ਪੰਥਕ ਵਿਦਵਾਨ ਸਰਦਾਰ ਗੁਰਤੇਜ ਸਿੰਘ ਆਈਏਐਸ ਦਾ ਅਹਿਮ ਸਿਆਸੀ ਪ੍ਰਵਚਨ
1920 ਤੋਂ ਬਾਅਦ ਸਿੱਖਾਂ ਵਿਰੁੱਧ ਸਭ ਤੋਂ ਵੱਡਾ ਸਿਆਸੀ ਅਪਰਾਧ ਜ਼ਿੰਮੇਵਾਰ ਸੰਤ ਫਤਹਿ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ
ਸਰਦਾਰ ਗੁਰਤੇਜ ਸਿੰਘ ਸਿਖ ਪੰਥ ਦੇ ਅਹਿਮ ਰਾਜਨੀਤਕ , ਸਿਧਾਂਤਕ ਵਿਦਵਾਨ ਹਨ, ਜਿਹਨਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਇਤਿਹਾਸ ਤੇ ਸਿਖ ਫਲਸਫੇ ਨੂੰ ਆਧਾਰ ਬਣਾਕੇ ਸਿਖ ਸਭਿਆਚਾਰ ,ਸਿਧਾਂਤ ,ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਿਆਸੀ ਤੇ ਕਲਚਰਲ ਵਿਚਾਰਧਾਰਕ ਯੁਧ ਵਿਚ ਬੋਧਿਕ ਸਖਸ਼ੀਅਤ ਵਜੋਂ ਅਹਿਮ ਭੂਮਿਕਾ ਨਿਭਾਈ ਹੈ। ਦੁਖਾਂਤ ਇਸ ਗਲ ਦਾ ਹੈ ਕਿ ਸਿਖ ਪੰਥ ਦੇ ਸਿਧਾਂਤ ਢੇਰੀ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵਰਗੇ ਅਕਾਲ ਤਖਤ ਤੋਂ ਫਖਰੇ ਕੌਮ ਵਜੋਂ ਨਿਵਾਜੇ ਜਾਂਦੇ ਹਨ ,ਪਰ ਸਿਰਦਾਰ ਗੁਰਤੇਜ ਸਿੰਘ ਵਰਗੀਆਂ ਇਤਿਹਾਸਕ ਸਖਸ਼ੀਅਤਾਂ ਨੂੰ ਅਖੋਂ ਪਰੌਖੇ ਕੀਤਾ ਜਾਂਦਾ ਹੈ।
ਸੋ ਸਿਖ ਪੰਥ ਵਿਚ ਸਿਧਾਂਤ ਦੀ ਰਾਖੀ ਕਰਨ ਵਾਲੇ ਸਿਖ ਚਿੰਤਕਾਂ ਦੀ ਸਪੇਸ ਨਹੀਂ, ਜਿਸ ਕਰਕੇ ਸਿਖ ਪੰਥ ਖੁਆਰ ਹੋਇਆ ਹੈ।ਅਕਾਲੀ ਦਲ ਦਾ ਸਰਵਨਾਸ਼ ਹੋਇਆ ਹੈ ਤੇ ਬਿਪਰਨੀ ਖਾਰੇ ਸਮੁੰਦਰ ਵਿਚ ਜਾ ਡੁਬਿਆ ਹੈ।
ਹੁਣੇ ਜਿਹੇ ਸ਼ੋਸ਼ਲ ਮੀਡੀਆ ਉਪਰ ਅਕਾਲੀ ਦਲ ਤੇ ਸਿਖ ਪੰਥ ਦੇ ਉਜਾੜੇ ਦੀ ਸਾਖੀ ਲਿਖੀ ਹੈ। ਸਿਰਦਾਰ ਗੁਰਤੇਜ ਸਿੰਘ ਲਿਖਦੇ ਹਨ ਕਿ ਹਾਲ ਹੀ ਦੇ ਦਹਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਭ ਤੋਂ ਵੱਡੀ ਨਾਕਾਮੀ ਇਹ ਹੈ ਕਿ ਉਹ 1920 ਵਿੱਚ ਸਥਾਪਤ ਸਿਆਸੀ ਪਾਰਟੀ ਦੇ ਅਸਲੀ ਸਿਆਸੀ ਕਿਰਦਾਰ ਨੂੰ ਕਾਇਮ ਰੱਖਣ ਵਿੱਚ ਅਸਮਰੱਥ ਰਹੀ ਹੈ। ਇਸ ਦਾ ਉਦੇਸ਼ ਸਿੱਖਾਂ ਲਈ ਆਪਣੀ ਰਾਜਨੀਤਿਕ ਇੱਛਾ ਪ੍ਰਗਟ ਕਰਨ ਦਾ ਸੀ। ਉਸ ਸਮੇਂ ਦੇਸ਼ ਉੱਤੇ ਬਸਤੀਵਾਦੀ ਸ਼ਕਤੀ ਬਿ੍ਟਿਸ਼ ਸਰਕਾਰ ਦਾ ਰਾਜ ਸੀ। ਮੂਲ ਸਿਧਾਂਤ ਜਿਸ 'ਤੇ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ, ਉਹ ਇਹ ਸੀ ਕਿ ਬਸਤੀਵਾਦੀ ਸ਼ਕਤੀ ਦੁਆਰਾ ਸਮਰਥਿਤ ਖ਼ਾਨਦਾਨੀ ਮਹੰਤਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਏ ਗੁਰਦੁਆਰਿਆਂ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਸੀ ਤੇ ਦੇਸ਼ ਦੀ ਆਜ਼ਾਦੀ ਲੜਨਾ ਸੀ। ਸਿਰਦਾਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਸ੍ਰੋਮਣੀ ਅਕਾਲੀ ਦਲ ਨੇ ਦੋਵਾਂ ਉਦੇਸ਼ਾਂ ਨੂੰ ਸਫਲਤਾ ਨਾਲ ਪੂਰਾ ਕੀਤਾ।
ਉਨ੍ਹਾਂ ਦਾ ਕਹਿਣਾ ਹੈ ਕਿ 1947 ਤੋਂ ਬਾਅਦ ਵੀ ਸ੍ਰੋਮਣੀ ਅਕਾਲੀ ਦਲ ਸਿੱਖ ਭਾਵਨਾ ਦਾ ਪ੍ਰਗਟਾਵਾ ਕਰਦਾ ਰਿਹਾ ਅਤੇ ਇਸਦੀ ਇੱਕ ਪ੍ਰਾਪਤੀ ਪੰਜਾਬੀ ਭਾਸ਼ਾਈ ਸੂਬਾ ਬਣਾਉਣ ਲਈ ਪੰਜਾਬ ਦੇ ਪੁਨਰਗਠਨ ਲਈ ਸਫਲ ਅਤੇ ਸ਼ਾਂਤਮਈ ਸੰਘਰਸ਼ ਸੀ। ਇਸ ਨੇ ਫਿਰਕੂ ਵਿਰੋਧ ਦੇ ਬਾਵਜੂਦ ਇੱਕ ਸਖ਼ਤ ਅਤੇ ਸ਼ਾਂਤਮਈ ਸੰਘਰਸ਼ ਛੇੜਿਆ, ਅਤੇ ਇਸਦੇ ਆਗੂਆਂ ਤੇ ਵਰਕਰਾਂ ਨੇ ਮੋਰਚੇ ਦੀ ਸਫਲਤਾ ਲਈ ਜਾਨਾਂ ਦੀ ਪਰਵਾਹ ਨਹੀਂ ਕੀਤੀ ਤੇ ਹਰੇਕ ਪਖੋਂ ਸਿਖ ਪੰਥ ਤੇ ਪੰਜਾਬ ਲਈ ਕੁਰਬਾਨ ਹੋਏ।ਸ਼ਹਾਦਤਾਂ ਦਿਤੀਆਂ।ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਬੋਲਦਾ ਸੂਬਾ ਅਜੇ ਵੀ ਅਕਾਲੀਆਂ ਦੇ ਯਤਨਾਂ ਦੀ ਘਾਟ ਕਾਰਨ ਨਹੀਂ, ਸਗੋਂ ਸਿੱਖਾਂ ਅਤੇ ਪੰਜਾਬੀ ਭਾਸ਼ਾ ਪ੍ਰਤੀ ਨਫ਼ਰਤ ਤੋਂ ਪ੍ਰੇਰਿਤ ਬਹੁਗਿਣਤੀ ਸਭਿਆਚਾਰ ਨਾਲ ਲੈਸ ਸਿਆਸੀ ਤਾਕਤ ਦੀ ਕੁਨੀਤੀ ਕਾਰਨ ਅਧੂਰਾ ਰਿਹਾ ਹੈ।
ਸਿਰਦਾਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਦਲ 1966 ਵਿੱਚ ਆਪਣੇ ਬਜ਼ੁਰਗ ਆਗੂ ਮਾਸਟਰ ਤਾਰਾ ਸਿੰਘ ਦੀ ਮੌਤ ਤੱਕ ਆਪਣੇ ਸੰਸਥਾਪਕਾਂ ਦੇ ਇਰਾਦਿਆਂ ਪ੍ਰਤੀ ਵਫ਼ਾਦਾਰ ਰਿਹਾ ਸੀ। ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਰਾਜਸਥਾਨ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਕ੍ਰਮਵਾਰ ਮੋਹਨ ਲਾਲ ਸੁਖੀਆ ਅਤੇ ਪ੍ਰਤਾਪ ਸਿੰਘ ਕੈਰੋਂ ਵੱਲੋਂ ਸੰਤ ਫਤਹਿ ਸਿੰਘ ਵਰਗੀਆਂ ਸਿਆਸੀ ਹਸਤੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਲੀਡਰਸ਼ਿਪ ਦੇ ਅਹੁਦਿਆਂ 'ਤੇ ਬਿਠਾਉਣ ਦੀ ਕੋਝੀ ਸਾਜ਼ਿਸ਼ ਰਚੀ ਗਈ। ਇਹ ਉਹ ਸਮਾਂ ਸੀ ਜਦੋਂ ਬੁਨਿਆਦੀ ਸਿਧਾਂਤ ਕਮਜ਼ੋਰ ਹੋਣੇ ਸ਼ੁਰੂ ਹੋ ਗਏ ਸਨ। ਇਸ ਨੂੰ ਆਮ ਤੌਰ 'ਤੇ ਚੇਤੰਨ ਦਿਮਾਗਾਂ ਦੁਆਰਾ ਇੱਕ ਸਪੱਸ਼ਟ ਵਿਗਾੜ ਮੰਨਿਆ ਜਾਂਦਾ ਸੀ, ਹਾਲਾਂਕਿ ਇਸਨੂੰ ਬਹੁਗਿਣਤੀ ਸਿਆਸੀ ਸ਼ਕਤੀ ਤੇ ਇਸ ਦੇ ਨਿਯੰਤਰਿਤ ਮੀਡੀਆ ਦੁਆਰਾ ਚਲਾਕੀ ਨਾਲ ਛੁਪਾਇਆ ਗਿਆ ਸੀ।
ਅਕਾਲੀ ਸਿਧਾਂਤ ਨੂੰ ਢਹਿਢੇਰੀ ਕਰਨ ਵਾਲੇ ਖਲਨਾਇਕਾਂ ਦਾ ਜ਼ਿਕਰ ਕਰਦੇ ਸਿਰਦਾਰ ਗੁਰਤੇਜ ਸਿੰਘ ਲਿਖਦੇ ਹਨ ਕਿ ਸੰਤ ਫਤਹਿ ਸਿੰਘ ਦੇ ਸਿਆਸੀ ਵੰਸ਼ਜਾਂ ਨੇ ਅਕਾਲੀ ਸਿਧਾਂਤ ਢਹਿ ਢੇਰੀ ਕਰ ਦਿੱਤੇ ਸਨ । ਇਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਪ੍ਰਮੁੱਖ ਸਨ। ਸਰਕਾਰੀ ਨੀਤੀ ਤਹਿਤ ਬਾਦਲ ਨੇ ਸਿੱਖ ਸਭਿਆਚਾਰ ,ਨੀਤੀ ,ਸਿਧਾਂਤ ਨੂੰ ਤਬਾਹ ਕਰਨ ਵਿਚ ਅਹਿਮ ਭੂਮਿਕਾ ਨਿਭਾਈ।