ਗੈਂਗਸਟਰ ਤੇ ਸਰਕਾਰੀ ਏਜੰਸੀਆਂ ਦੇ ਗੱਠਜੋੜ ਕਾਰਣ ਵਿਸ਼ਵ ਵਿਚ ਹੋ ਰਹੀ ਏ ਬਦਨਾਮੀ

ਗੈਂਗਸਟਰ ਤੇ ਸਰਕਾਰੀ ਏਜੰਸੀਆਂ ਦੇ ਗੱਠਜੋੜ ਕਾਰਣ ਵਿਸ਼ਵ ਵਿਚ ਹੋ ਰਹੀ ਏ ਬਦਨਾਮੀ

*ਪੰਨੂੰ ਕੇਸ ਵਿਚ ਭਾਰਤੀ ਪੁਲਿਸ ਅਧਿਕਾਰੀ ਵਿਰੁੱਧ ਅਮਰੀਕੀ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ

*ਐਫ.ਬੀ.ਆਈ. ਵਲੋਂ ਵਿਕਾਸ ਯਾਦਵ ਦੀ ਗਿ੍ਫ਼ਤਾਰੀ ਲਈ ਲੁੱਕ-ਆਊਟ ਨੋਟਿਸ ਜਾਰੀ

* ਭਾਰਤੀ ਗੈਂਗਸਟਰਵਾਦ ਤੇ ਭਾਰਤੀ ਏਜੰੰਸੀਆਂ ਦੇ ਗੱਠਜੋੜ ਬਾਰੇ ਵਸ਼ਿੰਗਟਨ ਪੋਸਟ ਨੇ ਖੋਲੇ ਭੇਦ

ਬਿਸ਼ਨੋਈ ਗੈਂਗਸਟਰਾਂ ਤੇ ਭਾਰਤੀ ਏਜੰਸੀਆਂ ਦੇ ਕੈਨੇਡਾ ਵਿਚ ਕਥਿਤ ਕਰਾਈਮ ਦੇ ਦੋਸ਼ ਲਗਣ ਕਾਰਣ ਆਲਮੀ ਬਦਨਾਮੀ ਹੋ ਰਹੀ ਹੈ! ਜਦਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵਗੁਰੂ ਆਖੇ ਜਾਂਦੇ ਹਨ। ਓਬਾਮਾ, ਡੋਨਾਲਡ ਟਰੰਪ ਅਤੇ ਬਿਡੇਨ ਅਤੇ ਪੱਛਮ ਦੇ ਸਾਰੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਮੋਦੀ ਦੋਸਤ ਹਨ। ਪਰ ਅੱਜ ਕੁਝ ਅਜਿਹਾ ਹੋ ਰਿਹਾ ਹੈ ਜੋ ਭਾਰਤ ਦੇ ਕੂਟਨੀਤਕ ਇਤਿਹਾਸ ਅਤੇ ਜਮਹੂਰੀ ਮਿੱਤਰ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਅਮਰੀਕਾ-ਕੈਨੇਡਾ ਨੇ ਭਾਰਤ 'ਤੇ ਵਿਦੇਸ਼ਾਂ ਵਿਚ 'ਗੈਰ-ਨਿਆਇਕ ਕਤਲ' ਦੇ ਦੋਸ਼ ਲਗਾਏ ਹਨ! 

