ਸੰਸਦ ਮੈਂਬਰ ਸਰਬਜੀਤ ਸਿੰਘ ਵਲੋਂ ਨਵਾਂ ਅਕਾਲੀ ਦਲ ਬਣਾਉਣ ਦੇ ਐਲਾਨ ਨਾਲ  ਬਾਦਲਕਿਆਂ ਦੀ ਰਾਜਨੀਤੀ ਖਤਰੇ ਵਿਚ

ਸੰਸਦ ਮੈਂਬਰ ਸਰਬਜੀਤ ਸਿੰਘ ਵਲੋਂ ਨਵਾਂ ਅਕਾਲੀ ਦਲ ਬਣਾਉਣ ਦੇ ਐਲਾਨ ਨਾਲ  ਬਾਦਲਕਿਆਂ ਦੀ ਰਾਜਨੀਤੀ ਖਤਰੇ ਵਿਚ

**ਜਥੇਦਾਰ ਅਕਾਲ ਤਖਤ ਨੇ ਸੁਖਬੀਰ ਸਿੰਘ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਜਾਰੀ ਕਰਕੇ ਮੰਗਿਆ ਸਪੱਸ਼ਟੀਕਰਨ

*ਅੰਮ੍ਰਿਤਪਾਲ ਸਿੰਘ ਦੇ ਪਿਤਾ ਵੀ ਸਹਿਯੋਗੀ ,ਬਾਗੀ ਅਕਾਲੀ ਧੜੇ ਦੀਆਂ ਤਾਰਾਂ ਨਾਲ ਜੁੜੀਆਂ

*ਭਾਈ ਅੰਮਿ੍ਤਪਾਲ ਸਿੰਘ ਵਲੋਂ ਐਨ.ਐਸ.ਏ. ਤਹਿਤ ਵਧਾਈ ਨਜ਼ਰਬੰਦੀ ਨੂੰ ਹਾਈ ਕੋਰਟ ਵਿਚ ਚੁਣੌਤੀ

 ਅਕਾਲ ਤਖਤ ਸਾਹਿਬ ਵਿਖੇ 15 ਜੁਲਾਈ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਬਾਗੀ ਹੋਏ ਅਕਾਲੀ ਆਗੂਆਂ ਵੱਲੋਂ ਲਗਾਏ ਗਏ ਲਿਖਤੀ ਦੋਸ਼ਾਂ ਸਬੰਧੀ 15 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਦੇ ਆਦੇਸ਼ ਸਬੰਧੀ ਪੱਤਰ ਜਾਰੀ ਕੀਤਾ ਹੈ।ਸਪੱਸ਼ਟੀਕਰਨ ਦੇ ਮਾਮਲੇ ਵਿੱਚ ਹੁਣ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਇਸ ਮਾਮਲੇ ਵਿੱਚ ਅਗਲੇ ਘਟਨਾਕ੍ਰਮ ’ਤੇ ਟਿਕੀਆਂ ਹੋਈਆਂ ਹਨ।

ਜਥੇਦਾਰ  ਗਿਆਨੀ ਰਘਬੀਰ ਸਿੰਘ ਵੱਲੋਂ ਜਾਰੀ ਇਸ ਪੱਤਰ ਵਿਚ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਦੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ। ਜਿਸ ਕਰਕੇ ਦੋਸ਼ਾਂ ਦਾ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਲਿਖਤੀ ਰੂਪ ਵਿਚ ਦਿੱਤਾ ਜਾਵੇ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਸਬੰਧੀ ਇਨ੍ਹਾਂ ਅਕਾਲੀ ਆਗੂਆਂ ਵੱਲੋਂ ਲਗਾਏ ਦੋਸ਼ਾਂ ਨੂੰ ਧਿਆਨ ਵਿਚ ਰੱਖਦਿਆ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਾਸੋਂ ਪੱਤਰ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਗਿਆ।