ਬਦਲੇ ਵਿੱਚ, ਬਾਦਲ ਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰ ਦੇ ਰਾਜਨੀਤਿਕ ਪ੍ਰਭਾਵ ਨੂੰ ਵਧਾਉਣ ਅਤੇ ਅੰਤ ਵਿੱਚ ਵੱਡੀ ਮਾਤਰਾ ਵਿਚ ਮਾਇਆ ਇਕੱਠਾ ਕਰਨ ਲਈ ਵਾਅਦਾ ਕੀਤਾ ਗਿਆ ਸੀ। ਬਹੁਗਿਣਤੀ ਸਤਾ ਧਿਰ ਨੇ ਲਗਾਤਾਰ ਬਾਦਲ ਨੂੰ ਸੌਂਪੇ ਗਏ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਚੁਣੇ ਹੋਏ ਰਿਸ਼ਤੇਦਾਰਾਂ ਅਤੇ ਧਕੜਸ਼ਾਹਾਂ ਨਾਲ ਖਾਲੀ ਥਾਂ ਨੂੰ ਭਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਲਗਾਤਾਰ ਵਿਰੋਧੀ ਲੀਡਰਸ਼ਿਪ ਨੂੰ ਖਤਮ ਕੀਤਾ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਣ ਅਕਾਲੀ ਦਲ ਦੇ ਜਮਹੂਰੀ ਸੰਵਿਧਾਨ ਦੀ ਇਹ ਪ੍ਰਤੱਖ ਕਮਜ਼ੋਰੀ ਲੰਮੇ ਸਮੇਂ ਤੱਕ ਜਾਰੀ ਰਹੀ। ਨਵੀਂ ਲੀਡਰਸ਼ਿਪ ਨੂੰ ਉਭਰਨ ਤੋਂ ਰੋਕਣ ਲਈ ਬਾਦਲ ਨੇ ਪ੍ਰਮੁਖਤਾ ਨਾਲ ਭੂਮਿਕਾ ਨਿਭਾਈ। ਫਿਰ, 1996 ਵਿੱਚ, ਅਕਾਲੀ ਦਲ ਦੇ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਬਹਾਨੇ, ਬਾਦਲ ਨੇ ਮੋਗਾ ਵਿੱਚ ਅਕਾਲੀਆਂ ਦੇ ਇਕੱਠ ਕੀਤਾ। ਉਦੋਂ ਤੱਕ ਉਸਨੇ ਪਾਰਟੀ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਉਲਟਾ ਦਿੱਤਾ ਸੀ ਅਤੇ ਇਹ ਯਕੀਨੀ ਬਣਾਇਆ ਸੀ ਕਿ ਉਸਦਾ ਸ਼ਾਸਨ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ। ਉੱਥੇ, ਸੰਗਠਨ ਨੂੰ ਵਿਸ਼ਾਲ ਕਰਨ ਦੇ ਬਹਾਨੇ, ਉਸਨੇ ਅਸਲੀ ਨਾਮ ਤਾਂ ਬਰਕਰਾਰ ਰੱਖਿਆ ਪਰ ਇਸਨੂੰ ਇੱਕ ਨਿੱਜੀ ਸਿਆਸੀ ਸੰਗਠਨ ਵਿੱਚ ਬਦਲ ਦਿੱਤਾ। ਇੱਕ ਪਰਿਵਾਰਕ ਜਾਇਦਾਦ ਵਜੋਂ। ਇਸ ਤਰ੍ਹਾਂ ਸਿੱਖ ਕੌਮ ਨੂੰ ਅਵਾਜ਼ ਰਹਿਤ ਬਣਾ ਦਿੱਤਾ ਗਿਆ।
