ਹਾਥਰਸ ਵਿੱਚ ਸਤਿਸੰਗ ਦੌਰਾਨ 121 ਲੋਕਾਂ ਦੀ ਮੌਤ ਲਈ ਪਖੰਡੀ ‘ਭੋਲੇ ਬਾਬਾ’ ਜ਼ਿੰਮੇਵਾਰ ਕਿਉਂ ਨਹੀਂ?

ਹਾਥਰਸ ਵਿੱਚ ਸਤਿਸੰਗ ਦੌਰਾਨ 121 ਲੋਕਾਂ ਦੀ ਮੌਤ ਲਈ ਪਖੰਡੀ ‘ਭੋਲੇ ਬਾਬਾ’ ਜ਼ਿੰਮੇਵਾਰ ਕਿਉਂ ਨਹੀਂ?

ਆਖਿਰ ਉਸ ਦਾ ਨਾਮ ਐਫਆਈਆਰ ਵਿੱਚ ਕਿਉਂ ਨਹੀਂ ਹੈ? ਅਤੇ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ?

*ਜ਼ਹਿਰੀਲੇ ਪਦਾਰਥ ਦੇ ਛਿੜਕਾਅ ਕਾਰਨ ਮਚੀ ਸੀ ਭਗਦੜ:ਸਾਧ ਦੇ ਵਕੀਲ ਦੀ ਗੱਪ

*ਭੋਲੇ ਬਾਬੇ ਉਪਰ ਇਸਤਰੀਆਂ ਦੇ ਸ਼ੋਸ਼ਣ ਦੇ ਲਗੇ ਦੋਸ਼

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਥਰਸ ਦੇ ਪਿੰਡ ਫੁਲਰਾਈ ਵਿਚ ਵਾਪਰੀ ਦੁਖਦਾਈ ਘਟਨਾ ਨੇ ਅਨੇਕਾਂ ਸਵਾਲ ਖੜ੍ਹੇ ਕੀਤੇ ਹਨ। ਉਥੇ ਹੋਏ ਇਕ ਧਾਰਮਿਕ ਸਮਾਗਮ ਵਿਚ ਭਾਜੜ ਪੈਣ ਨਾਲ 121 ਦੇ ਲਗਭਗ ਲੋਕ ਮਾਰੇ ਗਏ ਹਨ। ਉਕਤ ਧਾਰਮਿਕ ਸਮਾਗਮ ਵਿਚ ਨਰਾਇਣ ਸਕਾਰ ਵਿਸ਼ਵ ਹਰੀ ਉਰਫ਼ ਭੋਲੇ ਬਾਬਾ ਦੇ ਪ੍ਰਵਚਨ ਸੁਣਨ ਲਈ ਦੋ ਲੱਖ ਤੋਂ ਵੱਧ ਲੋਕ ਉਥੇ ਇਕੱਠੇ ਹੋਏ ਸਨ। ਜਦੋਂ ਕਿ ਧਾਰਮਿਕ ਸਮਾਗਮ ਦੇ ਪ੍ਰਬੰਧਕਾਂ ਵਲੋਂ ਪ੍ਰਵਾਨਗੀ ਸਿਰਫ਼ 80,000 ਲੋਕਾਂ ਦੀ ਲਈ ਗਈ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਵੀ ਉਕਤ ਧਾਰਮਿਕ ਬਾਬੇ ਵਲੋਂ ਸਤਿਸੰਗ ਦੇ ਨਾਂਅ 'ਤੇ ਇਸ ਤਰ੍ਹਾਂ ਦੇ ਸਮਾਗਮ ਕੀਤੇ ਜਾਂਦੇ ਸਨ ਤਾਂ ਉਨ੍ਹਾਂ ਵਿਚ ਪੁਲਿਸ ਜਾਂ ਹੋਰ ਸਰਕਾਰੀ ਸੁਰੱਖਿਆ ਏਜੰਸੀਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਸੀ, ਸਗੋਂ ਅਜਿਹੇ ਸਤਿਸੰਗ ਅੰਦਰ ਬਾਬੇ ਦੇ ਆਪਣੇ ਸੇਵਾਦਾਰ ਅਤੇ ਸੇਵਾਦਾਰਨੀਆਂ ਪ੍ਰਬੰਧ ਅਤੇ ਸੁਰੱਖਿਆ ਦੀ ਵਿਵਸਥਾ ਸੰਭਾਲਦੀਆਂ ਸਨ, ਜਿਨ੍ਹਾਂ ਨੇ ਕਿ ਬਾਕਾਇਦਾ ਨਿਰਧਾਰਿਤ ਵਰਦੀਆਂ ਪਾਈਆਂ ਹੁੰਦੀਆਂ ਸਨ। ਇਸ ਕਰਕੇ ਬਹੁਤੀ ਵਾਰ ਸੁਰੱਖਿਆ ਏਜੰਸੀਆਂ ਨੂੰ ਵੀ ਇਹ ਜਾਣਕਾਰੀ ਨਹੀਂ ਸੀ ਹੁੰਦੀ ਕਿ ਅੰਦਰ ਪੰਡਾਲਾਂ ਵਿਚ ਕਿੰਨੇ ਕੁ ਲੋਕ ਇਕੱਤਰ ਹੋ ਗਏ ਹਨ ਜਾਂ ਕਿਸ ਤਰ੍ਹਾਂ ਦੇ ਧਾਰਮਿਕ ਪ੍ਰਵਚਨ ਹੁੰਦੇ ਹਨ।