ਪਾਰਟੀ ਸੂਤਰਾਂ ਮੁਤਾਬਕ ਪਾਰਟੀ ਵੱਲੋਂ ਇਸ ਸਬੰਧੀ ਸਪੱਸ਼ਟੀਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਇਹ ਮੁੱਖ ਧਿਰ ਇਸ ਮਾਮਲੇ ਵਿੱਚ ਅਕਾਲ ਤਖ਼ਤ ਅੱਗੇ ਪੂਰਨ ਤੌਰ ’ਤੇ ਸਮਰਪਣ ਕਰਨ ਦੇ ਰੌਂਅ ਵਿੱਚ ਹੈ। ਦੂਜੀ ਧਿਰ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਅਕਾਲੀ ਸਰਕਾਰ ਵੇਲੇ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਕਰ ਸਕਦਾ ਹੈ।

ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਸਬੰਧੀ ਸਪੱਸ਼ਟੀਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਕਮੇਟੀ ਵੱਲੋਂ ਪੁਰਾਣੀਆਂ ਫਾਈਲਾਂ ਤੇ ਦਸਤਾਵੇਜ਼ਾਂ ਦੀ ਘੋਖ-ਪੜਤਾਲ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਖ਼ਿਲਾਫ਼ ਦੋਸ਼ ਹੈ ਕਿ ਉਸ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਸਬੰਧੀ ਮਾਮਲੇ ਵਿੱਚ ਅਕਾਲ ਤਖ਼ਤ ਦੇ ਫ਼ੈਸਲੇ ਦੀ ਪਰੋੜ੍ਹਤਾ ਕਰਨ ਲਈ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਜਦੋਂ ਕਿ ਬਾਅਦ ਵਿੱਚ ਸੰਗਤ ਰੋਹ ਦੇ ਕਾਰਨ ਅਕਾਲ ਤਖ਼ਤ ਤੇ ਜਥੇਦਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ। ਇਸ ਮਾਮਲੇ ਵਿੱਚ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਮੁੱਖ ਸਕੱਤਰ ਹਰਚਰਨ ਸਿੰਘ ਦੋਵੇਂ ਹੀ ਪ੍ਰਮੁੱਖ ਸ਼ਖਸੀਅਤਾਂ ਅਕਾਲ ਚਲਾਣਾ ਕਰ ਚੁੱਕੀਆਂ ਹਨ

.ਕੁਲ ਮਿਲਾਕੇ ਪੰਥਕ ਸਿਆਸਤ ਦੀਆਂ ਸਰਗਰਮੀਆਂ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਲਈ ਵਡੀ ਸਿਰਦਰਦੀ ਬਣ ਗਈਆਂ ਹਨ।ਭਾਵੇਂ ਅਜੇ ਨਵੇਂ ਸੰਗਠਨ ਦੀ ਰੂਪ ਰੇਖਾ ਨਹੀਂ ਬਣੀ ਪਰ ਬਾਗੀ ਅਕਾਲੀ ਅੰਮ੍ਰਿਤਪਾਲ ਸਿੰਘ ਦੇ  ਧੜੇ ਨਾਲ ਮਿਲਕੇ ਪੰਜਾਬ ਦੀ ਸਿਆਸਤ ਦਾ ਅਗਾਜ਼ ਕਰ ਸਕਦੇ ਹਨ। 

ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸਿਆਸਤ ਬਾਰੇ ਨਵੇਂ ਸਿਰਿਉਂ ਸੋਚਣ ਦੀ ਲੋੜ ਹੈ ਕਿ ਉਹ ਕਿਵੇਂ ਆਪਣਾ ਵਕਾਰ ਬਹਾਲ ਕਰ ਸਕਦੇ ਹਨ?

ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਨਵਾਂ ਪੰਥਕ ਸੰਗਠਨ ਹੋਂਦ ਵਿਚ ਆਵੇਗਾ

ਦੂਜੇ ਪਾਸੇ ਖਡੂਰ ਸਾਹਿਬ ਤੋਂ ਚੋਣ ਜਿੱਤਣ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਸਿਆਸਤ ਵਿੱਚ ਹੋਰ ਸਰਗਰਮ ਹੋ ਸਕਦੇ ਹਨ। ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਖਾਲਸਾ ਨੇ ਇਸ ਵੱਲ ਇਸ਼ਾਰਾ ਕਰ ਦਿੱਤਾ ਹੈ।

 ਸੰਗਰੂਰ ਵਿੱਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਸਨਮਾਨ ਕੀਤੇ ਜਾਣ ਤੋਂ ਬਾਅਦ ਪਿਤਾ ਤਰਸੇਮ ਸਿੰਘ ਨੇ ਕਿਹਾ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਾਲ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਾਂਗੇ। 

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹਾਲਾਂਕਿ ਜ਼ਿਮਨੀ ਚੋਣ ਫਿਲਹਾਲ ਨਾ ਲੜਨ ਦੀ ਗੱਲ ਕਹਿ ਰਹੇ ਹਨ ਪਰ ਅੰਮ੍ਰਿਤਪਾਲ ਦੇ ਨਾਲ ਜੇਲ੍ਹ ਵਿੱਚ ਬੰਦ ਕਈ ਸਿੰਘਾਂ ਨੇ ਵੱਖ-ਵੱਖ ਹਲਕਿਆਂ ਤੋਂ ਆਪਣੀ ਦਾਅਵੇਦਾਰੀ ਪੇਸ਼ ਵੀ ਕਰ ਦਿੱਤੀ ਹੈ। ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਨੇ ਗਿੱਦੜਬਾਹਾ ਤੋਂ ਦਾਅਵੇਦਾਰੀ ਪੇਸ਼ ਕੀਤੀ ਹੈ ਤਾਂ ਇੱਕ ਹੋਰ ਸਾਥੀ ਦਲਜੀਤ ਸਿੰਘ ਕਲਸੀ ਦੇ ਪਰਿਵਾਰ ਵੱਲੋਂ ਡੇਰਾ ਬਾਬਾ ਨਾਨਕ ਤੋਂ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਉੱਧਰ ਜੇਲ੍ਹ ਵਿੱਚ ਹੀ ਬੰਦ ਕੁਲਵੰਤ ਸਿੰਘ ਰਾਉਕੇ ਨੇ ਬਰਨਾਲਾ ਸੀਟ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਪਰ ਇਸ ਬਾਰੇ ਅੰਮ੍ਰਿਤ ਪਾਲ ਸਿੰਘ ਚੁਪ ਦਿਖਾਈ ਦੇ ਰਹੇ ਹਨ।

ਸਨਮਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਵਿਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ,ਦਰਬਾਰ ਏ ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਮੋਹਤਬਰ ਸੱਜਣ ਵੀ ਮੌਜੂਦ ਸਨ ।ਇਸ ਮੌਕੇ ਸਰਬਜੀਤ ਸਿੰਘ ਖਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਿੱਖ ਜਗਤ ਨੂੰ ਨਿੱਜਪ੍ਰਸਤੀ ਸੋਚ ਤੋਂ ਉੱਪਰ ਉੱਠ ਕੇ ਪੰਥਕ ਸੋਚ ਨੂੰ ਪ੍ਰਚੰਡ ਕਰਨਾ ਚਾਹੀਦਾ ਹੈ ।ਕੌਮ ਲਈ ਸਿਆਸੀ ਸ਼ਕਤੀ ਨੂੰ ਵਿਕਸਤ ਕਰਨਾ ਸਮੇਂ ਦੀ ਲੋੜ ਹੈ ।ਉਨ੍ਹਾਂ ਕਿਹਾ ਕਿ ਬਾਪੂ ਤਰਸੇਮ ਸਿੰਘ ਦੇ ਯਤਨਾਂ ਸਦਕਾ ਨਵੀਂ ਪਾਰਟੀ ਬਣਾਵਾਂਗੇ, ਜੋ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰੇਗੀ । ਖਾਲਸਾ ਨੇ ਕਿਹਾ ਕਿ ਉਹ ਜਲਦੀ ਹੀ ਭਾਈ ਅੰਮਿ੍ਤਪਾਲ ਸਿੰਘ ਦੀ ਰਿਹਾਈ, ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ।

 ਇਸ ਤੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੌਮ ਦੀਆਂ ਭਾਵਨਾਵਾਂ ਨੇ ਭਾਈ ਸਰਬਜੀਤ ਸਿੰਘ ਖ਼ਾਲਸਾ ਅਤੇ ਭਾਈ ਅੰਮਿ੍ਤਪਾਲ ਸਿੰਘ ਨੂੰ ਸੰਸਦ ਮੈਂਬਰ ਬਣਾ ਦਿੱਤਾ ਹੈ ।ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਅਕਾਲ ਪੁਰਖ ਦੀ ਬਖ਼ਸ਼ਿਸ਼ ਸਦਕਾ ਇਹ ਸੁਚੱਜੇ ਢੰਗ ਨਾਲ ਅਗਵਾਈ ਕਰਨਗੇ । ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਵੀ ਖਡੂਰ ਸਾਹਿਬ ਹਲਕੇ ਦੀ ਸੁਚੱਜੇ ਢੰਗ ਨਾਲ ਅਗਵਾਈ ਕਰ ਸਕਣ ।

ਬਾਪੂ ਤਰਸੇਮ ਸਿੰਘ ਖ਼ਾਲਸਾ ਨੇ ਸਨਮਾਨ ਕਰਨ ਲਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਤੇ ਫ਼ਰੀਦਕੋਟ ਅੰਦਰ ਇਸ ਲਹਿਰ ਨੂੰ ਹੋਰ ਤੇਜ਼ ਕਰਨ ਲਈ ਇਲਾਕੇ ਦੇ ਲੋਕਾਂ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ ਤਾਂ ਕਿ ਪੰਥ ਤੇ ਪੰਜਾਬ ਨੂੰ ਸਹੀ ਅਗਵਾਈ ਮਿਲ ਸਕੇ । 

ਯਾਦ ਰਹੇ ਕਿ ਅੰਮ੍ਰਿਤਪਾਲ ਸਿੰਘ ਨੇ ਜਦੋਂ 5 ਜੁਲਾਈ ਨੂੰ ਦਿੱਲੀ ਵਿੱਚ ਐੱਮਪੀ ਵਜੋਂ ਸਹੁੰ ਚੁੱਕੀ ਸੀ ਤਾਂ ਪਿਤਾ ਨਾਲ 50 ਮਿੰਟ ਦੀ ਮੁਲਾਕਾਤ ਤੋਂ ਬਾਅਦ ਸ੍ਰੋਮਣੀ ਦੀਆਂ ਚੋਣਾਂ ਦੀ ਤਿਆਰੀ ਦੇ ਨਿਰਦੇਸ਼ ਦਿੱਤੇ ਸਨ ਜਿਸ ਦਾ ਖ਼ੁਲਾਸਾ ਪਿਤਾ ਤਰਸੇਮ ਸਿੰਘ ਨੇ ਆਪ ਕੀਤਾ ਸੀ। ਉੱਧਰ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਨੇ ਪਾਰਟੀ ਬਣਾਉਣ ਵੱਲ ਵੀ ਇਸ਼ਾਰਾ ਕਰ ਦਿੱਤਾ ਹੈ ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਸ ’ਤੇ ਅਖ਼ੀਰਲਾ ਫੈਸਲਾ ਹੋਵੇਗਾ।

