ਸੱਜਣ ਕੁਮਾਰ ਨੇ 1984 ਸਿੱਖ ਕਤਲੇਆਮ ਦੇ ਦੋਸ਼ਾਂ ਨੂੰ ਕੀਤਾ ਰੱਦ, ਅਦਾਲਤ ਵਿਚ ਦੱਸਿਆ ਬੇਗੁਨਾਹ
ਮਾਮਲਾ ਜਨਕਪੁਰੀ-ਵਿਕਾਸਪੁਰੀ ਸਿੱਖ ਕਤਲੇਆਮ ਦਾ
*ਗਵਾਹ ਮਨਜੀਤ ਕੌਰ ਨੇ ਸੱਜਣ ਕੁਮਾਰ ’ਤੇ ਲਗਾਇਆ ਭੀੜ ਨੂੰ ਉਕਸਾਉਣ ਦਾ ਦੋਸ਼
* ਦੋਸ਼ੀ ਸੱਜਣ ਕੁਮਾਰ ਦੀ ਸੁਣਵਾਈ 29 ਜੁਲਾਈ ਤੱਕ ਮੁਲਤਵੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ- 1984 ਦੇ ਸਿੱਖ ਕਤਲੇਆਮ ਨਾਲ ਜੁੜਿਆ ਇੱਕ ਮਾਮਲਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ, ਜੋ ਪਹਿਲਾਂ ਹੀ ਇਸ ਕਤਲੇਆਮ ਦੇ ਇੱਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ, ਨੇ ਜਨਕਪੁਰੀ ਅਤੇ ਵਿਕਾਸਪੁਰੀ ਵਿਚ ਹੋਈ ਹਿੰਸਾ ਨਾਲ ਜੁੜੇ ਇਕ ਹੋਰ ਮਾਮਲੇ ਵਿਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਰਾਊਜ਼ ਐਵੇਨਿਊ ਅਦਾਲਤ ਵਿਚ ਵਿਸ਼ੇਸ਼ ਜੱਜ ਦਿਗਵਿਨਯ ਸਿੰਘ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਸੱਜਣ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਘਟਨਾ ਵਾਲੀ ਥਾਂ ’ਤੇ ਮੌਜੂਦ ਹੀ ਨਹੀਂ ਸੀ ਅਤੇ ਉਸ ਖਿਲਾਫ ਕੋਈ ਸਬੂਤ ਨਹੀਂ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ 2025 ਨੂੰ ਤੈਅ ਕੀਤੀ ਹੈ।
ਕੀ ਮਾਮਲਾ ਹੈ ਕਤਲੇਆਮ ਦੀ ਘਟਨਾ ਦੇ ਦੋਸ਼?
ਇਹ ਮਾਮਲਾ 1 ਨਵੰਬਰ 1984 ਨੂੰ ਜਨਕਪੁਰੀ ਵਿਚ ਸੋਹਨ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਅਤੇ ਵਿਕਾਸਪੁਰੀ ਵਿਚ ਗੁਰਚਰਨ ਸਿੰਘ ਨੂੰ ਸਾੜੇ ਜਾਣ ਦੀ ਘਟਨਾ ਨਾਲ ਜੁੜਿਆ ਹੈ। 1984 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਅੰਗ-ਰੱਖਿਅਕਾਂ ਵੱਲੋਂ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਸਿੱਖ ਕਤਲੇਆਮ ਸ਼ੁਰੂ ਕਰ ਦਿੱਤਾ ਗਿਆ। ਸਰਕਾਰੀ ਅੰਕੜਿਆਂ ਮੁਤਾਬਕ, ਇਕੱਲੇ ਦਿੱਲੀ ਵਿਚ 2,733 ਸਿੱਖ ਮਾਰੇ ਗਏ, ਜਦਕਿ ਸਿੱਖ ਜਥੇਬੰਦੀਆਂ ਦੇ ਦਾਅਵੇ 8,000 ਤੋਂ 17,000 ਮੌਤਾਂ ਦੀ ਗੱਲ ਕਰਦੇ ਹਨ। ਸੱਜਣ ਕੁਮਾਰ ’ਤੇ ਦੋਸ਼ ਹੈ ਕਿ ਉਸ ਨੇ ਇਨ੍ਹਾਂ ਘਟਨਾਵਾਂ ਵਿਚ ਭੀੜ ਨੂੰ ਸਿੱਖਾਂ ਵਿਰੁੱਧ ਹਿੰਸਾ ਲਈ ਉਕਸਾਇਆ ਸੀ। 2015 ਵਿਚ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ’ਚ ਜਾਂਚ ਸ਼ੁਰੂ ਕੀਤੀ ਅਤੇ ਸੱਜਣ ਕੁਮਾਰ ਖਿਲਾਫ ਭਾਰਤੀ ਦੰਡਾਵਲੀ ਦੀਆਂ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ।
ਕੌਣ ਹਨ ਗਵਾਹ?