ਵਾਪਰੀ ਇਸ ਘਟਨਾ ਸੰਬੰਧੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਤਿਸੰਗ ਤੋਂ ਬਾਅਦ ਜਦੋਂ ਉਕਤ ਬਾਬਾ ਪੰਡਾਲ ਵਿਚੋਂ ਬਾਹਰ ਨਿਕਲਣ ਲੱਗਿਆ ਤਾਂ ਉਸ ਦੇ ਪਿੱਛੇ-ਪਿੱਛੇ ਵੱਡੀ ਗਿਣਤੀ ਵਿਚ ਸ਼ਰਧਾਲੂ ਉਸ ਦੇ ਪੈਰਾਂ ਦੀ ਚਰਨ ਧੂੜ ਪ੍ਰਾਪਤ ਕਰਨ ਲਈ ਇਕ ਦੂਜੇ ਤੋਂ ਅੱਗੇ ਹੋ ਕੇ ਭੱਜਣ ਲੱਗੇ ਪਰ ਬਾਬਾ ਤੇਜ਼ੀ ਨਾਲ ਆਪਣੀ ਕਾਰ ਵਿਚ ਬੈਠ ਕੇ ਉਥੋਂ ਨਿਕਲ ਗਿਆ। ਪਰ ਇਸ ਤਰ੍ਹਾਂ ਪਈ ਭਾਜੜ ਵਿਚ ਕੁਝ ਲੋਕ ਥੱਲੇ ਡਿੱਗ ਗਏ ਅਤੇ ਬਾਕੀ ਲੋਕ ਉਨ੍ਹਾਂ ਦੇ ਉੱਪਰ ਤੋਂ ਗੁਜ਼ਰਦੇ ਰਹੇ। ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ, ਦੇਸ਼ ਵਿਚ ਅਨੇਕਾਂ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ।

ਇਸ ਘਟਨਾ ਬਾਰੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਜਾਂਚ ਇਸ ਗੱਲ 'ਤੇ ਵੀ ਕੇਂਦਰਿਤ ਹੋਵੇਗੀ ਕਿ ਕੀ ਇਸ ਦੁਖਾਂਤ ਪਿੱਛੇ ਕੋਈ ਸਾਜ਼ਿਸ਼' ਹੈ। 

