ਜੂਨ 84 ਘਲੂਘਾਰੇ ਦੇ ਸ਼ਹੀਦਾਂ ਦੀ ਅਰਦਾਸ ਅਕਾਲ ਤਖਤ ਦੇ ਜਥੇਦਾਰ ਨੇ ਨਿਭਾਈ
ਜਥੇਦਾਰ ਦੀ ਅਰਦਾਸ ਦੀ ਚਮਤਕਾਰੀ ਪੰਥਕ ਸ਼ਬਦਾਵਲੀ ਨੇ ਸਿੱਖ ਜਗਤ ਦੇ ਹਿਰਦੇ ਨੂੰ ਛੂਹਿਆ
* ਸੰਪਰਦਾਈ ਸਿਆਸਤ ਵਿਚ ਉਲਝਿਆ ਸ਼ਹੀਦੀ ਸਮਾਗਮ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਿਆ
* ਵਿਵਾਦ ਕਾਰਣ ਜਥੇਦਾਰ ਨੂੰ ਸ਼ਹੀਦ ਪਰਿਵਾਰਾਂ ਨੂੰ ਸਿਰਪਾਓ ਨਾ ਦੇਣ ਦਿਤੇ ,ਨਾ ਸੰਦੇਸ਼ ਜਾਰੀ ਹੋਣ ਦਿਤਾ
*ਧਾਮੀ ਨੇ ਬੜੀ ਦੂਰਅੰਦੇਸ਼ੀ ਨਾਲ ਤਕਰਾਰ ਨੂੰ ਰੋਕਿਆ-ਬਾਬਾ ਹਰਨਾਮ ਸਿੰਘ ਖ਼ਾਲਸਾ

ਸ੍ਰੀ ਅਕਾਲ ਤਖਤ ਸਾਹਿਬ, ਸਿੱਖ ਪੰਥ ਦੇ ਮੀਰੀ ਪੀਰੀ ਦੇ ਸੰਕਲਪ ਦਾ ਧੁਰਾ , ਜਿਸ ਦੁਆਲੇ ਸਦੀਆਂ ਤੋਂ ਸਿੱਖ ਧਰਮ ਅਤੇ ਰਾਜਨੀਤੀ ਘੁੰਮਦੀ ਹੈ।2025 ਦੇ ਜੂਨ ਮਹੀਨੇ ਵਿੱਚ ਜੂਨ 84 ਦੇ ਘਲਘਾਰੇ ਦੀ ਇਕਤਾਲਵੀਂ ਬਰਸੀ ਦੌਰਾਨ ਇੱਕ ਵਾਰ ਫਿਰ ਸਿੱਖ ਸੰਗਤ ਦੇ ਸਮੂਹਿਕ ਸੰਘਰਸ਼ ਅਤੇ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਸੀ। ਸ਼ਹੀਦਾਂ ਦੀ ਯਾਦ ਵਿੱਚ, ਜਦੋਂ ਸਿੱਖ ਸੰਗਤ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੀ ਹੋਈ, ਤਾਂ ਅਕਾਲ ਤਖਤ ਦੀ ਧਰਤੀ ਇੱਕ ਵਾਰ ਫਿਰ ਸਿੱਖ ਜਗਤ ਦੀ ਰੂਹਾਨੀ ਤਾਕਤ ਦਾ ਸਮੁੰਦਰ ਬਣ ਗਈ।ਜੂਨ 1984 ਦਾ ਘੱਲੂਘਾਰਾ, ਜਦੋਂ ਭਾਰਤੀ ਸਰਕਾਰ ਦੀ ਫ਼ੌਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ ਤਾਂ ਸਿੱਖ ਪੰਥ ਦੇ ਹਿਰਦੇ ’ਤੇ ਅਜਿਹਾ ਜ਼ਖਮ ਲੱਗਿਆ, ਜੋ ਸਦੀਆਂ ਤੱਕ ਰਿਸਦਾ ਰਹੇਗਾ।
ਇਸ ਸ਼ਹੀਦੀ ਸਮਾਗਮ ਵਿੱਚ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਰਦਾਸ ਨੇ ਸਿੱਖ ਜਗਤ ਦੇ ਹਿਰਦਿਆਂ ਨੂੰ ਛੂਹ ਲਿਆ, ਪਰ ਸੰਪਰਦਾਈ ਸਿਆਸਤ ਅਤੇ ਆਪਸੀ ਮੱਤਭੇਦਾਂ ਨੇ ਇਸ ਸਮਾਗਮ ਨੂੰ ਵਿਵਾਦਾਂ ਦੇ ਘੇਰੇ ਵਿੱਚ ਵੀ ਲਿਆਂਦਾ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ “ਪੰਥ ਪ੍ਰਵਾਨਿਤ ਜਥੇਦਾਰ” ਨਾ ਮੰਨਦਿਆਂ, ਉਨ੍ਹਾਂ ਦੇ ਸੰਦੇਸ਼ ਅਤੇ ਸਿਰਪਾਓ ਦੇਣ ਦੀ ਪਰੰਪਰਾ ’ਤੇ ਰੋਕ ਲਗਾਈ। ਦਮਦਮੀ ਟਕਸਾਲ ਦੀ ਸ਼ਰਤ ਅਨੁਸਾਰ, ਸ੍ਰੋਮਣੀ ਕਮੇਟੀ ਵਲੋਂ ਜਥੇਦਾਰ ਨੂੰ ਸ਼ਹੀਦ ਪਰਿਵਾਰਾਂ ਨੂੰ ਸਿਰਪਾਓ ਦੇਣ ਅਤੇ ਫਸੀਲ ਤੋਂ ਸੰਦੇਸ਼ ਜਾਰੀ ਕਰਨ ਤੋਂ ਰੋਕਿਆ ਗਿਆ। ਇਹ ਪਰੰਪਰਾ, ਜੋ ਸ੍ਰੀ ਅਕਾਲ ਤਖਤ ਦੀ ਮਰਿਆਦਾ ਦਾ ਅਟੁੱਟ ਹਿੱਸਾ ਸੀ, ਜੋ ਪਹਿਲੀ ਵਾਰ ਟੁੱਟੀ।ਇਹ ਕਾਰਵਾਈ ਸਿਰਫ਼ ਜਥੇਦਾਰ ਦੀ ਅਥਾਰਟੀ ’ਤੇ ਹੀ ਸੱਟ ਨਹੀਂ ਸੀ, ਸਗੋਂ ਸ੍ਰੀ ਅਕਾਲ ਤਖਤ ਦੀ ਸਰਬਉੱਚਤਾ ’ਤੇ ਵੀ ਸਵਾਲੀਆ ਨਿਸ਼ਾਨ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿਰਪਾਓ ਦੇਣ ਦੀ ਜ਼ਿੰਮੇਵਾਰੀ ਸੰਭਾਲੀ।ਸਮਾਗਮ ਵਾਲੀ ਥਾਂ ’ਤੇ ਸੰਪਰਦਾਈਆਂ ਦਾ ਘੇਰਾ ਇੰਨਾ ਸੰਘਣਾ ਸੀ ਕਿ ਸੰਗਤ ਨੂੰ ਮੱਥਾ ਟੇਕਣ ਵਿੱਚ ਵੀ ਮੁਸ਼ਕਿਲ ਪੇਸ਼ ਆਈ। ਸਮਾਗਮ ਦੇ ਪ੍ਰਬੰਧ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਕੋਲ ਸਨ, ਪਰ ਪੁਲਸੀਆ ਅਤੇ ਸੂਹੀ ਤੰਤਰ ਦੀ ਭੀੜ ਨੇ ਸੰਗਤ ਦੀ ਆਜ਼ਾਦੀ ਨੂੰ ਸੀਮਤ ਕਰ ਦਿੱਤਾ।ਰੋਕ ਟੋਕ ਕੀਤੀ ਗਈ।
ਜਥੇਦਾਰ ਅਕਾਲ ਤਖਤ ਸਾਹਿਬ ਨੇ ਟਕਰਾਅ ਵਿਚ ਨਾ ਪੈਂਦਿਆਂ ਅਰਦਾਸ ਰਾਹੀਂ ਆਪਣਾ ਸੰਦੇਸ਼ ਦੇ ਦਿਤਾ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਰਦਾਸ, ਜਿਸ ਵਿੱਚ ਸਿੱਖ ਪੰਥ ਵਿਰੁੱਧ ਜ਼ੁਲਮਾਂ ਦਾ ਜ਼ਿਕਰ, ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ, ਪੰਜਾਬ ਨੂੰ ਯੁੱਧ ਦਾ ਅਖਾੜਾ ਨਾ ਬਣਾਉਣ ਦੀ ਅਪੀਲ ਅਤੇ ਸ਼ਹੀਦਾਂ ਪ੍ਰਤੀ ਸ਼ਰਧਾ ਸਮਰਪਿਤ ਸੀ, ਨੇ ਸੰਗਤ ਦੇ ਹਿਰਦਿਆਂ ਨੂੰ ਝੰਜੋੜ ਦਿੱਤਾ। ਉਹਨਾਂ ਕਿਹਾ ਕਿ ਸਿੱਖ ਪੰਥ ਅੱਜ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। 