ਖਾੜੀ ਦੇਸਾਂ ਵੱਲ ਪੰਜਾਬੀਆਂ ਦਾ ਪਰਵਾਸ ਕਿਉਂ ਜਾਰੀ ?

ਖਾੜੀ ਦੇਸਾਂ ਵੱਲ ਪੰਜਾਬੀਆਂ ਦਾ ਪਰਵਾਸ ਕਿਉਂ ਜਾਰੀ ?

ਸਾਢੇ ਚਾਰ ਸਾਲਾਂ ਵਿਚ 52,643 ਪੰਜਾਬੀ ਅਰਬ ਮੁਲਕਾਂ ਵਿਚ ਮਜ਼ਦੂਰੀ ਲਈ ਗਏ

ਪੰਜਾਬੀ ਮੁੰਡੇ-ਕੁੜੀਆਂ ਦਾ ਖਾੜੀ ਦੇਸਾਂ ਵੱਲ ਮਜ਼ਦੂਰੀ ਲਈ ਜਾਣ ਦਾ ਸਿਲਸਿਲਾ ਕੋਈ ਨਵੀਂ ਗੱਲ ਨਹੀਂ। ਬੀਤੇ ਸਾਢੇ ਚਾਰ ਸਾਲਾਂ ਵਿਚ 52,643 ਪੰਜਾਬੀ ਅਰਬ ਮੁਲਕਾਂ ਵਿਚ ਮਜ਼ਦੂਰੀ ਲਈ ਗਏ ਨੇ। ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ, ਸਾਲ 2020 ਤੋਂ 30 ਜੂਨ 2025 ਤੱਕ ਪੂਰੇ ਭਾਰਤ ਵਿਚੋਂ 16.06 ਲੱਖ ਵਰਕਰ 18 ਮੁਲਕਾਂ ਵੱਲ ਗਏ ਨੇ, ਜਿਨ੍ਹਾਂ ਵਿਚ ਪੰਜਾਬ ਦਾ ਹਿੱਸਾ ਵੀ ਚੰਗਾ-ਖਾਸਾ ਹੈ। ਪਰ ਗੱਲ ਇੱਥੇ ਦਿਲਚਸਪ ਇਹ ਹੈ ਕਿ ਜਿੱਥੇ ਪੰਜਾਬੀ ਮਜ਼ਦੂਰ ਖਾੜੀ ਦੇਸਾਂ ਵਿਚ ਜਾਣ ਲਈ ਅੱਗੇ-ਅੱਗੇ ਨੇ, ਉੱਥੇ ਹਰਿਆਣੇ ਦੇ ਲੋਕ ਇਸ ਮਾਮਲੇ ਵਿਚ ਕਾਫੀ ਪਿੱਛੇ ਨੇ। ਸਾਢੇ ਚਾਰ ਸਾਲਾਂ ਵਿਚ ਹਰਿਆਣੇ ਵਿਚੋਂ ਸਿਰਫ 5,589 ਵਰਕਰ ਹੀ ਖਾੜੀ ਮੁਲਕਾਂ ਵਿਚ ਗਏ, ਜਦਕਿ ਉੱਤਰ ਪ੍ਰਦੇਸ਼ 5.49 ਲੱਖ ਵਰਕਰਾਂ ਨਾਲ ਪਹਿਲੇ ਨੰਬਰ ’ਤੇ ਹੈ ਤੇ ਬਿਹਾਰ 2.84 ਲੱਖ ਨਾਲ ਦੂਜੇ ਨੰਬਰ ’ਤੇ।

ਕਿਹੜੇ ਕਿਹੜੇ ਮੁਲਕਾਂ ਵਿਚ ਜਾਂਦੇ ਨੇ ਪੰਜਾਬੀ?