'ਭੋਲੇ ਬਾਬਾ ਦੇ ਵਕੀਲ ਏਪੀ ਸਿੰਘ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦੋਸ਼ ਲਾਇਆ ਹੈ ਕਿ 2 ਜੂਨ ਨੂੰ ਹਾਥਰਸ ਵਿਚ ਸਤਿਸੰਗ ਦੌਰਾਨ ਭੀੜ ਵਿਚ ਕੁਝ ਵਿਅਕਤੀਆਂ ਨੇ ਜ਼ਹਿਰੀਲੇ ਪਦਾਰਥ ਦਾ ਛਿੜਕਾਅ ਕੀਤਾ ਸੀ ਜਿਸ ਕਾਰਨ ਭਗਦੜ ਮਚੀ ਸੀ। ਵਕੀਲ ਨੇ ਕਿਹਾ ਕਿ ਭੋਲੇ ਬਾਬਾ ਦੀ ਵਧ ਰਹੀ ਮਕਬੂਲੀਅਤ ਨੂੰ ਦੇਖਦਿਆਂ ਭਗਦੜ ਦੀ ਸਾਜ਼ਿਸ਼ ਘੜੀ ਗਈ ਸੀ। ਉਸ ਨੇ ਦਾਅਵਾ ਕੀਤਾ, ‘‘ਮੈਂ ਮਾਰੇ ਗਏ ਲੋਕਾਂ ਦੀਆਂ ਪੋਸਟਮਾਰਟਮ ਰਿਪੋਰਟਾਂ ਦੇਖੀਆਂ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਲੋਕ ਜ਼ਖ਼ਮਾਂ ਕਾਰਨ ਨਹੀਂ ਸਗੋਂ ਦਮ ਘੁਟਣ ਕਰਕੇ ਮਾਰੇ ਗਏ ਸਨ।’

ਹਾਥਰਸ ਘਟਨਾ ਤੋਂ ਬਾਅਦ ਪਹਿਲੀ ਵਾਰ ਚੁੱਪ ਤੋੜਦਿਆਂ ਆਪੂੰ ਬਣੇ ਧਰਮ ਗੁਰੂ ਸੂਰਜਪਾਲ ਸਿੰਘ ਉਰਫ਼ ‘ਭੋਲੇ ਬਾਬਾ’ ਨੇ ਕਿਹਾ ਕਿ ਜਿਨ੍ਹਾਂ ਨੇ ਗੜਬੜੀ ਕੀਤੀ ਹੈ ਉਹ ਬਖ਼ਸ਼ੇ ਨਹੀਂ ਜਾਣਗੇ। ਕਿਰਪਾ ਕਰਕੇ ਸਰਕਾਰ ਤੇ ਪ੍ਰਸ਼ਾਸਨ ’ਤੇ ਭਰੋਸਾ ਰੱਖੋ। ਮੈਨੂੰ ਯਕੀਨ ਹੈ ਕਿ ਗੜਬੜੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।’

ਦੂਜੇ ਪਾਸੇ ਹਾਥਰਸ ਘਟਨਾ ਦੇ ਸਬੰਧ ਵਿੱਚ ਸੂਰਜਪਾਲ ਸਿੰਘ ਉਰਫ਼ ਭੋਲੇ ਬਾਬਾ ਵੱਲੋਂ ਜਾਰੀ ਵੀਡੀਓ ਸੁਨੇਹੇ ’ਤੇ ਪ੍ਰਤੀਕਿਰਿਆ ਦਿੰਦਿਆਂ ਅਯੁੱਧਿਆ ਰਾਮ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਕਿਹਾ, ‘ਉਹ ਘਟਨਾ ਤੋਂ ਬਾਅਦ ਰੂਪੋਸ਼ ਹੋ ਗਿਆਸੀ। ਹੁਣ ਉਹ ਕਹਿ ਰਿਹਾ ਹੈ ਕਿ ਉਸ ਨੂੰ ਇਸ ਘਟਨਾ ’ਤੇ ਦੁੱਖ ਹੈ। ਇਹ ਪੂਰੀ ਤਰ੍ਹਾਂ ਗਲਤ ਹੈ।’ ਉਨ੍ਹਾਂ ਕਿਹਾ, ‘ਸਤਿਸੰਗ ਦੌਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ ਲਈ ਸਮਾਗਮ ਕਰਵਾਉਣ ਵਾਲੇ ਹੀ ਜ਼ਿੰਮੇਵਾਰ ਹਨ। 

