ਭਗਵੇਂਵਾਦੀਆਂ ਨੇ ਕੈਨੇਡਾ ਵਿਚ ਮੰਦਰ ਉਪਰ ਅਟੈਕ ਦਾ ਝੂਠਾ ਨੈਰੇਟਿਵ ਫੈਲਾਇਆ
*ਰੋਸ ਮੁਜ਼ਾਹਰੇ ਦੌਰਾਨ ਭਗਵੇਂਵਾਦੀਆਂ ਨੇ ਲਗਾਏ 'ਲਾਰੈਂਸ ਬਿਸ਼ਨੋਈ ਜ਼ਿੰਦਾਬਾਦ' ਦੇ ਨਾਅਰੇ
*ਬਰੈਂਪਟਨ ਤੇ ਮਿਸੀਸਾਗਾ ਵਿਚ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਕੁਝ ਹੋਰ ਥਾਵਾਂ 'ਤੇ ਭਗਵਿਆਂ ਵਲੋਂ ਪ੍ਰਦਰਸ਼ਨ
ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਭਰਵੀਂ ਵਸੋਂ ਵਾਲੇ ਬਰੈਂਪਟਨ ਸ਼ਹਿਰ ਵਿਖੇ ਹਿੰਦੂ ਸਭਾ ਮੰਦਰ ਵਿਚ ਭਾਰਤ ਤੋਂ ਸੇਵਾਮੁਕਤ ਹੋ ਕੇ ਕੈਨੇਡਾ ਵਿਚ ਰਹਿ ਰਹੇ ਸਾਬਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਪੈਨਸ਼ਨ ਵਾਸਤੇ ਲੋੜੀਂਦੇ ਸਾਲਾਨਾ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਬੀਤੇ ਦਿਨੀਂ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਖ਼ਾਲਿਸਤਾਨ ਪੱਖੀ ਤੇ ਭਗਵੀਆਂ ਧਿਰਾਂ ਨੇ ਰੋਸ ਮੁਜ਼ਾਹਰੇ ਕੀਤੇ । ਸਾਲਾਨਾ ਕੈਂਪ ਦਾ ਆਯੋਜਨ ਟੋਰਾਂਟੋ ਤੋਂ ਭਾਰਤ ਦੇ ਕੌਂਸਲਖਾਨੇ ਦੇ ਅਧਿਕਾਰੀਆਂ ਵਲੋਂ ਕੀਤਾ ਗਿਆ ਸੀ । ਮੰਦਰ ਦੇ ਬਾਹਰ ਰੋਸ ਮੁਜ਼ਾਹਰੇ ਦੌਰਾਨ ਦੋਵਾਂ ਧਿਰਾਂ ਨੇ ਇਕ-ਦੂਸਰੇ ਖ਼ਿਲਾਫ਼ ਤਲਖ਼ੀ ਭਰੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦੋਵੇਂ ਧਿਰਾਂ ਵਿਚਕਾਰ ਹਿੰਸਕ ਝੜਪਾਂ ਵੀ ਹੋਈਆਂ ਤੇ ਮੰਦਰ ਦੀ ਪਾਰਕਿੰਗ ਤੱਕ ਅੰਦਰ ਜਾ ਕੇ ਭਾਰਤੀ ਤੇ ਖ਼ਾਲਿਸਤਾਨੀਆਂ ਨੇ ਆਪਣੇ ਝੰਡਿਆਂ ਦੇ ਡੰਡਿਆਂ ਨਾਲ਼ ਇਕ-ਦੂਸਰੇ ਉਪਰ ਵਾਰ ਕੀਤੇ । ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਰਾਹੀਂ ਚਰਚਾ ਦਾ ਵਿਸ਼ਾ ਵੀ ਬਣੀਆਂ ਰਹੀਆਂ ਹਨ ।