1984 ਦੇ ਘੱਲੂਘਾਰੇ ਦੀ ਸੱਚਾਈ ਨੂੰ ਜਨਤਕ ਕਰਨ ਦੀ ਮੰਗ, ਸਿੱਖ ਕੈਦੀਆਂ ਦੀ ਰਿਹਾਈ, ਧਰਮ ਪਰਿਵਰਤਨ ਦੀ ਰੋਕਥਾਮ, ਨਸ਼ਿਆਂ ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣਾ, ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਦੀ ਜ਼ਰੂਰਤ—ਇਹ ਸਾਰੇ ਮੁੱਦੇ ਸਿੱਖ ਪੰਥ ਦੀ ਸਮੂਹਿਕ ਚੇਤਨਾ ਦੇ ਕੇਂਦਰ ਵਿੱਚ ਹਨ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੀ ਅਰਦਾਸ ਵਿੱਚ ਇਨ੍ਹਾਂ ਮੁੱਦਿਆਂ ਨੂੰ ਉਠਾਇਆ ਅਤੇ ਸਮੁੱਚੇ ਸਿੱਖ ਪੰਥ ਨੂੰ ਖਾਲਸਾਈ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸਾਡੀ ਲੜਾਈ ਬਾਹਰੀ ਤਾਕਤਾਂ ਨਾਲ ਹੈ, ਪਰ ਅਸੀਂ ਆਪਣਿਆਂ ਨਾਲ ਟਕਰਾਅ ਨਹੀਂ ਚਾਹੁੰਦੇ। ਇਸੇ ਸੰਦਰਭ ਵਿੱਚ, ਉਨ੍ਹਾਂ ਨੇ ਬਟਾਲਾ ਸ਼ਹਿਰ ਵਿੱਚ ਧਰਮ ਪਰਿਵਰਤਨ ਦੇ ਮਾਮਲੇ ’ਤੇ ਸਖ਼ਤ ਇਤਰਾਜ਼ ਜਤਾਇਆ, ਕਹਿੰਦਿਆਂ ਕਿ “ਪੰਜਾਬ, ਜੋ ਗੁਰੂ ਸਾਹਿਬਾਨ ਦੀ ਧਰਤੀ ਹੈ, ਨੂੰ ਨਫ਼ਰਤ ਦੇ ਬੀਜਾਂ ਤੋਂ ਮੁਕਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ।” ਇਸ ਅਰਦਾਸ ਦੇ ਸ਼ਬਦ ਸੰਗਤ ਦੇ ਹਿਰਦਿਆਂ ਵਿੱਚ ਗੂੰਜੇ, ਜਿਵੇਂ ਸੱਚ ਦਾ ਸੰਗੀਤ ਰੂਹ ਨੂੰ ਜਗਾਉਂਦਾ ਹੈ।
ਸੰਦੇਸ਼ ਜਾਰੀ ਨਾ ਕਰਨ ਸੰਬੰਧੀ ਪੱਤਰਕਾਰਾਂ ਵਲੋਂ ਪੁਛਣ ਉਪਰੰਤ ਜਥੇਦਾਰ ਨੇ ਆਪਣੇ ਵਲੋਂ ਕੀਤੀ ਅਰਦਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਤਰ੍ਹਾਂ ਅਰਦਾਸ ਵਿਚ ਆਪਣੇ ਵਿਚਾਰ ਅੰਕਿਤ ਕਰ ਦਿੱਤੇ ਹਨ । ਪਰ ਸਿੱਖ ਪੰਥ ਦੇ ਅਸਲ ਮੁੱਦੇ—1984 ਦੀ ਅਧਿਕਾਰਤ ਰਿਪੋਰਟ ਜਨਤਕ ਕਰਨ ਦੀ ਮੰਗ, ਸਿੱਖ ਫ਼ੌਜੀਆਂ ਨੂੰ ਮੁਆਫੀ ਅਤੇ ਸਨਮਾਨ ਬਹਾਲ ਕਰਨ ਦੀ ਮੰਗ, ਅਤੇ ਅੰਮ੍ਰਿਤਸਰ ਨੂੰ ਨੋ-ਵਾਰ ਜ਼ੋਨ ਐਲਾਨਣ ਦੀ ਮੰਗ—ਇਨ੍ਹਾਂ ਨੂੰ ਇਸ ਸ਼ਹੀਦੀ ਸਮਾਗਮ ਵਿਚ ਛੂਹਿਆ ਨਹੀਂ ਗਿਆ ।
ਸਮਾਗਮ ਦੌਰਾਨ ਖਾਲਸਤਾਨੀ ਨਾਰਿਆਂ ਦੀ ਗੂੰਜ ਵੀ ਸੁਣਾਈ ਦਿੱਤੀ।

