ਹਰਿਆਣਾ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਝੀਂਡਾ ਬੋਲਿਆ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਦੇ ਏਜੰਟ
ਕੀ ਹੈ ਝੀਂਡਾ ਵਲੋਂ ਲਗਾਏ ਇਨ੍ਹਾਂ ਦੋਸ਼ਾਂ ਪਿਛੇ ਸਚਾਈ?
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਦਾ ਏਜੰਟ ਹਨ ਅਤੇ ਆਪਣੀ ਬਿਆਨਬਾਜ਼ੀ ਤੋਂ ਹੀ ਡਰ ਕੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਜੇਕਰ ਉਹ ਭਾਜਪਾ ਦੇ ਏਜੰਟ ਨਹੀਂ ਤਾਂ ਉਨ੍ਹਾਂ ਨੇ ਅਮਿਤ ਸ਼ਾਹ ਨਾਲ 2 ਘੰਟੇ ਬੰਦ ਕਮਰਾ ਮੀਟਿੰਗ ਕਿਉਂ ਕੀਤਾ। ਇਸ ਤੋਂ ਸਾਰੀ ਦੁਨੀਆ ਨੂੰ ਸਾਫ਼ ਹੈ ਕਿ ਉਹ ਭਾਜਪਾ ਦੇ ਹੱਥਾਂ ਵਿਚ ਖੇਡ ਰਹੇ ਹਨ।

ਇਸ ਦੌਰਾਨ ਝੀਂਡਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਾਵੁਕ ਹੋਣ 'ਤੇ ਵੀ ਤੰਜ ਕੱਸਦਿਆਂ ਕਿਹਾ ਕਿ ਕੀ ਜਥੇਦਾਰ ਸਾਹਿਬ ਵੀ ਕਦੇ ਰੋਂਦੇ ਨੇ? ਸਾਨੂੰ ਇੰਨਾ ਕਮਜ਼ੋਰ ਜਥੇਦਾਰ ਨਹੀਂ ਚਾਹੀਦਾ, ਸਾਨੂੰ ਉਹ ਜਥੇਦਾਰ ਚਾਹੀਦਾ ਹੈ ਜੋ ਸਰਕਾਰ ਨਾਲ ਵੀ ਟਕਰਾਅ ਜਾਵੇ ਭਾਵੇਂ ਕੋਈ ਵੀ ਸਰਕਾਰ ਕਿਉਂ ਨਾ ਹੋਵੇ?
ਜਗਦੀਸ਼ ਸਿੰਘ ਝੀਡਾਂ ਨੇ ਕਿਹਾ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ...ਕਿਉਂਕਿ ਅਸੀਂ ਭੁਗਤਭੋਗੀ ਹਾਂ...ਜਦੋਂ ਸਰਕਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣੀ ਸੀ ਤਾਂ ਸਾਡੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਸੀ। ਜਿਨ੍ਹਾਂ ਨੇ 22 ਸਾਲ ਸੰਘਰਸ਼ ਕੀਤਾ ਸੀ। ਇਸ ਕਮੇਟੀ ਦਾ ਅਸੀਂ ਗਠਨ ਕਰਕੇ ਨਾਂਅ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਸਨ। ਇਸੇ ਹਰਪ੍ਰੀਤ ਸਿੰਘ ਵੱਲੋਂ ਸਾਨੂੰ ਕਿਹਾ ਸੀ ਕਿ ਅਸੀਂ ਇਸ ਕਮੇਟੀ ਉੱਤੇ ਮੋਹਰ ਲਗਾਵਾਂਗੇ। ਜਦੋਂ ਇਸ ਬਾਰੇ ਬੀਜੇਪੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਰੋਕ ਦਿੱਤਾ। ਅਤੇ ਆਖਿਆ ਕਿ ਤੁਸੀਂ ਕੌਣ ਹੁੰਦੇ ਹੋ ਇਸ ਕਮੇਟੀ 'ਤੇ ਮੋਹਰ ਲਗਾਉਣ ਵਾਲੇ...ਹਰਿਆਣਾ ਵਿੱਚ ਸਾਡੇ ਸਰਕਾਰ ਹੈ, ਅਸੀਂ ਆਪਣੀ ਕਮੇਟੀ ਬਣਾਵਾਂਗੇ। ਬੀਜੇਪੀ ਨੇ ਇਸ ਕਮੇਟੀ ਨੂੰ ਰੋਕਣ ਦੇ ਲਈ ਹਰਪ੍ਰੀਤ ਸਿੰਘ ਦੀ ਵਰਤੋਂ ਕੀਤੀ। ਜਥੇਦਾਰ ਮੇਰੇ ਹਿਸਾਬ ਨਾਲ ਉਹ ਬੀਜੇਪੀ ਦਾ ਏਜੰਟ ਅਤੇ ਆਦਮੀ ਹੈ।