ਇਸ ਹਿਸਾਬ ਨਾਲ ਕੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਅਤੇ ‘ਭੋਲੇ ਬਾਬਾ’ ਦੇ ਦਾਅਵੇ ਇੱਕੋ ਲਕੀਰ ‘ਤੇ ਕਿਉਂ ਹਨ? ਇਸ ਕਾਂਡ ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਪੁਲਿਸ ਦੀ ਇਜਾਜ਼ਤ ਤੋਂ ਬਿਨਾਂ ਕਰਵਾਏ ਗਏ ਸਤਿਸੰਗ ਵਿੱਚ ਸਾਜ਼ਿਸ਼ ਹੋਣ ਦਾ ਸ਼ੱਕ ਕਿਉਂ ਜਤਾਇਆ ਜਾ ਰਿਹਾ ਹੈ? ਬਾਬੇ ਨੂੰ ਕਨੂੰਨ ਦੀ ਉਲੰਘਣਾ ਲਈ ਦੋਸ਼ੀ ਕਿਉਂ ਨਹੀਂ ਠਹਿਰਾਇਆ ਜਾ ਰਿਹਾ?

ਹੁਣ ਜੇਕਰ ਪ੍ਰਸ਼ਾਸਨ ਦੀ ਕਾਰਵਾਈ 'ਤੇ ਨਜ਼ਰ ਮਾਰੀਏ ਤਾਂ ਐਫਆਈਆਰ 'ਚ ਵੀ 'ਭੋਲੇ ਬਾਬਾ' ਦਾ ਨਾਂ ਨਹੀਂ ਹੈ। ਬਦਲੇ ਵਿਚ ਉਸ ਦੇ ਸਾਥੀ ਅਤੇ ਸਮਾਗਮ ਦੇ ਮੁੱਖ ਪ੍ਰਬੰਧਕ ਮੁੱਖ ਦੋਸ਼ੀ ਹਨ। ਐਫਆਈਆਰ ਨੇ ਸਥਾਨਕ ਪ੍ਰਸ਼ਾਸਨ ਨੂੰ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਹੈ ਅਤੇ ਪ੍ਰਬੰਧਕਾਂ ਨੂੰ ਮਾੜੇ ਪ੍ਰਬੰਧਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਹਾਲਾਂਕਿ ਸੂਬਾ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਜਿਨਸੀ ਸ਼ੋਸ਼ਣ ਦੇ ਛੇ ਮਾਮਲੇ

ਵੈਸੇ 'ਭੋਲੇ ਬਾਬਾ' ਕਈ ਕੇਸਾਂ ਦਾ ਸਾਹਮਣਾ ਕਰ ਚੁੱਕਾ ਹੈ। ਬਾਬੇ 'ਤੇ ਵੱਖ-ਵੱਖ ਸ਼ਹਿਰਾਂ ਵਿਚ 6 ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਜਿਨਸੀ ਸ਼ੋਸ਼ਣ ਦੇ 5 ਮਾਮਲੇ ਵੀ ਸ਼ਾਮਲ ਹਨ। ਨਿਊਜ਼ 24 ਦੀ ਰਿਪੋਰਟ ਮੁਤਾਬਕ ਬਾਬੇ ਦੇ ਖਿਲਾਫ ਇਟਾਵਾ, ਕਾਸਗੰਜ, ਫਾਰੂਖਾਬਾਦ, ਦੌਸਾ ਅਤੇ ਆਗਰਾ ਵਿਚ ਜਿਨਸੀ ਸ਼ੋਸ਼ਣ ਦੇ ਮਾਮਲੇ ਪੈਂਡਿੰਗ ਹਨ। 'ਭੋਲੇ ਬਾਬਾ' ਬਲਾਤਕਾਰ ਦੇ ਇੱਕ ਕੇਸ ਵਿੱਚ ਜੇਲ੍ਹ ਦੀ ਸਜ਼ਾ ਵੀ ਕੱਟ ਚੁੱਕਾ ਹੈ।