 ਅਮਰੀਕਾ ਸਥਿਤ ਖ਼ਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂੰ ਦੀ ਹੱਤਿਆ ਦੀ ਕਥਿਤ ਤੌਰ 'ਤੇ ਸਾਜਿਸ਼ ਘੜੇ ਜਾਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਸਰਕਾਰ ਵਲੋਂ ਭਾਰਤ ਦੀ ਖ਼ੁਫ਼ੀਆ ਏਜੰਸੀ 'ਰਾਅ' ਦੇ ਅਧਿਕਾਰੀ ਵਿਕਾਸ ਯਾਦਵ ਵਿਰੁੱਧ ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕਰ ਦਿੱਤਾ ਗਿਆ ਹੈ | ਦੋਸ਼ ਪੱਤਰ 'ਚ ਵਿਕਾਸ ਯਾਦਵ ਨੂੰ ਭਾਰਤੀ ਖ਼ੁਫ਼ੀਆ ਏਜੰਸੀ 'ਰਾਅ' ਦਾ 'ਫ਼ੀਲਡ ਅਫ਼ਸਰ' ਦੱਸਿਆ ਗਿਆ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਉਹ ਪਹਿਲਾਂ ਭਾਰਤ ਦੀ ਕੇਂਦਰੀ ਪੁਲਿਸ ਬਲ ਵਿਚ ਵੀ ਕੰਮ ਕਰ ਚੁੱਕਾ ਹੈ ਤੇ ਉਸ ਨੂੰ ਹਥਿਆਰਾਂ ਦੀ ਵਰਤੋਂ ਦੀ ਪੂਰੀ ਟ੍ਰੇਨਿੰਗ ਹੈ । ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਵਲੋਂ ਚੈਕੋਸਲੋਵਾਕੀਆ ਤੋਂ ਫੜੇ ਗਏ ਇਕ ਭਾਰਤੀ ਨਿਖਿਲ ਗੁਪਤਾ ਨਾਲ ਮਿਲ ਕੇ ਪੰਨੂੰ ਦੀ ਹੱਤਿਆ ਲਈ ਇਕ ਜਰਾਇਮ ਪੇਸ਼ੇਵਾਰ ਨਾਲ ਸੰਪਰਕ ਕੀਤਾ ਗਿਆ ਤੇ ਉਸ ਨੂੰ 1 ਲੱਖ 50 ਹਜ਼ਾਰ ਅਮਰੀਕੀ ਡਾਲਰ ਦੇਣ ਦਾ ਫ਼ੈਸਲਾ ਕੀਤਾ ਤੇ 15 ਹਜ਼ਾਰ ਡਾਲਰ 'ਐਡਵਾਂਸ' ਵੀ ਦਿੱਤੇ । 'ਐਡਵਾਂਸ' ਪੈਸੇ ਦੇਣ ਦੀ ਤਸਵੀਰ ਵੀ ਦੋਸ਼ ਪੱਤਰ ਨਾਲ ਨੱਥੀ ਹੈ । ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਵਿਕਾਸ ਯਾਦਵ ਤੇ ਨਿਖਿਲ ਗੁਪਤਾ ਵਲੋਂ ਪੰਨੂੰ ਦੇ ਘਰ ਦੀਆਂ ਵੀਡੀਓ ਤੇ ਉਸ ਦੀਆਂ ਤਸਵੀਰਾਂ ਤੇ ਉਸ ਦੀਆਂ ਗਤੀਵਿਧੀਆਂ ਸੰਬੰਧੀ ਜਾਣਕਾਰੀ ਵੀ ਉਸ ਵਿਅਕਤੀ ਨੂੰ ਲਗਾਤਾਰ ਦਿੱਤੀ ਜਾ ਰਹੀ ਸੀ, ਜਿਸ ਨੂੰ ਹੱਤਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ।ਦੋਸ਼ ਪੱਤਰ ਵਿਚ ਦਿੱਤੀ ਗਈ ਜਾਣਕਾਰੀ ਤੋਂ ਸਪੱਸ਼ਟ ਹੈ ਕਿ ਅਮਰੀਕੀ ਏਜੰਸੀਆਂ ਨਿਖਿਲ ਗੁਪਤਾ ਤੇ ਵਿਕਾਸ ਯਾਦਵ ਦੇ ਟੈਲੀਫ਼ੋਨ ਵੀ ਟੈਪ ਕਰ ਰਹੀਆਂ ਸਨ, ਕਿਉਂਕਿ ਉਨ੍ਹਾਂ ਵਲੋਂ ਹੱਤਿਆ ਲਈ ਜਿਸ ਵਿਅਕਤੀ ਨਾਲ ਸੌਦਾ ਕੀਤਾ ਗਿਆ ਸੀ, ਉਹ ਅਮਰੀਕੀ ਏਜੰਸੀਆਂ ਦੇ ਵੀ ਸੰਪਰਕ ਵਿਚ ਸੀ ।

ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਉਕਤ ਵਿਅਕਤੀ ਨੂੰ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਦੀ 18 ਜੂਨ, 2023 ਨੂੰ ਹੱਤਿਆ ਤੋਂ ਬਾਅਦ ਦੱਸਿਆ ਗਿਆ ਕਿ ਇਹ ਵੀ ਪੰਨੂੰ ਦਾ ਸਾਥੀ ਸੀ ਤੇ ਸਾਡੇ ਨਿਸ਼ਾਨੇ 'ਤੇ ਹੋਰ ਵੀ ਕਈ ਵਿਅਕਤੀ ਹਨ ।ਭਾਰਤ ਦੇ ਪ੍ਰਧਾਨ ਮੰਤਰੀ, ਜੋ 20 ਜੂਨ, 2023 ਨੂੰ ਅਮਰੀਕਾ ਗਏ ਸਨ, ਕਾਰਨ ਕਥਿਤ ਹੱਤਿਆਰੇ ਨੂੰ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੇ ਅਮਰੀਕਾ ਵਿਚ ਹੁੰਦਿਆਂ ਇਹ ਹੱਤਿਆ ਨਾ ਕੀਤੀ ਜਾਵੇ ਪਰ ਅਮਰੀਕੀ ਏਜੰਸੀਆਂ, ਜੋ ਉਕਤ ਦੋਵਾਂ ਕਥਿਤ ਸਾਜਿਸ਼ਕਾਰਾਂ 'ਤੇ ਪੂਰੀ ਨਜ਼ਰ ਰੱਖ ਰਹੀਆਂ ਸਨ, ਵਲੋਂ 30 ਜੂਨ 2023 ਨੂੰ ਨਿਖਿਲ ਗੁਪਤਾ ਨੂੰ ਚੈਕੋਸਲੋਵਾਕੀਆ ਦੇ ਹਵਾਈ ਅੱਡੇ ਤੋਂ ਫੜ ਲਿਆ ਗਿਆ, ਜਦਕਿ ਉਹ ਭਾਰਤ ਤੋਂ ਅਮਰੀਕਾ ਜਾ ਰਹੇ ਸਨ । ਦੋਸ਼ ਪੱਤਰ ਵਿਚ ਨਿਖਿਲ ਗੁਪਤਾ ਵਿਰੁੱਧ ਗੁਜਰਾਤ ਵਿਚ ਦਰਜ ਨਸ਼ਿਆਂ ਨਾਲ ਸੰਬੰਧਿਤ ਇਕ ਕੇਸ ਨੂੰ ਖ਼ਤਮ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਹੈ, ਤਾਂ ਜੋ ਉਹ ਅਮਰੀਕਾ ਜਾ ਸਕੇ । 18 ਸਫ਼ਿਆਂ ਦੇ ਦੋਸ਼ ਪੱਤਰ ਵਿਚ ਫ਼ਿਲਹਾਲ ਕਈ ਲੋਕਾਂ ਦਾ ਨਾਂਅ ਨਹੀਂ ਦਿੱਤਾ ਗਿਆ, ਜਿਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਇਕ ਤੇ ਦੋ ਦਰਸਾਇਆ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਲੋਕਾਂ ਵਿਰੁੱਧ ਵੀ ਬਾਅਦ ਵਿਚ ਦੋਸ਼ ਪੱਤਰ ਆ ਸਕਦੇ ਹਨ ।