ਮੌਕੇ 'ਤੇ ਪੀਲ ਪੁਲਿਸ ਦੇ ਅਫਸਰਾਂ ਦੀ ਵੱਡੀ ਹਾਜ਼ਰੀ ਸੀ, ਪਰ ਉਨ੍ਹਾਂ ਦਾ ਜ਼ੋਰ ਭੜਕੀਆਂ ਹੋਈਆਂ ਦੋਵੇਂ ਧਿਰਾਂ ਨੂੰ ਵੱਖ ਕਰਕੇ ਇਕ-ਦੂਸਰੇ ਤੋਂ ਦੂਰ ਰੱਖਣ 'ਚ ਲੱਗਾ ਰਿਹਾ । ਖ਼ਾਲਿਸਤਾਨੀਆਂ ਵਲੋਂ ਭਾਰਤ ਸਰਕਾਰ ਤੇ ਭਾਰਤੀ ਦੂਤਘਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨੇ ਸਵਾਲ ਚੁੱਕੇ ਕਿ ਅੰਬੈਸੀ ਵੱਲੋਂ ਆਪਣੇ ਕੌਂਸਲਖਾਨੇ ਦੀ ਬਜਾਏ ਮੰਦਰਾਂ ਵਿਚ ਇਹ ਪ੍ਰੋਗਰਾਮ ਕਿਉਂ ਕੀਤੇ ਜਾ ਰਹੇ ਹਨ,ਤੇ ਖਾਲਿਸਤਾਨੀ ਕਾਰਕੁੰਨ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਇਨਸਾਫ ਦੀ ਮੰਗ ਕੀਤੀ । ਇਸ ਦੇ ਜਵਾਬ ਵਿਚ ਭਗਵੇਂ ਪੱਖੀ ਧਿਰ ਵਲੋਂ ਲਾਰੈਂਸ ਬਿਸ਼ਨੋਈ ਜ਼ਿੰਦਾਬਾਦ, ਖ਼ਾਲਿਸਤਾਨ ਮੁਰਦਾਬਾਦ, ਜੈ ਸ੍ਰੀ ਰਾਮ, ਭਾਰਤ ਮਾਤਾ ਕੀ ਜੈ, ਹਿੰਦੋਸਤਾਨ ਜ਼ਿੰਦਾਬਾਦ ਆਦਿ ਨਾਅਰੇ ਸੁਣਾਈ ਦਿੱਤੇ । ਪੁਲਿਸ ਅਧਿਕਾਰੀਆਂ ਵਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਰਹਿਣ ਦੀਆਂ ਅਪੀਲਾਂ ਕੀਤੀਆਂ ਗਈਆਂ । ਹਿੰਸਕ ਹਮਲੇ ਤੋਂ ਬਾਅਦ ਭਗਵੇਂ ਪੱਖੀ ਧਿਰ ਦੇ ਕੁਝ ਕਾਰਕੁੰਨਾਂ ਨੇ ਆਪਣੇ ਜ਼ਖ਼ਮ ਦਿਖਾਉਂਦੇ ਹੋਏ ਹਮਲਾਵਰਾਂ ਨੂੰ ਗਿ੍ਫਤਾਰ ਕਰਨ ਦੀ ਮੰਗ ਕੀਤੀ, ਪਰ ਪੁਲਿਸ ਵਲੋਂ ਗਿ੍ਫ਼ਤਾਰੀਆਂ ਤੋਂ ਢਿੱਲ ਕਰਨ 'ਤੇ ਮੁਜ਼ਾਹਰਾਕਾਰੀਆਂ ਨੇ ਰੋਸ ਦਾ ਇਜ਼ਹਾਰ ਕੀਤਾ । ਘਟਨਾ ਦੌਰਾਨ ਭਗਵੀਂ ਜਥੇਬੰਦੀਆਂ ਦੇ ਆਗੂਆਂ ਤੇ ਲੋਕਾਂ ਦਾ ਮੰਦਰ ਵਿਚ ਵੱਡਾ ਇਕੱਠ ਹੋਇਆ ਤੇ ਬੁਲਾਰਿਆਂ ਵਲੋਂ ਸਥਾਨਕ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਖਤਰੇ ਵਿਚ ਦੱਸਿਆ ਗਿਆ ।
ਮੌਕੇ ਤੋਂ ਪ੍ਰਾਪਤ ਇਕ ਵੀਡੀਓ ਤੋਂ ਇਹ ਸੰਕੇਤ ਵੀ ਮਿਲਦੇ ਹਨ ਕਿ ਭਾਰਤੀ ਧਿਰ ਦੇ ਕੁਝ ਕਾਰਕੁੰਨਾਂ ਵਲੋਂ ਖ਼ਾਲਿਸਤਾਨੀ ਧਿਰ ਦਾ ਵਿਰੋਧ ਕਰਨ ਲਈ (ਪੱਥਰ ਤੇ ਡੰਡੇ ਮਾਰਨ ਦੀ) ਹਿੰਸਕ ਯੋਜਨਾ ਬਣਾਈ ਗਈ ਤੇ ਖਾਲਿਸਤਾਨੀ ਧਿਰ ਦੇ ਪ੍ਰਦਰਸ਼ਨਕਾਰੀਆਂ ਦੀ ਜਵਾਬੀ ਕਾਰਵਾਈ ਵਿਚ ਭਾਰਤੀ ਧਿਰ ਦੇ ਕਾਰਕੁੰਨ ਮੰਦਰ ਦੇ ਗੇਟ ਰਾਹੀਂ ਪਾਰਕਿੰਗ ਵੱਲ ਦੌੜੇ ਤਾਂ ਖ਼ਾਲਿਸਤਾਨੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਮਾਰਕੁਟਾਈ ਹੋਈ ।