ਹਾਥਰਸ ਤੋਂ ਬਾਅਦ ਪੁਰੀ ਵਿਚ ਭਗਦੜ ਮੱਚਣ ਕਾਰਣ, 400 ਸ਼ਰਧਾਲੂ ਜ਼ਖ਼ਮੀ
ਇੱਕ ਦੀ ਮੌਤ, ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ
ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿੱਲੀ: ਆਸਥਾ ਅਤੇ ਸ਼ਰਧਾ ਦੇ ਤਿਉਹਾਰ ਰਥ ਯਾਤਰਾ ਨੇ ਬੀਤੇ ਦਿਨੀਂ ਓਡੀਸ਼ਾ ਦੇ ਪੁਰੀ ਵਿੱਚ ਉਸ ਵੇਲੇ ਦਰਦਨਾਕ ਮੋੜ ਲੈ ਲਿਆ,ਜਦੋਂ ਉੱਥੇ ਭਗਵਾਨ ਬਲਭੱਦਰ ਦੇ ਰੱਥ ਤਾਲਧਵੱਜ ਨੂੰ ਖਿੱਚਣ ਵੇਲੇ ਭਗਦੜ ਮੱਚ ਗਈ।
ਇਸ ਹਾਦਸੇ ਵਿਚ ਇਕ ਸ਼ਰਧਾਲੂ ਦੀ ਮੌਤ ਹੋ ਗਈ, ਜਦਕਿ 400 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਭਗਦੜ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਇਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਲੱਤ ਟੁੱਟਣ ਦੀ ਖ਼ਬਰ ਸਾਹਮਣੇ ਆਈ ਹੈ।
ਜ਼ਖਮੀਆਂ ਨੂੰ ਪੁਰੀ ਦੇ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।
ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਨੇ ਕਿਹਾ ਕਿ ਜ਼ਖਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਹਾਥਰਸ ਹਾਦਸੇ ਤੋਂ ਬਾਅਦ ਇਕ ਹੋਰ ਪਖੰਡੀ ਸਾਧ ਦੇ ਦਰਬਾਰ ਲਾਉਣ 'ਤੇ ਰੋਕ, ਫੁੱਲ-ਪੱਤੀਆਂ ਨਾਲ ਕੈਂਸਰ ਦੇ ਇਲਾਜ ਦਾ ਕਰਦਾ ਸੀ ਪਖੰਡ
ਭਰਤਪੁਰ ਜ਼ਿਲ੍ਹੇ ਦੇ ਬਯਾਨਾ ਵਿਚ ਫੁੱਲ-ਪੱਤੀ ਨਾਲ ਕੈਂਸਰ ਦੇ ਇਲਾਜ ਦਾ ਦਾਅਵਾ ਕਰਨ ਵੇਲੇ ਨਿਯਮਤ ਦਰਬਾਰ ਲਾਉਣ ਵਾਲੇ ਅਖੌਤੀ ਸਾਧ ਅਨਿਲ ਕੁਮਾਰ ਨੂੰ ਪ੍ਰਸ਼ਾਸਨ ਨੇ ਪਾਬੰਦੀ ਲਗਾ ਦਿੱਤੀ ਹੈ। ਉਸ ਨੂੰ ਨੋਟਿਸ ਦੇ ਕੇ ਇਸ ਤਰ੍ਹਾਂ ਦਾ ਦਰਬਾਰ ਲਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਸਾਰੂਪੁਰਾ ਪਿੰਡ ਦਾ ਨਿਵਾਸੀ ਅਨਿਲ ਪਹਿਲਾਂ ਸੀਆਰਪੀਐੱਫ ਵਿਚ ਕਾਂਸਟੇਬਲ ਵਜੋਂ ਨੌਕਰੀ ਕਰ ਚੁੱਕਾ ਹੈ। ਸੇਵਾ ਮੁਕਤੀ ਲੈਣ ਮਗਰੋਂ ਇਸ ਨੇ ਖ਼ੁਦ ਨੂੰ ਭਗਵਾਨ ਹਨੂੰਮਾਨ ਦਾ ਭਗਤ ਦੱਸਦੇ ਹੋਏ ਕੈਂਸਰ ਦਾ ਇਲਾਜ ਕਰਨ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਸਨ ਤੇ ਅੱਜਕਲ੍ਹ ਦਰਬਾਰ ਲਾਉਣ ਲੱਗ ਪਿਆ ਸੀ। ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਲੋਕ ਆਸ ਲੈ ਕੇ ਇਸ ਦੇ ਦਰਬਾਰ ਵਿਚ ਪੁੱਜਦੇ ਹਨ ਤੇ ਇਨ੍ਹਾਂ ਦੀ ਗਿਣਤੀ ਕਾਫ਼ੀ ਹੁੰਦੀ ਹੈ। ਅਨਿਲ ਦਾ ਦਾਅਵਾ ਹੈ ਕਿ ਉਹ ਫੁੱਲ ਪੱਤੀਆਂ ਤੇ ਲੌਂਗਾਂ ਨਾਲ ਇਲਾਜ ਕਰਦਾ ਹਾਂ ਤੇ ਭਗਵਾਨ ਦੀ ਮਰਜ਼ੀ ਨਾਲ ਇਹ ਸਭ ਕਰਦਾ ਹਾਂ।











Comments (0)