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ 'ਵਾਰਿਸ ਪੰਜਾਬ ਜਥੇਬੰਦੀ' ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਨੇ ਐਨ.ਐਸ.ਏ. ਤਹਿਤ ਉਸ ਦੀ ਨਜ਼ਰਬੰਦੀ ਦੀ ਮਿਆਦ ਵਧਾਉਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ । ਆਪਣੀ ਪਟੀਸ਼ਨ ਵਿਚ ਭਾਈ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਨਾ ਕੇਵਲ ਇਕ ਸਾਲ ਤੋਂ ਵੱਧ ਸਮੇਂ ਤੱਕ ਐਨ.ਐਸ.ਏ. ਨੂੰ ਲਾਗੂ ਕਰਕੇ ਬਲਕਿ ਪੰਜਾਬ ਤੋਂ ਦੂਰ ਹਿਰਾਸਤ ਵਿਚ ਰੱਖ ਕੇ ਅਸਾਧਾਰਨ ਤੇ ਬੇਰਹਿਮ ਤਰੀਕੇ ਨਾਲ ਉਸ ਦੀ ਜ਼ਿੰਦਗੀ ਤੇ ਆਜ਼ਾਦੀ ਨੂੰ ਪੂਰੀ ਤਰ੍ਹਾਂ ਨਾਲ ਖੋਹ ਲਿਆ ਗਿਆ ਹੈ 

।ਭਾਈ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਉਸ ਨੂੰ ਜੱਦੀ ਰਾਜ ਤੇ ਘਰ ਤੋਂ ਦੂਰ ਤੇ ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਦੂਰ ਰੱਖਣਾ ਅਣਉੱਚਿਤ ਤੌਰ 'ਤੇ ਕਠੋਰ ਤੇ ਬਦਲਾਖੋਰੀ ਦੀ ਕਾਰਵਾਈ ਹੈ ।ਇਹ ਪਟੀਸ਼ਨਕਰਤਾ ਨੂੰ ਰਾਜ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਵੱਡੇ ਸਿਆਸੀ ਮੁੱਦਿਆਂ 'ਤੇ ਆਵਾਜ਼ ਉਠਾਉਣ ਲਈ ਸਜ਼ਾ ਦੇਣ ਤੋਂ ਇਲਾਵਾ ਹੋਰ ਕਿਸੇ ਉਦੇਸ਼ ਦੀ ਪੂਰਤੀ ਨਹੀਂ ਕਰਦਾ, ਜੋ ਕਿ ਇਸ ਦੇਸ਼ ਦੇ ਹਰ ਨਾਗਰਿਕ ਦਾ ਜਮਹੂਰੀ ਹੱਕ ਹੈ ।

 ਪਟੀਸ਼ਨ ਵਿਚ ਭਾਈ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਲੋਕ ਸਭਾ ਮੈਂਬਰ ਵਜੋਂ ਸੰਵਿਧਾਨ ਤਹਿਤ ਸਹੁੰ ਚੁੱਕੀ ਹੈ ਤੇ ਆਪਣੇ ਲੋਕ ਸਭਾ ਹਲਕੇ ਤੇ ਪੰਜਾਬ ਰਾਜ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਕੀਤਾ ਹੈ ।  ਜਦੋਂ ਪਟੀਸ਼ਨਰ ਦੀ ਐਨ.ਐਸ.ਏ. ਦੀ ਤੀਜੀ ਮਿਆਦ ਅਪ੍ਰੈਲ 2024 'ਚ ਖਤਮ ਹੋਣ ਵਾਲੀ ਸੀ ਤੇ ਇਕ ਆਦੇਸ਼ ਤਹਿਤ ਐਨ.ਐਸ.ਏ. ਦੀ ਅਧਿਕਤਮ ਮਿਆਦ ਖਤਮ ਹੋ ਗਈ ਸੀ ਤਾਂ 13 ਮਾਰਚ ਨੂੰ ਐਨ.ਐਸ.ਏ. ਵਧਾਉਣ ਦਾ ਇਕ ਨਵਾਂ ਆਦੇਸ਼ ਪਾਸ ਕੀਤਾ ਗਿਆ ਹਾਈਕੋਰਟ 'ਚ ਇਸ ਪਟੀਸ਼ਨ 'ਤੇ ਅਗਲੇ ਹਫ਼ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ ।ਅੰਮ੍ਰਿਤਪਾਲ ਸਿੰਘ ਧੜੇ ਨੂੰ ਆਸ ਹੈ ਕਿ ਹਾਈਕੋਰਟ ਅੰਮ੍ਰਿਤ ਪਾਲ ਸਿੰਘ ਨੂੰ ਰਿਹਾਅ ਕਰ ਸਕਦਾ ਹੈ।