‘ਭੋਲੇ ਬਾਬਾ’ ਇੱਕ ਸਥਾਨਕ ਪ੍ਰਚਾਰਕ ਹੈ। ਉਸਦੇ ਪੈਰੋਕਾਰ ਉਸਨੂੰ ਇੱਕ ਕਰਾਮਾਤੀ 'ਆਚਾਰੀਆ' ਮੰਨਦੇ ਹਨ ਜੋ ਭੈੜੀ ਆਤਮਾਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਇੱਕ ਜਾਦੂਈ ਸ਼ਕਤੀਆਂ ਵਾਲਾ ਇੱਕ ਰੱਬ ਜੋ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੈ।

'ਉਸ ਨੂੰ ਜਾਦੂਈ ਸ਼ਕਤੀਆਂ ਦੇ ਕਥਿਤ ਦਾਅਵੇ ਕਾਰਨ 2000 ਦੌਰਾਨ ਆਗਰਾ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਫਿਰ ਉਸ ਨੇ ਕਥਿਤ ਤੌਰ 'ਤੇ 16 ਸਾਲਾ ਲੜਕੀ ਦੀ ਲਾਸ਼ ਨੂੰ ਉਸ ਦੇ ਪਰਿਵਾਰ ਤੋਂ ਜ਼ਬਰਦਸਤੀ ਖੋਹ ਲਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਉਸ ਨੂੰ ਦੁਬਾਰਾ ਜ਼ਿੰਦਾ ਕਰ ਦੇਵੇਗਾ। ਬਾਅਦ ਵਿੱਚ ਇਹ ਕੇਸ ਬੰਦ ਕਰ ਦਿੱਤਾ ਗਿਆ।

ਕੀ 'ਭੋਲੇ ਬਾਬਾ' ਵੋਟ ਬੈਂਕ ਕਾਰਣ ਬਚਾਇਆ ਜਾ ਰਿਹਾ ਹੈ?.

ਹਾਥਰਸ ਭਗਦੜ ਮਾਮਲੇ 'ਚ ਸੂਰਜ ਪਾਲ ਉਰਫ ਨਰਾਇਣ ਸਾਕਰ ਹਰੀ ਉਰਫ ਭੋਲੇ ਬਾਬਾ ਦਾ ਨਾਂ ਐਫ ਆਈ ਆਰ ਵਿਚ ਕਿਉਂ ਨਹੀਂ ਹੈ? ਕੀ ਪ੍ਰਬੰਧਕਾਂ ਦਾ ਨਾਮ ਕੇਸ ਵਿਚ ਨਾਮਜਦ ਕਰਕੇ ਬਾਬੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਾਬਾ ਅੱਜ ਤੱਕ ਅੱਗੇ ਕਿਉਂ ਨਹੀਂ ਆ ਰਿਹਾ? ਕੀ ਉਸ ਨੂੰ ਵੋਟ ਬੈਂਕ ਦੀ ਤਾਕਤ ਕਾਰਣ ਬਚਾਇਆ ਜਾ ਰਿਹਾ ਹੈ? ਸੂਰਜ ਪਾਲ ਉਰਫ ਭੋਲੇ ਬਾਬਾ ਦਲਿਤ ਭਾਈਚਾਰੇ ਤੋਂ ਆਉਂਦਾ ਹੈ। ਕਈ ਰਾਜਾਂ ਵਿੱਚ ਉਸਦੇ ਪੈਰੋਕਾਰ ਹਨ। ਅਜਿਹੇ ਫਾਲੋਅਰਜ਼ ਦੀ ਗਿਣਤੀ ਲੱਖਾਂ ਵਿੱਚ ਹੈ। ਅਤੇ ਇਹ ਵੀ ਵੋਟ ਬੈਂਕ ਹਨ!

