ਵਿਧਾਇਕ ਪਠਾਨਮਾਜਰਾ ਦੀ ਗ੍ਰਿਫ਼ਤਾਰੀ ਦਾ ਅਸਲ ਕਾਰਨ ਕੀ ਹੈ?

ਵਿਧਾਇਕ ਪਠਾਨਮਾਜਰਾ ਦੀ ਗ੍ਰਿਫ਼ਤਾਰੀ ਦਾ ਅਸਲ ਕਾਰਨ ਕੀ ਹੈ?

ਵਿਰੋਧੀ ਪਾਰਟੀਆਂ ਦਾ ਆਪ ਉੱਤੇ ਹਮਲਾ: ਡਿਕਟੇਟਰਸ਼ਿਪ ਦੇ ਇਲਜ਼ਾਮ

*ਸਿੱਖ ਅਤੇ ਪੰਜਾਬੀਆਂ ਵਿੱਚ ਆਪ ਵਿਰੁੱਧ ਵਧ ਰਿਹਾ ਏ ਵਿਰੋਧ

*ਹੜ੍ਹਾਂ ਦੀ ਤਬਾਹੀ: ਸਰਕਾਰ ਦੀ ਨਾਕਾਮੀ ਦੀ ਅਸਲੀਅਤ ,ਮੋਦੀ ਸਰਕਾਰ ਚੁਪ ਕਿਉਂ

ਪੰਜਾਬ ਵਿੱਚ ਆਪ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਨੇ ਸਿਆਸੀ ਹਲਚਲ ਮਚਾ ਦਿੱਤੀ ਹੈ। ਸਨੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪਠਾਨਮਾਜਰਾ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆਸੀ, ਅਤੇ ਉਹਨਾਂ ਉੱਤੇ ਆਈਪੀਸੀ ਦੀ ਧਾਰਾ 376 ਅਧੀਨ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਉਹਨਾਂ ਦੀ ਸਾਬਕਾ ਪਤਨੀ ਨਾਲ ਜੁੜਿਆ ਹੋਇਆ ਹੈ, ਜਿਹੜਾ ਕਿ ਕਾਫ਼ੀ ਪੁਰਾਣਾ ਹੈ। ਪਰ ਅਸਲੀਅਤ ਵਿੱਚ ਇਹ ਗ੍ਰਿਫ਼ਤਾਰੀ ਉਹਨਾਂ ਦੇ ਆਪਣੀ ਹੀ ਸਰਕਾਰ ਵਿਰੁੱਧ ਬੋਲਣ ਕਰਕੇ ਹੋਈ ਲੱਗਦੀ ਹੈ। ਗ੍ਰਿਫ਼ਤਾਰੀ ਤੋਂ ਇੱਕ ਦਿਨ ਪਹਿਲਾਂ ਪਠਾਨਮਾਜਰਾ ਨੇ ਫੇਸਬੁੱਕ ਵੀਡੀਓ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਆਪਣੀ ਆਵਾਜ਼ ਨੂੰ ਦਬਾਉਣ ਲਈ ਇਹ ਕੇਸ ਵਾਪਸ ਖੋਲ੍ਹਿਆ ਗਿਆ ਹੈ। ਉਹਨਾਂ ਨੇ ਦਿੱਲੀ ਵਾਲੀ ਆਪ ਟੀਮ ਉੱਤੇ ਇਲਜ਼ਾਮ ਲਾਇਆ ਕਿ ਉਹ ਪੰਜਾਬ ਉੱਤੇ ਰਾਜ ਕਰਨਾ ਚਾਹੁੰਦੇ ਨੇ ਅਤੇ ਉਹਨਾਂ ਨੂੰ ਚੁੱਪ ਕਰਵਾਉਣ ਲਈ ਇਹ ਸਭ ਕੀਤਾ ਜਾ ਰਿਹਾ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਅਤੇ ਉਹਨਾਂ ਦੇ ਹਲਕੇ ਵਿੱਚ ਸਾਰੇ ਐਸਐਚਓ ਅਤੇ ਪੁਲਿਸ ਚੌਕੀਆਂ ਦੇ ਇੰਚਾਰਜ ਬਦਲ ਦਿੱਤੇ ਗਏ ਸਨ। ਇਹ ਸਭ ਉਦੋਂ ਹੋਇਆ ਜਦੋਂ ਪਠਾਨਮਾਜਰਾ ਨੇ ਸਰਕਾਰ ਨੂੰ ਹੜ੍ਹਾਂ ਵਿੱਚ ਨਾਕਾਮੀ ਲਈ ਗੱਲ ਕੀਤੀ ਸੀ। ਉਹਨਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਅਤੇ ਸੂਬਾ ਸਰਕਾਰ ਨੂੰ ਨਦੀਆਂ ਦੇ ਤਲੇ ਨੂੰ ਸਾਫ਼ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਸੀ। ਸਿਆਸੀ ਮਾਹਿਰਾਂ ਅਨੁਸਾਰ ਇਸ  ਕਾਰਵਾਈ ਨੇ ਇਹ ਸਪੱਸ਼ਟ ਕੀਤਾ ਕਿ ਅਸਲ ਕਾਰਨ ਸਿਆਸੀ ਵਿਰੋਧ ਹੈ, ਨਾ ਕਿ ਕੋਈ ਪੁਰਾਣਾ ਕੇਸ। ਪਠਾਨਮਾਜਰਾ ਨੇ ਆਪਣੇ ਸਮਰਥਕਾਂ ਨੂੰ ਪਟਿਆਲਾ ਵਿੱਚ ਐਸਐਸਪੀ ਅਤੇ ਡੀਸੀ ਦਫ਼ਤਰਾਂ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਲਈ ਵੀ ਕਿਹਾ ਸੀ। ਇਹ ਘਟਨਾ ਆਪ ਪਾਰਟੀ ਵਿੱਚ ਅੰਦਰੂਨੀ ਕਲੇਸ਼ ਨੂੰ ਉਜਾਗਰ ਕਰਦੀ ਹੈ, ਜਿੱਥੇ ਦਿੱਲੀ ਵਾਲੇ ਨੇਤਾ ਪੰਜਾਬ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਨੇ। ਬਹੁਤੇ ਵਿਸ਼ਲੇਸ਼ਕ ਮੰਨਦੇ ਨੇ ਕਿ ਇਹ ਗ੍ਰਿਫ਼ਤਾਰੀ ਹੜ੍ਹਾਂ ਵਿਰੁੱਧ ਬੋਲਣ ਵਾਲਿਆਂ ਨੂੰ ਡਰਾਉਣ ਲਈ ਹੈ।  ਪਠਾਨਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਦਿੱਲੀ ਵਾਲੇ ਟੀਮ ਵਿਰੁੱਧ ਖੜ੍ਹੇ ਹੋਣ, ਪਰ ਉਹਨਾਂ ਕੋਈ ਜੁਆਬ ਨਹੀਂ ਦਿਤਾ। ਇਸ ਨਾਲ ਪੰਜਾਬ ਵਿੱਚ ਆਪ ਦੀ ਸਿਆਸੀ ਹਾਲਤ ਹੋਰ ਖ਼ਰਾਬ ਹੋ ਰਹੀ ਹੈ।