ਪਰ ਖਾਲਿਸਤਾਨੀਆਂ ਨੇ ਮੰਦਰ ਉਪਰ ਅਟੈਕ ਨਹੀਂ ਕੀਤਾ।ਇਹ ਜਾਣ ਬੁਝਕੇ ਭਗਵੇਂਵਾਦੀਆਂ ਨੇ ਖਬਰ ਫੈਲਾਈ ਕਿ ਮੰਦਰ ਉਪਰ ਉਪਰ ਖਾਲਿਸਤਾਨੀਆਂ ਨੇ ਅਟੈਕ ਕੀਤਾ।
ਇਸੇ ਦੌਰਾਨ ਕੈਨੇਡਾ ਦੀ ਆਵਾਜਾਈ ਮੰਤਰੀ ਤੇ ਆਪਣੇ-ਆਪ ਨੂੰ ਅਕਸਰ ਜਨਤਕ ਤੌਰ 'ਤੇ ਹਿੰਦੂ ਭਾਈਚਾਰੇ ਦੀ ਆਗੂ ਦੱਸਣ ਵਾਲੀ ਕੈਨੇਡਾ ਦੀ ਸੰਸਦ ਮੈਂਬਰ ਅਨੀਤਾ ਅਨੰਦ ਨੇ ਬਿਆਨ ਜਾਰੀ ਕਰਕੇ ਹਿੰਸਕ ਟਕਰਾਅ ਦੀ ਵਾਪਰੀ ਇਸ ਘਟਨਾ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ ।
ਹਿੰਦੂ ਸਭਾ ਮੰਦਰ ਦੀ ਇਸ ਘਟਨਾ ਤੋਂ ਬਾਅਦ ਭੜਕੀ ਭਗਵੇਂਵਾਦੀਆਂ ਦੀ ਭੀੜ ਵਲੋਂ ਬਰੈਂਪਟਨ ਤੇ ਮਿਸੀਸਾਗਾ ਵਿਚ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਕੁਝ ਹੋਰ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਜਾਣ ਤੇ ਪੁਲਿਸ ਵਲੋਂ 4 ਭਗਵੇਂ ਗੁੰਡਿਆਂ ਨੂੰ ਗਿ੍ਫਤਾਰ ਕਰਨ ਦੀਆਂ ਖ਼ਬਰਾਂ ਮਿਲੀਆਂ ।
ਟੋਰਾਂਟੋ ਵਿਚਲੇ ਭਾਰਤੀ ਹਾਈ ਕਮਿਸ਼ਨ ਦੇ ਬਿਆਨ ਮੁਤਾਬਕ ਮੰਦਰ ਦੀ ਹਦੂਦ ਵਿੱਚ ਕੌਂਸਲਰ ਕੈਂਪ ਲਗਾਇਆ ਗਿਆ ਸੀ, ਜਿਸ ਦੌਰਾਨ ਭਾਰਤ ਵਿਰੋਧੀ ਤੱਤਾਂ ਨੇ ਵਿਘਨ ਪਾਇਆ।ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਲਾਈਫ ਸਰਟੀਫਿਕੇਟ ਜਾਰੀ ਕਰਨ ਦੇ ਸਾਲਾਨਾ ਕੈਂਪ ਨਵੰਬਰ ਮਹੀਨੇ ਦੌਰਾਨ ਲਗਦੇ ਰਹਿਣਗੇ, ਪਰ ਕੂਟਨੀਤਕਾਂ ਤੇ ਸਟਾਫ਼ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਤੋਂ ਬਿਨਾਂ ਅਜਿਹਾ ਸੰਭਵ ਨਹੀਂ ਹੋਵੇਗਾ, ਜਿਸ ਨਾਲ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ | ਬਰੈਂਪਟਨ ਦੇ ਮੇਅਰ ਪੈਟਰਿਕ ਬਰਾਨ ਨੇ ਸਮੁੱਚੀ ਸਥਿਤੀ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਧਾਰਮਿਕ ਸਥਾਨਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੀ ਮਨਾਹੀ ਕਰਨ ਵਾਲਾ ਮਤਾ ਸਿਟੀ ਕੌਂਸਲ ਵਿਚ ਮਤਾ ਪੇਸ਼ ਕੀਤਾ ਜਾਵੇਗਾ ।

ਉਧਰ ਬੀਤੀ ਰਾਤ ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿਚ ਭਗਵੇਂਵਾਦੀ ਇਕੱਠੇ ਹੋ ਗਏ ।ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਕੁਝ ਭਗਵੇਂ ਗੁੰਡਿਆਂ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਬਾਕੀਆਂ ਨੂੰ ਉਥੋਂ ਭਜਾ ਦਿੱਤਾ ।ਸਿਆਸੀ ਤੇ ਧਾਰਮਿਕ ਆਗੂਆਂ ਅਤੇ ਪੁਲਿਸ ਵਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ।
ਇਸ ਝੜਪ ਤੋਂ ਬਾਅਦ ਮੰਦਰਾਂ ’ਤੇ ਵਾਰ-ਵਾਰ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਇਕ ਹਜ਼ਾਰ ਤੋਂ ਵੱਧ ਕੈਨੇਡੀਅਨ ਭਗਵੇਂਵਾਦੀਆਂ ਨੇ ਬਰੈਂਪਟਨ ਵਿਚ ਹਿੰਦੂ ਸਭਾ ਮੰਦਰ ਦੇ ਬਾਹਰ ਇਕੱਠੇ ਹੋ ਕੇ ਇਕਜੁੱਟਤਾ ਰੈਲੀ ਕੀਤੀ। ਰੈਲੀ ਨੇ ਕੈਨੇਡੀਅਨ ਸਿਆਸਤਦਾਨਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਖਾਲਿਸਤਾਨੀਆਂ ਨੂੰ ਹੋਰ ਸਮਰਥਨ ਨਾ ਦੇਣ ਲਈ ਦਬਾਅ ਪਾਇਆ।
ਇਸ ਸਬੰਧੀ ਵੇਰਵੇ ਕੁਲੀਸ਼ਨ ਆਫ਼ ਹਿੰਦੂਜ਼ ਆਫ਼ ਨਾਰਥ ਅਮਰੀਕਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝਾ ਕੀਤਾ ਗਿਆ ਸੀ।ਕੁਲੀਸ਼ਨ ਆਫ਼ ਹਿੰਦੂਜ਼ ਆਫ਼ ਨਾਰਥ ਅਮਰੀਕਾ ਨੇ ਦੀਵਾਲੀ ਵੀਕਐਂਡ ਦੌਰਾਨ ਕੈਨੇਡਾ ਭਰ ਵਿੱਚ ਹਿੰਦੂ ਮੰਦਰਾਂ ’ਤੇ ਕਈ ਹਮਲਿਆਂ ਨੂੰ ਉਜਾਗਰ ਕੀਤਾ ਅਤੇ "ਹਿੰਦੂ ਫੋਬੀਆ" ਨੂੰ ਰੋਕਣ ਲਈ ਕਿਹਾ।ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਉਮੀਦ ਕਰਦੀ ਹੈ ਕਿ ਕੈਨੇਡੀਅਨ ਅਧਿਕਾਰੀ ਨਿਆਂ ਯਕੀਨੀ ਬਣਾਉਣਗੇ ਅਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣਗੇ। ਮੋਦੀ ਨੇ ਕਿਹਾ, ‘‘ਮੈਂ ਕੈਨੇਡਾ ਵਿੱਚ ਇੱਕ ਮੰਦਿਰ ’ਤੇ ਜਾਣਬੁੱਝ ਕੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਨਿਆਂ ਯਕੀਨੀ ਬਣਾਏਗੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖੇਗੀ।’’
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਹਿੰਸਾ ਵਿੱਚ ਸ਼ਾਮਲ ਲੋਕਾਂ ’ਤੇ ਮੁਕੱਦਮਾ ਚਲਾਇਆ ਜਾਵੇਗਾ। ਅਸੀਂ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਕਰਦੇ ਹਾਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਪੀਲ ਕੀਤੀ ਕਿ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਨੂੰ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।
ਸੰਸਦ ਮੈਂਬਰ ਚੰਦਰ ਆਰੀਆ ਨੇ ਹਿੰਦੂ ਮੰਦਰ 'ਤੇ ਹਮਲੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਕੈਨੇਡਾ 'ਚ ਖਾਲਿਸਤਾਨੀ ਕੱਟੜਪੰਥੀ ਹੱਦ ਪਾਰ ਕਰ ਗਏ ਹਨ। ਬਰੈਂਪਟਨ ਦੇ ਹਿੰਦੂ ਸਭਾ ਮੰਦਰ ਕੰਪਲੈਕਸ ਵਿਖੇ ਹਿੰਦੂ-ਕੈਨੇਡੀਅਨ ਸ਼ਰਧਾਲੂਆਂ 'ਤੇ ਖਾਲਿਸਤਾਨੀਆਂ ਦਾ ਹਮਲਾ ਦਰਸਾਉਂਦਾ ਹੈ ਕਿ ਕੈਨੇਡਾ ਵਿਚ ਖਾਲਿਸਤਾਨੀ ਕੱਟੜਪੰਥੀ ਕਿੰਨੇ ਬੇਸ਼ਰਮ ਹੋ ਗਏ ਹਨ।’’ਇਸੇ ਦੌਰਾਨ ਓਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਨੇ ਬਿਆਨ ਜਾਰੀ ਕਰਕੇ ਹਿੰਸਾ ਦੀ ਨਿੰਦਾ ਕੀਤੀ ਹੈ।
ਕੈਨੇਡਾ ਦੀ ਫੈਡਰਲ ਸਰਕਾਰ ਦੀ ਭਾਈਵਾਲ ਪਾਰਟੀ ਐੱਨਡੀਪੀ ਦੇ ਆਗੂ ਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਹਿੰਦੂ ਸਭਾ ਮੰਦਰ ਅੱਗੇ ਹੋਈ ਹਿੰਸਾ ਦੀ ਨਿਖੇਧੀ ਕੀਤੀ ਹੈ।