ਭੋਲੇ ਬਾਬਾ' ਇਸ ਤੋਂ ਪਹਿਲਾਂ ਕਾਸਗੰਜ ਵਿਚ ਕਾਂਸਟੇਬਲ ਸੂਰਜ ਪਾਲ ਸੀ। 1990 ਦੇ ਦਹਾਕੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੂੰ ਛੱਡਣ ਤੋਂ ਬਾਅਦ, ਉਹ ਇੱਕ ਸਵੈ-ਸਟਾਇਲ ਧਰਮ ਪ੍ਰਚਾਰਕ ਬਣ ਗਿਆ ਸੀ। ਹੁਣ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ, ਉਸ ਨੇ ਕਾਫੀ ਸ਼ਰਧਾਲੂ ਬਣਾਏ ਹਨ। ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਵਰਗੇ ਰਾਜਾਂ ਵਿੱਚ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ। ਇਨ੍ਹਾਂ ਰਾਜਾਂ ਵਿੱਚ ਦਲਿਤ ਆਬਾਦੀ ਵੱਡੀ ਗਿਣਤੀ ਵਿੱਚ ਹੈ। 

ਹਾਲਾਂਕਿ ਹਾਥਰਸ ਦੀ ਇਸ ਘਟਨਾ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਯਾਨੀ ਐਸਆਈਟੀ ਕਰ ਰਹੀ ਹੈ। ਸੂਬਾ ਸਰਕਾਰ ਨੇ ਭਗਦੜ ਦੀ ਘਟਨਾ ਦੀ ਜਾਂਚ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਤਿੰਨ ਮੈਂਬਰੀ ਪੈਨਲ ਵੀ ਗਠਿਤ ਕੀਤਾ ਹੈ। ਪਰ ਸਵਾਲ ਇਹ ਬਣਿਆ ਹੋਇਆ ਹੈ ਕਿ ਕੀ ਇਹ ਜਾਂਚ ਨਰਾਇਣ ਸਾਕਰ ਹਰੀ ਉਰਫ਼ ‘ਭੋਲੇ ਬਾਬਾ’ ਤੱਕ ਪਹੁੰਚੇਗੀ ਅਤੇ ਕੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ

 ਹੁਣ ਤਕ ਮੁੱਖ ਦੋਸ਼ੀ ਦੇਵਪ੍ਰਕਾਸ਼ ਮਧੂਕਰ ,ਰਾਮ ਪ੍ਰਕਾਸ਼ ਸ਼ਾਕਿਆ (61) ਤੇ ਸੰਜੂ ਯਾਦਵ (33) ਸਮੇਤ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਥਰਸ ਭਾਜੜ ਦੇ ਮੁੱਖ ਦੋਸ਼ੀ ਦੇਵਪ੍ਰਕਾਸ਼ ਮਧੂਕਰ ਨੂੰ ਹਾਥਰਸ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਦਿੱਲੀ ਦੇ ਨਜ਼ਫਗੜ੍ਹ ਇਲਾਕੇ ਤੋਂ ਗਿ੍ਫ਼ਤਾਰ ਕੀਤਾ ਹੈ ।

