ਕਲਯੁੱਗੀ ਪੁੱਤ ਨੇ ਜਿਉਂਦੀ  ਬਜ਼ੁਰਗ  ਐੱਨ.ਆਰ. ਆਈ ਮਾਂ ਨੂੰ ਮਰਿਆ ਦਿਖਾ ਕੇ ਕੀਤੀ ਧੋਖਾਧੜੀ 

ਕਲਯੁੱਗੀ ਪੁੱਤ ਨੇ ਜਿਉਂਦੀ  ਬਜ਼ੁਰਗ  ਐੱਨ.ਆਰ. ਆਈ ਮਾਂ ਨੂੰ ਮਰਿਆ ਦਿਖਾ ਕੇ ਕੀਤੀ ਧੋਖਾਧੜੀ 

" ਦਿਲ ਦਹਿਲਾਉਣ ਵਾਲੀ ਇੱਕ ਸਨਸਨੀਖੇਜ਼ ਰਿਪੋਰਟ " 

ਮਾਪੇ ਆਪਣੇ ਬੱਚਿਆਂ ਨੂੰ ਬੜੀਆਂ ਸੱਧਰਾਂ ਨਾਲ ਪਾਲਦੇ ਹਨ ਤਾਂ ਕਿ ਉਹ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣਨਗੇ, ਅਤੇ ਉਹਨਾਂ ਦਾ ਬੁਢਾਪਾ ਸੌਖਾ ਬਤੀਤ ਹੋ ਜਾਵੇਗਾ । ਪਰ ਅੱਜ ਇਹ ਰਿਸ਼ਤਿਆਂ ਵਿੱਚ ਇੰਨੀ ਬੇਈਮਾਨੀ ਅਤੇ ਮਤਲਬ ਪ੍ਰਸਤੀ ਆ ਚੁੱਕੀ ਹੈ ਕਿ ਇਹ ਪਵਿੱਤਰ ਰਿਸ਼ਤੇ ਕਲੰਕਿਤ ਹੋ ਰਹੇ ਹਨ । ਇੱਕ ਪਾਸੇ ਸਰਵਣ ਪੁੱਤ ਵਰਗੇ ਹੋਏ ਹਨ ਜਿਹੜੇ ਆਪਣੇ ਬੁੱਢੇ ਮਾਪਿਆਂ ਨੂੰ ਮੋਢਿਆਂ ਤੇ ਚੁੱਕ ਕੇ ਤੀਰਥ ਯਾਤਰਾ ਕਰਾਂਉਂਦੇ ਰਹੇ ਹਨ ਦੂਜੇ ਪਾਸੇ ਅਜਿਹੇ ਬੇਈਮਾਨ ਪੁੱਤ ਵੀ ਹਨ ਜਿਹੜੇ ਆਪਣੇ ਮਾਪਿਆ  ਦੀ ਜਮੀਨ ਅਤੇ ਜੱਦੀ ਘਰ ਹਥਿਆਉਣ ਲਈ ਉਹਨਾਂ ਨੂੰ ਜਿਉਂਦੇ ਨੂੰ ਮਰੇ ਹੋਏ ਦਿਖਾ ਕੇ ਉਹਨਾਂ ਦੀ ਜਾਇਦਾਦ ਹਥਿਆਉਣ ਵਰਗੇ ਬੇਸ਼ਰਮੀ ਵਾਲੇ ਕਾਰੇ ਕਰ ਜਾਂਦੇ ਹਨ । ਇਹੋ ਜਿਹੇ ਲੋਕ ਸਮਾਜ ਨੂੰ ਲੱਗਾ ਹੋਇਆ ਕਲੰਕ ਅਤੇ ਕੋਹੜ ਵਾਂਗ ਹੋਇਆ ਕਰਦੇ ਹਨ । ਇਹੋ ਜਿਹੇ ਲੋਕਾਂ  ਨੂੰ ਸਮਾਜ ਵਿੱਚ ਲਾਹਣਤਾਂ ਹੀ ਮਿਲਦੀਆਂ ਹਨ । ਪਰ ਕਿਸੇ ਵਿਦਵਾਨ ਦਾ ਕਥਨ ਹੈ ਕਿ ਕਿਸੇ ਦੀਆਂ ਜੜਾਂ ਵੱਢਣ ਜਾਂ ਕਿਸੇ ਨਾਲ ਧੋਖਾ ਕਰਨ ਸਮਾਂ ਦਿਨ ਅਤੇ ਤਰੀਕ ਕਾਪੀ ਤੇ ਨੋਟ ਜਰੂਰ ਕਰ ਲੈਣੀ ਚਾਹੀਦੀ ਹੈ ਤਾਂ ਕਿ  ਜਦੋਂ ਇਸਦਾ ਪ੍ਰਤੀਕਰਮ ਹੋਵੇ ਤਾਂ ਇਹ ਨਾ ਆਖਿਆ ਜਾਵੇ ਕਿ " ਅਸੀਂ ਕਦੇ ਕੁੱਝ ਮਾੜਾ ਕੀਤਾ ਹੀ ਨਹੀ ਸੀ ਫੇਰ ਵੀ ਸਾਡੇ ਨਾਲ ਰੱਬ ਨੇ ਇਹ ਕਹਿਰ ਕਿਉਂ ਵਰਤਾਏ ਦਿੱਤਾ " । ਇਹ ਦਾਸਤਾਨ ਮਾਤਾ ਮਹਿੰਦਰ ਕੌਰ ਵਿਧਵਾ ਸ੍ਰ ਅਵਤਾਰ ਸਿੰਘ ਢਿੱਲੋਂ ਪਿੰਡ ਡੱਲੇਵਾਲ, ਜਿਲਾ ਜਲੰਧਰ, ਤਹਿਸੀਲ  ਫਿਲੌਰ ਦੀ ਹੈ। 

