ਸਿੱਖ 15 ਅਗਸਤ ਦੀ ਆਜ਼ਾਦੀ ਦੇ ਜਸ਼ਨਾ ਦਾ ਬਾਇਕਾਟ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਕਰਣ: ਗਿਆਨੀ ਮਾਲਕ ਸਿੰਘ ਕਰਨਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 12 ਅਗਸਤ (ਮਨਪ੍ਰੀਤ ਸਿੰਘ ਖਾਲਸਾ):- 15 ਅਗਸਤ ਨੂੰ ਹਿੰਦੁਸਤਾਨ ਤਾਂ ਆਜ਼ਾਦ ਹੋ ਗਿਆ ਪਰ ਇਸ ਲਈ ਵੱਡਾ ਸੰਘਰਸ਼ ਕਰਣ ਵਾਲੇ ਅਤੇ 92% ਸ਼ਹੀਦੀਆਂ ਦੇਣ ਦੇ ਨਾਲ ਕਾਲੇ ਪਾਣੀਆਂ ਵਰਗੀਆਂ ਅਤਿ ਕਠੋਰ ਸਜ਼ਾਵਾਂ ਭੁਗਤਨ ਵਾਲੇ ਹਿੰਦੁਸਤਾਨ ਦੀ ਸੱਤਾ ਸੰਭਾਲਣ ਵਾਲਿਆਂ ਕੋਲੋਂ ਜ਼ਰਾਇਮਪੇਸ਼ਾ ਕਰਾਰ ਦੇ ਦਿੱਤੇ ਗਏ । ਸਿੱਖਾਂ ਨਾਲ ਆਜ਼ਾਦੀ ਦੀ ਪ੍ਰਾਪਤੀ ਤੋਂ ਪਹਿਲਾਂ ਕੀਤੇ ਗਏ ਵਾਅਦੇ ਇਹ ਕਹਿ ਕੇ "ਵੋਹ ਵਕਤ ਕੁਝ ਓਰ ਥਾ ਓਰ ਅਬ ਵਕਤ ਕੁਝ ਓਰ ਹੈ" ਦੇਸ਼ ਅੰਦਰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦੇ ਨਾਲ ਉਨ੍ਹਾਂ ਵਲੋਂ ਕੀਤੀਆਂ ਕੁਰਬਾਣੀਆਂ ਦਾ ਮੁੱਲ ਅਕਿਰਤਘਣਤਾ ਨਾਲ ਦਿੱਤਾ ਗਿਆ ।
15 ਅਗਸਤ ਨੂੰ, ਜਦੋਂ ਹਿੰਦੁਸਤਾਨ ਆਪਣੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ, ਦੁਨੀਆ ਭਰ ਦੇ ਸਿੱਖ ਟੁੱਟੇ ਹੋਏ ਵਾਅਦਿਆਂ, ਬੇਇਨਸਾਫ਼ੀਆਂ ਅਤੇ ਦਹਾਕਿਆਂ ਦੇ ਜ਼ੁਲਮ ਨੂੰ ਯਾਦ ਕਰਦੇ ਹਨ ਜਿਨ੍ਹਾਂ ਦਾ ਸਾਡੇ ਲੋਕਾਂ ਨੇ ਸਾਹਮਣਾ ਕੀਤਾ ਹੈ। ਸਾਡੇ ਲਈ, ਇਹ ਦਿਨ ਕੋਈ ਜਸ਼ਨ ਨਹੀਂ ਹੈ - ਇਹ ਇੱਕ ਕਾਲਾ ਦਿਨ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਗਿਆਨੀ ਮਾਲਕ ਸਿੰਘ ਜੋ ਕਿ ਇਸ ਸਮੇਂ ਕੈਨੇਡਾ ਅੰਦਰ ਪ੍ਰਚਾਰ ਫੇਰੀ ਤੇ ਵਿਚਰ ਰਹੇ ਹਨ ਨੇ ਕਿਹਾ ਕਿ ਸਰਕਾਰਾਂ ਵਲੋਂ ਮਨਾਏ ਜਾਂਦੇ ਇਹੋ ਜਿਹੀ ਆਜ਼ਾਦੀ ਦੇ ਜਸ਼ਨਾ ਦਾ ਸਮੂਹ ਸਿੱਖਾਂ ਨੂੰ ਬਾਈਕਾਟ ਕਰਣਾ ਚਾਹੀਦਾ ਹੈ ਤੇ ਕੌਮੀ ਘਰ ਦੀ ਪ੍ਰਾਪਤੀ ਲਈ ਹੰਭਲਾ ਮਾਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਮੁਚੇ ਪੰਥ ਨੂੰ ਇਕ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਇਕਠੀਆਂ ਹੁੰਦਿਆਂ ਲੰਮੇ ਸਮੇਂ ਤੋਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਵੱਡਾ ਸੰਘਰਸ਼ ਛੇੜਨ ਦੀ ਸਖ਼ਤ ਲੋੜ ਹੈ ਇਸ ਲਈ ਐਸਜੀਪੀਸੀ, ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਦੇ ਨਾਲ ਸਿੱਖ ਪੰਥ ਦੀਆਂ ਰਾਜਸੀ, ਧਾਰਮਿਕ, ਟਕਸਾਲਾਂ, ਨਿਹੰਗ ਜੱਥੇਬੰਦੀਆਂ ਦੇ ਨਾਲ ਫੈਡਰੇਸ਼ਨਾਂ ਨੂੰ ਵੀਂ ਅੱਗੇ ਆਣ ਦੀ ਲੋੜ ਹੈ ।











Comments (0)