 ਹਾਥਰਸ ਦੇ ਪੁਲਿਸ ਸੁਪਰਡੈਂਟ ਨਿਪੁਨ ਅਗਰਵਾਲ ਨੇ ਦੱਸਿਆ ਕਿ ਮਧੂਕਰ ਨੇ ਬਾਬਾ ਸੂਰਜਪਾਲ ਉਰਫ ਨਰਾਇਣ ਸਾਕਾਰ ਹਰੀ ਉਰਫ ਭੋਲੇ ਬਾਬਾ ਦੇ ਸਮਾਗਮਾਂ ਲਈ ਫੰਡ ਇਕੱਤਰਤਾ ਵਜੋਂ ਕੰਮ ਕੀਤਾ ਤੇ ਦਾਨ ਇਕੱਠਾ ਕੀਤਾ । ਅਗਰਵਾਲ ਨੇ ਅੱਗੇ ਕਿਹਾ ਕਿ ਉਸ ਦੇ ਵਿੱਤੀ ਲੈਣ-ਦੇਣ, ਪੈਸੇ ਦੇ ਸਾਧਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਲ ਡਿਟੇਲ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੀ ਅਜਿਹੇ ਪ੍ਰੋਗਰਾਮਾਂ ਤੇ ਹੋਰ ਸਰੋਤਾਂ ਨੂੰ ਕਿਸੇ ਸਿਆਸੀ ਪਾਰਟੀ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ? ਹੁਣ ਤੱਕ ਦੀ ਜਾਂਚ ’ਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਈ ਸਿਆਸੀ ਪਾਰਟੀ ਆਪਣੇ ਸਿਆਸੀ ਜਾਂ ਨਿੱਜੀ ਹਿੱਤਾਂ ਲਈ ਇਨ੍ਹਾਂ ਨਾਲ ਜੁੜੀ ਹੋਈ ਹੈ।’

ਸਿਆਸਤਦਾਨਾਂ ਵਲੋਂ ਭੋਲੇ ਬਾਬੇ ਨੂੰ ਦੋਸ਼ੀ ਠਹਿਰਾਇਆ

‘ਬਸਪਾ ਮੁਖੀ ਮਾਇਆਵਤੀ ਨੇ ਗਰੀਬਾਂ, ਦਲਿਤਾਂ ਤੇ ਪੀੜਤਾਂ ਨੂੰ ਅੱਜ ਸਲਾਹ ਦਿੱਤੀ ਕਿ ਉਹ ਗਰੀਬੀ ਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਹਾਥਰਸ ਦੇ ‘ਭੋਲੇ ਬਾਬਾ’ ਜਿਹੇ ਵਿਅਕਤੀਆਂ ਦੇ ਪਾਖੰਡ ਦੇ ਝਾਂਸੇ ’ਚ ਨਾ ਆਉਣ। ਮਾਇਆਵਤੀ ਨੇ ਕਿਹਾ ਕਿ ਹਾਥਰਸ ਕਾਂਡ ’ਚ ‘ਭੋਲੇ ਬਾਬਾ’ ਸਮੇਤ ਜੋ ਵੀ ਦੋਸ਼ੀ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 

 ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਹਾਥਰਸ ’ਚ ਵਾਪਰੀ ਭਗਦੜ ਦੀ ਘਟਨਾ ’ਚ ਪ੍ਰਸ਼ਾਸਨਿਕ ਗਲਤੀ ਤੋਂ ਸਬਕ ਨਾ ਲਿਆ ਗਿਆ ਤਾਂ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਹੋਰ ਹੋਣਗੀਆਂ। ਯਾਦਵ ਨੇ ਦੋਸ਼ ਲਾਇਆ ਉੱਤਰ ਪ੍ਰਦੇਸ਼ ਸਰਕਾਰ ਭਗਦੜ ਦੀ ਘਟਨਾ ’ਚ ਮਾਮੂਲੀ ਗ੍ਰਿਫ਼ਤਾਰੀਆਂ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। -

 ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਹਾਥਰਸ ਭਗਦੜ ਮਾਮਲੇ ਦੇ ਪੀੜਤਾਂ ਲਈ ਮੁਆਵਜ਼ੇ ਦੀ ਰਕਮ ਵਧਾਉਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਰਾਹੁਲ ਨੇ ਹਾਥਰਸ ਭਗਦੜ ਮਾਮਲੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਸੀ।

