ਪੁਲਾੜ ਵਿੱਚ ਪਹਿਲਾ ਸਿੱਖ: 90 ਸਾਲ ਵਿਚ ਅਰਵਿੰਦਰ ਸਿੰਘ ਬਹਿਲ ਨੇ ਕੀਤੀ ਇਤਿਹਾਸਕ ਯਾਤਰਾ
*196 ਦੇਸ਼ਾਂ ਤੋਂ ਪੁਲਾੜ ਤੱਕ: ਬਹਿਲ ਦਾ ਅਨੋਖਾ ਅਡਵੈਂਚਰ
ਅਮਰੀਕਾ ਵਿੱਚ ਰਹਿੰਦੇ ਅਰਵਿੰਦਰ ਸਿੰਘ ਬਹਿਲ ਨੇ ਹਾਲ ਹੀ ਵਿੱਚ ਇੱਕ ਅਜਿਹੀ ਯਾਤਰਾ ਕੀਤੀ ਜਿਸ ਨੇ ਨਾ ਸਿਰਫ਼ ਸਿੱਖ ਪੰਥ ਦਾ ਮਾਣ ਵਧਾਇਆ ਹੈ, ਸਗੋਂ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਉਹ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਸਿੱਖ ਬਣ ਗਏ ਹਨ। 3 ਅਗਸਤ 2025 ਨੂੰ ਜੈੱਫ ਬੇਜ਼ੋਸ ਦੀ ਕੰਪਨੀ ਬਲੂ ਓਰਿਜਿਨ ਦੇ ਐੱਨਐੱਸ-34 ਮਿਸ਼ਨ ਰਾਹੀਂ ਉਨ੍ਹਾਂ ਨੇ ਧਰਤੀ ਤੋਂ ਉੱਪਰ ਉੱਡਾਣ ਭਰੀ ਅਤੇ ਕਰੀਬ 10 ਮਿੰਟਾਂ ਵਿੱਚ ਪੁਲਾੜ ਦੇ ਕਿਨਾਰੇ ਤੱਕ ਪਹੁੰਚ ਗਏ। ਇਹ ਯਾਤਰਾ ਸਿਰਫ਼ ਇੱਕ ਅਨੰਦ ਨਹੀਂ ਸੀ, ਸਗੋਂ ਉਨ੍ਹਾਂ ਦੀ ਜ਼ਿੰਦਗੀ ਦੇ ਲੰਮੇ ਸਫ਼ਰ ਦਾ ਸਿਖਰ ਸੀ। ਬਹਿਲ ਸਾਹਿਬ ਦੀ ਉਮਰ ਕਰੀਬ 80 ਸਾਲ ਹੈ ਅਤੇ ਉਹ ਰੀਅਲ ਇਸਟੇਟ ਦੇ ਕਾਰੋਬਾਰੀ ਹਨ। ਉਨ੍ਹਾਂ ਨੇ ਨਾ ਸਿਰਫ਼ ਪੁਲਾੜ ਵਿੱਚ ਪੈਰ ਰੱਖਿਆ ,ਸਗੋਂ ਆਪਣੀ ਪੱਗ ਨਾਲ ਵੀ ਇਤਿਹਾਸ ਰਚਿਆ। ਅਮਰੀਕੀ ਅਖ਼ਬਾਰਾਂ ਅਤੇ ਮੀਡੀਆ ਨੇ ਉਨ੍ਹਾਂ ਨੂੰ ਇੱਕ ਅਨੋਖੇ ਅਡਵੈਂਚਰ ਵਜੋਂ ਪੇਸ਼ ਕੀਤਾ ਹੈ।

ਅਰਵਿੰਦਰ ਸਿੰਘ ਬਹਿਲ ਦਾ ਜਨਮ 13 ਅਕਤੂਬਰ 1945 ਨੂੰ ਆਗਰਾ ਵਿੱਚ ਹੋਇਆ ਸੀ। ਉਹ ਤਾਜ ਮਹਿਲ ਦੇ ਨੇੜੇ ਵੱਡੇ ਹੋਏ ਅਤੇ ਬਚਪਨ ਤੋਂ ਹੀ ਯਾਤਰਾ ਅਤੇ ਅਡਵੈਂਚਰ ਨੂੰ ਪਸੰਦ ਕਰਦੇ ਸਨ। ਉਨ੍ਹਾਂ ਨੇ 1962 