ਬੰਗਲਾਦੇਸ਼ ਸਰਕਾਰ 'ਤੇ ਭਾਰਤ ਸਰਕਾਰ ਦੀ ਨਾਰਾਜ਼ਗੀ ਦਾ ਕੋਈ ਅਸਰ ਨਹੀਂ

ਬੰਗਲਾਦੇਸ਼ ਸਰਕਾਰ 'ਤੇ ਭਾਰਤ ਸਰਕਾਰ ਦੀ ਨਾਰਾਜ਼ਗੀ ਦਾ ਕੋਈ ਅਸਰ ਨਹੀਂ

ਹਿੰਦੂ ਘੱਟ-ਗਿਣਤੀਆਂ 'ਤੇ ਕੱਟੜਪੰਥੀ ਮੁਸਲਿਮਾਂ ਦੇ ਹੋ ਰਹੇ ਨੇ ਹਮਲੇ

ਬੰਗਲਾਦੇਸ਼ ਸਰਕਾਰ 'ਤੇ ਭਾਰਤ ਸਰਕਾਰ ਦੀ ਨਾਰਾਜ਼ਗੀ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਉੱਥੇ ਹਿੰਦੂ ਘੱਟ-ਗਿਣਤੀਆਂ 'ਤੇ ਕੱਟੜਪੰਥੀ ਮੁਸਲਿਮਾਂ ਦੇ ਹਮਲੇ ਹੋ ਰਹੇ ਹਨ, ਉਨ੍ਹਾਂ ਦੇ ਘਰਾਂ ਨੂੰ ਲੁੱਟਿਆ ਜਾ ਰਿਹਾ ਹੈ, ਉਨ੍ਹਾਂ ਵਿਚ ਅੱਗ ਲਗਾਈ ਜਾ ਰਹੀ ਹੈ। ਹਿੰਦੂ ਸੰਤਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਰਤ ਸਰਕਾਰ ਨੇ ਅਧਿਕਾਰਤ ਤੌਰ 'ਤੇ ਨਾਰਾਜ਼ਗੀ ਜ਼ਰੂਰ ਜਤਾਈ ਹੈ, ਪਰ ਉਦੋਂ ਵੀ ਬੰਗਲਾਦੇਸ਼ ਸਰਕਾਰ ਨੇ ਇਸਕਾਨ ਦੇ ਸੰਤ ਚਿਨਮਯ ਪ੍ਰਭੂ ਨੂੰ ਰਿਹਾਅ ਨਹੀਂ ਕੀਤਾ ਹੈ ਅਤੇ ਉਲਟਾ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।ਹਾਲ ਹੀ ਵਿਚ ਇਸਕਾਨ ਮੰਦਰ ਦੇ ਪੁਜਾਰੀ ਚਿਨਮੋਏ ਕ੍ਰਿਸ਼ਨ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣੇ ਜਿਹੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨਮਹੱਟਾ ਵਿਚ ਕੁਝ ਫਿਰਕੂ ਗੁੰਡਿਆਂ ਨੇ ਇਕ ਹੋਰ ਇਸਕਾਨ ਮੰਦਰ ‘ਤੇ ਹਮਲਾ ਕਰਕੇ ਅੱਗ ਲਗਾ ਦਿੱਤੀ। ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਸ਼ਰਾਰਤੀ ਅਨਸਰ ਹਿੰਦੂ ਸੰਸਥਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਹਨ।ਹਾਲਾਤ ਇਹ ਬਣ ਗਏ ਹਨ ਕਿ ਸ਼ਰਾਰਤੀ ਅਨਸਰ ਘੱਟ ਗਿਣਤੀ ਹਿੰਦੂਆਂ ਦੇ ਘਰਾਂ ਨੂੰ ਹੀ ਨਹੀਂ ,ਸਗੋਂ ਅਦਾਰਿਆਂ ਨੂੰ ਵੀ ਅੱਗ ਲਗਾ ਰਹੇ ਹਨ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਫੌਜ ਵੀ ਫਿਰਕੂ ਗੁੰਡਿਆਂ ਦੇ ਨਾਲ ਖੜੀ ਦਿਖਾਈ ਦੇ ਰਹੀ ਹੈ। ਬੰਗਲਾਦੇਸ਼ ਦੀ ਫੌਜ ਨੇ ਹਾਲ ਹੀ ਵਿੱਚ ਪੱਛਮੀ ਬੰਗਾਲ ਦੀ ਸਰਹੱਦ ਦੇ ਨੇੜੇ ਇੱਕ ਹਿੰਦੂ ਮੰਦਰ ਦੇ ਮੁਰੰਮਤ ਦੇ ਕੰਮ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਥੇ ਜ਼ਿਕਰਯੋਗ ਹੈ ਕਿ ਘੱਟ-ਗਿਣਤੀਆਂ ’ਤੇ ਕਥਿਤ ਹਮਲੇ ਦੇ ਖ਼ਿਲਾਫ਼ ਚਿਨਮਯ ਕ੍ਰਿਸ਼ਨ ਦਾਸ ਕਈ ਵਿਰੋਧ-ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ।ਇਹ ਪ੍ਰਦਰਸ਼ਨ ਸਨਾਤਨੀ ਜਾਗਰਣ ਜੋਤ ਸੰਗਠਨ ਦੇ ਬੈਨਰ ਹੇਠ ਹੋ ਰਹੇ ਸਨ ਅਤੇ ਇਸ ਦੇ ਬੁਲਾਰੇ ਚਿਨਮਯ ਕ੍ਰਿਸ਼ਨ ਦਾਸ ਹਨ।

ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਚਿਨਮਯ ਕ੍ਰਿਸ਼ਨ ਦਾਸ ਸਣੇ 19 ਲੋਕਾਂ ਖ਼ਿਲਾਫ਼ ਚਟਗਾਂਵ ਕੋਤਵਾਲੀ ਥਾਣੇ ਵਿੱਚ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।ਉਨ੍ਹਾਂ ’ਤੇ ਇਲਜ਼ਾਮ ਲੱਗਿਆ ਕਿ 25 ਅਕਤੂਬਰ ਨੂੰ ਚਟਗਾਂਵ ਦੇ ਨਿਊ ਮਾਰਕਿਟ ਇਲਾਕੇ ਵਿੱਚ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ।ਦਾਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਸੜਕਾਂ ’ਤੇ ਉਤਰ ਆਏ। ਰਾਜਧਾਨੀ ਢਾਕਾ ਅਤੇ ਚਟਗਾਂਵ ਸਣੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋਏ।ਇਸ ਤੋਂ ਬਾਅਦ ਬੰਗਲਾਦੇਸ਼ ਦੇ ਕਈ ਸੰਗਠਨਾਂ ਨੇ ਇਸਕਾਨ ਉਪਰ ਪਾਬੰਦੀ ਲਗਾਉਣ ਦੀ ਮੰਗ ਕੀਤੀ ਅਤੇ ਇਕ ਪਟੀਸ਼ਨ ਵੀ ਦਾਇਰ ਕੀਤੀ ਗਈ। ਹਾਲਾਂਕਿ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਬੰਗਲਾਦੇਸ਼ ਇਸਕਾਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਬਿਮਲ ਕੁਮਾਰ ਘੋਸ਼ ਦਾ ਕਹਿਣਾ ਹੈ ਕਿ ਚਿਨਮਯ ਕ੍ਰਿਸ਼ਨ ਦਾਸ ਨੂੰ ਇਸਕਾਨ ਤੋਂ ਕੱਢ ਦਿੱਤਾ ਗਿਆ ਹੈ। ਸਰਕਾਰ ਦੇ ਖ਼ਿਲਾਫ਼ ਉਹ ਜੋ ਕੁਝ ਵੀ ਕਰਦੇ ਹਨ, ਉਸ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੈ।ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਸੂਚਨਾ ਸਲਾਹਕਾਰ ਨਾਹਿਦ ਇਸਲਾਮ ਨੇ ਅਨੁਸਾਰ ਚਿਨਮਯ ਕ੍ਰਿਸ਼ਨ ਦਾਸ ਦੇਸ਼ ਨੂੰ ਅਸਥਿਰ ਕਰਨ ਦੀ ਯੋਜਨਾ ਲਈ ਆਪਣੇ ਅੰਦੋਲਨ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਪੂਰੇ ਘਟਨਾਕ੍ਰਮ ਨੇ ਬੰਗਲਾਦੇਸ਼ ਵਿੱਚ ਧਾਰਮਿਕ ਅਤੇ ਰਾਜਨੀਤਿਕ ਤਣਾਅ ਨੂੰ ਵਧਾ ਦਿੱਤਾ ਹੈ ਅਤੇ ਇਸਕਾਨ ਨੂੰ ਲੈ ਕੇ ਇਹ ਨਵਾਂ ਵਿਵਾਦ ਹੋਰ ਵੀ ਗੁੰਝਲਦਾਰ ਹੋ ਗਿਆ ਹੈ।