ਪੰਜਾਬੀ ਵਰਕਰ 18 ਮੁਲਕਾਂ ਵਿਚ ਜਾ ਰਹੇ ਨੇ, ਜਿਨ੍ਹਾਂ ’ਚ ਅਫਗਾਨਿਸਤਾਨ, ਬਹਿਰੀਨ, ਇੰਡੋਨੇਸ਼ੀਆ, ਇਰਾਕ, ਜਾਰਡਨ, ਕੁਵੈਤ, ਲਿਬੀਆ, ਮਲੇਸ਼ੀਆ, ਓਮਾਨ, ਕਤਰ, ਸਾਊਦੀ ਅਰਬ, ਸੂਡਾਨ, ਸੀਰੀਆ, ਥਾਈਲੈਂਡ, ਯੂਏਈ ਤੇ ਯਮਨ ਸ਼ਾਮਲ ਨੇ। ਇਨ੍ਹਾਂ ਮੁਲਕਾਂ ਲਈ ਇਮੀਗਰੇਸ਼ਨ ਚੈੱਕ ਰਿਕੁਆਇਰਡ (ਈਸੀਆਰ) ਪਾਸਪੋਰਟ ਜਾਰੀ ਹੁੰਦੇ ਨੇ, ਜੋ ਜ਼ਿਆਦਾਤਰ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਵਰਕਰਾਂ ਨੂੰ ਦਿੱਤੇ ਜਾਂਦੇ ਨੇ। ਸਾਲ 202 ਵਿਚ 30 ਜੂਨ ਤੱਕ 8,609 ਪੰਜਾਬੀ ਵਰਕਰ ਅਰਬ ਮੁਲਕਾਂ ਵਿਚ ਗਏ, ਜਦਕਿ 2024 ’ਚ ਇਹ ਗਿਣਤੀ 12,575 ਸੀ। ਇਨ੍ਹਾਂ ਮੁਲਕਾਂ ਵਿਚੋਂ ਕਈ ਦੇ ਹਾਲਾਤ ਨਾਜ਼ੁਕ ਨੇ, ਪਰ ਫਿਰ ਵੀ ਪੰਜਾਬੀ ਮੁੰਡੇ-ਕੁੜੀਆਂ ਨੂੰ ਰੋਟੀ-ਰੋਜ਼ੀ ਦੀ ਖਾਤਰ ਖਤਰੇ ਝਲਣੇ ਪੈਂਦੇ ਨੇ।

ਖਾੜੀ ਮੁਲਕਾਂ ਵਿਚ ਕੀ ਕੰਮ-ਕਾਰੋਬਾਰ ਕਰਦੇ ਨੇ ਪੰਜਾਬੀ?

ਖਾੜੀ ਮੁਲਕਾਂ ਵਿਚ ਪੰਜਾਬੀ ਮਜ਼ਦੂਰ ਜ਼ਿਆਦਾਤਰ ਉਸਾਰੀ ਦੇ ਕੰਮਾਂ ਵਿਚ ਲੱਗਦੇ ਨੇ। ਇਮੀਗਰੇਸ਼ਨ ਨਾਲ ਜੁੜੇ ਮਾਹਿਰ ਗੁਰਪ੍ਰੀਤ ਸਿੰਘ ਦੱਸਦੇ ਨੇ ਕਿ ਬਹੁਤੀਆਂ ਕੰਪਨੀਆਂ ਭਾਰਤ ਵਿਚੋਂ ਲੇਬਰ ਸਪਲਾਈ ਕਰਦੀਆਂ ਨੇ, ਜਿਨ੍ਹਾਂ ਵਿਚ ਜ਼ਿਆਦਾਤਰ ਕਾਮੇ ਇੱਟਾਂ-ਰੋੜੇ ਵਾਲੇ ਕੰਮ, ਪਲੰਬਰੀ, ਬਿਜਲੀ ਦੇ ਕੰਮ ਜਾਂ ਹੋਰ ਮਸ਼ੀਨੀ ਕੰਮਾਂ ਵਿਚ ਜੁੜਦੇ ਨੇ। ਜਿਹੜੇ ਵਰਕਰਾਂ ਕੋਲ ਤਕਨੀਕੀ ਹੁਨਰ ਹੁੰਦਾ ਹੈ, ਉਹ ਚੰਗੀ ਕਮਾਈ ਵੀ ਕਰ ਲੈਂਦੇ ਨੇ। ਪਰ ਜਿਹੜੇ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਨੇ, ਉਹ ਮੁਸ਼ਕਿਲ ਨਾਲ ਦੋ-ਚਾਰ ਲੱਖ ਰੁਪਏ ਸਾਲ ਵਿਚ ਕਮਾ ਪਾਉਂਦੇ ਨੇ, ਜੋ ਭਾਰਤ ਦੇ ਮੁਕਾਬਲੇ ਤਾਂ ਠੀਕ-ਠਾਕ ਹੈ, ਪਰ ਜੀਵਨ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਬਹੁਤੀ ਵੱਡੀ ਰਕਮ ਨਹੀਂ। ਔਰਤਾਂ ਵੀ ਇਨ੍ਹਾਂ ਮੁਲਕਾਂ ਵਿਚ ਘਰੇਲੂ ਮਜ਼ਦੂਰੀ ਜਾਂ ਹੋਰ ਛੋਟੇ-ਮੋਟੇ ਕੰਮ ਕਰਦੀਆਂ ਨੇ, ਪਰ ਕਈ ਵਾਰ ਉਨ੍ਹਾਂ ਨਾਲ ਸੋਸ਼ਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ।

ਪੰਜਾਬੀ ਅੱਗੇ, ਹਰਿਆਣਾ ਪਿੱਛੇ ਕਿਉਂ?

