ਭਾਜਪਾ ਰਾਹੁਲ ਦੇ ਬਿਆਨਾਂ ਤੋਂ ਕਿਉਂ ਤੜਫੀ?ਕਿਉਂ ਕਰਾ ਰਹੀ ਹੈ ਆਪਣੇ ਸਮਰਥਕ ਸਿਖਾਂ ਰਾਹੀਂ ਝੂਠੇ ਕੇਸ ?
ਮਸਲਾ ਭਾਰਤ ਵਿਚ ਘੱਟ ਗਿਣਤੀ ਕੌਮਾਂ ਤੇ ਸਿਖ ਨਸਲਵਾਦੀ ਵਰਤਾਰੇ ਦਾ
*ਦਿਲੀ ਗੁਰਦੁਆਰਾ ਕਮੇਟੀ ਤੇ ਹਰਿਆਣਾ ਗੁਰਦੁਆਰਾ ਕਮੇਟੀ ਉਪਰ ਭਾਜਪਾ ਪਖੀ ਸਿਖਾਂ ਦੇ ਕਬਜ਼ੇ ਕਿਉਂ?
ਭਾਰਤ ਵਿਚ ਇਸ ਸਮੇਂ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਪਰ ਇਨ੍ਹਾਂ ਚੋਣਾਂ ਤੋਂ ਵੀ ਵੱਧ ਚਰਚਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਅਮਰੀਕੀ ਦੌਰੇ ਦੀ ਹੋ ਰਹੀ ਹੈ। ਪਿਛਲੇ ਦਿਨੀਂ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਡੀ.ਸੀ. ਦੇ ਸ਼ਹਿਰ ਡੀਲਾਸ, ਟੈਕਸਿਸ ਆਦਿ ਦਾ ਦੌਰਾ ਕੀਤਾ ਸੀ ਤੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਜਾਰਜਟਾਊਨ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਅਤੇ ਵਾਸ਼ਿੰਗਟਨ ਡੀ.ਸੀ. ਵਿਚ ਪ੍ਰੈੱਸ ਤੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਿਖਾਂ ਤੇ ਘੱਟਗਿਣਤੀ ਕੌਮਾਂ ਨਾਲ ਵਿਤਕਰੇ ਬਾਰੇ ਕੁਝ ਸਖਤ ਟਿੱਪਣੀਆਂ ਕੀਤੀਆਂ ਸਨ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਵੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਸੀ ਕਿ ਸੁਆਲ ਰਾਜਨੀਤੀ ਦਾ ਨਹੀਂ ਹੈ, ਸਗੋਂ ਇਹ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਗੁਰਦੁਆਰਾ ਸਾਹਿਬ ਜਾ ਸਕਦੇ ਹਨ ਜਾਂ ਦਸਤਾਰ ਪਹਿਨ ਸਕਦੇ ਹਨ, ਕੜਾ ਪਾ ਸਕਦੇ ਹਨ? ਉਨ੍ਹਾਂ ਕਿਹਾ ਕਿ ਦੂਸਰੀਆਂ ਘੱਟ ਗਿਣਤੀਆਂ ਪ੍ਰਤੀ ਵੀ ਉਹ ਇਸੇ ਤਰ੍ਹਾਂ ਦੀ ਧਾਰਮਿਕ ਆਜ਼ਾਦੀ ਦੇ ਸਮਰਥਕ ਹਨ।
ਪਰ ਭਾਰਤ ਵਿਚ ਹੁਣ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਹੋਰ ਸਮਰਥਕ ਸੰਗਠਨਾਂ ਵਲੋਂ ਰਾਹੁਲ ਗਾਂਧੀ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਆਪਣੇ ਢੰਗ ਝੂਠ ਫੈਲਾਕੇ ਰਾਹੁਲ ਖਿਲਾਫ ਵਾ-ਵੇਲਾ ਖੜ੍ਹਾ ਕਰ ਦਿੱਤਾ ਤੇ ਆਪਣੇ ਸਮਰਥਕ ਸਿਖਾਂ ਨੂੰ ਰਾਹੁਲ ਦੇ ਖਿਲਾਫ ਹਥਿਆਰ ਵਜੋਂ ਵਰਤਿਆ ਹੈ।
ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ,ਮਨਜਿੰਦਰ ਸਿੰਘ ਸਿਰਸਾ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਉਠਾਇਆ ਸੀ ਕਿ ਰਾਹੁਲ ਗਾਂਧੀ ਨੇ ਅਮਰੀਕਾ ਵਿਚ ਸਿਖਾਂ ਬਾਰੇ ਝੂਠ ਬੋਲਿਆ ਹੈ। ਭਾਰਤ ਵਿਚ ਅਜਿਹੀ ਕੋਈ ਗੱਲ ਨਹੀਂ ਹੈ। ਰਵਨੀਤ ਸਿੰਘ ਬਿੱਟੂ ਤਾਂ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਤੱਕ ਚਲੇ ਗਏ। ਮਹਾਰਾਸ਼ਟਰ ਵਿਚ ਸ਼ਿਵ ਸੈਨਾ (ਸ਼ਿੰਦੇ) ਗੁੱਟ ਦੇ ਇਕ ਵਿਧਾਇਕ ਨੇ ਤਾਂ ਰਾਹੁਲ ਗਾਂਧੀ ਦੀ ਜੀਭ ਕੱਟਣ ਲਈ ਇਨਾਮ ਵੀ ਰੱਖ ਦਿੱਤਾ। ਰਾਹੁਲ ਵਿਰੁੱਧ ਵੱਖ-ਵੱਖ ਰਾਜਾਂ ਵਿਚ ਭਾਜਪਾ ਨੇਤਾਵਾਂ ਵਲੋਂ ਕੇਸ ਵੀ ਦਰਜ ਕਰਵਾਏ ਗਏ ਹਨ। ਕਾਂਗਰਸ ਨੇ ਵੀ ਕਰਨਾਟਕ ਵਿਚ ਬਿੱਟੂ ਵਿਰੁੱਧ ਕੇਸ ਦਰਜ ਕਰਵਾਇਆ ਹੈ।
