ਨਰਿੰਦਰ ਮੋਦੀ ਵੱਲੋਂ ਕੈਨੇਡਾ ਅੰਦਰ ਵਾਪਰੇ ਘਟਨਾਕ੍ਰਮ ਬਾਰੇ ਜਾਰੀ ਪੱਖਪਾਤੀ ਬਿਆਨ, ਸਰਕਾਰ ਦੀ ਸਿੱਖਾਂ ਵਿਰੁੱਧ ਸਪੱਸ਼ਟ ਨੀਤੀ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਯੂਕੇ)
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 6 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਵਿੱਚ ਵਾਪਰੇ ਘਟਨਾਕ੍ਰਮ ਦੇ ਸਬੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਕ ਪਾਸੜ ਬਿਆਨ ਜਾਰੀ ਕਰਦੇ ਹੋਏ ਕਿਹਾ ਮੈਂ ਯੋਜਨਾਬੱਧ ਢੰਗ ਨਾਲ ਸੋਚੀ ਸਮਝੀ ਸਾਜਿਸ਼ ਅਧੀਨ ਹਿੰਦੂ ਮੰਦਰ ਉਪਰ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ, ਅਤੇ ਕੈਨੇਡਾ ਸਰਕਾਰ ਤੋਂ ਕਨੂੰਨ ਅਨੁਸਾਰ ਕਾਰਵਾਈ ਕਰਨ ਦੀ ਉਮੀਦ ਜਾਹਿਰ ਕੀਤੀ। ਦੁਨੀਆਂ ਭਰ ਵਿੱਚ ਵਸਦੇ ਇਨਸਾਫ ਪਸੰਦ ਲੋਕ ਵੀ ਕਨੂੰਨ ਅਨੁਸਾਰ ਕਾਰਵਾਈ ਹੋਣ ਦੀ ਉਮੀਦ ਕਰਦੇ ਹਨ ਪਰ ਕਾਸ਼ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਦੇ ਸਮੁੱਚੇ ਨਾਗਰਿਕਾਂ ਦੇ ਪ੍ਰਧਾਨ ਮੰਤਰੀ ਵਜੋਂ ਘਟਨਾਕ੍ਰਮ ਦੀਆਂ ਵੀਡੀਓ ਰਿਕਾਰਡਿੰਗਾਂ ਦੀ ਪੜਚੋਲ ਕਰਦੇ ਹੋਏ ਬਿਆਨ ਜਾਰੀ ਕਰਦੇ। 40 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹੋ ਰਹੇ ਮੁਜਾਹਰਿਆਂ ਵਾਂਗ ਕੈਨੇਡਾ ਵਿੱਚ ਵੀ ਮੁਜਾਹਰੇ ਹੋ ਰਹੇ ਸਨ, ਇਥੇ ਵਿਚਾਰ ਕਰਨਾ ਬਣਦਾ ਹੈ ਕਿ ਇੰਨ੍ਹਾ ਦਿਨਾਂ ਵਿੱਚ ਹਿੰਦੂ ਭਾਈਚਾਰੇ ਵੱਲੋਂ ਹਮਦਰਦੀ ਪ੍ਰਗਟ ਕਰਨ ਦੀ ਬਜਾਏ ਸਿੱਖ ਕੌਮ ਦੇ ਵਿਰੁੱਧ ਮੁਜਾਹਰੇ ਕਰਨ ਪਿੱਛੇ ਕਿਹੜੀ ਸਾਜਿਸ਼ 'ਤੇ ਸੋਚ ਕੰਮ ਕਰਦੀ ਹੈ..? ਸਾਨੂੰ ਪੂਰਨ ਯਕੀਨ ਹੈ ਕਿ ਕੈਨੇਡਾ ਪ੍ਰਸ਼ਾਸਨ ਸਾਰੇ ਮਾਮਲੇ ਦੀ ਤਹਿ ਤੱਕ ਜਾ ਕੇ ਅਸਲੀ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਯੂਕੇ) ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ, ਯੂਥ ਵਿੰਗ ਪ੍ਰਧਾਨ ਵਰਿੰਦਰ ਸਿੰਘ ਖਹਿਰਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਬੀਤੇ ਕਰੀਬ 10 ਸਾਲ ਦੇ ਸਮੇਂ ਵਿੱਚ ਭਾਰਤ ਸਰਕਾਰ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਕੀਤੀਆਂ ਜਾ ਰਹੀਆਂ ਇਨ੍ਹਾ ਕਾਰਵਾਈਆਂ ਕਾਰਨ ਦੁਨੀਆਂ ਦੇ ਪ੍ਰਭਾਵਸ਼ਾਲੀ ਦੇਸ਼ਾਂ ਵਿੱਚ ਭਾਰਤੀ ਨੀਤੀਆਂ ਉਜਾਗਰ ਹੋ ਰਹੀਆਂ ਹਨ। ਸਿੱਖ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਹੈ ਭਾਰਤ ਵਲੋਂ ਸਿਰਜੇ ਜਾ ਰਹੇ ਮੌਜੂਦਾ ਹਾਲਾਤਾਂ ਅੰਦਰ ਬਹੁਤ ਹੀ ਧੀਰਜ ਅਤੇ ਠਰੰਮੇ ਨਾਲ ਵਿਚਰਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇ ।
ਭਾਰਤ ਸਰਕਾਰ ਅਤੇ ਉਸਦੇ ਸਹਿਯੋਗੀਆਂ ਵੱਲੋਂ ਭੜਕਾਹਟ ਫੈਲਾਅ ਕੇ ਪ੍ਰਤੀਕਰਮ ਵਜੋਂ ਜਵਾਬੀ ਕਾਰਵਾਈ ਕਰਨ ਲਈ ਉਕਸਾਇਆ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਤਾਕਤਵਰ ਦੇਸ਼ਾਂ ਵਿੱਚ ਸਿੱਖ ਕੌਮ ਦਾ ਗਲਤ ਅਕਸ ਪੇਸ਼ ਕਰ ਸਕਣ। ਰੱਬੀ ਕਲਾ ਵਰਤ ਰਹੀ ਹੈ ਦੁਨੀਆਂ ਭਰ ਵਿੱਚ ਸਿੱਖ ਕੌਮ ਦੇ ਹੱਕ ਵਿੱਚ ਮਾਹੌਲ ਬਣ ਰਿਹਾ ਹੈ, ਸਾਡਾ ਆਪਣਾ ਘਰ ਬਣਨ ਦੀ ਮੰਜਿਲ ਕਰੀਬ ਆ ਰਹੀ ਹੈ।











Comments (0)