ਵਿਰੋਧੀ ਪਾਰਟੀਆਂ ਦੀ ਆਪ ਪਾਰਟੀ ਬਾਰੇ ਰਾਏ

ਵਿਰੋਧੀ ਪਾਰਟੀਆਂ ਨੇ ਆਪ ਪਾਰਟੀ ਨੂੰ ਪਠਾਨਮਾਜਰਾ ਦੀ ਗ੍ਰਿਫ਼ਤਾਰੀ ਉੱਤੇ ਘੇਰ ਲਿਆ ਐ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕਰ ਦਿੱਤਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਗ੍ਰਿਫ਼ਤਾਰੀ ਸਿਆਸੀ ਵਿਰੋਧ ਕਾਰਣ ਹੋਈ ਹੈ । ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਆਪ ਨੇ  ਆਪ ਸਰਕਾਰ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਲਈ ਪੁਲਿਸ ਵਰਤ ਰਹੀ ਹੈ। ਭਾਜਪਾ ਨੇ ਵੀ ਆਪ ਨੂੰ ਡਿਕਟੇਟਰਸ਼ਿਪ ਵਾਲੀ ਪਾਰਟੀ ਕਿਹਾ ਹੈ । ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਗਵੰਤ ਮਾਨ ਨੇ ਐਮਰਜੈਂਸੀ ਵਰਗੇ ਹਾਲਤ ਬਣਾ ਦਿੱਤੇ ਹਨ ਅਤੇ ਵਿਰੋਧੀ ਆਗੂਆਂ ਨੂੰ ਜੇਲ੍ਹ ਵਿੱਚ ਪਾਉਣਾ ਚਾਹੁੰਦੇ ਨੇ। ਵਿਰੋਧੀਆਂ ਨੇ ਆਪ ਨੂੰ ਪੰਜਾਬ ਵਿੱਚ ਨਸ਼ੇ, ਗੈਂਗਸਟਰ ਅਤੇ ਅਨਾਰਕੀ ਨੂੰ ਨਾ ਰੋਕਣ ਲਈ ਵੀ ਨਿਸ਼ਾਨੇ ਉੱਤੇ ਲਿਆ ਹੈ। ਅਕਾਲੀ ਦਲ ਤੇ ਕਾਂਗਰਸ ਨੇ ਆਪ ਨੂੰ ਭ੍ਰਿਸ਼ਟਾਚਾਰ ਵਿੱਚ ਡੁੱਬੀ ਪਾਰਟੀ ਕਿਹਾ ਹੈ ਅਤੇ ਕਿਹਾ ਕਿ ਉਹ ਪੰਜਾਬ ਨੂੰ ਵੇਚ ਰਹੇ ਨੇ। ਬੀਜੇਪੀ ਨੇ  ਕਿਹਾ ਕਿ ਆਪ ਪਾਰਟੀ ਦੀ ਸਰਕਾਰ ਫੇਲ੍ਹ ਹੋ ਗਈ ਹੈ। ਇਹਨਾਂ ਇਲਜ਼ਾਮਾਂ ਨਾਲ ਆਪ ਦੀ ਇਮੇਜ ਖ਼ਰਾਬ ਹੋ ਰਹੀ ਐ ਅਤੇ ਵਿਰੋਧੀ ਪਾਰਟੀਆਂ ਇਸ ਨੂੰ 2027 ਵਿਧਾਨ ਸਭਾ ਚੋਣਾਂ ਲਈ ਵਰਤ ਰਹੀਆਂ ਨੇ। 

