ਪੰਜਾਬੀ ਫ਼ਿਲਮ-ਅਕਾਲ ਸਿੱਖ ਇਤਿਹਾਸ ਨਾਲ ਫਰਾਡ
*ਉਨੀਵੀਂਂ ਸਦੀ ਦਾ ਵਾਤਾਵਰਨ ਨਹੀਂ ਸਿਰਜ ਸਕੀ,
*ਸਿੱਖ ਕਿਰਦਾਰ ਵਾਲੀਆਂ ਫਿਲਮਾਂ ਦਾ ਵਿਰੋਧ ਕਰਨਾ ਠੀਕ ਨਹੀਂ
ਪੰਜਾਬੀ ਫਿਲਮ ‘ਅਕਾਲ’ ਦੀ ਸਟੋਰੀ ਜੁਝਾਰੂ ਸਿਖ ਇਤਿਹਾਸ ਵਰਗੀ ਨਹੀਂ, ਕਬੀਲਾ ਟਕਰਾਅ ਦਾ ਬਿਰਤਾਂਤ ਸਿਰਜਦੀ ਹੈ।ਇੱਕ ਪਿੰਡ ਦੇ ਵਾਸੀਆਂ ਦਾ ਇੱਕ ਖ਼ਤਰਨਾਕ ਗੈਂਗ ਮਾਸਖਾਣੇ ਨਾਲ ਸੰਘਰਸ਼ ਹੈ,ਜਿਹਨਾਂ ਦਾ ਮੁੱਖੀ ਜੰਗੀ ਹੈ ।
ਪਿੰਡ ਵਾਸੀ ਸਿੱਖੀ ਸਰੂਪ ਦੇ ਧਾਰਨੀ ਹਨ , ਹਜ਼ੂਰ ਸਿੰਘ ਇਹਨਾਂ ਦਾ ਸਿਆਣਾ ਬਜ਼ੁਰਗ ਹੈ ਤੇ ਅਕਾਲ ਸਿੰਘ ਪਿੰਡ ਦਾ ਸਿੱਖ ਯੋਧਾ ਹੈ ਜੋ ਆਪਣੇ ਪਰਿਵਾਰ ਨਾਲ ਪਿੰਡ ਵਿਚ ਰਹਿੰਦਾ ਹੈ ।ਦਰਿਆ ਪਾਰ ਜੰਗੀ ਦਾ ਖੇਮਾ ਹੈ ਜੋ ਲੁੱਟ ਮਾਰ ਕਰਦੇ ਹਨ ਤੇ ਪਿੰਡਾਂ ਨੂੰ ਬਰਬਾਦ ਕਰ ਦਿੰਦੇ ਹਨ।ਲੜਕੀਆਂ ਨੂੰ ਜਬਰੀ ਉਧਾਲ ਲੈਂਦੇ ਹਨ।

ਫਿਲਮ ਸਿੱਖ ਇਤਿਹਾਸ ਨਾਲ ਸਬੰਧਿਤ ਨਹੀਂ ਜਿਵੇਂ ਫਿਲਮ ਪ੍ਰੋਡਿਊਸਰ ਨੇ ਦਾਅਵਾ ਕੀਤਾ ਹੈ ਕਿ ਇਹ 1840 ਬਾਅਦ ਦੀ ਮਿਥਕ ਕਹਾਣੀ ਹੈ ਜੋ ਫਿਲਮੀ ਕਹਾਣੀਕਾਰਾਂ ਦੇ ਦਿਮਾਗ ਦੀ ਉਪਜ ਹੈ ਅਤੇ ਪਾਤਰ ਵੀ ਕਲਪਨਿਕ ਹਨ ।
ਸ਼ੁਰੂਆਤ ਵਿਚ ਜ਼ਰੂਰ ਮਹਾਰਾਜਾ ਰਣਜੀਤ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਆ ਦੀ ਗੱਲ ਕੀਤੀ ਗਈ ਪਰ ਇਹ ਫਿਲਮ ਨੂੰ ਰੋਚਿਕ ਬਣਾਉਣ ਲਈ ਅਜਿਹਾ ਸਹਾਰਾ ਲਿਆ ਗਿਆ ਜੋ ਕਿ ਸਿੱਖ ਇਤਿਹਾਸ ਨਾਲ ਫਰਾਡ ਹੈ।