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਦਰਬਾਰ ਸਾਹਿਬ ਬਹੁਤ ਸਤਿਕਾਰਤ ਅਸਥਾਨ ਹਨ ।ਉਨ੍ਹਾਂ ਸ਼ਹੀਦੀ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬੜੀ ਸਿਆਣਪ ਅਤੇ ਦੂਰ ਅੰਦੇਸ਼ੀ ਨਾਲ ਟਕਰਾਅ ਨੂੰ ਰੋਕਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਸਮਾਗਮ ਵਿਚ ਕਦੇ ਵੀ ਤਕਰਾਰ ਨਹੀਂ ਹੋਣਾ ਚਾਹੀਦਾ ।
ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਤੱਕ ਦੁਨੀਆ ਰਹੇਗੀ ਭਾਰਤੀ ਹਕੂਮਤ ਵਲੋਂ ਜੂਨ 1984 ਵਿਚ ਸਿੱਖ ਕੌਮ 'ਤੇ ਵਰ੍ਹਾਇਆ ਕਹਿਰ ਯਾਦ ਕੀਤਾ ਜਾਂਦਾ ਰਹੇਗਾ । ਉਨ੍ਹਾਂ ਸਿੱਖ ਮਸਲਿਆਂ ਦੇ ਹੱਲ ਲਈ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਸ਼ਹੀਦੀ ਸਮਾਗਮ ਵਿਚ ਪਹੁੰਚੇ ਸਿੰਘ ਸਾਹਿਬਾਨ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ।
ਸ਼ਹੀਦ ਪਰਿਵਾਰਾਂ ਦਾ ਸਨਮਾਨ
ਸ਼ਹੀਦੀ ਸਮਾਗਮ ਦੌਰਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦ ਪਰਿਵਾਰਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ। ਸਨਮਾਨਿਤ ਪਰਿਵਾਰਾਂ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਅਤੇ ਭਰਾਤਾ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ, ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਖਿਆਲਾ, ਮਾਤਾ ਗੁਰਜੀਤ ਕੌਰ, ਸ਼ਹੀਦ ਭਾਈ ਦਇਆ ਸਿੰਘ ਦੇ ਭਰਾਤਾ ਭਾਈ ਕਰਤਾਰ ਸਿੰਘ, ਸ਼ਹੀਦ ਭਾਈ ਸਰਵਣ ਸਿੰਘ ਵਾੜਾ, ਸ਼ਹੀਦ ਭਾਈ ਜੋਗਾ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਛਿੰਦਾ ਸਿੰਘ ਵਰਪਾਲ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ।
ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਨਿਹੰਗ ਸਿੰਘ ਦਲਾਂ, ਸਿੱਖ ਸੰਪਰਦਾਵਾਂ, ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੇ ਕੰਵਰਪਾਲ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਅਤੇ ਹੋਰ ਪੰਥਕ ਸ਼ਖਸੀਅਤਾਂ ਸ਼ਾਮਲ ਸਨ।ਪਰ ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕਣ ਨੇ ਪੰਥਕ ਏਕਤਾ ’ਤੇ ਸਵਾਲ ਖੜੇ ਕੀਤੇ। ਭਾਈ ਧਿਆਨ ਸਿੰਘ ਮੰਡ ਨੇ ਅਕਾਲ ਤਖਤ ਦੇ ਸਕੱਤਰੇਤ ਨੇੜੇ ਸੰਦੇਸ਼ ਪੜ੍ਹਿਆ, ਜਿਸ ਵਿੱਚ ਉਨ੍ਹਾਂ ਨੇ 1984 ਦੇ ਹਮਲੇ ਨੂੰ ਸਿੱਖ ਕੌਮ ’ਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੀ ਘਟਨਾ ਕਰਾਰ ਦਿੱਤਾ।
ਕੀ ਜਥੇਦਾਰ ਸੇਵਾ ਮੁਕਤ ਹੋਣਗੇ

ਬੁਧੀਜੀਵੀਆਂ ਅਤੇ ਪੰਥਕ ਧਿਰਾਂ ਦਾ ਮੰਨਣਾ ਹੈ ਕਿ ਇਸ ਵਿਵਾਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਅਤੇ ਮਰਿਆਦਾ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਸੰਪਰਦਾਈਆਂ ਦੀ ਸਿਆਸਤ ਅਤੇ ਸ਼੍ਰੋਮਣੀ ਕਮੇਟੀ ਦੀ ਕਮਜ਼ੋਰੀ ਨੇ ਜਥੇਦਾਰ ਦੀ ਅਥਾਰਟੀ ਨੂੰ ਫਿਰ ਚੁਣੌਤੀ ਦਿੱਤੀ। ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਵਿਵਾਦ ਦਾ ਜ਼ਿੰਮੇਵਾਰ ਠਹਿਰਾਇਆ, ਜਦਕਿ ਸਿਮਰਨਜੀਤ ਸਿੰਘ ਮਾਨ ਤੇ ਅਐਮ ਪੀ ਸਰਬਜੀਤ ਸਿੰਘ ਖਾਲਸਾ ਨੇ ਜਥੇਦਾਰ ਗੜਗੱਜ ਦੀ ਸੂਝਵਾਨ ਸਖਸ਼ੀਅਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਕਾਲ ਤਖਤ ਦਾ ਜਥੇਦਾਰ ਸਹੀ ਰੋਲ ਨਿਭਾ ਰਿਹਾ ਹੈ।ਇਸ ਉਪਰ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ।
ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸੇਵਾ ਮੁਕਤੀ ਦੀ ਸੰਭਾਵਨਾ ਫਿਲਹਾਲ ਦੂਰ ਦੀ ਘੜੀ ਜਾਪਦੀ ਹੈ, ਕਿਉਂਕਿ ਉਨ੍ਹਾਂ ਦੀ ਅਰਦਾਸ ਨੇ ਸੰਗਤ ਦੇ ਹਿਰਦਿਆਂ ਵਿੱਚ ਥਾਂ ਬਣਾਈ ਹੈ। ਸਿੱਖ ਸੋਸ਼ਲ ਮੀਡੀਆ ’ਤੇ ਲੋਕਾਂ ਦੇ ਹੁੰਗਾਰੇ ਦੱਸਦੇ ਹਨ ਕਿ ਬਾਬਾ ਧੁੰਮੇ ਦੀ ਇਹ ਜਿੱਤ ਲੋਕਾਂ ਦੀ ਨਜ਼ਰ ਵਿੱਚ ਉੱਨੀ ਚਮਕ ਨਹੀਂ ਰੱਖਦੀ ਜਿੰਨਾ, ਜਥੇਦਾਰ ਗੜਗਜ ਨੇ ਇੱਕ ਕਦਮ ਪਿੱਛੇ ਹਟਦਿਆਂ ਅਰਦਾਸ ਰਾਹੀਂ ਆਪਣਾ ਪੰਦਕ ਸੁਨੇਹਾ ਦਿੱਤਾ ਅਤੇ ਟਕਰਾਅ ਟਾਲਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਨ੍ਹਾਂ ਨੂੰ ਸਿੱਖ ਪੰਥ ਦੀ ਹਮਦਰਦੀ ਮਿਲੀ। ਸਿੱਖ ਆਗੂਆਂ ਦੇ ਇਕ ਵਰਗ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਆਲੋਚਕ ਵੀ ਸ਼ਾਮਲ ਹਨ, ਨੇ ਜਥੇਦਾਰ ਗੜਗਜ ਪ੍ਰਤੀ ਨਰਮੀ ਵਿਖਾਈ। ਇਹ ਵੀ ਸਾਫ਼ ਹੈ ਕਿ ਤਿੰਨ ਮਹੀਨੇ ਪਹਿਲਾਂ ਸ੍ਰੋਮਣੀ ਕਮੇਟੀ ਵੱਲੋਂ ਸੁਖਬੀਰ ਦੇ ਇਸ਼ਾਰੇ ’ਤੇ ਅਕਾਲ ਤਖਤ ਦੇ ਦੋ ਜਥੇਦਾਰਾਂ ਨੂੰ ਬਰਖਾਸਤ ਕਰਨ ਦੇ ਫੈਸਲੇ ਨੂੰ ਲੈ ਕੇ ਸਿੱਖ ਜਗਤ ਵਿੱਚ ਭਾਰੀ ਨਾਰਾਜ਼ਗੀ ਹੈ। ਪਰ ਜਥੇਦਾਰ ਗੜਗਜ ਪ੍ਰਤੀ ਇਹ ਨਾਰਾਜ਼ਗੀ ਨਹੀਂ। ਸਗੋਂ ਦਿਨ ਚੜ੍ਹਦਿਆਂ ਉਨ੍ਹਾਂ ਨੂੰ ਮਿਲੀ ਹਮਦਰਦੀ ਨੇ ਉਨ੍ਹਾਂ ਲੋਕਾਂ ਲਈ ਚਿੰਤਾ ਵਧਾ ਦਿੱਤੀ ਹੈ, ਜੋ ਉਨ੍ਹਾਂ ਨੂੰ ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ। ਸੂਤਰਾਂ ਮੁਤਾਬਕ, ਵੀਰਵਾਰ ਰਾਤ ਤੱਕ ਜਥੇਦਾਰ ਤੇ ਸੰਪਰਦਾਈਆਂ ਵਿਚਾਲੇ ਟਕਰਾਅ ਟਾਲਣ ਲਈ ਚੋਰੀ-ਛੁਪੇ ਗੱਲਬਾਤ ਦੇ ਕਈ ਦੌਰ ਚੱਲੇ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸੁਖਬੀਰ ਦੇ ਇੱਕ ਵਿਸ਼ਵਾਸਪਾਤਰ ਸਾਥੀ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ। ਸ਼ੁਰੂ ਵਿੱਚ ਜਥੇਦਾਰ ਗੜਗਜ ਨੇ ਆਪਣੀ ਗੱਲ ’ਤੇ ਅੜੀ ਰੱਖੀ, ਪਰ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜੋ ਟਕਸਾਲ ਨਾਲ ਨੇੜਤਾ ਲਈ ਜਾਣੇ ਜਾਂਦੇ ਹਨ, ਨੇ ਟਕਰਾਅ ਰੋਕਣ ਅਤੇ ਟਕਸਾਲ ਮੁਖੀ ਦੀ ਇੱਜ਼ਤ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਆਖਰਕਾਰ, ਬਾਬਾ ਧੁੰਮੇ ਦੀ ਗੱਲ ਮੰਨੀ ਗਈ।