ਝੀਡਾ ਨੇ ਕਿਹਾ ਕਿ ਜਦੋਂ ਵਿਰਸਾ ਸਿੰਘ ਵਲਟੋਹਾ ਨੇ ਹਰਪ੍ਰੀਤ ਸਿੰਘ ਦੇ ਖਿਲਾਫ ਬਿਆਨ ਦਿੱਤਾ ਤਾਂ ਉਸਨੂੰ ਲੱਗਿਆ ਕਿ...ਹੁਣ ਉਸ ਦੀ ਪੋਲ ਖੁੱਲ੍ਹ ਚੁੱਕੀ ਹੈ। ਕਿ ਮੇਰੇ ਭੇਤ ਦਾ ਪਰਦਾਫਾਸ਼ ਹੋ ਗਿਆ ਹੈ। ਮੈਂ ਭਾਜਪਾ ਦਾ ਗੁਲਾਮ ਬਣ ਚੁੱਕਿਆ ਹਾਂ। ਮੈਂ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਦਾ ਹਾਂ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੇਰੀ ਜਥੇਦਾਰ ਤੋਂ ਛੁੱਟੀ ਕਰ ਦੇਵੇਗੀ, ਇਸ ਲਈ ਉਸ ਨੇ ਪਹਿਲਾਂ ਹੀ ਆਪਣਾ ਦਾਅ ਖੇਡ ਦਿੱਤਾ ਅਤੇ ਆਪਣਾ ਅਸਤੀਫਾ ਦੇ ਦਿੱਤਾ।
ਉਨ੍ਹਾਂ ਨੇ ਕਿਹਾ ਕਿ..ਮੈਂ ਖੁੱਦ ਵੀ ਅਜਿਹਾ ਕਹਿੰਦਾ ਹਾਂ ਕਿ ਜਥੇਦਾਰ ਭਾਜਪਾ ਦਾ ਏਜੰਟ ਹਾਂ, ਜੇਕਰ ਉਹ ਭਾਜਪਾ ਦਾ ਏਜੰਟ ਨਹੀਂ ਤਾਂ ਅਮਿਤ ਸ਼ਾਹ ਨਾਲ 2 ਘੰਟੇ ਬੰਦ ਕਮਰਾ ਮੀਟਿੰਗ ਕਿਉਂ ਕੀਤੀ? ਜਿਹੜਾ ਵਾਅਦਾ ਉਸਨੇ ਸਾਡੀ ਕਮੇਟੀ ਨਾਲ ਕੀਤਾ ਸੀ ਜੱਥੇਦਾਰ ਨੇ ਮੋਹਰ ਕਿਉਂ ਨਹੀਂ ਲਗਾਈ? ਸਾਰੀ ਦੁਨੀਆਂ ਜਾਣਦੀ ਹੈ ਕਿ ਉਹ ਬੀਜੇਪੀ ਦੇ ਹੱਥਾਂ ਵਿਚ ਖੇਡ ਰਿਹਾ ਹੈ ਇਸ ਲਈ ਅਕਾਲੀ ਦਲ ਬਾਦਲ ਉਸ ਨੂੰ ਹਟਾਉਣਾ ਚਾਹੁੰਦਾ ਸੀ। ਜਥੇਦਾਰ ਡਰ ਗਿਆ ਸੀ ਕਿ ਉਸ ਦੀ ਜਥੇਦਾਰੀ ਜਾ ਰਹੀ ਹੈ, ਜਥੇਦਾਰੀ ਜਾਣ ਦੇ ਡਰ ਤੇ ਉਸ ਨੇ ਭਾਵੁਕ ਹੋ ਕੇ ਅਸਤੀਫਾ ਦੇ ਦਿੱਤਾ।
ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਬਾਰੇ ਕੋਈ ਜੁਆਬ ਨਹੀਂ ਦਿਤਾ।ਸ਼ੋਸ਼ਲ ਮੀਡੀਆ ਉਪਰ ਸੁਆਲ ਇਹ ਉਠਾਏ ਜਾ ਰਹੇ ਹਨ ਕਿ ਝੀਂਡਾ ਇਸ ਬਾਰੇ ਝੂਠ ਬੋਲ ਰਿਹਾ ਹੈ।ਗਿਆਨੀ ਹਰਪ੍ਰੀਤ ਸਿੰਘ ਕਦੇ ਵੀ ਸ੍ਰੋਮਣੀ ਕਮੇਟੀ ਦੀ ਵੰਡ ਦੇ ਹੱਕ ਵਿਚ ਨਹੀਂ ਸਨ। ਉਹ ਹਮੇਸ਼ਾ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਦੀ ਮਜਬੂਤੀ ਬਾਰੇ ਬਿਆਨ ਦਿੰਦੇ ਰਹੇ ਹਨ।ਜੇ ਉਹ ਹਰਿਆਣਾ ਕਮੇਟੀ ਦੇ ਹੱਕ ਵਿਚ ਹੁੰਦੇ ਤਾਂ ਸ੍ਰੋਮਣੀ ਕਮੇਟੀ ਤੇ ਅਕਾਲੀ ਦਲ ਵਲੋਂ ਉਨ੍ਹਾਂ ਦਾ ਵਿਰੋਧ ਹੁੰਦਾ।ਜਦ ਕਿ ਝੀਂਡਾ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਮਿਲਕੇ ਆਪ ਵਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੈਰੇਟਿਵ ਸਿਰਜਕੇ ਹਰਿਆਣਾ ਸਰਕਾਰ ਨਾਲ ਮਿਲਕੇ ਸ੍ਰੋਮਣੀ ਕਮੇਟੀ ਤੋਂ ਵਖਰੀ ਕਮੇਟੀ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ। ਸਰਕਾਰ ਅਗੇ ਮਿੰਨਤਾਂ ਕਰਦੇ ਰਹੇ ਕਿ ਸਾਨੂੰ ਪ੍ਰਧਾਨ ਬਣਾਇਆ ਜਾਵੇ।ਪਰ ਸਰਕਾਰ ਆਪਣੀਆਂ ਮਨਮਰਜ਼ੀਆਂ ਕਰ ਰਹੀ ਹੈ।ਹਰਿਆਣਾ ਕਮੇਟੀ ਉਪਰ ਹੁਣ ਸਰਕਾਰ ਦਾ ਕਬਜਾ ਹੈ।ਇਸ ਦਾ ਜਿੰਮੇਵਾਰ ਝੀਂਡਾ ਤੇ ਇਸ ਦੇ ਸਾਥੀ ਹਨ।











Comments (0)