ਫਿਲਮ ਦੀ ਕਹਾਣੀ ਜੋ ਦੱਸੀ ਗਈ ਤੇ ਜੋ 1840 ਤੋਂ ਦੇ ਸਮੇਂ ਨਾਲ ਜੋੜੀ ਗਈ ਹੈ। ਇਸ ਮੁਤਾਬਿਕ ਕਹਾਣੀ ਤੇ ਫਿਲਮ ਦਾ ਚਿੱਤਰਨ ਮੇਲ ਨਹੀਂ ਖਾਂਦਾ।ਉਸ ਸਮੇਂ ਵਿਚ ਜਦੋਂ ਕਿ ਅੰਗਰੇਜ਼ ਪੰਜਾਬ ‘ਚ ਆ ਚੁਕੇ ਸਨ ਨਾ ਤਾਂ ਫਿਲਮ ਵਿਚ ਉਹਨਾਂ ਦਾ ਕੋਈ ਜ਼ਿਕਰ ਹੈ ਤੇ ਨਾ ਹੀ ਉਸ ਸਮੇਂ ਮੁਤਾਬਿਕ ਕਹਾਣੀ ਤੇ ਵਾਤਾਵਰਨ ਹੈ ।ਇਤਿਹਾਸ ਨਾਲ ਫਿਲਮ ਦਾ ਕੋਈ ਲੈਣਾ ਦੇਣਾ ਨਹੀਂ।ਇਸ ਵਿਚ ਅਦਾਕਾਰਾਂ ਨੇ ਜੋ ਪਹਿਰਾਵਾ ਪਹਿਨਿਆ ਹੈ ਉਹ ਉਸ ਸਮੇਂ ਦੇ ਜੁਝਾਰੂ ਸਿੱਖਾਂ ਅਨੁਸਾਰ ਨਹੀਂ ਹੈ।ਓਹ ਅੱਜ ਕੱਲ੍ਹ ਦਾ ਮਾਡਰਨ ਪਹਿਰਾਵਾ ਦਿਖਾਈ ਦਿੰਦਾ ਹੈ ।ਫਿਲਮ ਅੰਦਰ ਕਲਾਤਮਕਤਾ ਦੀ ਕਮੀ ਹੈ ਜੋ ਦਰਸ਼ਕਾਂ ਨੂੰ ਬੋਰ ਕਰਦੀ ਹੈ। ਫਿਲਮ ਦਾ ਕੈਨਵਸ ਕੋਈ ਵੱਡਾ ਨਹੀਂ ,ਇਕ ਕਲਪਨਿਕ ਪਿੰਡ ਦੇ ਵਾਸੀ ਇਕ ਗੈਂਗ ਨਾਲ ਲੜ ਰਹੇ ਹਨ ,ਇੱਥੇ ਕੋਈ ਕੌਮੀ ਲੜਾਈ ਨਹੀਂ ਦਿਖਾਈ ਦਿੰਦੀ ਨਾ ਹੀ ਸਿਖ ਇਤਿਹਾਸ ਦਾ ਮਿਸ਼ਨ ਦਿਖਾਈ ਦਿੰਦਾ ਹੈ। ਇਹ ਸਿੱਖ ਦਾਰਸ਼ਨਿਕਤਾ ਤੇ ਸਿੱਖ ਸਿਧਾਂਤ ਤੋਂ ਆਭਿਜ ਹੈ।ਹਜੂਰ ਸਿੰਘ ਸਿੱਖ ਸਿਧਾਂਤ ਦੇ ਉਲਟ ਇਹ ਕਹਿੰਦਾ ਦਿਖਾਈ ਦਿੰਦਾ ਹੈ ਕਿ ਸਿੱਖ ਗਰੀਬ ਤੇ ਗਊ ਦਾ ਰਖਿਅਕ ਹੈ।ਜਦ ਕਿ ਸਿੱਖ ਪੰਥ ਨੇ ਕੋਈ ਜੰਗ ਗਊ ਰਖਿਆ ਲਈ ਨਹੀਂ ਲੜੀ।ਗਰੀਬਾਂ ਦੇ ਸੰਗ ਸਾਥ ਖਾਲਸਾ ਜਰੂਰ ਰਿਹਾ ਹੈ।ਇਹ ਸੱਚ ਹੈ ਕਿ ਸਿੱਖਾਂ ਦੀ ਕੋਈ ਫਿਲਮ ਬਨਾਉਣਾ ਔਖਾ ਕਾਰਜ ਹੈ ।
ਸਿੱਖ ਗੁਰੂ ਸਾਹਿਬਾਨ ਜਾਂ ਗੁਰੂ ਕਾਲ ਦੇ ਸਿੱਖ ਸ਼ਹੀਦਾਂ ਤੇ ਫਿਲਮ ਪ੍ਰਵਾਨ ਨਹੀਂ ਕੀਤੀ ਜਾਂਦੀ ਸਿੱਖ ਪੰਥ ਇਸ ਪਖੋਂ ਕਲੀਅਰ ਹੈ। ਹਰ ਫਿਲਮਕਾਰ ਨੂੰ ਪਰ ਸਿੱਖ ਕਿਰਦਾਰਾਂ ਨੂੰ ਲੈ ਕੇ ਕਲਪਨਿਕ ਕਹਾਣੀਆਂ ਤੇ ਰੋਕ ਲਾਉਣੀ ਗਲਤ ਹੈ ।ਨਹੀਂ ਤਾਂ ਸਿੱਖ ਕਿਰਦਾਰ ਸਿਨੇਮਾ ਵਿਚੋਂ ਗਾਇਬ ਹੋ ਜਾਵੇਗਾ।ਚੰਗੇ ਸਿੱਖ ਕਿਰਦਾਰ ਪੇਸ਼ ਹੋਣੇ ਚਾਹੀਦੇ ਹਨ।
ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਪੰਜਾਬੀ ਫਿਲਮ ਅਕਾਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗਿੱਪੀ ਗਰੇਵਾਲ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਦਸ ਮਿੰਟ ਦਾ ਵੀਡੀਓ ਪੋਸਟ ਕਰਦਿਆਂ ਦਾਅਵਾ ਕੀਤਾ ਹੈ ਕਿ ਫਿਲਮ ਵਿੱਚ ਕੁਝ ਵੀ ਗਲਤ ਨਹੀਂ ਦਿਖਾਇਆ ਗਿਆ ਹੈ। ਫਿਲਮ ਦਾ ਮਕਸਦ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।ਫਿਲਮ ਵਿੱਚ ਸਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ। ਗਿੱਪੀ ਨੇ ਸਾਰਿਆਂ ਨੂੰ ਪਹਿਲਾਂ ਫਿਲਮ ਦੇਖਣ ਦੀ ਬੇਨਤੀ ਕੀਤੀ ਹੈ, ਤਾਂ ਜੋ ਜੇਕਰ ਕੋਈ ਕਮੀਆਂ ਹਨ, ਤਾਂ ਉਨ੍ਹਾਂ ਨੂੰ ਸੁਧਾਰਿਆ ਜਾ ਸਕੇ। ਗਿੱਪੀ ਅਨੁਸਾਰ ਫਿਲਮ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਅਤੇ ਫਿਲਮ ਬਣਾਉਣ ਤੋਂ ਪਹਿਲਾਂ, ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ।ਦੱਸ ਦੇਈਏ ਕਿ ‘ਅਕਾਲ’ ਫ਼ਿਲਮ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਨਿਕੀਤੀਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ, ਏਕਮ ਗਰੇਵਾਲ, ਅਸ਼ੀਸ਼ ਦੁੱਗਲ, ਭਾਨਾ ਐੱਲ. ਏ. ਤੇ ਜਰਨੈਲ ਸਿੰਘ ਅਹਿਮ ਕਿਰਦਾਰਾਂ ਦੀ ਭੂਮਿਕਾ ਨਿਭਾ ਰਹੇ ਹਨ।












Comments (0)