ਹਾਲਾਂਕਿ ਸਿਖਾਂ ਦੀ ਬਹੁਗਿਣਤੀ ਬਾਦਲ ਅਕਾਲੀ ਦਲ ,ਅਕਾਲੀ ਦਲ ਅੰਮ੍ਰਿਤਸਰ ,ਸ੍ਰੋਮਣੀ ਕਮੇਟੀ ਸਮੇਤ ਰਾਹੁਲ ਗਾਂਧੀ ਦੇ ਬਿਆਨਾਂ ਦਾ ਸਮਰਥਨ ਕਰ ਰਹੇ ਹਨ।

ਪਰ ਭਾਜਪਾ ਸਮਰਥਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੁਲ ਗਾਂਧੀ ਦੇ ਵਿਰੋਧ ਵਿਚ ਸਰਗਰਮ ਹੋ ਗਈ ਹੈ। ਬੀਤੇ ਦਿਨੀਂ ਉਸਨੇ ਰਾਹੁਲ ਗਾਂਧੀ ਦੀ ਵਿਵਾਦਿਤ ਟਿੱਪਣੀ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਨਾਲ ਮੁਲਾਕਾਤ ਕੀਤੀ ਅਤੇ ਸਿੱਖਾਂ ਦੇ ਭਾਰਤ ਵਿਚ ਸੁਰੱਖਿਅਤ ਨਾ ਹੋਣ ਦੇ ਰਾਹੁਲ ਗਾਂਧੀ ਦੇ ਬਿਆਨ ਬਾਰੇ ਰੋਸ ਪੱਤਰ ਵੀ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਰਾਹੁਲ ਗਾਂਧੀ ਦੇ ਇਸ ਗੈਰ-ਜ਼ਿੰਮੇਵਾਰਾਨਾ ਬਿਆਨ ਦਾ ਗੰਭੀਰ ਨੋਟਿਸ ਲਿਆ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਵਫ਼ਦ ਨੇ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਸਿੱਖਿਆ ਕੇਂਦਰਾਂ ਦੇ ਬਾਹਰ, ਹਵਾਈ ਅੱਡਿਆਂ 'ਤੇ, ਮੈਟਰੋ ਰੇਲ ਗੱਡੀਆਂ ਵਿਚ ਤੇ ਹੋਰ ਜਨਤਕ ਥਾਵਾਂ 'ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਸਿੱਖ ਗੁਰੂ ਸਾਹਿਬਾਨ ਵਲੋਂ ਬਖਸ਼ਿਸ਼ ਕੀਤੇ ਪੰਜ ਕਕਾਰਾਂ ਨੂੰ ਲੈ ਕੇ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਇਸ ਲਈ ਗ੍ਰਹਿ ਮੰਤਰਾਲਾ ਸਮੁੱਚੇ ਦੇਸ਼ ਨੂੰ ਕਕਾਰਾਂ ਨੂੰ ਧਾਰਨ ਕਰਨ ਦੇ ਸੰਵਿਧਾਨਕ ਹੱਕ ਬਾਰੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰੇ ਤਾਂ ਜੋ ਅਜਿਹੀਆਂ ਮੁਸ਼ਕਿਲਾਂ ਨਾ ਆਉਣ । ਵਫ਼ਦ ਵਿਚ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਹਰਿਆਣਾ ਕਮੇਟੀ ਪ੍ਰਧਾਨ ਭੁਪਿੰਦਰ ਸਿੰਘ, ਮੋਹਿੰਦਰਪਾਲ ਸਿੰਘ ਢਿੱਲੋਂ (ਪਟਨਾ ਕਮੇਟੀ), ਗੁਰਵਿੰਦਰ ਸਿੰਘ, ਹਰਪਾਲ ਸਿੰਘ ਜੌਹਲ, ਹਜ਼ੂਰ ਸਾਹਿਬ ਤੋਂ ਵਿਜੈ ਸਤਬੀਰ ਸਿੰਘ ਤੇ ਹੋਰ ਭਾਜਪਾ ਪਖੀ ਸਿੱਖ ਸ਼ਖ਼ਸੀਅਤਾਂ ਸ਼ਾਮਿਲ ਸਨ।਼ਇਕ ਪਾਸੇ ਇਹ ਭਾਜਪਾ ਪਖੀ ਸਿੱਖ ਆਗੂ ਭਾਰਤ ਵਿਚ ਸਿਖ ਵਿਤਕਰੇ ਦੀਆਂ ਘਟਨਾਵਾਂ ਨੂੰ ਮੰਨ ਰਹੇ ਹਨ ਜੋ ਰਾਹੁਲ ਗਾਂਧੀ ਕਹਿ ਰਿਹਾ ਹੈ।ਦੂਜੇ ਪਾਸੇ ਰਾਹੁਲ ਨੂੰ ਝੂਠਾ ਦਸਕੇ ਦੋਹਰਾ ਕਿਰਦਾਰ ਨਿਭਾ ਰਹੇ ਹਨ।












Comments (0)