ਇਸ ਹਾਦਸਿਆਂ ਦੇ ਬਾਵਜੂਦ ਦੇਸ਼ ਭਰ ਵਿਚ ਅਖੌਤੀ ਬਾਬਿਆਂ ਦੇ ਵੱਡੇ-ਵੱਡੇ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ ਅਤੇ ਉਨ੍ਹਾਂ ਵਿਚ ਭੀੜਾਂ ਜੁੜਦੀਆਂ ਰਹਿੰਦੀਆਂ ਹਨ। ਬਾਬਿਆਂ ਦੇ ਸਾਮਰਾਜ ਵੱਧਦੇ ਫੁੱਲਦੇ ਰਹਿੰਦੇ ਹਨ। ਬਹੁਤੇ ਸਿਆਸੀ ਹੁਕਮਰਾਨ ਵੀ ਅਜਿਹੇ ਅਖੌਤੀ ਧਾਰਮਿਕ ਬਾਬਿਆਂ ਦੇ ਉਪਾਸ਼ਕ ਹੁੰਦੇ ਹਨ ਜੋ ਉਨ੍ਹਾਂ ਦੇ ਧਾਰਮਿਕ ਸਮਾਗਮਾਂ ਵਿਚ ਹਾਜ਼ਰੀ ਭਰਦੇ ਹਨ ,ਤੇ ਉਨ੍ਹਾਂ ਨੂੰ ਬਚਾਉਂਦੇ ਹਨ। ਸਿਆਸਤਦਾਨਾਂ ਦੀ ਨਜ਼ਰ ਵਿਚ ਅਜਿਹੇ ਬਾਬੇ ਵੋਟ ਬੈਂਕ ਦੇ ਮੁਖੀ ਹੁੰਦੇ ਹਨ, ਜਿਨ੍ਹਾਂ ਨੂੰ ਰਿਝਾ ਕੇ ਉਹ ਆਪਣੇ ਤੇ ਆਪਣੀ ਪਾਰਟੀ ਲਈ ਵੋਟਾਂ ਹਾਸਿਲ ਕਰ ਸਕਦੇ ਹਨ। ਬਾਬਿਆਂ ਤੇ ਹੁਕਮਰਾਨਾਂ ਦਾ ਅਜਿਹਾ ਗੱਠਜੋੜ ਦੋਵਾਂ ਧਿਰਾਂ ਲਈ ਹੀ ਲਾਭਕਾਰੀ ਹੁੰਦਾ ਹੈ। ਇਸ ਤਰ੍ਹਾਂ ਬਾਬਿਆਂ ਨੂੰ ਲੋਕਾਂ ਦਾ ਅਨੇਕਾਂ ਪੱਖਾਂ ਤੋਂ ਸੋਸ਼ਣ ਕਰਨ ਦਾ ਅਵਸਰ ਵੀ ਮਿਲਦਾ ਹੈ, ਕਿਉਂਕਿ ਹੁਕਮਰਾਨ ਉਨ੍ਹਾਂ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ।ਹੌਲੀ-ਹੌਲੀ ਕਈ ਬਾਬੇ ਏਨੇ ਤਾਕਤਵਰ ਹੋ ਜਾਂਦੇ ਹਨ ਕਿ ਉਹ ਆਪਣੀਆਂ ਸ਼ਰਧਾਲੂ ਔਰਤਾਂ ਦਾ ਸਰੀਰਕ ਸ਼ੋਸ਼ਣ ਵੀ ਕਰਨ ਲੱਗ ਪੈਂਦੇ ਹਨ। ਦੇਸ਼ ਭਰ ਵਿਚ ਅਜਿਹੀਆਂ ਅਨੇਕਾਂ ਘਟਨਾਵਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਹਨ। ਇਸ ਕਾਰਨ ਅਨੇਕਾਂ ਬਾਬੇ ਜੇਲ੍ਹਾਂ ਵਿਚ ਵੀ ਜਾ ਚੁੱਕੇ ਹਨ। ਪਰ ਫਿਰ ਵੀ ਅਜਿਹਾ ਸਿਲਸਿਲਾ ਚਲਦਾ ਰਹਿੰਦਾ ਹੈ।ਇਸ ਸਮਾਜਕ ਵਰਤਾਰੇ ਦੀਆਂ ਜੜ੍ਹਾਂ ਲੋਕਾਂ ਦੀ ਗ਼ਰੀਬੀ ਅਤੇ ਅੰਧ-ਵਿਸ਼ਵਾਸ ਵਿਚ ਹਨ।