ਦਿਲਚਸਪ ਗੱਲ ਇਹ ਹੈ ਕਿ ਵਿਕਾਸ ਯਾਦਵ ਵਿਰੁੱਧ ਅਮਰੀਕੀ ਏਜੰਸੀ ਐਫ਼.ਬੀ.ਆਈ. ਵਲੋਂ ਲੁੱਕ-ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਉਹ ਅਮਰੀਕਾ ਨੂੰ ਉਕਤ ਕੇਸ ਵਿਚ ਲੋੜੀਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਭਾਰਤ ਸਰਕਾਰ ਵਲੋਂ ਇਸ ਕੇਸ ਸੰਬੰਧੀ ਬਣਾਈ ਗਈ ਜਾਂਚ ਟੀਮ, ਜੋ ਇਨ੍ਹਾਂ ਦਿਨਾਂ ਦੌਰਾਨ ਅਮਰੀਕਾ ਵਿਚ ਦੱਸੀ ਜਾਂਦੀ ਹੈ, ਵਲੋਂ ਅਮਰੀਕੀ ਸਰਕਾਰ ਨੂੰ ਦੱਸ ਦਿੱਤਾ ਗਿਆ ਹੈ ਕਿ ਉਕਤ ਅਧਿਕਾਰੀ ਉਨ੍ਹਾਂ ਦੀ ਹਿਰਾਸਤ ਵਿਚ ਹੈ ਤੇ ਉਹ ਹੁਣ ਸਰਕਾਰੀ ਨੌਕਰੀ ਵਿਚ ਨਹੀਂ ਰਿਹਾ ਪਰ ਅਮਰੀਕੀ ਸਰਕਾਰ ਵਲੋਂ ਜਿਵੇਂ ਇਸ ਨੂੰ ਲੈ ਕੇ ਭਾਰਤ ਪ੍ਰਤੀ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ ਤੇ ਇਸ ਕੇਸ ਵਿਚ ਕੈਨੇਡਾ ਵਿਚਲੇ ਭਾਈ ਹਰਦੀਪ ਸਿੰਘ ਨਿੱਝਰ ਹੱਤਿਆ ਕੇਸ ਸੰਬੰਧੀ ਹਵਾਲੇ ਦੇ ਕੇ ਇਨ੍ਹਾਂ ਕਾਰਵਾਈਆਂ ਨੂੰ ਆਪਸ ਵਿਚ ਜੋੜਿਆ ਜਾ ਰਿਹਾ ਹੈ ਉਹ ਭਾਰਤ ਸਰਕਾਰ ਲਈ ਵੱਡੀ ਚਿੰਤਾ ਦਾ ਵਿਸ਼ਾ ਜ਼ਰੂਰ ਹੈ ।ਹਾਲਾਂਕਿ, ਭਾਰਤ ਸਰਕਾਰ ਕੈਨੇਡਾ ਪ੍ਰਤੀ ਭਾਵੇਂ ਸਖ਼ਤ ਤੇ ਨਾ ਮਿਲਵਰਤਨ ਵਾਲਾ ਰੁਖ਼ ਅਪਣਾ ਰਹੀ ਹੈ ਪਰ ਉਸ ਵਲੋਂ ਅਮਰੀਕਾ ਨਾਲ ਲਗਾਤਾਰ ਜਾਂਚ ਸੰਬੰਧੀ ਸਹਿਯੋਗ ਵਾਲਾ ਰਵੱਈਆ ਹੀ ਰੱਖਿਆ ਜਾ ਰਿਹਾ

 ਯੂਐਸ ਐਫਬੀਆਈ ਦੇ ਸਹਾਇਕ ਡਾਇਰੈਕਟਰ ਜੇਮਸ ਈ. ਡੇਨੇਹੀ ਦੇ ਅਨੁਸਾਰ ਭਾਰਤ ਸਰਕਾਰ ਦੇ ਖੋਜ ਅਤੇ ਵਿਸ਼ਲੇਸ਼ਣ ਵਿੰਗ ਦੇ ਇੱਕ ਸੀਨੀਅਰ ਫੀਲਡ ਅਧਿਕਾਰੀ ਵਿਕਾਸ ਯਾਦਵ ਨੇ ਨਿਖਿਲ ਗੁਪਤਾ ਦੇ ਨਾਲ ਮਿਲਕੇ ਇੱਕ ਰਾਜਨੀਤਿਕ ਕਾਰਕੁਨ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਆਲੋਚਕ ਪੰਨੂ ਦੀ ਹੱਤਿਆ ਅਤੇ ਮਨੀ ਲਾਂਡਰ ਕਰਨ ਦੀ ਸਾਜ਼ਿਸ਼ ਰਚੀ ਸੀ। ਯਾਦਵ ਇੱਕ ਭਾਰਤੀ ਨਾਗਰਿਕ ਅਤੇ ਭਾਰਤ ਦਾ ਵਸਨੀਕ ਹੈ... ਵਿਕਾਸ ਯਾਦਵ, ਭਾਰਤ ਸਰਕਾਰ ਦਾ ਇੱਕ ਕਰਮਚਾਰੀ ਹੈ, ਜਿਸਦੀ ਨਿਯੁਕਤੀ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਦੁਆਰਾ ਕੀਤੀ ਗਈ ਸੀ, ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਹਿੱਸਾ ਹੈ ਅਤੇ ਭਾਰਤੀ ਖੁਫੀਆ ਏਜੰਸੀ ਰਾਅ ਨਾਲ ਸਬੰਧਤ ਹੈ।