ਕੈਨੇਡੀਅਨ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕੰਜ਼ਰਵੇਟਿਵ ਸੰਸਦ ਮੈਂਬਰ ਪੀਅਰ ਪੋਲੀਵਰ, ਓਟਰਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਤੇ ਪੀਸੀ ਪਾਰਟੀ ਦੇ ਆਗੂ ਡੱਗ ਫੋਰਡ ਅਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਉਂਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਪੁਲਿਸ ਦਾ ਘਟਨਾ ਬਾਰੇ ਪੱਖ
ਪੀਲ ਰਿਜਨਲ ਪੁਲਿਸ ਨੇ ਐਕਸ ਉੱਤੇ ਇੱਕ ਪੋਸਟ ਕਰਕੇ ਇਸ ਘਟਨਾ ਬਾਰੇ ਲਿਖਿਆ ਹੈ ਕਿ ਉਨ੍ਹਾਂ ਨੂੰ ਹਿੰਦੂ ਸਭਾ ਮੰਦਰ ਦੇ ਬਾਹਰ ਹੋਣ ਵਾਲੇ ਮੁਜ਼ਾਹਰੇ ਦੀ ਜਾਣਕਾਰੀ ਸੀ। ਇਸ ਲਈ ਮੰਦਰ ਅੱਗੇ ਸ਼ਾਤੀ ਅਤੇ ਕਾਨੂੰਨ ਦੀ ਬਹਾਲੀ ਲਈ ਪੁਲਿਸ ਨਫ਼ਰੀ ਵਧਾਈ ਗਈ ਸੀ।
ਹਿੰਸਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਖੀ ਨਿਸ਼ਾਨ ਦੁਰਾਇਪਾਹ ਨੇ ਐਕਸ ਉੱਤੇ ਲਿਖਿਆ, ‘‘ਅਸੀਂ ਸ਼ਾਂਤਮਈ ਅਤੇ ਸੁਰੱਖਿਅਤ ਤਰੀਕੇ ਨਾਲ ਰੋਸ ਪ੍ਰਗਟਾਵਾ ਕਰਨ ਦੇ ਹਰ ਕਿਸੇ ਦੇ ਅਧਿਕਾਰ ਦਾ ਸਨਮਾਨ ਕਰਦੇ ਹਾਂ, ਪਰ ਅਸੀਂ ਹਿੰਸਾ ਅਤੇ ਅਪਰਾਧਕ ਕਾਰਵਾਈ ਨੂੰ ਸਹਿਣ ਨਹੀਂ ਕਰ ਸਕਦੇ, ਜਿਹੜੇ ਇਸ ਗਤੀਵਿਧੀ ਵਿੱਚ ਸ਼ਾਮਲ ਹਨ, ਉਨ੍ਹਾਂ ਦਾ ਪਿੱਛਾ ਕਰਾਂਗੇ, ਗ੍ਰਿਫ਼ਤਾਰ ਕਰਕੇ, ਚਾਰਜ ਕਰਾਂਗੇ।’’
ਪੁਲਿਸ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹਿੰਸਾ ਦੀ ਵੀਡੀਓ ਬਾਰੇ ਵੀ ਹੋਰ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਹੈ।ਪੁਲਿਸ ਨੇ ਇਹ ਵੀ ਅਜੇ ਨਹੀਂ ਦੱਸਿਆ ਹੈ ਕਿ ਆਖ਼ਰ ਹੋਇਆ ਕੀ ਹੈ ਅਤੇ ਕੀ ਇਸ ਬਾਰੇ ਕੋਈ ਰਸਮੀ ਸ਼ਿਕਾਇਤ ਕੀਤੀ ਗਈ ਹੈ।












Comments (0)