ਪੰਜਾਬੀਆਂ ਵਿਚ ਖਾੜੀ ਮੁਲਕਾਂ ਵਿਚ ਜਾਣ ਦਾ ਰੁਝਾਨ ਵਧਣ ਦੀਆਂ ਕਈ ਵਜ੍ਹਾਵਾਂ ਨੇ। ਪਹਿਲਾਂ ਤਾਂ ਇਹ ਰਾਹ ਸਸਤਾ ਹੈ, ਕਿਉਂਕਿ ਇਨ੍ਹਾਂ ਮੁਲਕਾਂ ਵਿਚ ਜਾਣ ਲਈ ਵੀਜ਼ੇ ਤੇ ਹੋਰ ਖਰਚੇ ਘੱਟ ਨੇ। ਦੂਜਾ, ਪੰਜਾਬ ਵਿਚ ਬੇਰੁਜ਼ਗਾਰੀ ਤੇ ਘੱਟ ਆਮਦਨ ਵਾਲੀਆਂ ਨੌਕਰੀਆਂ ਨੇ ਨੌਜਵਾਨਾਂ ਨੂੰ ਵਿਦੇਸ਼ ਵੱਲ ਧੱਕਿਆ। ਇਸ ਦੇ ਉਲਟ, ਹਰਿਆਣੇ ਵਿਚ ਖੇਤੀਬਾੜੀ ਤੇ ਉਦਸ਼ੋਗਿਕ ਖੇਤਰ ਵਿਚ ਮੌਕੇ ਜ਼ਿਆਦਾ ਨੇ, ਜਿਸ ਕਾਰਨ ਉੱਥੋਂ ਦੇ ਲੋਕ ਖਾੜੀ ਮੁਲਕਾਂ ਵੱਲ ਘੱਟ ਝੁਕਦੇ ਨੇ। ਇਸ ਤੋਂ ਇਲਾਵਾ, ਪੰਜਾਬ ਵਿਚ ਵਿਦੇਸ਼ ਜਾਣ ਦਾ ਸੱਭਿਆਚਾਰ ਵੀ ਡੂੰਘਾ ਜੜ੍ਹਿਆ ਹੋਇਆ ਹੈ, ਜੋ ਨੌਜਵਾਨਾਂ ਨੂੰ ਬਾਹਰ ਜਾਣ ਲਈ ਪ੍ਰੇਰਦਾ ਹੈ। ਰਾਜਸਥਾਨ ਵਿਚੋਂ 1.11 ਲੱਖ, ਪੱਛਮੀ ਬੰਗਾਲ ਵਿਚੋਂ 1.24 ਲੱਖ ਤੇ ਕੇਰਲ ’ਚੋਂ 77,722 ਵਰਕਰ ਵੀ ਇਨ੍ਹਾਂ ਮੁਲਕਾਂ ਵਿਚ ਗਏ, ਪਰ ਪੰਜਾਬ ਦਾ ਰੁਝਾਨ ਇਸ ਮਾਮਲੇ ’ਵਿਚ ਵੱਖਰਾ ਤੇ ਤੇਜ਼ ਹੈ।

ਪਰ ਇਸ ਸਾਰੇ ਸਿਲਸਿਲੇ ਵਿਚ ਚਿੰਤਾ ਦੀ ਗੱਲ ਇਹ ਹੈ ਕਿ ਖਾੜੀ ਮੁਲਕਾਂ ਵਿਚ ਪੰਜਾਬੀ ਵਰਕਰਾਂ, ਖਾਸ ਕਰਕੇ ਔਰਤਾਂ, ਨੂੰ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਸ਼ਕਿਲ ਹਾਲਾਤ, ਘੱਟ ਤਨਖਾਹ ਤੇ ਅਣਸੁਰੱਖਿਅਤ ਮਾਹੌਲ ਕਈ ਵਾਰ ਜਾਨ-ਮਾਲ ਦਾ ਖਤਰਾ ਵੀ ਬਣ ਜਾਂਦੇ ਨੇ। ਫਿਰ ਵੀ, ਘਰ ਦੀਆਂ ਮਜਬੂਰੀਆਂ ਤੇ ਰੋਟੀ ਦੀ ਭੁੱਖ ਪੰਜਾਬੀ ਨੌਜਵਾਨਾਂ ਨੂੰ ਇਨ੍ਹਾਂ ਖਤਰਿਆਂ ਵੱਲ ਧੱਕਦੀ ਹੈ।