ਭਾਰਤ-ਕੈਨੇਡਾ ਰਿਸ਼ਤਿਆਂ ਵਿਚ ਵਧ ਰਹੀ ਖਿਚੋਤਾਣ ਪੰਜਾਬੀਆਂ 'ਤੇ ਪੈ ਸਕਦੀ ਹੈ ਭਾਰੀ

ਭਾਰਤ-ਕੈਨੇਡਾ ਰਿਸ਼ਤਿਆਂ ਵਿਚ ਵਧ ਰਹੀ ਖਿਚੋਤਾਣ ਪੰਜਾਬੀਆਂ 'ਤੇ ਪੈ ਸਕਦੀ ਹੈ ਭਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ-ਕੈਨੇਡਾ ਨੇ ਭਾਰਤ ਨੂੰ ਸਾਈਬਰ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ ਅਤੇ ਹੁਣ ਇਹ ਨਵੇਂ ਦੋਸ਼ ਦੋਵੇਂ ਦੇਸ਼ਾਂ ਭਾਰਤ ਅਤੇ ਕੈਨੇਡਾ ਵਿਚਾਲੇ ਹੋਰ ਤਲਖ਼ੀ ਵਧਣ ਦਾ ਕਾਰਨ ਬਣ ਸਕਦੇ ਹਨ ।ਮਾਹਿਰਾਂ ਅਨੁਸਾਰ ਭਾਰਤ-ਕੈਨੇਡਾ ਰਿਸ਼ਤਿਆਂ 'ਚ ਲਗਾਤਾਰ ਵੱਧਦੀ ਜਾ ਰਹੀ ਦਰਾਰ ਪੰਜਾਬੀਆਂ ਨੂੰ ਭਾਰੀ ਪਵੇਗੀ, ਫਿਰ ਚਾਹੇ ਉਹ ਪੰਜਾਬੀ ਓਥੇ ਕੱਚੇ ਹਨ ਅਤੇ ਪੱਕੇ ਹੋਣ ਦੀ ਆਸ ਲਾਈ ਬੈਠੇ ਹਨ ਜਾਂ ਫਿਰ ਪੜ੍ਹਨ ਲਈ ਓਥੇ ਜਾਣ ਦੇ ਚਾਹਵਾਨ ਹਨ ਜਾਂ ਕਿਸੇ ਹੋਰ ਤਰੀਕੇ ਕੈਨੇਡਾ ਵਿਚ ਵੱਸਣਾ ਚਾਹੁੰਦੇ ਹਨ । ਇਸ ਮਾਮਲੇ ਵਿਚ ਸਿਆਸੀ ਅਤੇ ਕੌਮਾਂਤਰੀ ਮੁੱਦਿਆਂ ਦੇ ਮਾਹਿਰ ਮੁਹੰਮਦ ਖ਼ਾਲਿਦ ਦਾ ਕਹਿਣਾ ਹੈ ਕਿ ਗਲੋਬਲ ਮੀਡੀਆ 'ਤੇ ਜਿਸ ਦਾ ਕਬਜ਼ਾ ਹੈ ਉਸ ਨੂੰ ਪਹਿਲਾਂ ਇਰਾਕ ਸਮੇਤ ਕਈ ਹੋਰ ਦੇਸ਼ਾਂ ਖ਼ਿਲਾਫ਼ ਵਰਤਿਆ ਗਿਆ ਹੁਣ ਉਸ ਨੂੰ ਭਾਰਤ ਖ਼ਿਲਾਫ਼ ਵਰਤਿਆ ਜਾ ਰਿਹਾ ਹੈ, ਜਿਸ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਦੇਸ਼ ਦੀ ਦਿਖ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਇਸ ਨੂੰ ਇਥੇ ਹੀ ਰੋਕਣ ਲਈ ਕੂਟਨੀਤਕ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਫਿਰ ਜੋ ਸਿਆਸੀ ਬਿਆਨ ਆਉਂਦੇ ਹਨ ਕਿ 'ਹਮ ਘਰ ਮੇਂ ਘੁੱਸ ਕੇ ਮਾਰੇਂਗੇ' ਅਜਿਹੀ ਹੀ ਦਿਖ ਤੇ ਛਵੀ ਸਾਡੇ ਦੇਸ਼ ਦੀ ਬਣਾ ਦਿੱਤੀ ਜਾਵੇਗੀ, ਜਿਸ ਨੂੰ ਲੈ ਕੇ ਲਗਾਤਾਰ ਕੈਨੇਡਾ ਵਲੋਂ ਵੀ ਕੰਮ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੋਸ਼ਾਂ ਨੂੰ ਸਾਬਿਤ ਕਰਨ ਲਈ ਜ਼ੋਰ ਵੀ ਲਾਇਆ ਜਾ ਰਿਹਾ ਹੈ, ਜਿਸ ਦਾ ਨੁਕਸਾਨ ਸਾਡੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਝਲਣਾ ਪੈ ਸਕਦਾ ਹੈ ।ਉਨ੍ਹਾਂ ਕਿਹਾ ਕਿ ਜੋ ਵੀ ਕੈਨੇਡਾ ਨੂੰ ਇਤਰਾਜ਼ ਹਨ ਅਤੇ ਉਸ ਵਲੋਂ ਜੋ ਵੀ ਦੋਸ਼ ਭਾਰਤ 'ਤੇ ਲਾਏ ਜਾ ਰਹੇ ਹਨ, ਜਦ ਤੱਕ ਉਸ ਸੰਬੰਧੀ ਸਬੂਤ ਪੇਸ਼ ਨਹੀਂ ਕਰਦਾ ਅਤੇ ਉਸ ਮਗਰੋਂ ਭਾਰਤ ਉਸ ਦਾ ਤੱਥ ਰੱਖ ਕੇ ਜਵਾਬ ਨਹੀਂ ਦਿੰਦਾ ਤਾਂ ਇਹ ਇਵੇਂ ਹੀ ਜਾਰੀ ਰਹੇਗਾ ਅਤੇ ਆਮ ਲੋਕ ਜੋ ਭਾਰਤੀ ਅਤੇ ਖ਼ਾਸਕਰ ਪੰਜਾਬੀ ਹਨ ਉਹ ਜ਼ਿਆਦਾ ਪ੍ਰਭਾਵਿਤ ਹੋਣਗੇ ।ਉਨ੍ਹਾਂ ਕਿਹਾ ਕਿ ਸਥਿਤੀ ਨਾਲ ਨਿਪਟਣ ਲਈ ਦੋਵੇਂ ਦੇਸ਼ਾਂ ਨੂੰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ।

ਭਾਰਤੀ ਵਿਦੇਸ਼ ਮੰਤਰਾਲੇ ਦੇ ਤਾਜ਼ਾ ਬਿਆਨ ਮੁਤਾਬਕ ਭਾਰਤ ਤੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਕੈਨੇਡਾ ਪੜ੍ਹਨ ਜਾਂਦੇ ਹਨ । ਅਜਿਹੇ ਵਿਚ ਕੈਨੇਡਾ ਅਤੇ ਭਾਰਤ ਵਿਚਾਲੇ ਲਗਾਤਾਰ ਵਿਗੜ ਰਹੇ ਰਿਸ਼ਤੇ ਵਿਦਿਆਰਥੀਆਂ ਲਈ ਹੋਰ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ ।ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸਾਲ 2024 ਵਿਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 4,27,000 ਦੇ ਕਰੀਬ ਹੈ।