ਮੁਹਿੰਦਰ ਕੌਰ ਦੇ ਪਤੀ ਸਰਦਾਰ ਅਵਤਾਰ ਸਿੰਘ ਜੋ ਕਿ  ਨੇਵੀ ਵਿੱਚ ਵੱਡੇ ਅਫਸਰ  ਦੇ ਰੈਂਕ ਉੱਤੇ ਸੀ, ਜਿਸ ਦੀ ਅਚਨਚੇਤ ਮੌਤ 1998 ਵਿਚ ਹੋ ਗਈ ਸੀ। ਜਿਸ ਕਾਰਣ ਮੁਹਿੰਦਰ ਕੌਰ ਨੂੰ ਇਕੱਲਪੁਣਾ ਮਹਿਸੂਸ ਹੋਣਾ ਸ਼ੁਰੂ ਹੋਇਆ ਪਰ ਉਸਨੇ ਇਹ ਸੋਚਕੇ ਮਨ ਨੂੰ ਧਰਵਾਸ ਦਿੱਤੀ ਕਿ ਉਸਦੇ ਚਾਰ ਧੀਆਂ-ਪੁੱਤਰ ਨੇ ਜੋ ਉਸਦੇ ਪਤੀ ਦੀ ਅਖੀਰੀ ਨਿਸ਼ਾਨੀ ਹਨ ਤੇ ਉਸ ਦਾ ਸਾਥ ਜਿੰਦਗੀ ਹਰ ਔਖੇ ਬਿਖੜੇ ਪੈਂਡੇ ਉੱਤੇ ਜਰੂਰ ਦੇਣਗੇ। ਪਤੀ ਦੀ ਮੌਤ ਤੋਂ ਬਾਦ 1999 ਵਿਚ ਪਤੀ ਦੀ ਵਿਧਵਾ ਪੈਨਸ਼ਨ ਲਵਾਕੇ ਕਨੇਡਾ ਰਹਿੰਦੀ ਧੀ ਕੋਲ ਰਹਿਣ ਲੱਗ ਪਈ। ਵਿਦੇਸ਼ ਰਹਿਣ ਕਰਕੇ ਵੀ ਪੰਜ਼ਾਬ ਆਪਣੀ ਭੋਂਇ ਤੇ ਪਤੀ ਦੇ ਮੋਹ ਕਰਕੇ ਪਿੰਡ ਡੱਲੇਵਾਲ ਵਸਦੇ ਘਰ ਆ ਜਾਇਆ ਕਰਦੀ ਸੀ। ਪਿੰਡ ਵਾਲੇ ਘਰ ਵਿਚ ਉਸਦਾ ਇੱਕ ਪੁੱਤਰ ਅਮਰਜੋਤ ਸਿੰਘ ਆਪਣੀ ਪਤਨੀ ਬਲਜਿੰਦਰ ਕੌਰ ਆਪਣੇ ਪਰਿਵਾਰ ਸਮੇਤ ਏਥੇ ਰਹਿੰਦਾ ਸਨ। ਜਦੋਂ ਵੀ ਮਾਂ ਮੁਹਿੰਦਰ ਕੌਰ ਨੇ ਆਉਣਾ ਜੋ ਵੀ ਮਹੀਨਿਆਂ ਦੀ ਜਮਾਂ ਵਿਧਵਾ ਪੈਨਸ਼ਨ ਮਿਲਣੀ ਪੁੱਤ ਉੰਤੋਂ ਲੁਟਾ ਕੇ ਚਲੇ ਜਾਣਾ । ਪਿੰਡ ਵਿਚ ਚਾਰ ਖੇਤ ਤੇ ਇੱਕ ਫਿਰਨੀ ਉਤੇ ਖੁੱਲੀ ਹਵੇਲੀ ਵਰਗੀ ਦੋਹਾਂ ਪਾਸਿਆਂ ਤੋਂ ਸੜਕਾਂ ਨਾਲ ਲਗਦੀ ਸ਼ਾਨਦਾਰ ਕੋਠੀ ਸੀ । ਪਿਛਲੇ ਸਾਲ 2023 ਨੂੰ ਹਰ ਸਾਲ ਦੀ ਤਰਾਂ ਮੁਹਿੰਦਰ ਕੌਰ ਪੰਜ਼ਾਬ ਆਪਣੇ ਪਿੰਡ ਆਪਣੇ ਘਰ ਆਈ ਤਾਂ ਅਮਰਜੋਤ ਸਿੰਘ ਨੇ ਬੈਂਕਾ ਦੇ ਕਾਗਜ ਅਤੇ ਬਾਕੀ ਭੈਣ-ਭਰਾਵਾਂ ਦੇ ਨਾਮ ਜ਼ਮੀਨ ਇੰਤਕਾਲ ਕਰਾਉਣਾ ਕਹਿਕੇ ਦਸਤਖ਼ਤ ਕਰਵਾ ਲਏ। ਜਿਸ ਤਹਿਤ ਮੁਹਿੰਦਰ ਕੌਰ ਨੂੰ ਤਹਿਸੀਲੇ ਵੀ ਲੈ ਗਿਆ। ਮੁਹਿੰਦਰ ਕੌਰ ਫੇਰ ਜਦੋਂ 2024 ਨੂੰ ਪੰਜਾਬ ਆਈ ਤਾਂ ਉਸਨੂੰ ਖਬਰ ਮਿਲੀ ਕਿ ਉਸਦਾ ਘਰ ਜਿੱਥੇ ਉਹ ਵਿਆਹ ਪਿਛੋਂ ਲਿਆਂਦੀ ਗਈ ਸੀ ਤੇ ਪਤੀ ਤੇ ਬੱਚਿਆਂ ਨਾਲ ਕਈ ਯਾਦਾਂ ਜੁੜੀਆਂ ਸਨ, ਉਹ ਘਰ ਤੇ ਖੇਤ ਹੁਣ ਪਿੰਡ ਰਹਿੰਦੇ ਮੁੰਡੇ ਅਮਰਜੋਤ ਦੇ ਨਾਮ ਹਨ ਤਾਂ ਮੁੰਹਿੰਦਰ ਕੌਰ ਮਰਦੀ-ਮਰਦੀ ਬਚੀ, ਉਸ ਲਈ ਇਹ ਧੱਕਾ ਰੂਹ ਨੂੰ ਲੱਗਾ ਕਿ ਉਸਦਾ ਆਪਣਾ ਖੂਨ ਐਨਾ ਧੋਖਾ ਕਿਵੇਂ ਕਰ ਸਕਦਾ ਹੈ ? ਪਰ ਉਸ ਦੀ ਹੈਰਾਨੀਅਤ ਦੀ ਸਿਖਰ ਉਸ ਵੇਲੇ ਮੁੱਕ ਗਈ ਜਦੋਂ ਮੁਹਿੰਦਰ ਕੌਰ ਨੇ ਆਪਣੀ ਧੀ ਨਾਲ ਪੁੱਛ-ਪੜਤਾਲ ਕਰਕੇ ਪਤਾ ਕੀਤਾ ਕਿ ਅਮਰਜੋਤ ਨੇ ਮਾਂ ਮੁਹਿੰਦਰ ਕੌਰ ਨੂੰ ਮਰੀ ਹੋਈ ਸਾਬਿਤ ਕਰਕੇ, ਮੌਤ ਦਾ ਪ੍ਮਾਣ ਪੱਤਰ ਤੀਕਰ ਬਣਵਾਕੇ ਪੇਸ਼ ਕੀਤਾ ਹੈ ਤੇ ਫੇਰ ਸਬ ਸੰਪਤੀ ਆਪਣੇ ਨਾਵੇਂ ਕਰਵਾ ਲਈ ਹੈ। ਮੁਹਿੰਦਰ ਕੌਰ ਜਿਸ ਦੀ ਉਮਰ ਇਸ ਵਕਤ 85 ਸਾਲ ਦੇ ਕਰੀਬ ਹੈ, ਇਹ ਧੱਕਾ ਬਰਦਾਸ਼ਤ ਕਰਕੇ, ਹਿੰਮਤ ਕਰਦੀ ਹੋਈ ਖੁਦ ਤਹਿਸੀਲਦਾਰ ਦੇ ਪੇਸ਼ ਹੋਈ ਕਿ ਮੈਂ ਅਜ਼ੇ ਜਿਊਂਦੀ ਹਾਂ ਅਫਸਰ ਜੀ ਤਾਂ ਤਹਿਸੀਲਦਾਰ ਦੇ ਹੋਸ਼ ਉੱਡ ਗਏ। ਮੁਹਿੰਦਰ ਕੌਰ ਨੇ ਫੇਰ ਸਖਤ ਫੈਂਸਲਾ ਲੈਂਦੇ ਹੋਏ ਇਸ ਅਮਰਜੋਤ ਸਿੰਘ ਪੂਰੀ ਤਰਾਂ ਨੂੰ ਬੇਦਖਲ ਕਰ ਦਿੱਤਾ।  