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਜੁਆਇਨ ਕੀਤੀ ਸੀ ਪਰ ਇੱਕ ਪੋਲੋ ਹਾਦਸੇ ਕਾਰਨ ਉਨ੍ਹਾਂ ਨੂੰ ਇਹ ਨੌਕਰੀ ਛੱਡਣੀ ਪਈ ਸੀ। ਹਾਦਸੇ ਵਿੱਚ ਉਨ੍ਹਾਂ ਦੀ ਸੁਣਨ ਸ਼ਕਤੀ ਥੋੜ੍ਹੀ ਪ੍ਰਭਾਵਿਤ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦਾਰਜੀਲਿੰਗ ਵਿੱਚ ਚਾਹ ਦੇ ਬਾਗ ਵਿੱਚ ਚਾਰ ਸਾਲ ਕੰਮ ਕੀਤਾ ਅਤੇ ਫਿਰ 1970 ਤੱਕ ਦਿੱਲੀ ਨੇੜੇ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ ਸੀ। 1975 ਵਿੱਚ ਉਹ ਪਹਿਲੀ ਵਾਰ ਅਮਰੀਕਾ ਗਏ ਅਤੇ ਉੱਥੇ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਵੱਸ ਗਏ ਸਨ। ਉਨ੍ਹਾਂ ਨੂੰ 1977 ਵਿੱਚ ਗ੍ਰੀਨ ਕਾਰਡ ਮਿਲਿਆ ਅਤੇ 1979 ਤੱਕ ਅਮਰੀਕੀ ਨਾਗਰਿਕ ਬਣ ਗਏ ਸਨ। ਹੁਣ ਉਹ ਬਹਿਲ ਪ੍ਰਾਪਰਟੀਜ਼ ਨਾਂ ਦੀ ਰੀਅਲ ਇਸਟੇਟ ਕੰਪਨੀ ਚਲਾਉਂਦੇ ਹਨ ਅਤੇ ਬੇਵਰਲੀ, ਮੈਸਾਚੂਸੈੱਟਸ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵੀ ਖੁਸ਼ਹਾਲ ਹੈ – ਦੋ ਬੱਚੇ ਅਤੇ ਚਾਰ ਪੋਤੇ ਪੋਤਰੀਆਂ ਹਨ। ਉਹ ਛੇ ਭਾਸ਼ਾਵਾਂ ਬੋਲਦੇ ਹਨ ਅਤੇ ਫੋਟੋਗ੍ਰਾਫੀ ਦੇ ਸ਼ੌਕੀਨ ਹਨ। ਉਨ੍ਹਾਂ ਕੋਲ ਇੱਕ ਮਿਲੀਅਨ ਤੋਂ ਵੱਧ ਤਸਵੀਰਾਂ ਦਾ ਸੰਗ੍ਰਹਿ ਹੈ।
ਬਹਿਲ ਸਾਹਿਬ ਨੂੰ ਯਾਤਰਾ ਦਾ ਜਨੂਨ ਹੈ। ਉਨ੍ਹਾਂ ਨੇ ਦੁਨੀਆਂ ਦੇ 196 ਦੇਸ਼ ਘੁੰਮੇ ਹਨ। ਉੱਤਰੀ ਅਤੇ ਦੱਖਣੀ ਧਰੁਵਾਂ ਤੱਕ ਪਹੁੰਚੇ ਹਨ, ਮਾਊਂਟ ਐਵਰੈਸਟ ਅਤੇ ਗੀਜ਼ਾ ਦੇ ਪਿਰਾਮਿਡਾਂ ਉੱਤੇ ਸਕਾਈਡਾਈਵਿੰਗ ਕੀਤੀ ਹੈ। ਉਨ੍ਹਾਂ ਨੇ ਪ੍ਰਾਈਵੇਟ ਪਾਇਲਟ ਦਾ ਲਾਇਸੈੰਸ ਵੀ ਹਾਸਲ ਕੀਤਾ ਹੈ ਅਤੇ ਹੈਲੀਕਾਪਟਰ ਉਡਾਉਂਦੇ ਹਨ। ਉਹ ਗ੍ਰੀਨਲੈਂਡ, ਪੈਟਾਗੋਨੀਆ ਅਤੇ ਦੁਨੀਆਂ ਦੇ ਵੱਡੇ ਮਾਰੂਥਲਾਂ ਵਿੱਚ ਘੁੰਮ ਚੁੱਕੇ ਹਨ। ਉਨ੍ਹਾਂ ਮੁਤਾਬਕ, ਯਾਤਰਾ ਨਾਲ ਆਦਮੀ ਨੂੰ ਜ਼ਿੰਦਗੀ ਜਿਊਣ ਦੀ ਕਲਾ ਸਿਖਣ ਨੂੰ ਮਿਲਦੀ ਹੈ। ਉਹ ਕਹਿੰਦੇ ਹਨ, "ਸਾਡੀ ਧਰਤੀ ਤੇ ਸਾਰੀਆਂ ਥਾਵਾਂ ਵੇਖਣ ਲਈ 10 ਜਨਮ ਵੀ ਘੱਟ ਨੇ। ਮੈਂ 196 ਦੇਸ਼ ਵੇਖ ਲਏ ਪਰ ਅਜੇ ਤਾਂ 2% ਵੀ ਨਹੀਂ ਵੇਖਿਆ।" ਅਫ਼ਰੀਕਾ ਵਿੱਚ ਉਨ੍ਹਾਂ ਨੇ ਕਬੀਲੇ ਵਾਲਿਆਂ ਨਾਲ ਟੈਂਟ ਲਾ ਕੇ ਰਹਿ ਕੇ ਉਨ੍ਹਾਂ ਦੇ ਸਭਿਆਚਾਰ ਨੂੰ ਸਮਝਿਆ। ਉਹ ਕਹਿੰਦੇ ਹਨ ਕਿ ਯਾਤਰਾ ਨਾਲ ਸਹਿਜ ਆਉਂਦਾ ਹੈ ਅਤੇ ਮੁਸ਼ਕਲਾਂ ਨਾਲ ਨਜਿੱਠਣ ਦੀ ਸਮਰਥਾ ਪੈਦਾ ਹੁੰਦੀ ਹੈ।
ਪੁਲਾੜ ਦੀ ਯਾਤਰਾ ਬਹਿਲ ਸਾਹਿਬ ਦੀ ਸਾਲਾਂ ਤੋਂ ਖਾਹਿਸ਼ ਸੀ। ਉਨ੍ਹਾਂ ਨੇ 16 ਸਾਲ ਪਹਿਲਾਂ ਵਿਰਜਿਨ ਗੈਲੈਕਟਿਕ ਨਾਲ ਟਿਕਟ ਬੁੱਕ ਕੀਤੀ ਸੀ ਪਰ ਹਾਦਸੇ ਕਾਰਨ ਉਹ ਮਿਸ਼ਨ ਰੁਕ ਗਿਆ। ਉਮਰ 80 ਹੋਣ ਤੇ ਉਨ੍ਹਾਂ ਨੇ ਬਲੂ ਓਰਿਜਿਨ ਨਾਲ ਸੰਪਰਕ ਕੀਤਾ ਅਤੇ ਐੱਨਐੱਸ-34 ਮਿਸ਼ਨ ਵਿੱਚ ਸ਼ਾਮਲ ਹੋ ਗਏ ਸਨ। ਇਹ ਯਾਤਰਾ ਧਰਤੀ ਤੋਂ 100 ਕਿਲੋਮੀਟਰ ਉੱਚੀ ਸੀ ਅਤੇ ਕਰੀਬ 10 ਮਿੰਟਾਂ ਦੀ ਸੀ। ਉਨ੍ਹਾਂ ਨਾਲ ਚੀਨੀ ਕ੍ਰਿਪਟੋ ਅਰਬਪਤੀ ਜਸਟਿਨ ਸਨ ਸਮੇਤ ਪੰਜ ਹੋਰ ਯਾਤਰੀ ਸਨ। ਜਸਟਿਨ ਨੇ ਇਹ ਸੀਟ 28 ਮਿਲੀਅਨ ਡਾਲਰਾਂ ਵਿੱਚ ਖ਼ਰੀਦੀ ਸੀ ਪਰ ਬਹਿਲ ਸਾਹਿਬ ਨੇ ਘੱਟ ਪੈਸੇ ਵਿੱਚ ਯਾਤਰਾ ਕੀਤੀ ਸੀ। ਖਰਚੇ ਬਾਰੇ ਉਨ੍ਹਾਂ ਨੇ ਕੰਪਨੀ ਨਾਲ ਕਰਾਰ ਕਾਰਨ ਵੇਰਵੇ ਨਹੀਂ ਦੱਸੇ ਸਨ।