ਦਰਅਸਲ ਬੰਗਲਾਦੇਸ਼ 'ਚ ਸ਼ੇਖ ਹਸੀਨਾ ਸਰਕਾਰ ਦਾ ਤਖ਼ਤਾ ਪਲਟ ਹੋਣ ਤੋਂ ਬਾਅਦ ਹਿੰਦੂ ਘੱਟ-ਗਿਣਤੀਆਂ ਦਾ ਜੋ ਲਗਾਤਾਰ ਸ਼ੋਸ਼ਣ ਹੋ ਰਿਹਾ ਹੈ, ਉਸ ਨੂੰ ਰੁਕਵਾ ਸਕਣਾ ਭਾਰਤ ਦੀ ਸ਼ਕਤੀਸ਼ਾਲੀ ਕਹੀ ਜਾਣ ਵਾਲੀ ਸਰਕਾਰ ਲਈ ਮੁਸ਼ਕਿਲ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਵਿਚ ਨੈਤਿਕ ਬਲ ਨਹੀਂ ਹੈ, ਭਾਵ ਜੋ ਕੰਮ ਉਹ ਬੰਗਲਾਦੇਸ਼ ਵਿਚ ਰੁਕਵਾਉਣਾ ਚਾਹੁੰਦੀ ਹੈ, ਉਹੀ ਕੰਮ ਆਪਣੇ ਦੇਸ਼ ਵਿਚ ਜ਼ੋਰ-ਸ਼ੋਰ ਨਾਲ ਕਰਵਾ ਰਹੀ ਹੈ।

 ਇੱਥੇ ਆਏ ਦਿਨ ਕਿਸੇ ਨਾ ਕਿਸੇ ਮਸਜਿਦ ਦਾ ਸਰਵੇਖਣ ਹੋ ਰਿਹਾ ਹੈ ਅਤੇ ਉਸ ਦੇ ਹੇਠਾਂ ਮੰਦਰ ਲੱਭੇ ਜਾ ਰਹੇ ਹਨ। ਮੁਸਲਮਾਨਾਂ ਨੂੰ ਸਟੇਟ ਦੇ ਡੰਡੇ ਨਾਲ ਦਬਾਇਆ ਜਾ ਰਿਹਾ ਹੈ।ਸਰਕਾਰ ਸਮਰਥਕ ਸੰਗਠਨਾਂ ਵਲੋਂ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦੀਆਂ ਅਪੀਲਾਂ ਸੋਸ਼ਲ ਮੀਡੀਆ ਵਿਚ ਕੀਤੀਆਂ ਜਾ ਰਹੀਆਂ ਹਨ। ਹਿੰਦੂਆਂ ਬਹੁਗਿਣਤੀ ਇਲਾਕਿਆਂ 'ਚ ਕਿਸੇ ਮੁਸਲਮਾਨ ਦੇ ਮਕਾਨ ਖਰੀਦਣ ਜਾਂ ਕਿਰਾਏ 'ਤੇ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸਬਜ਼ੀ, ਫ਼ਲ ਜਾਂ ਚੂੜੀ ਵੇਚਣ ਵਾਲੇ ਮੁਸਲਮਾਨ ਨੂੰ ਆਪਣੇ ਮੁਹੱਲੇ ਜਾਂ ਕਾਲੋਨੀ 'ਚ ਵੜਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਸਥਾਨਕ ਪ੍ਰਸ਼ਾਸਨ ਮੂਕਦਰਸ਼ਕ ਬਣਿਆ ਹੋਇਆ ਹੈ। ਅਜਿਹੇ ਵਿਚ ਭਾਰਤ ਸਰਕਾਰ ਦੀਆਂ ਅਪੀਲਾਂ ਨੂੰ ਬੰਗਲਾਦੇਸ਼ ਦੀ ਸਰਕਾਰ ਕਿਉਂ ਗੰਭੀਰਤਾ ਨਾਲ ਲਵੇਗੀ?