ਸੁਆਲ ਇਹ ਹੈ ਕਿ ਕੀ ਇਹ ਮੋਦੀ ਸਰਕਾਰ ਦੇ ਚੋਟੀ ਦੇ ਪ੍ਰਬੰਧਕਾਂ, ਨਰਿੰਦਰ ਮੋਦੀ, ਅਮਿਤ ਸ਼ਾਹ, ਅਜੀਤ ਡੋਭਾਲ, ਜੈਸ਼ੰਕਰ ਅਤੇ ਖੁਫੀਆ ਏਜੰਸੀਆਂ ਦੀ ਅਸਫਲਤਾ ਨਹੀਂ ਹੈ ਕਿ ਭਾਰਤ ਦੇ ਖੁਫੀਆ ਅਧਿਕਾਰੀਆਂ 'ਤੇ 'ਗੈਰ-ਨਿਆਇਕ ਕਤਲ' ਦੇ ਦੋਸ਼ ਲਗੇ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਰੋਕਣ ਦੇ ਸਮਰੱਥ ਨਹੀਂ ਹੋਇਆ? ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਮੁਲਕਾਂ ਨਾਲ ਭਾਰਤ ਦਾ ਸਾਂਝਾ ਖੁਫ਼ੀਆ ਸਮਝੌਤਾ ਹੈ (ਅਮਰੀਕਾ, ਬਰਤਾਨੀਆ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ) ਉਹ ਸਾਰੇ ਸਰਬਸੰਮਤੀ ਨਾਲ ਦੁਨੀਆ ਨੂੰ ਕਹਿ ਰਹੇ ਹਨ ਕਿ ਭਾਰਤ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇ । 

ਇਹ ਕੋਈ ਮਾਮੂਲੀ ਗੱਲ ਨਹੀਂ ਹੈ। ‘ਦਿ ਵਾਸ਼ਿੰਗਟਨ ਪੋਸਟ’ ਨੇ ਆਪਣੀ ਰਿਪੋਰਟ ਵਿੱਚ ਕੈਨੇਡੀਅਨ ਜਾਂਚ ਵਿੱਚ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਅਮਿਤ ਸ਼ਾਹ ਦਾ ਜ਼ਿਕਰ ਕੀਤਾ ਹੈ। ਕਾਬਿਲੇਗੌਰ ਹੈ ਕਿ ਭਾਰਤ ਨੇ ਵਿਸ਼ਵ ਵਿਚ ਇਸ ਕਾਰਣ ਆਪਣਾ ਅਕਸ ਖਰਾਬ ਕੀਤਾ ਹੈ। ਇਸ ਕਾਰਣ ਸੰਕਟ ਹੋਰ ਵਧੇਗਾ। 

ਇਸ ਤੋਂ ਮਾੜੀ ਗੱਲ 'ਲਾਰੈਂਸ ਬਿਸ਼ਨੋਈ ਗੈਂਗ' ਦੀ ਕਹਾਣੀ ਹੈ। ਦੁਨੀਆ ਦੀ ਹਰ ਖੁਫੀਆ ਏਜੰਸੀ ਦੁਸ਼ਮਣ ਨੂੰ ਨਿਸ਼ਾਨਾ ਬਣਾ ਕੇ ਡੀਪ ਸਟੇਟ ਤਰੀਕਿਆਂ ਨਾਲ ਕੰਮ ਕਰਦੀ ਹੈ। 2014 ਤੋਂ ਪਹਿਲਾਂ ਵੀ ਭਾਰਤ ਦੀ ਰਾਅ ਏਜੰਸੀ ਕੰਮ ਕਰ ਰਹੀ ਸੀ। ਇੰਦਰਾ ਗਾਂਧੀ ਨੇ ਇਸ ਏਜੰਸੀ ਰਾਹੀਂ ਪਾਕਿਸਤਾਨ ਨੂੰ ਤੋੜਕੇ ਬੰਗਲਾਦੇਸ਼ ਬਣਾ ਦਿੱਤਾ ਸੀ। ਪਾਕਿਸਤਾਨ ਉਸ ਸਮੇਂ ਦੇ ਭਾਰਤੀ ਖੁਫੀਆ ਕਮਾਂਡਰ ਰਾਮਨਾਥ ਕੋਵ ਤੋਂ ਡਰਦਾ ਸੀ। ਪਰ ਅਜਿਹਾ ਮੂਰਖਤਾ ਭਰਿਆ ਓਪਰੇਸ਼ਨ ਕਦੇ ਨਹੀਂ ਹੋਇਆ ਸੀ ਜੋ ਹੁਣ ਹੋ ਰਿਹਾ ਹੈ। ਰਾਅ ਅਤੇ ਭਾਰਤ ਦੀ ਰਣਨੀਤਕ ਵਿਦੇਸ਼ ਨੀਤੀ ਭਾਰਤ ਦੇ ਹਰ ਗੁਆਂਢੀ ਦੇਸ਼ ਵਿੱਚ ਅਸਫਲ ਰਹੀ ਹੈ। 