ਇਸ ਮਾਮਲੇ ਵਿਚ ਮੁੱਖ ਗਵਾਹ ਮਨਜੀਤ ਕੌਰ ਹਨ, ਜਿਨ੍ਹਾਂ ਨੇ 9 ਨਵੰਬਰ 2023 ਨੂੰ ਅਦਾਲਤ ’ਚ ਆਪਣਾ ਬਿਆਨ ਦਰਜ ਕਰਵਾਇਆ। ਮਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਹਿੰਸਾ ਦੌਰਾਨ ਭੀੜ ਵਿੱਚੋਂ ਸੁਣਿਆ ਸੀ ਕਿ ਸੱਜਣ ਕੁਮਾਰ ਵੀ ਮੌਜੂਦ ਸੀ, ਹਾਲਾਂਕਿ ਉਸ ਨੇ ਉਸ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ। ਇਸ ਤੋਂ ਇਲਾਵਾ, 1984 ਦੇ ਸਿੱਖ ਕਤਲੇਆਮ ਦੇ ਹੋਰ ਮਾਮਲਿਆਂ ਵਿਚ ਵੀ ਕਈ ਗਵਾਹ ਸਾਹਮਣੇ ਆਏ ਹਨ। ਜਿਵੇਂ ਕਿ ਚਾਮ ਕੌਰ, ਜਿਨ੍ਹਾਂ ਨੇ 16 ਨਵੰਬਰ 2018 ਨੂੰ ਪਟਿਆਲਾ ਹਾਊਸ ਅਦਾਲਤ ’ਵਿਚ ਸੱਜਣ ਕੁਮਾਰ ਦੀ ਸਨਾਖਤ ਕਰਦਿਆਂ ਕਿਹਾ ਸੀ ਕਿ ਉਹ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਉਕਸਾ ਰਿਹਾ ਸੀ। ਜਗਸ਼ੇਰ ਸਿੰਘ ਅਤੇ ਜਗਦੀਸ਼ ਕੌਰ ਵੀ ਸੱਜਣ ਕੁਮਾਰ ਖਿਲਾਫ ਗਵਾਹੀ ਦੇਣ ਵਾਲਿਆਂ ਵਿਚ ਸ਼ਾਮਲ ਹਨ।
ਕੌਣ ਹਨ ਵਕੀਲ?
ਸੱਜਣ ਕੁਮਾਰ ਖਿਲਾਫ ਮੁਕੱਦਮੇ ਵਿਚ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਅਹਿਮ ਭੂਮਿਕਾ ਨਿਭਾਈ ਹੈ। ਫੂਲਕਾ ਨੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਪੈਰਵੀ ਕਰਦਿਆਂ ਕਈ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਮਦਦ ਕੀਤੀ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵੀ ਇਸ ਮਕਸਦ ਲਈ ਛੱਡਿਆ ਸੀ। ਇਸ ਤੋਂ ਇਲਾਵਾ, ਸੁਤੀਰਥ ਵਜੀਰ ਵਰਗੇ ਵਕੀਲਾਂ ਨੇ ਵੀ ਪੀੜਤਾਂ ਦੀਆਂ ਗਵਾਹੀਆਂ ਨੂੰ ਸੰਗ੍ਰਹਿ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਨ੍ਹਾਂ ਦੀ ਕਿਤਾਬ ‘ਦਿ ਕੌਰਜ਼ ਆਫ਼ 1984’ ਵਿਚ ਇਨ੍ਹਾਂ ਘਟਨਾਵਾਂ ਦਾ ਵੇਰਵਾ ਹੈ।
ਸਿੱਖ ਕਤਲੇਆਮ ਨੂੰ 40 ਸਾਲ ਬੀਤ ਚੁੱਕੇ ਹਨ, ਪਰ ਪੀੜਤ ਅਜੇ ਵੀ ਇਨਸਾਫ ਦੀ ਉਡੀਕ ਵਿਚ ਹਨ। ਸੱਜਣ ਕੁਮਾਰ ਵਰਗੇ ਪ੍ਰਮੁੱਖ ਦੋਸ਼ੀਆਂ ’ਤੇ ਅਦਾਲਤੀ ਕਾਰਵਾਈ ਅਤੇ ਗਵਾਹਾਂ ਦੀਆਂ ਗਵਾਹੀਆਂ ਨੇ ਇਨਸਾਫ ਦੀ ਇੱਕ ਛੋਟੀ ਜਿਹੀ ਆਸ ਜਗਾਈ ਹੈ।











Comments (0)