ਭਾਰਤ-ਬੰਗਲਾਦੇਸ਼ ਰਿਸ਼ਤਿਆਂ ਲਈ ਇਹ ਪਰਖ ਦੀ ਘੜੀ ਹੈ। ਮੁਕੱਦਮਾ ਚਲਾਉਣ ਲਈ ਹਸੀਨਾ ਨੂੰ ਬੰਗਲਾਦੇਸ਼ ਡਿਪੋਰਟ ਕਰਨ ’ਤੇ ਨਵੀਂ ਦਿੱਲੀ ਦੀ ਚੁੱਪ ਸ਼ਾਇਦ ਢਾਕਾ ਨੂੰ ਚੁੱਭ ਰਹੀ ਹੈ। ਦੋਵੇਂ ਧਿਰਾਂ ਇਸ ਗੱਲ ਤੋਂ ਜਾਣੂ ਹਨ ਕਿ ਵਧ ਰਹੀ ਬੇਭਰੋਸਗੀ ਨੂੰ ਦੂਰ ਕਰਨ ਵਿੱਚ ਜੇ ਦੇਰੀ ਹੋਈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਲੋੜ ਹੈ, ਜਲਦੀ ਤੋਂ ਜਲਦੀ ਕੂਟਨੀਤਕ ਮਾਧਿਅਮਾਂ ਨੂੰ ਪੂਰੀ ਗਤੀ ਨਾਲ ਸਰਗਰਮ ਕੀਤਾ ਜਾਵੇ। 

ਬੰਗਲਾਦੇਸ਼ ਵਿੱਚ ਜੋ ਵਾਪਰ ਰਿਹਾ ਹੈ, ਉਹ ਭਾਰਤ ਲਈ ਵੀ ਸਬਕ ਹੈ। ਢਾਕਾ ਨੂੰ ਕਾਰਵਾਈ ਲਈ ਕਹਿਣ ਤੋਂ ਪਹਿਲਾਂ ਭਾਰਤ ਨੂੰ ਆਪਣੇ ਘਰ ਅੰਦਰ ਵੀ ਝਾਕਣਾ ਪਏਗਾ। ਭਾਰਤ ਵਿੱਚ ਵੀ ਘੱਟਗਿਣਤੀਆਂ ਨਾਲ ਬੁਰਾ ਵਰਤਾਅ ਹੋ ਰਿਹਾ ਹੈ। ਇਸ ਵਰਤਾਅ ਬਾਰੇ ਕੇਂਦਰ ਸਰਕਾਰ ਦੀ ਲਗਾਤਾਰ ਖ਼ਾਮੋਸ਼ੀ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਮਾਮਲੇ ਬਾਰੇ ਭਾਰਤ ਨੂੰ ਸੰਜੀਦਗੀ ਨਾਲ ਵਿਚਾਰਨ ਦੀ ਜ਼ਰੂਰਤ ਹੈ।