ਭਾਰਤ-ਕੈਨੇਡਾ ਵਿਵਾਦ 'ਤੇ 'ਦਿ ਵਾਸ਼ਿੰਗਟਨ ਪੋਸਟ' ਨੇ ਇਸ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾ ਹੈ ਕਿ ਜੇਕਰ ਭਾਰਤ ਦੇ ਛੋਟੇ-ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਬਿਸ਼ਨੋਈ ਗੈਂਗ ਦੇ 700 ਨਿਸ਼ਾਨੇਬਾਜ਼ ਹੋਣ ਦੀ ਗੱਲ ਕਹੀ ਜਾਵੇ ਤਾਂ ਕੀ ਕੈਨੇਡਾ ਅਤੇ ਅਮਰੀਕਾ ਵਿੱਚ ਉਸ ਦਾ ਨੈੱਟਵਰਕ ਇੱਕੋ ਜਿਹਾ ਹੈ? ਲਾਰੈਂਸ ਬਿਸ਼ਨੋਈ ਦੇ 10 ਸਾਲਾਂ ਦੇ ਕਰਾਈਮ ਕੈਰੀਅਰ ਵਿੱਚ ਉਹ ਤਕਰੀਬਨ ਨੌਂ ਸਾਲ ਪਟਿਆਲਾ, ਤਿਹਾੜ, ਸਾਬਰਮਤੀ ਆਦਿ ਜੇਲ੍ਹਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਪਰ ਜੇਲ੍ਹ ਵਿੱਚ ਰਹਿੰਦਿਆਂ ਵੀ ਉਸਦਾ ਗਲੋਬਲ ਨੈੱਟਵਰਕ ਹੈ। ਜੇਲ੍ਹ ਵਿੱਚੋਂ ਹੀ ਨਸ਼ਾ ਤਸਕਰੀ ਦਾ ਨੈੱਟਵਰਕ ਹੈ। ਡਰੱਗ ਦੀ ਡਿਲੀਵਰੀ ਫੋਨ ਅਤੇ ਵਟਸਐਪ ਕਾਲਾਂ ਰਾਹੀਂ ਹੁੰਦੀ ਹੈ। ਸਲਮਾਨ ਖਾਨ ਨੂੰ ਦਿੱਤੀ ਧਮਕੀ ਵਿੱਚ ਉਸਦਾ ਨਾਮ, ਗਾਇਕ ਸਿੱਧੂ ਮੂਸੇਵਾਲਾ, ਕਰਨੀ ਸੈਨਾ ਦੇ ਸੁਖਦੇਵ ਸਿੰਘ ਗੋਗਾਮੇਡੀ, ਬਾਬਾ ਸਿੱਦੀਕੀ ਦਾ ਕਤਲ, ਇਹ ਸਾਰੇ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ। ਅਤੇ ਇਸ ਤੋਂ ਇਲਾਵਾ, ਮਾਰਚ 2023 ਵਿੱਚ ਪੁਲਿਸ ਹਿਰਾਸਤ ਵਿੱਚ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ, ਉਸਨੇ ਇਹ ਵੀ ਸ਼ੇਖੀ ਮਾਰੀ ਸੀ ਕਿ - ਮੈਂ ਰਾਸ਼ਟਰ ਵਿਰੋਧੀ ਨਹੀਂ ਹਾਂ। ਮੈਂ ਰਾਸ਼ਟਰਵਾਦੀ ਹਾਂ। ਮੈਂ ਖਾਲਿਸਤਾਨ ਦੇ ਖਿਲਾਫ ਹਾਂ। ਮੈਂ ਪਾਕਿਸਤਾਨ ਦੇ ਖਿਲਾਫ ਹਾਂ।

ਹੁਣ ਜੇਕਰ ਇਹ ਸਭ ਕੁਝ ਹੋ ਰਿਹਾ ਹੈ ਤਾਂ ਕੀ ਇਹ ਕਾਨੂੰਨ ਵਿਵਸਥਾ ਦਾ ਰਾਜ ਹੈ ਜਾਂ ਲਾਰੈਂਸ ਬਿਸ਼ਨੋਈ ਦਾ ਰਾਜ?