ਸਰਦਾਰ ਗੁਰਤੇਜ ਸਿੰਘ ਪ੍ਰਕਾਸ਼ ਸਿੰਘ ਬਾਦਲ ਦਾ ਕਾਲਾ ਚਿਠਾ ਸਿਖ ਪੰਥ ਦੇ ਧਿਆਨ ਵਿਚ ਲਿਆਉਂਦੇ ਹੋਏ ਲਿਖਦੇ ਹਨ ਕਿ 1920 ਤੋਂ ਬਾਅਦ ਇਸ ਪਖੰਡੀ ਅਕਾਲੀ ਆਗੂ ਵੱਲੋਂ ਸਿੱਖ ਕੌਮ ਨਾਲ ਇਹ ਸਭ ਤੋਂ ਵੱਡਾ ਧੋਖਾ ਸੀ। ਦੇਸ਼ ਦੇ ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖ ਜਮਹੂਰੀ ਭਾਰਤ ਦੇ ਆਦਰਸ਼ਾਂ ਨੂੰ ਪਹਿਲ ਦਿੰਦੇ ਹੋਏ ਹਿੰਦੂਤਵ ਅਤੇ ਹਿੰਦੂ ਰਾਸ਼ਟਰ ਦੇ ਸੰਕਲਪ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਦੀ ਸਿੱਧੀ ਸਰਪ੍ਰਸਤੀ ਹੇਠ ਅਜਿਹਾ ਕੀਤਾ ਗਿਆ। ਦੂਜੀ ਪ੍ਰਭਾਵਸ਼ਾਲੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਜੋ "ਨਰਮ ਹਿੰਦੂਤਵ" ਦਾ ਅਭਿਆਸ ਕਰਦੀ ਸੀ, 1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਦੇ ਜ਼ਬਰਦਸਤ ਰਾਜਨੀਤਿਕ ਅਤੇ ਸਮਾਜਿਕ ਪ੍ਰਭਾਵ ਨੂੰ ਨਸ਼ਟ ਕਰਨ ਵਿੱਚ ਹਮੇਸ਼ਾਂ ਦਿਲਚਸਪੀ ਰੱਖਦੀ ਸੀ। ਕਾਂਗਰਸ ਨੇ ਖਾਸ ਤੌਰ 'ਤੇ ਬਾਦਲ ਦੇ ਸੁਵਿਧਾਜਨਕ ਵਿਕਾਸ ਦਾ ਵੀ ਸਮਰਥਨ ਕੀਤਾ, ਕਿਉਂਕਿ ਇਸ ਨੇ 1984 ਵਿੱਚ ਦਰਬਾਰ ਸਾਹਿਬ 'ਤੇ ਫੌਜੀ ਹਮਲੇ, ਅਨਮੋਲ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਨ ਅਤੇ 1947 ਤੋਂ ਘੱਟੋ-ਘੱਟ 5,00,000 ਸਿੱਖਾਂ ਦੇ ਸਿਆਸੀ ਕਤਲ ਲਈ ਇਨਸਾਫ ਦੀ ਮੰਗ ਕਰਨ ਵਾਲੇ ਸਿੱਖਾਂ ਦੀ ਰਾਜਨੀਤਕ ਤੇ ਸਭਿਆਚਾਰਕ ਸੰਭਾਵਨਾ ਨੂੰ ਉਭਰਦੇ ਦੇਖਿਆ। ਰਾਜ ਕਰਨ ਵਾਲੀਆਂ ਦੋਵੇਂ ਵੱਡੀਆਂ ਪਾਰਟੀਆਂ ਨੇ ਬਾਦਲ ਨੂੰ ਵਾਰੋ-ਵਾਰੀ ਸਰਪ੍ਰਸਤੀ ਦਿੱਤੀ। ਅਜੀਬ ਹਾਲਾਤਾਂ ਦੇ ਨਤੀਜੇ ਵਜੋਂ ਬਾਦਲ ਅਤੇ ਉਸਦੇ ਨਜ਼ਦੀਕੀ ਪਰਿਵਾਰ ਦਾ ਬੇਮਿਸਾਲ ਵਿੱਤੀ ਅਤੇ ਸਿਆਸੀ ਪ੍ਰਭਾਵ ਸੀ। ਇਸ ਵਾਧੇ ਦੇ ਵੇਰਵੇ ਚੰਗੀ ਤਰ੍ਹਾਂ ਦਸਤਾਵੇਜ਼ੀ ਹਨ ਅਤੇ ਦੁਹਰਾਉਣ ਦੀ ਲੋੜ ਨਹੀਂ ਹੈ।
ਸੁਆਲ ਸਿਖ ਪੰਥ ਦਾ ਇਹ ਹੈ ਕੀ ਹੁਣ ਅਕਾਲ ਤਖ਼ਤ ਦੇ ਜਥੇਦਾਰ ਬੇਅਦਬੀ ਦੇ ਕੇਸਾਂ ਤੇ ਅਕਾਲੀ ਦਲ ਦੀ ਬਰਬਾਦੀ ਤੇ ਪੰਥ ਦੇ ਸੰਕਟ ਦਾ ਕੋਣ ਜ਼ਿੰਮੇਵਾਰ ਦੀ ਪੂਰੀ ਦਾਸਤਾਨ ਨੂੰ ਮੁੜ ਖੋਲ੍ਹਕੇ ਸਿਖ ਪੰਥ ਨਾਲ ਇਨਸਾਫ ਕਰਨਗੇ। ਅਤੇ ਇਸ ਦੇ ਨਾਲ ਹੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖ਼ੁਦ ਅਕਾਲ ਤਖ਼ਤ ਦੀ ਭੂਮਿਕਾ ਨੂੰ ਘੋਖਣਗੇ ? ਕੀ ਉਹ ਜਥੇਦਾਰ ਗੁਰਬਚਨ ਸਿੰਘ ਨੂੰ ਪੰਥ ਦੇ ਕਟਹਿਰੇ ਵਿਚ ਖੜਾ ਕਰਨਗੇ?ਅਕਾਲੀ ਸੰਕਟ ਬਹੁਤ ਗਹਿਰਾ ਹੈ ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਹ ਸਿਖ ਪੰਥ ਦੀ ਸੋਝੀ ਉਪਰ ਆਧਾਰਿਤ ਹੈ ਕਿ ਉਸਨੇ ਇਸ ਭਵਜਲ ਵਿਚੋਂ ਕਿਵੇਂ ਪਾਰ ਉਤਰਨਾ ਹੈ ?
ਅਕਾਲੀ ਲੀਡਰਸ਼ਿਪ ਅਹਿਸਾਸ ਕਰੇ ਕਿ ਮੋਰਚਿਆਂ, ਸੰਘਰਸ਼ਾਂ ਵਿੱਚੋਂ ਸਿਖ ਪੰਥ ਦੀ ਅਕਾਲੀ ਸੱਤਾ ਨਿਕਲਦੀ ਰਹੀ ਹੈ, ਸੱਤਾ ਆਪਣੇ ਆਪ ਵਿੱਚ ਕੁਝ ਨਹੀਂ ਹੈ। ਜੇ ਸਿਖ ਪੰਥ ਦੀ ਰਾਖੀ ਤੇ ਵਿਕਾਸ ਲਈ ਸਤਾ ਨਹੀਂ ਤਾਂ ਇਹ ਅਰਥਹੀਣ ਹੈ।ਅਕਾਲੀ ਲੀਡਰਸ਼ਿਪ ਨੂੰ ਇਹ ਸਮਝਣਾ ਪਵੇਗਾ। ਸਿਖ ਵਿਚਾਰਧਾਰਾ,ਪੰਥਕ ਜਜਬੇ ਤੋਂ ਬਿਨਾਂ ਅਕਾਲੀ ਦਲ ਮੁਰਦੇ ਦੇ ਨਿਆਂਈ ਹੈ।












Comments (0)