ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਕਾਨੂੰਨੀ ਨੁਕਤਿਆਂ ਜਰੀਏ ਡਰ ਦਿਖਾ ਕੇ ਸੀਮਤ ਕਰਨ ਦੀ ਸਾਜ਼ਿਸ਼ ਮੰਦਭਾਗੀ ਅਤੇ ਕੌਮਘਾਤਕ: ਯੂਕੇ ਸਿੱਖ ਜੱਥੇਬੰਦੀਆਂ 

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਕਾਨੂੰਨੀ ਨੁਕਤਿਆਂ ਜਰੀਏ ਡਰ ਦਿਖਾ ਕੇ ਸੀਮਤ ਕਰਨ ਦੀ ਸਾਜ਼ਿਸ਼ ਮੰਦਭਾਗੀ ਅਤੇ ਕੌਮਘਾਤਕ: ਯੂਕੇ ਸਿੱਖ ਜੱਥੇਬੰਦੀਆਂ 

 ਯੂਕੇ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਧਾਨ, ਮੈਂਬਰਾਂ ਅਤੇ ਸਿੱਖ ਜੱਥੇਬੰਦੀਆਂ ਨੇ ਗਿਆਨੀ ਰਘਬੀਰ ਸਿੰਘ ਦੇ ਹਕ਼ ਵਿਚ ਆਵਾਜ਼ ਕੀਤੀ ਬੁਲੰਦ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 23 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਦੇ ਵਡੀ ਗਿਣਤੀ ਅੰਦਰ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਮੈਂਬਰਾਂ ਅਤੇ ਸਿੱਖ ਜੱਥੇਬੰਦੀਆਂ ਨੇ ਬੀਤੇ ਇਕ ਦਿਨ ਪਹਿਲਾਂ ਅੰਤ੍ਰਿੰਗ ਕਮੇਟੀ ਵਲੋਂ ਕੀਤੀ ਗਈ ਪੰਥ ਦੀਆਂ ਮੌਜੂਦਾ ਪ੍ਰਸਥਿਤੀਆਂ ਅਤੇ ਚੁਣੌਤੀਆਂ ਤੇ ਗਹਿਰੀ ਚਿੰਤਾ ਜਾਹਿਰ ਕੀਤੀ ਹੈ। ਉਨ੍ਹਾਂ ਨੇ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਘਰ ਜਾ ਕੇ ਇੰਨ੍ਹਾ ਵਲੋਂ ਕੀਤੇ ਗਏ ਵਰਤਾਵ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ, ਇਕ ਪਰਿਵਾਰ ਖਾਤਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਕਾਨੂੰਨੀ ਨੁਕਤਿਆਂ ਜਰੀਏ ਡਰ ਦਿਖਾ ਕੇ ਸੀਮਤ ਕਰਨ ਦੀ ਸਾਜ਼ਿਸ਼ ਮੰਦਭਾਗੀ ਅਤੇ ਕੌਮਘਾਤਕ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ ਇਕ ਆਜ਼ਾਦ ਹੋਂਦ ਹੈ ਤੇ ਇਸ ਤੇ ਬੈਠਣ ਵਾਲੇ ਜੱਥੇਦਾਰ ਸਾਹਿਬਾਨ ਕਿਸੇ ਦੀ ਅਧੀਨ ਨਹੀਂ ਹੁੰਦੇ ਭਾਵੇਂ ਉਨ੍ਹਾਂ ਦੀ ਚੋਣ ਸ਼੍ਰੋਮਣੀ ਕਮੇਟੀ ਕਰਦੀ ਹੈ ਪਰ ਓਹ ਉਨ੍ਹਾਂ ਦੇ ਮੁਲਾਜਮ ਨਹੀਂ ਹੁੰਦੇ ਹਨ । ਉਨ੍ਹਾਂ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਉਪਰ ਲਏ ਗਏ ਫੈਸਲਿਆ ਉਪਰ ਕਿਸੇ ਕਿਸਮ ਦੀ ਢਿਲਾਈ ਨਾ ਵਰਤਣ ਅਤੇ ਉਨ੍ਹਾਂ ਆਦੇਸ਼ਾਂ ਨੂੰ ਇਨ ਬਿੰਨ ਲਾਗੂ ਕਰਵਾਣ ਲਈ ਜੱਥੇਦਾਰ ਸਾਹਿਬਾਨ ਨੂੰ ਵਚਨਬੱਧ ਰਹਿਣ ਲਈ ਕਿਹਾ ਹੈ ਕਿਉਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਕਦੇ ਵੀ ਵਾਪਿਸ ਨਹੀਂ ਹੁੰਦੇ ਹਨ । ਉਨ੍ਹਾਂ ਕਿਹਾ ਯੂਕੇ ਦੇ ਵਡੀ ਗਿਣਤੀ ਅੰਦਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੈਂਬਰ ਆਪ ਜੀ ਨਾਲ ਹਨ ਤੇ ਅਕਾਲ ਤਖਤ ਸਾਹਿਬ ਤੋਂ ਦਿੱਤੇ ਗਏ ਆਦੇਸ਼ਾਂ ਨਾਲ ਸਹਿਮਤ ਹਨ । ਆਗੂਆਂ ਨੇ ਕਿਹਾ ਕਿ ਪੰਥ ਨੂੰ ਢਾਅ ਲਗਾਉਣ ਵਾਲੀਆਂ ਏਜੰਸੀਆਂ ਦੇ ਹੱਥਾਂ ਵਿੱਚ ਖੇਡਣ ਵਾਲੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈਣ ਕਿ ਕੌਮ ਨੇ ਹਮੇਸ਼ਾ ਸਿਰ ਦੇਕੇ ਸੰਕਲਪ ਦੀ ਰਾਖੀ ਕੀਤੀ ਹੈ, ਅਜਿਹੇ ਸਾਜਿਸ਼ਕਰਤਾਵਾਂ ਨੂੰ ਕਿਸੇ ਵੀ ਸਿਆਸੀ ਅਤੇ ਨਿੱਜੀ ਮਨਸ਼ਾ ਨੂੰ ਪੂਰਾ ਕਰਨ ਦੇ ਲਈ ਤਖ਼ਤ ਸ੍ਰੀ ਅਕਾਲ ਸਾਹਿਬ ਦੇ ਖਿਲਾਫ ਕੀਤੀ ਕਿਸੇ ਵੀ ਸਾਜਸ਼ ਨੂੰ ਰਚਣ ਤੋਂ ਪਹਿਲਾਂ ਕੁਰਬਾਨੀਆਂ ਸ਼ਹੀਦੀਆਂ ਨੂੰ ਆਪਣੇ ਧਿਆਨ ਵਿਚ ਰੱਖ ਲੈਣ। ਉਨ੍ਹਾਂ ਕਿਹਾ ਤਖਤ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਸੇਵਾ ਤੋਂ ਜਬਰੀ ਮੁਕਤ ਕੀਤਾ ਗਿਆ ਓਹ ਤਰੀਕਾ ਪੰਥਕ ਮਰਿਆਦਾ ਦੇ ਖਿਲਾਫ ਹੈ ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਤੇ ਜੱਥੇਦਾਰ ਸਾਹਿਬਾਨਾਂ ਲਈ ਇਕ ਵੱਖਰਾ ਵਿਧਾਨ ਬਣਾਏ ਜਾਣ ਦੀ ਮੰਗ ਕਰਦੇ ਹਾਂ ।

ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ, ਭਾਈ ਭਾਗ ਸਿੰਘ, ਭਾਈ ਜਰਨੈਲ ਸਿੰਘ, ਨਿਊ ਕੋਸਲ ਨੋਰਥ ਇਸਟ ਦੇ ਗੁਰੂਘਰਾਂ ਤੋਂ ਭਾਈ ਰਾਜ ਸਿੰਘ, ਮਿਡਲੈਂਡ ਤੋਂ ਡਰਬੀ ਦੇ ਗੁਰੂਘਰਾਂ ਤੋਂ ਭਾਈ ਜਸਬੀਰ ਸਿੰਘ ਢਿਲੋਂ, ਭਾਈ ਜਸਪਾਲ ਸਿੰਘ ਨਿਝਰ, ਭਾਈ ਪਰਮਜੀਤ ਸਿੰਘ ਢਾਡੀ, ਡਾਕਟਰ ਸਾਧੂ ਸਿੰਘ, ਕੇਡਵਰਡ ਤੋਂ ਭਾਈ ਦਯਾ ਸਿੰਘ, ਭਾਈ ਰਘਬੀਰ ਸਿੰਘ ਬੀਰਾ, ਭਾਈ ਕੁਲਦੀਪ ਸਿੰਘ ਦਿਓਲ, ਭਾਈ ਜਤਿੰਦਰ ਸਿੰਘ, ਕੰਨਵੇਂਟਰੀ ਤੋਂ ਭਾਈ ਗੁਰਦੀਪ ਸਿੰਘ ਸ਼ੇਰਗਿੱਲ, ਭਾਈ ਰਾਜਮਨਵਿੰਦਰ ਸਿੰਘ ਕੰਗ, ਭਾਈ ਗੁਰਨਾਮ ਸਿੰਘ ਕੋਟਬੀਰ, ਗ੍ਰਿਵਲੈਂਡ ਤੋਂ ਭਾਈ ਅਜਾਇਬ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਕੁਲਵੰਤ ਸਿੰਘ ਭਿੰਡਰ, ਭਾਈ ਸਰਬਜੀਤ ਸਿੰਘ ਬਰੇਸਲਾ, ਭਾਈ ਅਮਰੀਕ ਸਿੰਘ ਸੰਧੂ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਸਾਂਝੇ ਬਿਆਨ ਰਾਹੀਂ ਕੀਤਾ ।