕਰਨ ‘ਕੰਪਲਾਇੰਟ ਟੈਕਨਾਲੋਜੀ’ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਦੇਖਣ ਵਿੱਚ ਆਮ ਗਸ਼ਤ ਦਸਤਾਨਿਆਂ ਵਾਂਗ ਲੱਗਦੇ ਹਨ।
ਦਸਤਾਨੇ ’ਤੇ ਲੱਗਾ ਬਟਨ ਦਬਾਉਂਦੇ ਹੀ ਇਹ ਇਲੈਕਟ੍ਰਿਕ ਮੋਡ ਵਿੱਚ ਆ ਜਾਂਦੇ ਹਨ। ਜਦੋਂ ਇਹ ਕਿਸੇ ਦੀ ਚਮੜੀ ਨੂੰ ਛੂੰਹਦੇ ਹਨ, ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਮਧੂ-ਮੱਖੀ ਦੇ ਡੰਗ ਵਰਗਾ ਤੇਜ਼ ਦਰਦ ਅਤੇ ਬਿਜਲੀ ਦਾ ਝਟਕਾ ਮਹਿਸੂਸ ਹੁੰਦਾ ਹੈ, ਜਿਸ ਨਾਲ ਉਹ ਕੁਝ ਸਕਿੰਟਾਂ ਲਈ ਅਸਮਰੱਥ ਹੋ ਜਾਂਦਾ ਹੈ ਅਤੇ ਏਜੰਟ ਉਸ ਨੂੰ ਆਸਾਨੀ ਨਾਲ ਹਿਰਾਸਤ ਵਿੱਚ ਲੈ ਲੈਂਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ 19 ਮਹੀਨਿਆਂ ਦੌਰਾਨ ਇਮੀਗ੍ਰੇਸ਼ਨ ਕਾਰਵਾਈਆਂ ਦੌਰਾਨ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਹ ਦਸਤਾਨੇ ਪਹਿਲਾਂ ਵੀ ਅਮਰੀਕਾ ਦੀਆਂ ਕਈ ਜੇਲ੍ਹਾਂ ਅਤੇ ਪੁਲਿਸ ਵਿਭਾਗਾਂ ਵੱਲੋਂ ਦੰਗਾਕਾਰੀਆਂ ’ਤੇ ਕਾਬੂ ਪਾਉਣ ਲਈ ਵਰਤੇ ਜਾਂਦੇ ਰਹੇ ਹਨ, ਪਰ ਮਨੁੱਖੀ ਅਧਿਕਾਰਾਂ ਦੇ ਪੱਖੋਂ ਇਹ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਨਾਲ ਏਜੰਟਾਂ ਦਾ ਰਵੱਈਆ ਹੋਰ ਹਮਲਾਵਰ ਹੋ ਸਕਦਾ ਹੈ।











Comments (0)