ਦੂਜੇ ਪਾਸੇ, ਸੁਖਬੀਰ ਨੇ ਧਾਮੀ ਦੇ ਕਹਿਣ ਉਪਰ ਬਾਬਾ ਧੁੰਮੇ ਦੀ ਸ਼ਰਤ ਮੰਨੀ, ਪਰ ਉਨ੍ਹਾਂ ਦੀ ਪਾਰਟੀ ਦੇ ਕਈ ਆਗੂਆਂ ਨੇ ਬਾਬੇ ਧੁੰਮੇ ’ਤੇ ਕੇਂਦਰੀ ਏਜੰਸੀਆਂ ਦੇ ਇਸ਼ਾਰੇ ’ਤੇ ਕੰਮ ਕਰਨ ਦੇ ਇਲਜ਼ਾਮ ਲਾਏ। ਯਾਦ ਰਹੇ ਕਿ ਬਾਬਾ ਧੁੰਮੇ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਘਰ ਅੱਗੇ ਹਰ ਮਹੀਨੇ ਧਰਨਾ ਦੇਣ ਦੀ ਗੱਲ ਕਹੀ ਸੀ, ਜੋ ਸੁਖਬੀਰ ਲਈ ਹੋਰ ਸਿਰਦਰਦੀ ਵਧਾਏਗੀ।ਅਕਾਲੀ ਦਲ ਵਿੱਚ ਫੁੱਟ ਪੈਣ ਤੋਂ ਬਾਅਦ ਸੁਖਬੀਰ ਨੂੰ ਇੱਕ ਹੋਰ ਸੰਪਰਦਾਈਆ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਟਕਸਾਲ ਅਤੇ ਅਕਾਲੀ ਦਲ ਨਾਲ ਦੋਹਰੀ ਵਫ਼ਾਦਾਰੀ ਰੱਖਣ ਵਾਲੇ ਕਈ ਅਕਾਲੀ ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਹਿਲੀ ਵਫ਼ਾਦਾਰੀ ਟਕਸਾਲ ਨਾਲ ਹੈ। ਉਨ੍ਹਾਂ ਨੇ ਖੁੱਲ੍ਹ ਕੇ ਜਥੇਦਾਰ ਗੜਗਜ ਦਾ ਵਿਰੋਧ ਕੀਤਾ। ਇਸ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਦੂਜੇ ਪਾਸੇ, ਅਕਾਲੀ ਦਲ ਦੇ ਅਸੰਤੁਸ਼ਟ ਆਗੂ, ਜੋ ਸੁਖਬੀਰ ਸਿੰਘ ਬਾਦਲ ਦੀ ਸਭ ਤੋਂ ਵੱਡੀ ਚੁਣੌਤੀ ਹਨ, ਇਸ ਸਾਰੇ ਵਿਵਾਦ ਦੌਰਾਨ ਚੁੱਪ ਰਹੇ ਅਤੇ ਕਿਸੇ ਦਾ ਪੱਖ ਨਹੀਂ ਲਿਆ।ਇਸ ਸਾਰੇ ਮਾਮਲੇ ਨੇ ਸਿੱਖ ਪੰਥ ਦੀ ਸਿਆਸਤ ਅਤੇ ਧਾਰਮਿਕ ਅਗਵਾਈ ਵਿੱਚ ਚੱਲ ਰਹੇ ਖਿੱਚੋਤਾਣ ਨੂੰ ਸਾਹਮਣੇ ਲਿਆਂਦਾ ਹੈ। ਸ਼ਾਂਤੀ ਦਾ ਇਹ ਫਾਰਮੂਲਾ ਭਾਵੇਂ ਫਿਲਹਾਲ ਕਾਮਯਾਬ ਰਿਹਾ, ਪਰ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਅਸਰ ਅਤੇ ਸਿਆਸੀ ਖੇਡ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ।
ਇਸ ਦੌਰ ਵਿਚ ਪੰਥਕ ਜਥੇਬੰਦੀਆਂ ਤੇ ਸ੍ਰੋਮਣੀ ਕਮੇਟੀ ਨੂੰ ਬੜੀ ਸੂਝ ਨਾਲ ਅਗਾਂਹ ਵਧਣ ਲਈ, ਸਿੱਖ ਪੰਥ ਨੂੰ ਆਪਸੀ ਮੱਤਭੇਦ ਪਾਸੇ ਰੱਖ ਕੇ, ਗੁਰਬਾਣੀ ਦੀ ਰੌਸ਼ਨੀ ਵਿੱਚ ਇਕਜੁੱਟ ਹੋਣ ਦੀ ਲੋੜ ਹੈ ਤੇ ਅਕਾਲ ਤਖਤ ਦੇ ਜਥੇਦਾਰ ਬਾਰੇ ਪੰਥਕ ਢਾਂਚਾ ਸਿਰਜਕੇ ਨਿਯਮਾਵਲੀ ਬਣਾਉਣੀ ਚਾਹੀਦੀ ਹੈ। ਸੱਚ ਦੀ ਖੋਜ, ਸ਼ਹੀਦਾਂ ਪ੍ਰਤੀ ਸ਼ਰਧਾ, ਅਤੇ ਅਕਾਲ ਤਖਤ ਦੀ ਮਰਿਆਦਾ ਨੂੰ ਸੰਗਤ ਦੀ ਏਕਤਾ ਹੀ ਬਚਾਅ ਸਕਦੀ ਹੈ।












Comments (0)