ਪਰ ਸਵਾਲ ਇਹ ਉੱਠਦਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਇਕੱਲੀ ਔਰਤ ਨੇ ਧੀਆਂ-ਪੁੱਤਰ ਪਾਲੇ ਅਤੇ ਇੱਕ ਪੁੱਤਰ ਨੇ ਧ੍ਰੋਹ ਕਮਾਇਆ ਤੇ ਮਾਂ ਦੇ ਆਖੀਰੀ ਵਕਤ ਕੰਮ ਆਉਣ ਵਾਲੀ ਜਾਇਦਾਦ ਜੋ ਕਿ ਮਾਂ ਨੇ ਉਂਝ ਵੀ ਦੇ ਹੀ ਦੇਣੀ ਸੀ ਨੂੰ ਕੱਖੋਂ ਹੌਲੀ ਕਰਕੇ ਰੱਖਤਾ। ਇਕ ਪਾਸੇ ਤਾ ਮਾਵਾਂ ਦੁੱਧਾਂ ਨਾਲ ਪੁੱਤ ਪਾਲਦੀਆਂ ਨੇ ਦੂਜ਼ੇ ਪਾਸੇ ਪੁੱਤ ਮਾਵਾਂ ਨਾਲ ਰਾਜੇ ਕੰਸ ਤੋਂ ਭੈੜਾ ਕੰਮ ਕਰਦੇ ਹਨ। ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਦਾਅਵਾ ਕਰਦੀ ਹੈ ਕਿ ਪੰਜਾਬ ਵਿਚ ਰਿਸ਼ਵਤ ਖੋਰੀ ਬੰਦ ਹੈ ਅਤੇ ਬਜ਼ੁਰਗ ਮਾਂ ਬਾਪ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ ।ਪਰ ਜਿਉਂਦੀ ਮਹਿੰਦਰ ਕੌਰ ਨੂੰ ਮ੍ਰਿਤਕ ਬਣਾ ਕੇ ਉਸਦੀ ਜਾਇਦਾਦ ਨੂੰ ਹਥਿਆਉਣ ਤੱਕ ਦਾ ਸਫਰ ਰਿਸ਼ਵਤਖੋਰੀ ਬਗੈਰ ਸੰਭਵ ਨਹੀਂ ਜਾਪਦਾ  । ਹੁਣ ਗਲਤੀ ਭਾਵੇਂ ਪਟਵਾਰੀ, ਗਰਦੌਰ, ਤਹਿਸੀਲਦਾਰ ਦੀ ਵੀ ਹੋਵੇ ਪਰ ਅਸਲ ਮਾਇਨੀਆਂ ਵਿਚ ਤਾਂ ਵਿਸ਼ਵਾਸਘਾਤ ਹੌਇਆ ਹੈ, ਰਿਸ਼ਤਿਆਂ ਦਾ ਘਾਣ ਹੋਇਆ ਹੈ।ਇਕ ਮਾਂ ਫੇਰ ਬੇ-ਘਰ ਹੋਈ ਹੈ ਕੱਖੋਂ ਹੌਲੀ ਹੋਈ ਹੈ, ਇੱਕ ਪੁੱਤ ਫੇਰ ਕਪੁੱਤ ਹੋਇਆ ਹੈ।

 

 

ਰਿਪੋਰਟ-ਲਵਪ੍ਰੀਤ ਕੌਰ ਰੰਧਾਵਾ