ਪੁਲਾੜ ਵਿੱਚ ਤਜਰਬੇ ਬਾਰੇ ਬਹਿਲ ਸਾਹਿਬ ਨੇ ਦੱਸਿਆ ਕਿ ਜਦੋਂ ਕਾਰਮਾਨ ਲਾਈਨ ਤੇ ਪਹੁੰਚੇ ਤਾਂ ਭਾਰ ਮਹਿਸੂਸ ਨਹੀਂ ਹੁੰਦਾ। ਉਹ ਕਹਿੰਦੇ ਹਨ, "ਜਿਵੇਂ ਚਿੜੀਆਂ ਉੱਡਦੀਆਂ, ਤੁਸੀਂ ਵੀ ਉੱਡ ਸਕਦੇ ਹੋ। ਕੁਰਸੀ ਤੋਂ ਆਪਣੇ ਆਪ ਉੱਠ ਜਾਂਦੇ ਹੋ। ਪਹਿਲੇ ਕੁਝ ਸਕਿੰਟਾਂ ਵਿੱਚ ਡਿਸਓਰੀਐਂਟ ਹੋ ਜਾਂਦੇ ਹੋ ਪਰ ਫਿਰ ਖੜਬਾਜ਼ੀਆਂ ਮਾਰੋ, ਜੋ ਮਰਜ਼ੀ ਕਰੋ। ਬਾਹਰ ਵੇਖੋ ਤਾਂ ਪੂਰਾ ਪੁਲਾੜ ਕਾਲ਼ਾ ਹੋ ਜਾਂਦਾ ਹੈ। ਥੱਲੇ ਵੇਖੋ ਤਾਂ ਧਰਤੀ ਨੀਲੀ ਨਜ਼ਰ ਆਉਂਦੀ ਹੈ – ਬਲੂ ਪਲੈਨੈੱਟ। ਚੰਨ ਵਾਂਗ ਚਮਕਦੀ ਧਰਤੀ ਨਜ਼ਰ ਆਉਂਦੀ ਹੈ ਅਤੇ ਪੂਰਾ ਘੁੰਮਾਅ ਵਿਖਾਈ ਦਿੰਦਾ ਹੈ। ਬੜਾ ਭਾਵੁਕ ਮਹਿਸੂਸ ਹੁੰਦਾ ਹੈ ਕਿ ਅਸੀਂ ਇਸ ਧਰਤੀ ਤੋਂ ਕਿੱਥੇ ਉੱਪਰ ਪਹੁੰਚ ਗਏ ਹਾਂ।"
ਯਾਤਰਾ ਵੇਲੇ ਪੱਗ ਪਾ ਕੇ ਜਾਣ ਬਾਰੇ ਉਨ੍ਹਾਂ ਨੇ ਦੱਸਿਆ ਕਿ ਡਰ ਅਤੇ ਘਬਰਾਹਟ ਤਾਂ ਲੱਗਦੀ ਹੈ। ਲਾਂਚ ਵੇਲੇ ਚਾਰੇ ਪਾਸੇ ਅੱਗ ਹੀ ਅੱਗ ਹੁੰਦੀ ਹੈ ਪਰ ਉਤਸੁਕਤਾ ਘਬਰਾਹਟ ਤੋਂ ਵੱਧ ਹੁੰਦੀ ਹੈ। ਆਵਾਜ਼ ਨਾਲੋਂ ਤਿੰਨ ਗੁਣਾ ਤੇਜ਼ ਸਪੀਡ ਤੇ ਉੱਪਰ ਜਾਂਦੇ ਹੋ। ਗ੍ਰੈਵਿਟੀ ਟੁੱਟਣ ਤੇ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਪਰ ਟ੍ਰੇਨਿੰਗ ਨਾਲ ਸਭ ਠੀਕ ਹੋ ਜਾਂਦਾ ਹੈ। ਪੱਗ ਬਾਰੇ ਉਨ੍ਹਾਂ ਨੇ ਕਿਹਾ ਕਿ ਸੀਟ ਮੋਲਡ ਕਰਨ ਵੇਲੇ ਪੱਗ ਨਾਲ ਕੋਈ ਫਰਕ ਨਹੀਂ ਪਿਆ। ਥੋੜ੍ਹੀ ਢਿੱਲੀ ਹੋ ਗਈ ਪਰ ਆਰਾਮਦਾਇਕ ਰਿਹਾ। ਉਹ ਹੱਸ ਕੇ ਕਹਿੰਦੇ ਹਨ ਕਿ ਪੱਗ ਨਾਲ ਪੁਲਾੜ ਵਿੱਚ ਵੀ ਸਿੱਖੀ ਦਾ ਮਾਣ ਵਧਿਆ ਹੈ।












Comments (0)