ਪੰਜਾਬੀਆਂ ਅਤੇ ਸਿੱਖਾਂ ਵਿੱਚ ਵਧ ਰਹੀ ਵਿਰੋਧਤਾ ਦੇ ਕਾਰਨ

ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਵਿੱਚ ਆਪ ਵਿਰੁੱਧ ਵਿਰੋਧ ਵਧ ਰਿਹਾਹੈ। ਬਹੁਤੇ ਪੰਜਾਬੀ ਇਸ ਗ੍ਰਿਫ਼ਤਾਰੀ ਨੂੰ ਸਿਆਸੀ ਕਿੜ ਮੰਨਦੇ ਨੇ ਅਤੇ ਕਹਿੰਦੇ ਨੇ ਕਿ ਆਪ ਨੇ ਪੰਜਾਬ ਨੂੰ ਦਿੱਲੀ ਦੇ ਅਧੀਨ ਬਣਾ ਦਿੱਤਾ ਹੈ। ਸ਼ੋਸ਼ਲ ਮੀਡੀਆ ਉੱਤੇ ਬਹੁਤੇ ਪੋਸਟਾਂ ਵਿੱਚ ਲੋਕ ਕਹਿ ਰਹੇ ਨੇ ਕਿ ਆਪ ਖਿੰਡਰ ਰਹੀ ਐ ਅਤੇ ਅੰਦਰੂਨੀ ਵਿਰੋਧ ਨੂੰ ਨਹੀਂ ਸੰਭਾਲ ਸਕਦੀ। ਸਿੱਖਾਂ ਵਿੱਚ ਵਿਰੋਧ ਵਧਣ ਦੇ ਕਾਰਨਾਂ ਵਿੱਚ ਦਰਿਆਈ ਪਾਣੀ, ਖੇਤੀ ਅਤੇ ਬੰਦੀ ਸਿੱਖ ,ਮਨੁੱਖੀ ਅਧਿਕਾਰਾਂ ਵਰਗੇ ਮੁੱਦੇ ਨੇ। ਆਪ ਨੇ ਵਾਅਦੇ ਕੀਤੇ ਸਨ ਕਿ ਉਹ ਸਿੱਖ ਬੰਦੀਆਂ ਨੂੰ ਰਿਹਾਆ ਕਰਵਾਉਣਗੇ ,ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਗੇ, ਪਰ ਅੱਜ ਉਹ ਮੁੱਦਾ ਵਾਪਸ ਉਹਨਾਂ ਵਿਰੁੱਧ ਕੰਮ ਕਰ ਰਿਹਾ ਹੈ।  ਪੰਜਾਬ ਵਿੱਚ ਖੇਤੀ ਨੀਤੀਆਂ ਉੱਤੇ ਵੀ ਆਪ ਸਰਕਾਰ ਦਾ ਵਿਰੋਧ ਹੈ, ਜਿਵੇਂ ਲੈਂਡ ਪੂਲਿੰਗ ਪਾਲਿਸੀ ਜਿਸ ਨੂੰ ਕਿਸਾਨ ਵਿਰੋਧੀ ਕਿਹਾ ਗਿਆ ਸੀ। ਸਿੱਖ ਭਾਈਚਾਰੇ ਵਿੱਚ ਆਪ ਨੂੰ ਹਿੰਦੂਤਵ ਵਾਲੀ ਪਾਰਟੀ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਪੰਜਾਬ ਮੁਦਿਆਂ ਨੂੰ ਲੈਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਬਹੁਤੇ ਸਿੱਖ ਮੰਨਦੇ ਨੇ ਕਿ ਆਪ ਕਾਰਣ ਪੰਜਾਬ ਵਿਚ ਨਸ਼ੇ ਅਤੇ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ ਅਤੇ ਹੁਣ ਆਪਣੇ ਸਿਆਸੀ ਵਿਰੋਧੀਆਂ ਨੂੰ ਜੇਲ੍ਹ ਵਿੱਚ ਡਕ ਰਹੇ ਹਨ।